ਸਿੱਖ ਬੁੱਧੀਜੀਵੀ ਫੋਰਮ ਸ੍ਰੀ ਅਨੰਦਪੁਰ ਸਾਹਿਬ ਦਾ ਹੋਇਆ ਗਠਨ, ਲਾਲਪੁਰਾ ਪ੍ਰਧਾਨ ਅਤੇ ਪ੍ਰਿੰ: ਸੁਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ

ਸਿੱਖ ਬੁੱਧੀਜੀਵੀ ਫੋਰਮ ਸ੍ਰੀ ਅਨੰਦਪੁਰ ਸਾਹਿਬ ਦਾ ਹੋਇਆ ਗਠਨ, ਲਾਲਪੁਰਾ ਪ੍ਰਧਾਨ ਅਤੇ ਪ੍ਰਿੰ: ਸੁਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ
ਘਟੀਆ ਬਿਆਨਬਾਜ਼ੀ ਕਰਨ ਵਾਲੇ ਸੁਧੀਰ ਸੂਰੀ ਵਰਗੇ ਲੀਡਰ ਦੀ ਪੰਜਾਬ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ ਅਤੇ ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ-: ਲਾਲਪੁਰਾ
ਸੁਧੀਰ ਸੂਰੀ ਵਰਗਾ ਲੀਡਰ ਇਹ ਭੁਲੇਖਾ ਆਪਣੇ ਮਨ ‘ਚੋਂ ਕੱਢ ਦੇਵੇ ਕਿ ਦੇਸ਼ ਦੀ ਆਪਸੀ ਏਕਤਾ ਅਤੇ ਅਖੰਡਤਾ ਨੂੰ ਤਹਿਸ ਨਹਿਸ ਕਰ ਦੇਵੇਗਾ-: ਪ੍ਰਿੰ:ਸੁਰਿੰਦਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 8 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼) : – ਇੱਕ ਪਾਸੇ ਜਿੱਥੇ ਪੂਰਾ ਦੇਸ਼ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਉੱਥੇ ਦੂਜੇ ਪਾਸੇ ਚੀਨ ਨਾਲ ਜੰਗ ਵਰਗੇ ਸਹਿਮ ਦੇ ਮਹੌਲ ਵਿੱਚੋਂ ਵੀ ਗੁਜ਼ਰ ਰਿਹਾ ਹੈ। ਅਜਿਹੇ ਦੇ ਵਿੱਚ ਕੁਝ ਤੰਗ ਸੋਚ ਵਾਲੇ ਫ਼ਿਰਕੂ ਲੋਕ ਦੇਸ਼ ਦੀ ਅਮਨ ਸ਼ਾਂਤੀ ਅਤੇ ਆਪਸੀ ਭਾਇਚਾਰੇ ਦੀਆਂ ਬੁਨਿਆਦੀ ਜੜਾਂ ਪੁੱਟਣ ਵਿੱਚ ਲੱਗੇ ਹੋਏ ਹਨ। ਇਹ ਉਹ ਲੋਕ ਹਨ ਜੋ ਧਰਮ ਦੀ ਆੜ ਵਿੱਚ ਲੋਕਾਂ ਨੂੰ ਦੇਸ਼ ਭਗਤ ਜਾਂ ਦੇਸ਼ ਧ੍ਰੋਹੀ ਹੋਣ ਦੇ ਸਰਟੀਫਿਕੇਟ ਵੰਡ ਰਹੇ ਹਨ । ਅਜਿਹੀ ਫ਼ਿਰਕਾਪ੍ਰਸਤੀ ਅਤੇ ਦੰਗੇ ਫ਼ਸਾਦ ਨੂੰ ਹਵਾ ਦੇਣ ਵਾਲਾ ਇੱਕ ਗੁੰਡਾ ਲੀਡਰ ਸੁਧੀਰ ਸੂਰੀ ਹੈ ਜੋ ਅਕਸਰ ਕਿਸੇ ਧਰਮ ਵਿਸ਼ੇਸ਼ ਖਿਲਾਫ਼ ਗਲਤ ਬਿਆਨਬਾਜ਼ੀ ਕਰਕੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।
ਹੁਣੇ ਇਸ ਸੁਧੀਰ ਸੂਰੀ ਵੱਲੋਂ ਸਿੱਖ ਧਰਮ ਦੇ ਲੋਕਾਂ ਅਤੇ ਦੇਸ਼ ਤੋਂ ਬਾਹਰ ਵੱਸਦੇ ਵੀਰਾਂ ਦੀਆਂ ਧੀਆਂ ਭੈਣਾਂ ਦੇ ਖਿਲਾਫ਼ ਬਹੁਤ ਹੀ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜਿਸ ਨਾਲ ਪੂਰੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ । ਪੂਰੀ ਕੌਮ ਅੰਦਰ ਸੁਧੀਰ ਸੂਰੀ ਖਿਲਾਫ਼ ਗੁੱਸੇ ਦੀ ਲਹਿਰ ਹੈ । ਇਸ ਦੇ ਖਿਲਾਫ਼ ਸਖਤ ਨੋਟਿਸ ਲੈਂਦਿਆਂ ਖਾਲਸਾ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਬੁੱਧੀਜੀਵੀਆਂ ਅਤੇ ਆਮ ਲੋਕਾਂ ਦੀ ਸਰਬ ਧਰਮ ਮੀਟਿੰਗ ਕੀਤੀ ਗਈ ਜਿਸ ਵਿੱਚ ਇਹਨਾਂ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸੁਧੀਰ ਸੂਰੀ ਦੀ ਇਸ ਬੇਲਗਾਮ ਬਿਆਨਬਾਜ਼ੀ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ।
ਇਹਨਾਂ ਸਾਰਿਆਂ ਕਿਹਾ ਕਿ ਸੁਧੀਰ ਸੂਰੀ ਵਰਗੇ ਘਟੀਆ ਸੋਚ ਵਾਲੇ ਲੀਡਰ ਕਿਸੇ ਧਰਮ ਵਿਸ਼ੇਸ਼ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੇ ਚੱਕਰ ਵਿੱਚ ਹਮੇਸ਼ਾਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਰਹਿੰਦੇ ਹਨ । ਪਰ ਦੇਸ਼ ਦੀ ਜਨਤਾ ਅਜਿਹੇ ਗੁੰਮਰਾਹ ਕਰਨ ਵਾਲੇ ਲੀਡਰਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਵਾਲੀ ਹੈ । ਸਾਡਾ ਦੇਸ਼ ਇੱਕ ਧਰਮ ਨਿਰਪੱਖ ਦੇਸ਼ ਹੈ । ਸਾਡੇ ਦੇਸ਼ ਦੇ ਲੋਕਾਂ ਦੇ ਤਿਉਹਾਰ ਸਾਂਝੇ ਹਨ । ਸਾਰੇ ਧਰਮ ਇੱਥੇ ਆਪਸੀ ਪਿਆਰ ਨਾਲ ਰਹਿ ਰਹੇ ਹਨ । ਸੁਧੀਰ ਸੂਰੀ ਵਰਗਾ ਲੀਡਰ ਇਹ ਭੁਲੇਖਾ ਆਪਣੇ ਮਨ ‘ਚੋਂ ਕੱਢ ਦੇਵੇ ਕਿ ਦੇਸ਼ ਦੀ ਆਪਸੀ ਏਕਤਾ ਅਤੇ ਅਖੰਡਤਾ ਨੂੰ ਤਹਿਸ ਨਹਿਸ ਕਰ ਦੇਵੇਗਾ । ਇਹਨਾਂ ਕਿਹਾ ਕਿ ਸੁਧੀਰ ਸੂਰੀ ਵਰਗੇ ਲੀਡਰਾਂ ਦੀ ਬਿਆਨਬਾਜ਼ੀ ਦਾ ਮਾੜਾ ਨਤੀਜਾ ਆਮ ਜਨਤਾ ਨੂੰ ਭੁਗਤਣਾ ਪੈ ਸਕਦਾ ਹੈ । ਇਹਨਾਂ ਸਾਰਿਆਂ ਸਰਕਾਰ ਨੂੰ ਮੰਗ ਕੀਤੀ ਕਿ ਸੁਧੀਰ ਸੂਰੀ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ ਅਤੇ ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਦੇਸ਼ ਦਾ ਮਹੌਲ ਖਰਾਬ ਨਾ ਹੋਵੇ।
ਇਸ ਮੌਕੇ ਸਿੱਖ ਬੁੱਧੀਜੀਵੀ ਫੋਰਮ ਸ੍ਰੀ ਅਨੰਦਪੁਰ ਸਾਹਿਬ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ ਪ੍ਰਧਾਨ, ਭਾਈ ਹਰਸਿਮਰਨ ਸਿੰਘ ਨੂੰ ਜਨਰਲ ਸਕੱਤਰ, ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜੱਥੇਦਾਰ ਸੰਤੋਖ ਸਿੰਘ ਤੇ ਅਵਤਾਰ ਸਿੰਘ ਟੌਹੜਾ ਨੂੰ ਮੀਤ ਪ੍ਰਧਾਨ ਅਤੇ ਪ੍ਰਿੰਸੀਪਲ ਗੁਰਿੰਦਰ ਸਿੰਘ ਭੁੱਲਰ ਨੂੰ ਪ੍ਰੈਸ ਸਕਤੱਰ ਬਣਾਈਆ ਗਈਆ ਇਸ ਮੌਕੇ ਇਹਨਾਂ ਨਾਲ ਹੋਰ ਵੀ ਮੈਂਬਰ ਮੌਜੂਦ ਸਨ।