Fri. Aug 16th, 2019

ਸਿੱਖ ਪੰਥ ਵਿੱਚ ਇੱਕੋ ਸਮੇਂ ‘ਦੋ ਗੁਰੂ’ ਕਦੇ ਵੀ ਬਿਰਾਜਮਾਨ ਨਹੀਂ ਹੋਏ: ਪ੍ਰਿੰ:ਸੁਰਿੰਦਰ ਸਿੰਘ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਤੇ ਵਿਸ਼ੇਸ਼
ਸਿੱਖ ਪੰਥ ਵਿੱਚ ਇੱਕੋ ਸਮੇਂ ‘ਦੋ ਗੁਰੂ’ ਕਦੇ ਵੀ ਬਿਰਾਜਮਾਨ ਨਹੀਂ ਹੋਏ: ਪ੍ਰਿੰ:ਸੁਰਿੰਦਰ ਸਿੰਘ
ਸਿੱਖਾਂ ਨੂੰ ‘ਸ਼ਬਦ ਗੁਰੂ’ ਉੱਤੇ ਇਤਨਾ ਵਿਸਵਾਸ਼ ਹੋਣਾ ਚਾਹੀਦਾ ਹੈ ਜਿਤਨਾ ਮੁਸਲਮਾਨ ਵੀਰਾਂ ਨੂੰ ‘ਕੁਰਾਨ’ ਉੱਤੇ ਹੈ-: ਪ੍ਰਿੰ:ਸੁਰਿੰਦਰ ਸਿੰਘ

surinder-singhਸ਼੍ਰੀ ਅਨੰਦਪੁਰ ਸਾਹਿਬ, 31 ਅਕਤੂਬਰ (ਦਵਿੰਦਰਪਾਲ ਸਿੰਘ): ਜਿਵੇਂ ਕਿਸੇ ਦੇਸ਼ ਦੀ ਸਰਕਾਰ ਆਪਣੇ ਬਰਾਬਰ , ਦੂਜੀ ਸਰਕਾਰ ਪ੍ਰਵਾਨ ਨਹੀਂ ਕਰਦੀ ਭਾਵੇਂ ਲੱਖਾਂ ਲੋਕਾਂ ਦਾ ਕਤਲ ਕਰਨਾ ਪੈ ਜਾਵੇ, ਕਿਸੇ ਜਥੇਦਾਰ ਦੇ ਬਰਾਬਰ ਹੋਰ ਜਥੇਦਾਰ ਪ੍ਰਵਾਨ ਨਹੀਂ ਕੀਤਾ ਜਾਂਦਾ, ਕਿਸੇ ਬਾਬੇ ਦੇ ਬਰਾਬਰ ਹੋਰ ਬਾਬਾ ਪ੍ਰਵਾਨ ਨਹੀਂ ਹੁੰਦਾ ਭਾਵੇਂ ਉਸਦਾ ਸਾਰਾ ਪਰਿਵਾਰ ਕਤਲ ਹੋ ਜਾਵੇ, ਇਸੇ ਤਰਾਂ ਕਿਸੇ ਪੁਜਾਰੀ ਦੇ ਬਰਾਬਰ ਹੋਰ ਪੁਜਾਰੀ ਦਾ ਡੱਟਵਾਂ ਵਿਰੋਧ ਕੀਤਾ ਜਾਂਦਾ ਹੈ ਜਿਵੇਂ ਪਿਛੇ ਜਿਹੇ ਪੰਜਾਬ ਤੋ ਬਾਹਰ ਇਕ ਧਾਰਮਿਕ ਅਸਥਾਨ ਦੀ ਪਦਵੀ ਪ੍ਰਾਪਤ ਕਰਨ ਲਈ ਦੋ ਪੁਜਾਰੀਆਂ ਨੇ ਮੀਡੀਏ ਵਿੱਚ ਪੂਰੀ ਕੌਮ ਦਾ ਜਲੂਸ ਕੱਢ ਕੇ ਰੱਖ ਦਿੱਤਾ ਸੀ। ਜੇ ਸਰਕਾਰ ਬਰਾਬਰ ਸਰਕਾਰ, ਜਥੇਦਾਰ ਬਰਾਬਰ ਜਥੇਦਾਰ, ਬਾਬੇ ਬਰਾਬਰ ਬਾਬਾ ਅਤੇ ਪੁਜਾਰੀ ਬਰਾਬਰ ਪੁਜਾਰੀ ਪਰਵਾਨ ਨਹੀਂ ਕੀਤਾ ਜਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਬਰਾਬਰ ਹੋਰ ਗ੍ਰੰਥ ਕਿਉਂ ਪ੍ਰਵਾਨ ਕੀਤਾ ਗਿਆ ਹੈ? ਇਨਾਂ ਵੀਚਾਰਾਂ ਦਾ ਪ੍ਰਗਟਾਵਾ ਪ੍ਰਿੰ:ਸੁਰਿੰਦਰ ਸਿੰਘ (ਮੈਂਬਰ ਸ਼੍ਰੋ:ਗੁ:ਪ੍ਰ:ਕਮੇਟੀ) ਸ਼੍ਰੀ ਅਨੰਦਪੁਰ ਸਾਹਿਬ ਨੇ ਕੀਤਾ।
ਪ੍ਰਿੰ: ਸਾਹਿਬ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ,ਕਿ ਦਸ ਗੁਰੁ ਸਾਹਿਬਾਨ ਦੇ ਸਰੀਰਕ ਜਾਮਿਆਂ ਸਮੇਂ ਚਾਰ-ਚਾਰ ਗੁਰੂ ਸਾਹਿਬਾਨ ਇਕੋ ਹੀ ਸਮੇਂ ਇਕੱਠੇ ਇਸ ਸੰਸਾਰ ਦੇ ਵਿੱਚ ਵਿਚਰਦੇ ਰਹੇ , ਪਰ ਗੁਰੂ ਉਸ ਇਕ ਸ਼ਖਸ਼ੀਅਤ ਨੂੰ ਹੀ ਮੰਨਿਆ ਜਾਂਦਾ ਸੀ, ਜਿਸ ਨੂੰ ਗੁਰੂ ਜੋਤ ਵਲੋਂ ਆਪ ਗੁਰਗੱਦੀ ਤੇ ਬਿਰਾਜਮਾਨ ਕੀਤਾ ਜਾਂਦਾ ਸੀ।ਇੱਕੋ ਸਮੇਂ ‘ਦੋ ਗੁਰੂ’ ਕਦੀ ਵੀ ਨਹੀਂ ਬਣਾਏ ਗਏ। ਭਾਵੇਂ, ਪੰਥ ਵਿਰੋਧੀ ਸ਼ਕਤੀਆਂ (ਬ੍ਰਾਹਮਣਵਾਦ) ਨੇ ਗੁਰੂ ਸਾਹਿਬਾਨ ਦੇ ਬਰਾਬਰ ਹੋਰ ਨਕਲੀ ਗੁਰੂ ਪੈਦਾ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ।ਪਰ ਸਿੱਖਾਂ ਨੇ ਕੇਵਲ ਤੇ ਕੇਵਲ ਇੱਕ ਗੁਰੂ ਨੂੰ ਹੀ ਮਾਨਤਾ ਦਿੱਤੀ ।ਇਸੇਂ ਤਰਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਸੀ ਪਰ ਅੱਜ ਵੀ ਸ਼ਬਦ ਗੁਰੂ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ,” ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵੀਚਾਰਿ” ਦੇ ਸਿਧਾਂਤ ਨੂੰ ਸੱਟ ਮਾਰੀ ਜਾ ਰਹੀ ਹੈ ਅਤੇ ਭੋਲੇ ਭਾਲੇ ਗੁਰਸਿੱਖ ਗੁੰਮਨਾਮ ਦੁਸ਼ਮਣ ਦੀਆਂ ਗੁੱਝੀਆਂ ਚਾਲਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਸਿੱਖ ਕੌਮ ਨੂੰ ਸੁਚੇਤ ਹੋ ਕੇ ਇਹਨਾਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ।
ਉਨਾਂ ਨੇ ਅੱਗੇ ਕਿਹਾ ਕਿ ਸਿੱਖਾਂ ਨੂੰ ‘ਸ਼ਬਦ ਗੁਰੂ’ ਉੱਤੇ ਇਤਨਾ ਵਿਸਵਾਸ਼ ਹੋਣਾ ਚਾਹੀਦਾ ਹੈ ਜਿਤਨਾ ਮੁਸਲਮਾਨ ਵੀਰਾਂ ਨੂੰ ‘ਕੁਰਾਨ’ ਉੱਤੇ ਹੈ।ਕਿਉਂਕਿ ਇਸਲਾਮ ਦੇ ਚਾਰ ਮੁੱਖ ਖਲੀਫਿਆਂ ਵਿੱਚੋਂ ਇੱਕ ਖਲੀਫੇ ‘ਹਜ਼ਰਤ-ਦੀ-ਉਮਰ’ ਨੇ ਜਦੋਂ ਮਿਸਰ ਦੇਸ਼ ਫਤਿਹ ਕੀਤਾ, ਤਾਂ ਇਨਾਂ ਨੇ ਅਲੈਕਜੈਂਡਰੀਆ ਦੀ ਲੱਖਾਂ ਪੁਸਤਕਾਂ ਨਾਲ ਭਰੀ ਲਾਇਬਰੇਰੀ ਇਹ ਕਹਿ ਕੇ ਸਾੜ ਦਿੱਤੀ, ਕਿ ਜੇ ਇਸ ਵਿੱਚ ਕੁਰਾਨ ਵਿਰੋਧੀ ਪੁਸਤਕਾਂ ਹਨ, ਤਾਂ ਇਸਦੀ ਕੋਈ ਲੋੜ ਨਹੀਂ ਅਤੇ ਜੇ ਕੁਰਾਨ ਦੇ ਅਨੁਸਾਰ ਹਨ ਤੱਦ ਵੀ ਇਸ ਦੀ ਕੋਈ ਲੋੜ ਨਹੀਂ, ਕਿਉਂ ਕਿ ਮੁਸਲਮਾਨਾਂ ਲਈ ਕੁਰਾਨ ਤੋਂ ਉੱਤੇ ਹੋਰ ਕੋਈ ਗ੍ਰੰਥ ਨਹੀਂ।ਇਸ ਲਈ ਸਿੱਖਾਂ ਨੂੰ ਵੀ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਬਰਾਬਰ ਕਿਸੇ ਹੋਰ ਗ੍ਰੰਥ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ।
ਪ੍ਰਿੰ: ਸਾਹਿਬ ਜੀ ਨੇ ਅੱਗੇ ਕਿਹਾ ਕਿ “ਗੁਰੂ ਰਾਮ ਦਾਸ ਜੀ” ਨੂੰ ਗੁਰ ਗੱਦੀ ਦੇਣ ਸਮੇਂ ਤੀਜੇ ਗੁਰੂ ਜੀ ਦਾ ਪੁੱਤਰ ‘ਬਾਬਾ ਮੋਹਰੀ’ ਜੀ ਵੀ ਬਰਾਬਰ ਗੱਦੀ ਲਗਾਉਣੀ ਚਾਹੁੰਦਾ ਸੀ ਪਰ “ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ” ਦੇ ਅਨੁਸਾਰ ਪਿਤਾ ਗੁਰੂ ਦਾ ਹੁਕਮ ਮੰਨਕੇ ਉਸ ਨੇ ਵੀ “ਗੁਰੂ ਰਾਮ ਦਾਸ ਜੀ” ਨੂੰ ਮੱਥਾ ਟੇਕ ਦਿੱਤਾ ਤੇ ਸਦਾ ਲਈ ਅਮਰ ਹੋ ਗਿਆ। ਨਹੀਂ ਤਾਂ ਉਸ ਨੇ ਵੀ ‘ਧੀਰ ਮੱਲ’ ਵਾਂਗ ਰੁਲ ਜਾਣਾ ਸੀ। ‘ਸ਼ਬਦ ਗੁਰੂ’ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਨ ਵਾਲੇ ਗੁਰਦੁਆਰਾ ਪ੍ਰਬੰਧਕਾਂ, ਡੇਰੇਦਾਰਾਂ, ਅਤੇ ਬਾਬਿਆਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਿ ਉਹ ਵੀ “ਦਸਮੇਸ਼ ਪਿਤਾ ਦਾ 350 ਸਾਲਾ ਪ੍ਰਕਾਸ਼ ਪੁਰਬ” ਮਨਾਉਂਦੇ ਹੋਏ ਉਹਨਾਂ ਦਾ ਹੀ ਹੁਕਮ ਮੰਨ ਕੇ “ਗੁਰੂ ਗੰਥ ਤੇ ਗੁਰੂ ਪੰਥ” ਦੇ ਸਨਮੁਖ ਹੋ ਕੇ ਪੰਥਕ ਏਕਤਾ ਦੇ ਹੀਰੋ ਬਣਨ ਅਤੇ ‘ਸ਼ਬਦ ਗੁਰੂ’ ਜੀ ਦੇ ਬਰਾਬਰ ਅਸਥਾਪਨ ਕੀਤੇ ਹੋਰ ਗ੍ਰੰਥਾਂ ਨੂੰ ਹਟਾਕੇ “ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ” ਦੀ ਸਰਬ ਉੱਚਤਾ ਨੂੰ ਕਾਇਮ ਰੱਖਣ।

Leave a Reply

Your email address will not be published. Required fields are marked *

%d bloggers like this: