ਸਿੱਖ ਪ੍ਰਚਾਰਕੋ! ਸਿੱਖ ਦੁਸ਼ਮਣਾਂ ਵਲੋਂ ਲਿਖਿਆ ਕੂੜ ਸੁਣਾਕੇ ਸਿੱਖਾਂ ਨੂੰ ਗੁੰਮਰਾਹ ਨਾ ਕਰੋ- ਪ੍ਰਿੰ: ਸੁਰਿੰਦਰ ਸਿੰਘ

ss1

ਸਿੱਖ ਪ੍ਰਚਾਰਕੋ! ਸਿੱਖ ਦੁਸ਼ਮਣਾਂ ਵਲੋਂ ਲਿਖਿਆ ਕੂੜ ਸੁਣਾਕੇ ਸਿੱਖਾਂ ਨੂੰ ਗੁੰਮਰਾਹ ਨਾ ਕਰੋ- ਪ੍ਰਿੰ: ਸੁਰਿੰਦਰ ਸਿੰਘ

6-24

ਸ਼੍ਰੀ ਅਨੰਦਪੁਰ ਸਾਹਿਬ, 5 ਜੁਲਾਈ (ਸੁਰਿੰਦਰ ਸਿੰਘ ਸੋਨੀ): ਅਲੀਗੜ੍ਹ ਯੁਨੀਵਰਸਿਟੀ ਦੇ ਪ੍ਰੋ: ਹਬੀਬ ਸਾਹਿਬ ਨੇ ਸਿੱਖ ਇਤਿਹਾਸ ਬਾਰੇ ਲਿਖਿਆ ਹੈ ਕਿ ‘ਸਿੱਖਾਂ ਨੇ ਇਤਿਹਾਸ ਬਣਾਇਆ ਜਰੂਰ ਹੈ ਪਰ ਲਿਖਿਆ ਨਹੀਂ’। ਉਹਨਾਂ ਦੀ ਇੱਕ ਗੱਲ ਵਿੱਚੋਂ ਦੋ ਸਚਾਈਆਂ ਪ੍ਰਗਟ ਹੁੰਦੀਆਂ ਹਨ, ਇੱਕ ਸਿੱਖ ਇਤਿਹਾਸ ਦੀ ਗੌਰਵਤਾ, ਤੇ ਦੂਜੀ ਇਤਿਹਾਸ ਸੰਭਾਲਣ ਪੱਖੌਂ ਸਿੱਖਾਂ ਦੀ ਅਣਗਹਿਲੀ। ਸਾਡਾ ਇਤਿਹਾਸ ਲਿਖਣ ਵਾਲੇ ਸਿੱਖ ਨਹੀਂ ਸਗੋਂ ਹਿੰਦੂ, ਮੁਸਲਮਾਨ ਅਤੇ ਈਸਾਈ ਇਤਿਹਾਸਕਾਰ ਹੀ ਹਨ। ਇਹਨਾਂ ਵਿੱਚੋਂ ਕਈਆਂ ਨੇ ਆਪਣੇ-ਆਪਣੇ ਦ੍ਰਿਸ਼ਟੀਕੋਨ ਤੋਂ ਸਾਡੇ ਇਤਿਹਾਸ ਵਿੱਚ ਬੁਰੀ ਤਰਾਂ ਰਲਗਡ ਕਰਕੇ ਸਿੱਖ ਇਤਿਹਾਸ ਨੂੰ ਵਿਗਾੜ ਦਿੱਤਾ ਹੈ। ਇਸ ਲਈ ਸਿੱਖ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਵੇਲੇ ਬਹੁਤ ਸੁਚੇਤ ਹੋਣ ਦੀ ਲੋੜ ਹੈ। ਜਿਸ ਤਰ੍ਹਾਂ ਦਾ ਇਤਿਹਾਸ ਪੰਥ ਦੁਸ਼ਮਣਾਂ ਨੇ ਲਿਖਿਆ ਹੈ ਉਸੇ ਤਰ੍ਹਾਂ ਨਹੀਂ ਸੁਣਾਉਣਾ ਚਾਹੀਦਾ। ਸਗੋਂ ਗੁਰਮਤਿ ਦੀ ਕਸਵੱਟੀ ਤੇ ਪਰੱਖ ਕੇ ਸੱਚ ਜਾਂ ਝੂਠ ਦਾ ਨਿਰਨਾ ਕਰਕੇ ਹੀ ਪ੍ਰਚਾਰ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਜੀ ਮੈਂਬਰ ਸ੍ਰੋ: ਗੁ: ਪ੍ਰ: ਕਮੇਟੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਕੀਤਾ।

ਉਹਨਾਂ ਅੱਗੇ ਕਿਹਾ ਕਿ ਜਦੋਂ ਪੰਥ ਵਿਰੋਧੀ ਸ਼ਕਤੀਆ ਨੇ ਦੇਖਿਆ ਕਿ ਸਿੱਖਾਂ ਨੂੰ ਨਾ ਤਲਵਾਰਾਂ, ਨਾ ਤੋਪਾਂ ਅਤੇ ਨਾ ਹੀ ਕਿਸੇ ਲਾਲਚ ਨਾਲ ਖਤਮ ਕੀਤਾ ਜਾ ਸਕਦਾ ਹੈ ਤਾਂ ਉਹਨਾਂ ਨੇ ਕਲਮ ਨਾਲ ਸਾਡਾ ਵਿਰਸਾ ਤੇ ਇਤਿਹਾਸ ਵਿਗਾੜਣਾ ਸ਼ੁਰੂ ਕਰ ਦਿੱਤਾ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਸਮੇਂ ‘ਬਾਬਾ ਬੁੱਢਾ ਜੀ ਦੇ ਵਰ ਵਾਲੀ ਮਨਘੜਤ ਸਾਖੀ’ ਘੜ ਦਿੱਤੀ ਗਈ ਹੈ। ਪਰ ਅਫਸੋਸ ਸਿੱਖ ਪ੍ਰਚਾਰਕਾਂ ਨੇ ਇਸ ਮਨਘੜਤ ਸਾਖੀ ਨੂੰ ਖੂਬ ਮਸਾਲੇ ਲਾ-ਲਾ ਕੇ ਉਸੇ ਤਰ੍ਹਾਂ ਜਿਵੇਂ ਸਿੱਖੀ ਦੇ ਦੁਸ਼ਮਣਾਂ ਨੇ ਲਿਖੀ ਸੀ, ਅੱਜ ਤੱਕ ਨਿਰੰਤਰ ਸੁਣਾ ਰਹੇ ਹਨ। ਜੇ ਇਹਨਾਂ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਦੱਸਿਆ ਜਾਵੇ ਤਾਂ ਸੰਪਰਦਾਈ ਗਿਆਨੀ ਤੇ ਪ੍ਰਚਾਰਕ ਜਵਾਬ ਦਿੰਦੇ ਹਨ ਕਿ ਗੁਰੂ ਜੀ ਨੇ ਇੱਕ ਸਿੱਖ (ਬਾਬਾ ਬੁੱਢਾ ਜੀ) ਨੂੰ ਮਾਣ ਦਿੱਤਾ ਹੈ, ਪਰ ਇਹ ਜਵਾਬ ਤਸੱਲੀ ਬਖਸ਼ ਨਹੀਂ ਕਿਉਂ ਕਿ ਸਿੱਖਾਂ ਨੂੰ ਮਾਣ ਦੇਣ ਲਈ ਹੀ ਗੁਰੂ ਸਾਹਿਬ ਨੇ ਆਪ ਅਸਹਿ ਅਤੇ ਅਕਹਿ ਕਸ਼ਟ ਝੱਲੇ, ਆਪਣੇ ਸਮੁੱਚੇ ਪਰਿਵਾਰ ਨੂੰ ਕੁਰਬਾਨ ਕੀਤਾ ਅਤੇ ਅੰਤ ਵਿੱਚ ‘ਆਪੇ ਗੁਰ ਚੇਲਾ’ ਦੀ ਮਰਯਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਸਿੱਖਾਂ (ਗੁਰੁ ਪੰਥ) ਨੂੰ ਗੁਰਗੱਦੀ ਵੀ ਬਖਸ਼ ਦਿੱਤੀ, ਕੀ ਇਸ ਤੋਂ ਵੱਡਾ ਹੋਰ ਕੋਈ ਮਾਣ-ਸਨਮਾਣ ਹੋ ਸਕਦਾ ਹੈ? ਸਾਖੀ ਦੇ ਮੁਤਾਬਿਕ ਸਵਾਲ ਪੈਦਾ ਹੁੰਦਾ ਹੈ, ਕੀ ਗੁਰੂ ਅਰਜਨ ਦੇਵ ਜੀ ਇਸ ਗੱਲ ਦੀ ਪ੍ਰੋੜਤਾ ਕਰਦੇ ਹਨ? ਉਹ ਤਾਂ ਆਪ ‘ਸਤਿਗੁਰ ਸਾਚੇ ਦੀਆ ਭੇਜ’ ਵਾਲੇ ਸ਼ਬਦ ਵਿੱਚ ਦਾਅਵਾ ਕਰਦੇ ਹਨ “ਗੁਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤਿ॥” ਭਾਵ ਕਿ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਸਗੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਸੰਨ ਹੋ ਕੇ ਮੈਨੂੰ ਸਪੁੱਤਰ ਦੀ ਦਾਤ ਬਖਸ਼ੀ ਹੈ। ਵਰ ਦੇਣ ਵਾਲੀ ਕਿਸੇ ਘਟਨਾ ਦਾ ਜ਼ਿਕਰ ਇਸ ਸ਼ਬਦ ਵਿੱਚ ਨਹੀਂ ਅਤੇ ਨਾ ਹੀ ਸਮਕਾਲੀ ਵਿਦਵਾਨ ਭਾਈ ਗੁਰਦਾਸ ਜੀ ਨੇ ਇਸ ਕਹਾਣੀ ਦਾ ਜ਼ਿਕਰ ਕੀਤਾ ਹੈ। ਅਤੇ ਨਾ ਨੌਵੇਂ ਪਾਤਸ਼ਾਹ, ਨਾ ਦਸਵੇਂ ਪਾਤਸ਼ਾਹ, ਅਤੇ ਨਾ ਹੀ ਭਾਈ ਨੰਦ ਲਾਲਾ ਜੀ ਵਰਗੇ ਵਿਦਵਾਨਾਂ ਨੇ ਇਸ ਮਨਘੜਤ ਕਹਾਣੀ ਦਾ ਕੋਈ ਜ਼ਿਕਰ ਕੀਤਾ ਹੈ। ਇਹ ਤਾਂ ਗੁਰ ਬਿਲਾਸ ਪ: ਛੇਵੀਂ ਦੇ ਗੁੰਮਨਾਮ ਕਰਤਾ ਦੇ ਸ਼ਰਾਰਤੀ ਦਿਮਾਗ ਦੀ ਕਾਢ ਹੈ। ਜੋ ਇਸ ਮਨਘੜਤ ਕਹਾਣੀ ਰਾਹੀਂ ਸਿੱਖਾਂ ਨੂੰੰ ‘ਵਰ ਸਰਾਪ’ ਦੇ ਬ੍ਰਹਮਣਵਾਦੀ ਜਾਲ ਵਿੱਚ ਫਸਾਕੇ ਸਿੱਖਾਂ ਵਿੱਚ ਸ਼ਖਸ਼ੀ ਪ੍ਰਭਾਵ, ਵਹਿਮਾਂ, ਭਰਮਾਂ ਅਤੇ ਕਰਮਕਾਂਡਾਂ ਦੇ ਮਹਾ ਜਾਲ ਵਿੱਚ ਫਸਾਕੇ ਜਿੱਥੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨਾ ਚਾਹੁੰਦਾ ਹੈ, ਉੱਥੇ ਸਿੱਖ ਸ਼ਖਸ਼ੀਅਤਾਂ ਨੂੰ ਬਦਨਾਮ ਕਰਨ ਦੀ ਕੋਝੀ ਸ਼ਾਜਿਸ਼ ਵੀ ਰਚ ਰਿਹਾ ਹੈ। ਸਾਰੇ ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖ ਸ਼ਹੀਦਾਂ ਦੇ ਮਹਾਨ ਇਤਿਹਾਸ ਨੂੰ ਇਸੇ ਤਰ੍ਹਾਂ ਵਿਗਾੜਣ ਦੀ ਕੋਸ਼ਿਸ਼ ਆਦਿ ਕਾਲ ਤੋਂ ਹੀ ਪੰਥ ਵਿਰੋਧੀ ਤਾਕਤਾਂ ਵਲੋਂ ਕੀਤੀ ਗਈ ਤੇ ਅੱਗੋਂ ਲਈ ਵੀ ਇਹ ਸ਼ਰਾਰਤਾਂ ਨਿਰੰਤਰ ਜਾਰੀ ਹਨ, ਇਸ ਲਈ ਸਿੱਖ ਪ੍ਰਚਾਰਕਾਂ ਨੂੰ ਬਿਬੇਕ ਬੁਧੀ ਨਾਲ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ਹੀ ਸਿੱਖ ਇਤਿਹਾਸ ਨੂੰ ਸੰਗਤਾਂ ਵਿੱਚ ਪ੍ਰਚਾਰਨਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *