ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਹੋਰ ਸਤਿਕਾਰਤ ਹਸਤੀਆਂ ਬਾਰੇ ਫ਼ਿਲਮਾਂ ਵਿਚ ਕਿਰਦਾਰ ਕੋਈ ਨਹੀਂ ਨਿਭਾਅ ਸਕਦਾ

ss1

ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਹੋਰ ਸਤਿਕਾਰਤ ਹਸਤੀਆਂ ਬਾਰੇ ਫ਼ਿਲਮਾਂ ਵਿਚ ਕਿਰਦਾਰ ਕੋਈ ਨਹੀਂ ਨਿਭਾਅ ਸਕਦਾ

ਨਾਨਕ ਸ਼ਾਹ ਫਕੀਰ ਫਿਲਮ ਰਾਂਹੀ ਜਿਸ ਗਲਤ ਰੁਝਾਨ ਨੂੰ ਸਿੱਖ ਪੰਥ ਕੋਲੋ ਪਰਵਾਨਗੀ ਦਿਵਾਉਣ ਦਾ ਪਾਪ ਕਮਾਇਆ ਜਾ ਰਿਹਾ ਹੈ,ਉਹਦੇ ਬਾਰੇ ਅੱਜ ਇਸ ਫਿਲਮ ਦੀ ਹਮਾਇਤ ਕਰਨ ਵਾਲਿਆ ਨੂੰ ਸਮਝਾਉਣਾ ਨਾ-ਮੁਮਕਿਨ ਹੈ ਪਰ ਜਦ ਵਕਤ ਬੀਤ ਗਿਆ ਤੇ ਇਸ ਰੁਝਾਨ ਦੇ ਭੈੜੇ ਨਤੀਜੇ ਸਾਹਮਣੇ ਆਏ ਤਾਂ ਇਹਦੀ ਅੱਜ ਹਮਾਇਤ ਕਰਨ ਵਾਲੇ ਕਲਪਿਆ ਕਰਨਗੇ ਕਿ ਸਾਨੂੰ ਉਦੋਂ ਇਹ ਸਮਝ ਹੀ ਨਹੀ ਸੀ ਕਿ ਅਸੀਂ ਕੀ ਕਹਿਰ ਕਮਾ ਰਹੇ ਹਾਂ।
ਸਿੱਖ ਇਤਿਹਾਸ ਵਿਚ ਇਹਨਾਂ ਜਰੂਰ ਸੁਣਨ ਅਤੇ ਦੇਖਣ ਨੂੰ ਮਿਲਦਾ ਹੈ ਕਿ ਕੋਈ ਵੀ ਨਾਟਕ ਜਾਂ ਫਿਲਮ ਆਦਿ ਵਿੱਚ ਦਸ ਗੁਰੂ ਸਾਹਿਬ ਦੇ ਨਾਲ ਨਾਲ ਕੁਝ ਮਹੱਤਵਪੂਰਨ ਕਿਰਦਾਰ ਵਾਲੇ ਭਗਤਾਂ, ਸੇਵਕਾਂ ਆਦਿ ਸਬੰਧੀ ਕੋਈ ਵੀ ਕਿਰਦਾਰ ਨਹੀਂ ਨਿਭਾਅ ਸਕਦਾ ਅਤੇ ਅੱਜ ਤੱਕ ਅਜਿਹਾ ਕਿਧਰੇ ਦੇਖਣ ਨੂੰ ਵੀ ਨਹੀਂ ਮਿਲਿਆ । ਇਸਨੂੰ ਗੁਰੂਆਂ ਦੇ ਸਤਿਕਾਰ ਅਤੇ ਪਵਿੱਤਰਤਾ ਨਾਲ ਦੇਖਿਆ ਜਾਂਦਾ ਹੈ । ਅੱਜ ਜਿਵੇਂ ਸਾਡੇ ਹਿੰਦੂ ਵੀਰਾਂ ਦੇ ਧਰਮ ਨਾਲ ਸਬੰਧਤ ਗੁਰੂਆਂ, ਦੇਵੀ, ਦੇਵਤਿਆਂ ਦੇ ਕਿਰਦਾਰ ਕੋਈ ਵੀ ਵਿਅਕਤੀ ਨਿਭਾਅ ਰਿਹਾ ਹੁੰਦਾ ਹੈ ਪਰ ਕੀ ਉਹ ਵਿਅਕਤੀ ਕਿਰਦਾਰ ਨਿਭਾਉਣ ਤੋ ਬਾਅਦ ਉਹਨਾਂ ਦੇਵੀ ਦੇਵਤਿਆਂ ਦੇ ਅਸੂਲਾਂ ਤੇ ਚਲਦਾ ਹੈ ਜਾਂ ਫਿਰ ਸਵੇਰੇ ਸ਼ਰਾਬ ਦੇ ਠੇਕਿਆਂ ਜਾਂ ਕੰਜਰੀਆਂ ਦੇ ਕੋਠੇ ਤੇ ਦਿਸਦਾ ਹੈ । ਨਾਨਕ ਸ਼ਾਹ ਫ਼ਕੀਰ ਫਿਲਮ ਵਿਚ ਵੀ ਅਜਿਹੀ ਹੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿਚ ਭਾਵੇਂ ਗੁਰੂ ਨਾਨਕ ਦੇਵ ਜੀ ਨੂੰ ਇਕ ਜੋਤ ਦੇ ਰੂਪ ਵਿਚ ਦਿਖਾਇਆ ਗਿਆ ਹੈ ਪਰ ਗੁਰੂ ਸਾਹਿਬ ਦੇ ਨੇੜਲੇ ਸਹਿਯੋਗੀ ਬਹੁਤ ਸਾਰੇ ਮਹੱਤਵਪੂਰਨ ਕਿਰਦਾਰ ਹਨ ਜਿਨ੍ਹਾਂ ਨੂੰ ਨਿਭਾਉਣ ਬਾਰੇ ਸੋਚਣ ਲੱਗਿਆ ਵੀ ਡਰ ਲਗਦਾ ਹੈ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਿਲਮ ਵਿਚ ਅੱਜ ਇਕ ਅਜਿਹੀ ਲੜਕੀ ਫਿਲਮ ਵਿਚ ਬੇਬੇ ਨਾਨਕੀ ਦਾ ਪਵਿੱਤਰ ਰੋਲ ਨਿਭਾਅ ਰਹੀ ਹੈ ਜਿਸਨੂੰ ਕਲ੍ਹ ਨੂੰ ਭੜਕਾਊ ਕੱਪੜਿਆਂ ਵਿਚ ਦੇਖਿਆ ਜਾ ਸਕਦਾ ਹੈ ? ਗੁਰੂ ਨਾਨਕ ਸਾਹਿਬ ਦੀ ਜੋਤ ਪਿੱਛੇ ਕਿਰਦਾਰ ਨਿਭਾਉਣ ਵਾਲਾ ਵੀ ਸਿੱਖ ਧਰਮ ਨਾਲ ਸਬੰਧਤ ਨਹੀਂ ਲੱਗ ਰਿਹਾ ਅਤੇ ਕੀ ਗਾਰੰਟੀ ਹੈ ਕਿ ਉਹ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਆਪਣੀ ਜਿੰਦਗੀ ਬਿਤਾਉਂਦਾ ਹੋਵੇਗ । ਇਸ ਬਾਬਤ ਸਿੱਖ ਕੌਮ ਨੂੰ ਜਾਗਰੂਕ ਹੋਣਾ ਪਵੇਗਾ ਅਤੇ ਅਜਿਹੀਆਂ ਫ਼ਿਲਮਾਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਵਿਰੋਧ ਕਰਨ ਦੀ ਲੋੜ ਹੀ ਨਾ ਪਵੇ ਅਤੇ ਫਿਲਮ ਬਣਾਉਣ ਵਾਲਿਆਂ ਨੂੰ ਵੱਡਾ ਘਾਟਾ ਪਵੇ ।

ਪੈਸਿਆਂ ਦੇ ਲਾਲਚ ਵਿਚ ਅੱਜ ਸਾਡੇ ਜਥੇਦਾਰ ਵੀ ਸ਼ਾਇਦ ਸਿੱਖ ਹਿਰਦਿਆਂ ਨੂੰ ਵਲੂੰਧਰ ਤੋਂ ਸੰਕੋਚ ਨਹੀਂ ਕਰ ਰਹੇ । ਇਸ ਫਿਲਮ ਨੂੰ ਅਸੀ ਧਰਮ ਦੀ ਸੇਵਾ ਵੀ ਨਹੀਂ ਕਹਿ ਸਕਦੇ ਨਾ ਹੀ ਇਸਨੂੰ ਨਿਰੋਲ ਵਪਾਰ ਕਿਹਾ ਜਾ ਸਕਦਾ ਹੈ ਪਰ ਦਰਅਸਲ ਇਹ ਸਿਖੀ ਲਈ ਇਕ ਘਾਤਕ ਵਰਤਾਰਾ ਜਰੂਰ ਸਾਬਿਤ ਹੋ ਸਕਦੀ ਹੈ ।
ਬਹੁਤ ਵੱਡਾ ਮਸਲਾ ਹੈ ਕਿ ਕਿਵੇਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਦੇ ਜਥੇਦਾਰ ਨੇ ਪ੍ਰਵਾਨਗੀ ਦੇ ਦਿਤੀ ਕਿ ਫਿਲਮ ਥਿਏਟਰਾਂ ਵਿਚ ਦਿਖਾਈ ਜਾ ਸਕਦੀ ਹੈ । ਅਗਰ ਗੱਲ ਆਉਂਦੀ ਹੈ ਕਿ ਫਿਲਮ ਨੂੰ ਬਣਾਉਣ ਵਾਲੇ ਡਾਇਰੈਕਟਰ ਦੇ ਕਾਫ਼ੀ ਪੈਸੇ ਲੱਗੇ ਹੋਣਗੇ ਤਾਂ ਸਿੱਖ ਕੌਮ ਸ਼ਾਇਦ ਮੁਨਾਫੇ ਸਮੇਤ ਉਸਨੂੰ ਪੈਸੇ ਦੇਕੇ ਫਿਲਮ ਰੋਕ ਸਕਦੀ ਹੈ । ਪਰ ਇਥੇ ਤਾਂ ਉਲਟ ਸਾਡੇ ਕੁਝ ਚੋਦਰ ਦੇ ਭੁੱਖੇ ਅਤੇ ਪੈਸੇ ਦੇ ਨਸ਼ੇ ਵਿਚ ਅੰਨ੍ਹੇ ਸਿੱਖ ਲੀਡਰ ਸਿੱਖ ਕੌਮ ਦਾ ਬੇੜਾ ਗਰਕ ਕਰਨ ਤੇ ਲੱਗੇ ਹੋਏ ਹਨ । ਅੱਜ ਅਗਰ ਗੁਰੂ ਨਾਨਕ ਸਾਹਿਬ ਨੂੰ ਭਾਵੇਂ ਇਕ ਜੋਤ ਦੇ ਰੂਪ ਵਿਚ ਦਿਖਾਇਆ ਗਿਆ ਹੈ ਪਰ ਆਉਣ ਵਾਲੇ ਸਮੇਂ ਵਿਚ ਇਸਦੇ ਭਿਆਨਕ ਨਤੀਜੇ ਨਿਕਲਣ ਤੋਂ ਰੋਕਿਆ ਨਹੀਂ ਜਾ ਸਕਦਾ । ਆਉਣ ਵਾਲੇ ਸਮੇਂ ਵਿਚ ਫਿਲਮ ਵਿਚ ਕਿਰਦਾਰ ਨਿਭਾਉਣ ਵਾਲੇ ਕੁਝ ਕਲਾਕਾਰਾਂ ਦੇ ਕਿਸੇ ਗਲਤ ਕੰਮ ਕਰਕੇ ਸਾਰਾ ਪੰਥ ਸੰਤਾਪ ਭੋਗੇਗਾ , ਕਈ ਪੁਆੜੇ ਪੈਣਗੇ ਤੇ ਆਉਣ ਵਾਲੀਆ ਪੁਸ਼ਤਾਂ ਅੱਜ ਦੇ ਸਿਖਾ ਅਤੇ ਜਥੇਦਾਰਾਂ ਨੂੰ ਕੋਸਿਆ ਕਰਨਗੀਆਂ ਕਿ ਇਸ ਪਾਸੇ ਤੁਰਨ ਦੀ ਖੁੱਲ੍ਹ ਹੀ ਕਿਉਂ ਦਿਤੀ ਅਤੇ ਉਸ ਵਕਤ ਸਿੱਖ ਕੌਮ ਕਿਉਂ ਨਾ ਜਾਗੀ ?
ਫਿਲਮ ਬਣਾਉਣ ਵਾਲਿਆਂ ਦਾ ਤਾਂ ਕੰਮ ਹੀ ਪੈਸੇ ਦੀ ਕਮਾਈ ਕਰਨੀ ਹੈ ਪਰ ਕੀ ਅਸੀਂ ਹੁਣ ਆਪਣੇ ਗੁਰੂਆਂ ਦੇ ਪਾਤਰ ਦੀ ਕੀਤੀ ਜਾ ਰਹੀ ਬੇਅਦਬੀ ਲਈ ਆਪ ਹੀ ਥੀਏਟਰ ਵਿਚ ਜਾਕੇ ਪੈਸੇ ਨਿਛਾਵਰ ਕਰਾਂਗੇ । ਜਿਵੇਂ ਹਿੰਦੂ ਵੀਰਾਂ ਨੇ ਰਾਮ ਚੰਦਰ,ਕ੍ਰਿਸ਼ਨ ਤੋ ਹੋਰ ਸਖਸ਼ੀਅਤਾਂ ਬਾਰੇ ਫਿਲਮਾਂ-ਨਾਟਕਾਂ ਦੀ ਖੁੱਲ੍ਹ ਦਿਤੀ ਹੋਈ ਹੈ ,ਸਾਨੂੰ ਵੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ ਜਦਕਿ ਇਸ ਮਸਲੇ ਤੇ ਸਾਨੂੰ ਹਿੰਦੂਆਂ ਤੋਂ ਨਹੀ ਇਸਲਾਮ ਵੱਲ ਵੇਖਣ ਦੀ ਲੋੜ ਹੈ । ਜਿਵੇਂ ਮੁਸਲਮਾਨ ਹਜਰਤ ਮੁਹੰਮਦ ਸਾਹਿਬ ਜਾਂ ਉਨਾਂ ਦੇ ਨੇੜਲੀਆਂ ਸਤਿਕਾਰਤ ਹਸਤੀਆਂ ਦੇ ਕਿਰਦਾਰ ਕੋਈ ਨਹੀ ਨਿਭਾ ਸਕਦਾ ਉਵੇਂ ਹੀ ਸਿੱਖ ਧਰਮ ਵਿਚ ਗੁਰੂ ਸਾਹਿਬਾਨ ਤੇ ਹੋਰ ਸਤਿਕਾਰਤ ਹਸਤੀਆਂ ਬਾਰੇ ਫੈਸਲਾ ਹੈ।

ਵਰਿੰਦਰ ਸਿੰਘ ਮਲਹੋਤਰਾ
98889-68889

Share Button

Leave a Reply

Your email address will not be published. Required fields are marked *