ਸਿੱਖ ਕੌਮ ਵਿਚ ਵੰਡੀਆਂ ਪਾਉਣ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲਿਆਂ ਤੋਂ ਸੰਗਤਾਂ ਸੁਚੇਤ ਹੋਣ : ਭਾਈ ਪੰਥਪ੍ਰੀਤ ਸਿੰਘ

ss1

ਸਿੱਖ ਕੌਮ ਵਿਚ ਵੰਡੀਆਂ ਪਾਉਣ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲਿਆਂ ਤੋਂ ਸੰਗਤਾਂ ਸੁਚੇਤ ਹੋਣ : ਭਾਈ ਪੰਥਪ੍ਰੀਤ ਸਿੰਘ

ਗੁਰਮਤਿ ਸੇਵਾ ਲਹਿਰ ਦੀ ਹੋਈ ਵਿਸਾਲ ਇਕੱਤਰਤਾ, ਹਜਾਰਾ ਦੀ ਤਦਾਦ ਚ ਸੰਗਤਾਂ ਨੇ ਭਰੀ ਹਾਜਰੀ

 

ਸੰਗਤ ਕੈਂਚੀਆ 29 ਮਈ (ਪਰਵਿੰਦਰਜੀਤ ਸਿੰਘ): ਪੰਥ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਚੱਲ ਰਹੀ ਮਸ਼ਹੂਰ ਧਾਰਮਿਕ ਸੰਸਥਾ ਗੁਰਮਤਿ ਸੇਵਾ ਲਹਿਰ ਰਜਿ: ਭਾਈ ਬਖਤੌਰ ਦੀ ਵਿਸ਼ਾਲ ਛਿਮਾਹੀ ਮੀਟਿੰਗ 29 ਮਈ ਨੂੰ ਪਿੰਡ ਸੰਗਤ ਕੈਂਚੀਆਂ ( ਬਠਿੰਡਾ-ਡੱਬਵਾਲੀ ਰੋਡ ) ਵਿਖੇ ਹੋਈ | ਜਿਸ ਵਿਚ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਅਤੇ ਮੈਂਬਰਾਂ ਤੋ ਇਲਾਵਾ ਹਜਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਹਾਜਰੀ ਭਰੀ, ਮੀਟਿੰਗ ਵਿਚ ਧਾਰਮਿਕ ਸਮਾਗਮ ਤੋਂ ਇਲਾਵਾ ਬੱਚਿਆਂ ਦੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਲਿਖਤੀ ਮੁਕਾਬਲੇ , ਦਸਤਾਰ ਮੁਕਾਬਲੇ , ਢਾਡੀ ਕਵੀਸ਼ਰੀ ਕੀਰਤਨ ਦੇ ਮੁਕਾਬਲੇ, ਪਿਛਲੇ ਛੇ ਮਹੀਨਿਆਂ ਦਾ ਲੇਖਾ ਜੋਖਾ ਸੰਗਤਾਂ ਦੇ ਸਨਮੁੱਖ ਕੀਤਾ ਗਿਆ ਅਤੇ ਚੱਲ ਰਹੇ ਮੌਜੂਦਾ ਵਿਵਾਦਾਂ ਦੇ ਸਬੰਧ ਵਿਚ ਵਿਚਾਰਾਂ ਕੀਤੀਆਂ ਗਈਆਂ, ਇਸ ਸਮੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ ਦੇ ਮੁੱਖ ਸੇਵਾਦਾਰ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ ਨੇ ਕਿਹਾ ਕਿ ਸੰਗਤਾਂ ਸਿੱਖ ਕੌਮ ਵਿਚ ਵੰਡੀਆਂ ਪਾਉਣ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲਿਆਂ ਤੋਂ ਸੁਚੇਤ ਹੋਣ, ਉਹਨਾਂ ਕਿਹਾ ਸੰਗਤਾਂ ਹੁਣ ਆਪ ਪਛਾਣ ਕਰਨ ਕੇ ਉਹ ਕਿਹੜੇ ਲੋਕ ਹਨ ਜੋ ਸ਼ਰੇਆਮ ਸਿੱਖੀ ਸਿਧਾਂਤਾਂ ਨੂੰ ਖੋਰਾ ਲਗਾ ਰਹੇ ਹਨ, ਉਹਨਾਂ ਕਿਹਾ ਕਿ ਜਿਹੜੇ ਡੇਰੇਦਾਰ ਬਾਬੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਤੋ ਭਗੌੜੇ ਹੋ ਕੇ ਆਪਣੀਆ ਅਲੱਗ ਮਰਿਯਾਦਾਵਾਂ ਬਣਾਈ ਬੈਠੇ ਹਨ ਤੇ ਆਪਣੇ ਡੇਰਿਆ ਵਿਚ ਗੁਰੂ ਦੀ ਸੰਗਤ ਅਤੇ ਪੰਗਤ ਦਾ ਸਿਧਾਂਤ ’ਚ ਵੰਡੀਆਂ ਪਾ ਰਹੇ ਹਨ; ਸੰਗਤਾਂ ਨੂੰ ਅਜਿਹੇ ਡੇਰੇਦਾਰਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ, ਸਿੱਖੀ ਦੇ ਪ੍ਰਚਾਰਕਾਂ ਦਾ ਵਿਰੋਧ ਕਰਨ ਵਾਲਿਆਂ ਸਬੰਧੀ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਸਿੱਖੀ ਦੇ ਨਾਮ ’ਤੇ ਡੇਰਿਆਂ ਵਿਚ ਹੁੰਦੀਆਂ ਮਨਮੱਤਾਂ, ਗੁਰੂ ਸਾਹਿਬ ਦੇ ਬਰਾਬਰ ਲਗਦੀਆਂ ਸਖ਼ਸ਼ੀ ਗੱਦੀਆਂ, ਤਖਤਾਂ ’ਤੇ ਲਟਕਦੇ ਟੱਲ ਅਤੇ ਸ਼ਰੇਆਮ ਉੱਡਦੀਆਂ ਮਰਿਯਾਦਾ ਦੀਆਂ ਧੱਜੀਆਂ ਕਿਓਂ ਨਹੀਂ ਦਿਸਦੀਆਂ ?

ਪੰਜਾਬ ਸਰਕਾਰ ਪ੍ਰਤੀ ਬੋਲਦਿਆਂ ਉਹਨਾਂ ਕਿਹਾ ਕਿ ਗੁਰਬਾਣੀ ਦੀ ਸਭ ਤੋ ਜਿਆਦਾ ਬੇਅਬਦੀ ਮੌਜੂਦਾ ਸਰਕਾਰ ਦੇ ਸਮੇ ਵਿਚ ਹੋਈ ਹੈ ਜੋ ਕਿ ਆਪਣੇ ਆਪ ਨੂੰ ਪੰਥ ਦੀ ਸਰਕਾਰ ਅਖਵਾਉਣ ਦੇ ਵਾਵਜੂਦ ਵੀ ਅਜੇ ਤੱਕ ਅਸਲੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕਰ ਸਕੀ ਸਗੋ ਉਲਟਾ ਸਿੱਖ ਨੌਜਵਾਨਾਂ ਨੂੰ ਹੀ ਝੂਠੇ ਕੇਸਾਂ ਵਿਚ ਫਸਾਉਣ ਦਾ ਯਤਨ ਕਰਦੀ ਹੋਈ ਅਨੇਕਾਂ ਬੇਕਸੂਰ ਨੌਜਵਾਨਾਂ ’ਤੇ ਤਸ਼ੱਦਦ ਕਰ ਚੁੱਕੀ ਹੈ, ਉਹਨਾਂ ਕਿਹਾ ਕਿ ਹੁਣ ਸਰਕਾਰ ਨੂੰ ਇੱਕ ਗੱਲ ਜਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖੀ ਦੇ ਸਹੀ ਪ੍ਰਚਾਰ ਅਤੇ ਪ੍ਰਚਾਰਕਾ ਦੀ ਮਿਹਨਤ ਸਦਕਾ ਸਿੱਖ ਕੌਮ ਦਾ ਵੱਡਾ ਹਿੱਸਾ ਜਾਗ ਚੁੱਕਾ ਹੈ ਉਹਨਾਂ ਕਿਹਾ ਕਿ ਸਰਕਾਰ ਨੂੰ ਡੇਰੇਦਾਰ ਗੁਰੂਆਂ ਅਤੇ ਡੇਰੇਦਾਰ ਬਾਬਿਆਂ ਦਾ ਪੱਖ ਪੂਰਨਾ ਬੰਦ ਕਰ ਕੇ ਸਿੱਖ ਪ੍ਰਚਾਰਕਾਂ ਨਾਲ ਹੋ ਰਿਹਾ ਧੱਕਾ ਤੁਰੰਤ ਬੰਦ ਕਰਨਾ ਚਾਹੀਦਾ ਹੈ, ਉਹਨਾਂ ਕਿਹਾ ਕਿ ਸਮੁੱਚੀ ਕੌਮ ਨੂੰ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਤੇ ਹੀ ਪਹਿਰਾ ਦੇਣਾ ਚਾਹੀਦਾ ਹੈ ਫਿਰ ਹੀ ਸਾਰੀ ਕੌਮ ਏਕਤਾ ਦੀ ਲੜੀ ਵਿਚ ਪਰੋ ਸਕਦੀ ਹੈ ਕਿਉਂਕਿ ਜਿਵੇਂ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਹਨ ਉਸੇ ਤਰ੍ਹਾਂ ਸਾਡੀ ਪੰਥਕ ਰਹਿਤ ਮਰਿਯਾਦਾ ਭਾਵ ਕੌਮ ਦਾ ਸੰਵਿਧਾਨ ਵੀ ਇੱਕ ਹੈ |

ਇਸ ਸਮੇਂ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਕਿ ਸੰਗਤਾ ਬਿਨਾਂ ਸੁਣੀ ਗੁਰਬਾਣੀ ਦੇ ਮੁੱਲ ਦੇ ਪਾਠ ਕਰਵਾਉਣ ਤੋਂ ਪੂਰੀ ਤਰ੍ਹਾਂ ਪਰਹੇਜ ਕਰਨ ਕਿਉਂਕਿ ਪੂਰੀ ਗੁਰਬਾਣੀ ਵਿਚ ਕਿਤੇ ਵੀ ਬਿਨਾ ਸੁਣੀ ਗੁਰਬਾਣੀ ਦਾ ਕੋਈ ਫਲ ਨਹੀ ਹੈ ਤੇ ਸੰਗਤਾਂ ਆਪ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਨ ਫੇਰ ਹੀ ਸਾਡੇ ਜੀਵਨ ਦਾ ਭਲਾ ਹੋ ਸਕਦਾ ਹੈ। ਕਥਾਵਾਚਕ ਭਾਈ ਹਰਜੀਤ ਸਿੰਘ ਢਪਾਲੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਡੇਰੇਦਾਰ ਬਾਬਿਆਂ ਕੋਲੋਂ ਜਲਦੀ ਤੋ ਜਲਦੀ ਸੁਚੇਤ ਹੋਣ ਲਈ ਕਿਹਾ, ਉਹਨਾਂ ਕਿਹਾ ਕਿ ਸੰਗਤਾਂ ਸਿਉ, ਮਿਸ਼ਰੀਆਂ ਵਾਲੇ ਬਾਬਿਆਂ ਅਤੇ ਜੁੱਤੀਆਂ, ਖੂੰਡੀਆਂ, ਕਛਹਿਰਿਆਂ ਨੂੰ ਮੱਥੇ ਟਿਕਾਉਣ ਵਾਲਿਆਂ ਦਾ ਖਹਿੜਾ ਛੱਡ ਕੇ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ | ਕਥਾਵਾਚਕ ਭਾਈ ਸਤਨਾਮ ਸਿੰਘ ਚੰਦੜ ਨੇ ਸੰਗਤਾਂ ਨੂੰ ਗੁਰਬਾਣੀ ਗੁਰਇਤਿਹਾਸ ਨਾਲ ਜੋੜਦਿਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ | ਮੀਟਿੰਗ ਦੌਰਾਨ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਭਾਈ ਪੰਥਪ੍ਰੀਤ ਸਿੰਘ ਖਾਲਸਾ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ, ਇਸ ਸਮੇ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਬਲਜੀਤ ਸਿੰਘ ਖਾਲਸਾ ਪਿੰਡ ਗਿੱਦੜ, ਭਾਈ ਨਿਰਮਲ ਸਿੰਘ ਧੂਲਕੋਟ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਕੁਲਵਿੰਦਰ ਸਿੰਘ ਬਠਿੰਡਾ , ਭਾਈ ਗੁਰਮੇਲ ਸਿੰਘ, ਭਾਈ ਬਹਾਦਰ ਸਿੰਘ ਢਪਾਲੀ , ਭਾਈ ਸੰਦੀਪ ਸਿੰਘ ਖੋਖਰ , ਭਾਈ ਸਾਹਿਬ ਸਿੰਘ ਲੱਖਣਾ, ਭਾਈ ਮਨਵੀਰ ਸਿੰਘ ਰਾਜਪੁਰਾ , ਭਾਈ ਬਹਾਦਰ ਸਿੰਘ ਘਨੌਰੀ, ਭਾਈ ਹਰਜਿੰਦਰ ਸਿੰਘ ਘੜਸਾਣਾ, ਭਾਈ ਸੁਖਜੀਤ ਸਿੰਘ ਖੋਸਾ, ਭਾਈ ਉਪਕਾਰ ਸਿੰਘ ਭਿੰਡਰ ਕਲਾਂ, ਬੀਬੀ ਗਗਨਦੀਪ ਕੌਰ ਵਜੀਦਕੇ, ਬੀਬੀ ਸੁਰਿੰਦਰ ਕੌਰ ਮਹਿਲਕਲਾਂ, ਗਿਆਨੀ ਅਵਤਾਰ ਸਿੰਘ ਆਦਿ ਵਲੋਂ ਵਿਸ਼ੇਸ਼ ਤੌਰ ’ਤੇ ਹਾਜਰੀ ਭਰੀ ਗਈ ਅਤੇ ਸਮਾਗਮ ਦਾ ਲਾਇਵ ਪ੍ਰੋਗ੍ਰਾਮ ਸਿੱਖ ਵਰਲਡ ਲਾਇਵ ਡਾਟ ਕਾਮ ’ਤੇ ਭਾਈ ਕੁਲਦੀਪ ਸਿੰਘ ਮਧੇਕੇ ਵੱਲੋਂ ਪ੍ਰਸਾਰਨ ਕੀਤਾ ਗਿਆ |

Share Button

Leave a Reply

Your email address will not be published. Required fields are marked *