Tue. Jul 23rd, 2019

ਸਿੱਖ ਕੌਂਮ,ਗੁਰਦੁਆਰਾ ਪਰਬੰਧ ਤੇ ਕਾਬਜ ਭੇਖਧਾਰੀ ਸਿੱਖ ਅਤੇ ਚਿੱਟ ਚੋਲੀਏ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਸੁਹਿਰਦ ਹੋਵੇ

ਸਿੱਖ ਕੌਂਮ,ਗੁਰਦੁਆਰਾ ਪਰਬੰਧ ਤੇ ਕਾਬਜ ਭੇਖਧਾਰੀ ਸਿੱਖ ਅਤੇ ਚਿੱਟ ਚੋਲੀਏ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਸੁਹਿਰਦ ਹੋਵੇ

ਜਾਗਦੀਆਂ ਕੌਂਮਾਂ ਹਮੇਸਾਂ ਅਪਣਾ ਇਤਿਹਾਸ ਸਾਂਭ ਕੇ ਰੱਖਦੀਆਂ ਹਨ,ਖਾਸ ਕਰਕੇ ਲੜਾਕੂ ਕੌਂਮਾਂ ਅਪਣੇ ਪੁਰਖਿਆਂ ਦੀਆਂ ਯਾਦਾਂ ਨੂੰ ਅਪਣੇ ਸੀਂਨੇ ਵਿੱਚ ਹਰ ਸਮੇ ਤਾਜਾ ਰੱਖਣ ਲਈ ਅਤੇ ਅਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਅਪਣੇ ਸ਼ਾਨਾਂਮੱਤੇ ਇਤਿਹਾਸ ਨਾਲ ਜੋੜ ਕੇ ਰੱਖਣ ਲਈ,ਅਪਣੇ ਵਡੇਰਿਆਂ ਦੀਆਂ ਉਹ ਨਿਸਾਨੀਆਂ ਵੀ ਸਾਂਭਕੇ ਰੱਖਦੀਆਂ ਹਨ,ਜਿਹੜੀਆਂ ਉਹਨਾਂ ਦੇ ਪੁਰਖਿਆਂ ਦੀ ਬਹਾਦਰੀ ਦਾ ਸੁਨੇਹਾ ਦਿੰਦੀਆਂ ਹਨ।ਅਜਿਹਾ ਕਰਨ ਦਾ ਮਕਸਦ ਇਹ ਵੀ ਹੁੰਦਾ ਹੈ ਕਿ ਉਹਨਾਂ ਦੀ ਗੈਰਤ ਜਿੰਦਾ ਹੈ,ਉਹਨਾਂ ਦਾ ਸਵੈਮਾਨ ਮਰਿਆ ਨਹੀ,ਉਹਨਾਂ ਦੀਆਂ ਰਗਾਂ ਚ ਵਗਦਾ ਖੂੰਨ ਅਪਣੇ ਪੁਰਖਿਆਂ ਦਾ ਹੀ ਸੁਰਖ ਲਾਲ ਖੂੰਨ ਹੈ।ਅਜਿਹੀਆਂ ਕੌਂਮਾਂ ਹੀ ਭਵਿੱਖ ਦੇ ਨਵੇਂ ਮੀਲ ਪੱਥਰ ਗੱਡਣ ਦੇ ਸਮਰੱਥ ਹੁੰਦੀਆਂ ਹਨ।

ਦੁਨੀਆਂ ਦੇ ਨਕਸੇ ਦੇ ਗੈਰਤਮੰਦ,ਬਹਾਦਰ,ਦਲੇਰ ਕੌੰਮਾਂ ਵਿੱਚ ਜੇ ਕਿਸੇ ਕੌਂਮ ਦਾ ਜਿਕਰ ਪਹਿਲੀ ਕਤਾਰ ਵਿੱਚ ਹੁੰਦਾ ਹੈ,ਉਹ ਹੈ ਸਿੱਖ ਕੌਂਮ,ਜਿਸ ਦੇ ਲਾਲ ਸੂਹੇ ਇਤਿਹਾਸ ਦੀ ਬਰਾਬਰਤਾ ਕਰਨ ਦੀ ਕੋਈ ਉਦਾਹਰਣ ਸਾਇਦ ਦੁਨੀਆਂ ਦੇ ਨਕਸੇ ਤੇ ਹੋਰ ਕਿਧਰੇ ਨਹੀ ਮਿਲਦੀ,ਪਰ ਇਸ ਦੇ ਬਾਵਜੂਦ ਵੀ ਅੱਜ ਸਿੱਖ ਕੌਂਮ ਬੜੇ ਡੂੰਘੇ ਸੰਕਟ ਵਿੱਚ ਘਿਰੀ ਘਿਰੀ ਪਰਤੀਤ ਹੁੰਦੀ ਹੈ।ਸਿੱਖ ਕੌਂਮ ਦੀ ਤਰਾਸਦੀ ਇਹ ਹੈ ਕਿ ਬੜੇ ਲੰਮੇ ਅਰਸੇ ਤੋ ਭੇਖਧਾਰੀ ਧਾੜਵੀਆਂ ਨੇ ਸਿੱਖਾਂ ਦੀ ਤਾਕਤ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਮੁੱਚੇ ਗੁਰਦੁਆਰਾ ਪ੍ਰਬੰਧ ਤੇ ਕਬਜਾ ਕੀਤਾ ਹੋਇਆ ਹੈ,ਜਿਸ ਦਾ ਖਮਿਆਜਾ ਕੌਂਮ ਨੇ ਬੜੇ ਕੌੜੇ ਤੁਜੱਰਬਿਆਂ ਨਾਲ ਝੱਲਿਆ ਹੈ,ਪਰ ਅਫਸੋਸ ਕਿ ਦੁਨੀਆਂ ਤੋ ਨਿਆਰਾ ਇਤਿਹਾਸ ਰਚਣ ਵਾਲੀ ਕੌਂਮ ਅਪਣੇ ਪੁਰਖਿਆਂ ਦੀਆਂ ਉਹ ਨਿਸਾਨੀਆਂ ਸਾਭਣ ਤੋ ਅਸਮਰੱਥ ਬਣਾ ਦਿੱਤੀ ਗਈ,ਜਿਹੜੀਆਂ ਉਹਨਾਂ ਦੇ ਪੁਰਖਿਆਂ ਦੀ ਬਹਾਦਰੀ,ਨਿੱਡਰਤਾ,ਦਲੇਰੀ ਅਤੇ ਗੈਰਤ ਨੂੰ ਪਰਗਟ ਕਰਦੀਆਂ ਸਨ।ਸਿੱਖ ਦੁਸ਼ਮਣ ਤਾਕਤਾਂ ਨੇ ਗੁਰਦੁਆਰਾ ਪਰਬੰਧ ਵਿੱਚ ਸੰਨ ਲਾ ਕੇ ਸਭ ਤੋ ਪਹਿਲਾਂ ਕਾਰ ਸੇਵਾ ਦੇ ਨਾਮ ਤੇ ਚਿੱਟ ਚੋਲੀਏ ਧਾੜਵੀਆਂ ਤੋ ਇਤਿਹਾਸਿਕ ਨਿਸਾਨੀਆਂ ਦਾ ਖੁਰਾ ਖੋਜ ਮਿਟਾ ਦਿੱਤਾ ,ਜਿਸ ਨੂੰ ਭੋਲੇ ਸਿੱਖ ਕਾਰ ਸੇਵਾ ਸਮਝ ਬੈਠੇ ਅਤੇ ਅਪਣੇ ਵਿਨਾਸ ਦੇ ਵਿੱਚ ਖੁਦ ਭਾਗੀਦਾਰ ਬਣਦੇ ਰਹੇ।ਇਸ ਸਾਜਿਸ਼ ਦੀ ਸਿੱਖਾਂ ਨੂੰ ਉਦੋ ਸਮਝ ਲੱਗੀ ਜਦੋਂ ਸਾਰਾ ਕੁੱਝ ਖਤਮ ਹੋ ਚੁੱਕਾ ਸੀ।ਚਮਕੌਰ ਦੀ ਕੱਚੀ ਗੜੀ,ਸਰਹਿੰਦ ਦੀ ਦੀਵਾਰ,ਖਿਦਰਾਣੇ ਦੀ ਢਾਬ,ਦੀਨਾ ਕਾਂਗੜ ਚ ਭਾਈ ਦੇਸੇ ਦਾ ਚੁਬਾਰਾ,ਅਤੇ 1984 ਦੇ ਫੌਜੀ ਹਮਲੇ ਸਮੇ ਸ੍ਰੀ ਹਰਿਮੰਦਰ ਸਾਹਿਬ ਤੇ ਵੱਜੀਆਂ ਸੈਕੜੇ ਗੋਲੀਆਂ ਦੇ ਨਿਸਾਨ ਸਮੇਤ ਹੋਰ ਉਹ ਸਾਰੀਆਂ ਇਤਿਹਾਸਿਕ ਇਮਾਰਤਾਂ ਜਿਹੜੀਆਂ ਸਾਡੇ ਵਿਰਸੇ ਦਾ ਬਹੁਮੁੱਲਾ ਪੁਰਾਤਨ ਖਜਾਨਾ ਸਨ,ਉਹਨਾਂ ਨੂੰ ਤਹਿਸ ਨਹਿਸ ਕਰਨ ਪਿੱਛੇ ਜਿਹੜੀ ਸਾਜਿਸ਼ ਰਚੀ ਗਈ,ਉਹ ਹੈ ਅਣਖੀ ਕੌਮ ਦੇ ਜਾਇਆਂ ਦੀ ਅਣਖ ਗੈਰਤ ਖਤਮ ਕਰਨ ਲਈ ਅਪਣੇ ਪਿਛੋਕੜ ਨਾਲੋ ਤੋੜ ਕੇ ਨਸ਼ਿਆਂ ਦੇ ਰਾਹ ਪਉਣਾ।

ਇਹ ਬੜਾ ਕੌੜਾ ਸੱਚ ਹੈ ਕਿ ਜਿੰਨਾਂ ਨੂੰ ਕੌਂਮ ਅਪਣੇ ਰਹਿਬਰ ਮੰਨਦੀ ਰਹੀ,ਉਹ ਲੋਕ ਹੀ ਅਸਲ ਵਿੱਚ ਕੌਂਮ ਦੇ ਵੱਡੇ ਦੁਸਮਣ ਨਿਕਲੇ,ਉਦਾਹਰਣ ਦੇ ਤੌਰ ਸਰੋਮਣੀ ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੇ ਕਾਬਜ ਲੋਕਾਂ ਨੇ ਜਿੰਨਾ ਕੌਂਮ ਦਾ ਘਾਣ ਕੀਤਾ ਹੈ,ਸਾਇਦ ਓਨਾ ਦੁਸ਼ਮਣ ਵੀ ਸਿੱਧੇ ਰੂਪ ਚ ਨਹੀ ਕਰ ਸਕਿਆ। ਸਿੱਖ ਕੌਂਮ ਦੀਆਂ ਪੁਰਾਤਨ ਨਿਸਾਨੀਆਂ,ਇਮਾਰਤਾਂ ਕਾਰ ਸੇਵਾ ਦੇ ਨਾਮ ਤੇ ਲੱਗਭੱਗ ਖਤਮ ਹੀ ਕਰ ਦਿੱਤੀਆਂ ਗਈਆਂ ਹਨ।ਜੇਕਰ ਕੋਈ ਇੱਕਾ ਦੁੱਕਾ ਬੱਚਦੀ ਵੀ ਹੈ ਤਾਂ ਉਹਨਾਂ ਤੇ ਦੁਸ਼ਮਣ ਦੀ ਬਾਜ ਨਜਰ ਟਿਕੀ ਹੋਈ ਹੈ,ਜਿਸ ਨੂੰ ਖਤਮ ਕਰਨ ਲਈ ਉਹ ਤਾਕਤਾਂ ਅਪਣੇ ਪਿਆਦਿਆਂ ਰਾਹੀ ਤਰਲੋ ਮੱਛੀ ਹੋ ਰਹੀਆਂ ਹਨ,ਜਿਸ ਦੀ ਤਾਜਾ ਮਿਸ਼ਾਲ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਤੋ ਦੇਖੀ ਜਾ ਸਕਦੀ ਹੈ,ਜਿਸ ਨੂੰ ਤੋੜਨ ਲਈ ਜਗਤਾ੍ਰ ਸਿੰਘ ਨਾਮ ਦੇ ਮੋਹਰੇ ਨੇ ਅਪਣੇ ਸਹਿਯੋਗੀਆਂ ਦੀ ਮਦਦ ਨਾਲ ਰਾਤ ਦੇ ਹਨੇਰੇ ਵਿੱਚ ਧਾੜਵੀਆਂ ਦੀ ਤਰਾਂ ਹਮਲਾ ਕਰਕੇ ਦਰਸ਼ਨੀ ਡਿਉਢੀ ਨੂੰ ਨਿਸਾਨਾ ਬਣਾਇਆ,ਪਰੰਤੂ ਇਸ ਵਾਰ ਕੁੱਝ ਕੁ ਤਸੱਲੀ ਵਾਲਾ ਸੁਨੇਹਾ ਜਰੂਰ ਮਿਲਿਆ ਕਿ ਸਿੱਖ ਕੌਂਮ ਨੇ ਜਾਗਦੇ ਹੋਣ ਦਾ ਸਬੂਤ ਦਿੱਤਾ ਤੇ ਚਿੱਟੇ ਚੋਲਿਆਂ ਚ ਛੁਪੇ ਧਾੜਵੀਆਂ ਨੂੰ ਖਿਦੇੜਿਆ ਹੀ ਨਹੀ,ਸਗੋ ਉਹਨਾਂ ਦਾ ਚੇਹਰਾ ਵੀ ਨੰਗਾ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਇਹਦੇ ਲਈ ਸਾਰੀਆਂ ਹੀ ਉਹ ਪੰਥਕ ਧਿਰਾਂ ਦਾ ਕਾਰਜ ਸਲਾਹੁਣਯੋਗ ਹੈ, ਜਿਹੜੀਆਂ ਇਸ ਮਸਲੇ ਚ ਇੱਕ ਜੁੱਟ ਹੋਕੇ ਦੁਸ਼ਮਣ ਤਾਕਤਾਂ ਦੇ ਮਨਸੂਬੇ ਅਸਫਲ ਕਰਨ ਵਿੱਚ ਕਾਮਯਾਬ ਰਹੀਆਂ।ਹਰ ਰੋਜ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ,ਜਿਹੜੀ ਸਿੱਖ ਹਿਰਦਿਆਂ ਨੂੰ ਝੰਜੋੜਦੀਆਂ ਰਹਿੰਦੀਆਂ ਹਨ।ਕੱਲ੍ਹ ਦੇ ਅਖਵਾਰਾਂ ਦੀਆਂ ਖਬਰਾਂ ਹਨ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀਆਂ ਦੁਕਾਨਾਂ ਵਿੱਚ ਬੇਚੇ ਜਾਂਦੇ ਕਕਾਰਾਂ ਵਿੱਚ ਵੀ ਸ੍ਰੀ ਸਾਹਿਬ ਤੇ ਜੈ ਮਾਤਾ ਦੀ ਅੰਕਤ ਕੀਤਾ ਹੋਇਆ ਹੈ,ਸੋ ਅਜਿਹੀਆਂ ਅਣਹੋਣੀਆਂ ਹਰਕਤਾਂ ਦੇ ਪਿਛੇ ਛੁਪੀਆਂ ਉਹਨਾਂ ਤਾਕਤਾਂ ਨੂੰ ਅਪਣੇ ਅੰਦਰੋਂ ਹੀ ਮਿਲ ਰਹੀ ਸਹਿ ਦਾ ਪਰਦਾ ਫਾਸ ਕਰਨ ਦੀ ਲੋੜ ਹੈ।ਇਸੇ ਤਰਾਂ ਬਰਨਾਲਾ ਵਿੱਚ ਆਰ ਐਸ ਐਸ ਦੀ ਸਰਪ੍ਰਸਤੀ ਵਾਲਾ ਇੱਕ ਵੱਡਾ ਸਕੂਲ ਵੀ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੀ ਜਮੀਨ ਤੇ ਉਸਰਿਆ ਹੋਇਆ ਹੈ,ਜਿਸ ਤੇ ਅਪਣੀ ਮਾਲਕੀ ਦਿਖਾਉਣ ਲਈ ਸਕੂਲ ਦੀ ਮੈਨੇਜਮੈਂਟ ਨੇ ਉਲਟਾ ਸਰੋਮਣੀ ਕਮੇਟੀ ਤੇ ਕੋਰਟ ਕੇਸ ਕੀਤਾ ਹੋਇਆ ਹੈ।

ਸੋ ਉਪਰੋਕਤ ਵਰਤਾਰੇ ਨੂੰ ਗੰਭੀਰਤਾ ਨਾਲ ਲੈ ਕੇ ਇਹ ਸੋਚਣਾ ਬਣਦਾ ਹੈ ਕਿ ਆਖਰ ਕਦੋ ਤੱਕ ਗੁਰਦੁਆਰਾ ਪ੍ਰਬੰਧ ਤੇ ਜੱਫਾ ਮਾਰੀ ਬੈਠੀ ਸਿੱਖ ਵਿਰੋਧੀ ਸੋਚ ਵਾਲੇ ਲੋਕ ਅੰਦਰ ਬੈਠ ਕੇ ਸਿੱਖੀ ਨੂੰ ਅੰਦਰੇ ਅੰਦਰ ਖੋਖਲਾ ਕਰਦੇ ਰਹਿਣਗੇ ,ਕਦੋ ਤੱਕ ਇਹ ਚਿੱਟ ਚੋਲੀਏ ਧਾੜਵੀ,ਸਿੱਖ ਇਤਿਹਾਸ ਚੋ ਪੁਰਾਤਨਤਾ ਦੀ ਥੋੜੀ ਬਹੁਤੀ ਬਚੀ ਝਲਕ ਨੂੰ ਮਿਟਾਉਣ ਲਈ ਸਾਡੀ ਹੀ ਕੌਂਮ ਦੇ ਮੋਢੇ ਵਰਤਦੇ ਰਹਿਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ਾਂ ਵਿੱਚ ਬੁਰੀ ਤਰਾਂ ਘਿਰ ਚੁੱਕੇ ਬਾਦਲ ਪਰਿਵਾਰ ਨੇ ਸਿੱਖਾਂ ਚੋ ਅਪਣਾ ਅਧਾਰ ਖੋ ਲੈਣ ਦੇ ਬਾਵਜੂਦ ਵੀ ਅਜੇ ਕੌਮੀ ਘਾਣ ਤੋ ਤੋਬਾ ਨਹੀ ਕੀਤੀ ਬਲਕਿ ਉਹਨਾਂ ਦੀ ਸ਼ਹਿ ਤੇ ਕੀਤੇ ਗਏ ਦਰਸ਼ਨੀ ਡਿਉਢੀ ਤੇ ਹਮਲੇ ਨੇ ਇਹ ਦਰਸਾ ਦਿੱਤਾ ਹੈ ਕਿ ਅਕਿਰਤਘਣ ਖੂੰਨ ਕਦੇ ਵੀ ਮਿੱਤ ਨਹੀ ਹੋ ਸਕਦਾ।ਸੋ ਬਾਦਲ ਪਰਿਵਾਰ ਤੋ ਇਲਾਵਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੈਂਬਰ,ਪਰਧਾਨ,ਸਕੱਤਰਾਂ ਸਮੇਤ ਕਾਰ ਸੇਵਾ ਦੇ ਨਾਮ ਤੇ ਕਲੰਕ ਲੱਗੇ ਜਗਤਾਰ ਸਿੰਘ ਵਰਗੇ ਲੋਕਾਂ ਨੂੰ ਦੁਰਕਾਰਨ ਦਾ ਵੇਲਾ ਆ ਗਿਆ ਹੈ,ਜੇਕਰ ਹੁਣ ਵੀ ਕੌਂਮ ਨੇ ਅਵੇਸਲਾ ਪਣ ਨਾ ਤਿਆਗਿਆ ਤਾਂ ਉਹ ਦਿਨ ਦੂਰ ਨਹੀ ਜਦੋ ਇਹ ਧਾੜਵੀ ਮੁੜ ਪੂਰੀ ਤਿਆਰੀ ਨਾਲ ਸਾਡੀਆਂ ਆਖਰੀ ਨਿਸਾਨੀਆਂ ਮਿਟਾਉਣ ਲਈ ਫਿਰ ਆਉਣਗੇ।

ਬਘੇਲ ਸਿੰਘ ਧਾਲੀਵਾਲ
99142-58142

Leave a Reply

Your email address will not be published. Required fields are marked *

%d bloggers like this: