ਸਿੱਖ ਇਤਿਹਾਸ ਨਾਲ ਛੇੜਛਾੜ ਮਾਮਲਾ: ਸੁਖਬੀਰ ਬਾਦਲ ਨੇ ਲਿਖਿਆ ਵੀ.ਪੀ.ਬਦਨੋਰ ਨੂੰ ਪੱਤਰ

ss1

ਸਿੱਖ ਇਤਿਹਾਸ ਨਾਲ ਛੇੜਛਾੜ ਮਾਮਲਾ: ਸੁਖਬੀਰ ਬਾਦਲ ਨੇ ਲਿਖਿਆ ਵੀ.ਪੀ.ਬਦਨੋਰ ਨੂੰ ਪੱਤਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੇ ਗਵਰਨਰ ਵੀ.ਪੀ ਸਿੰਘ ਬਦਨੌਰ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਠ ਪੁਸਤਕ ‘ਚੋਂ ਸਿੱਖ ਇਤਿਹਾਸ ਹਟਾਉਣ ਸੰਬੰਧੀ ਇੱਕ ਸਾਂਝੇ ਤੌਰ ‘ਤੇ ਪੱਤਰ ਲਿਖਿਆ। ਉਹਨਾਂ ਨੇ ਇਸ ਪੱਤਰ ‘ਚ ਲਿਖਿਆ ਕਿ ਅਸੀਂ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਪੰਜਾਬ ਅਤੇ ਸਿੱਖ ਕੌਮ ਦੇ ਇਤਿਹਾਸ ‘ਤੇ ਲਕੀਰ ਮਾਰ ਕੇ ਮਹਾਨ ਗੁਰੂ ਸਾਹਿਬਾਨ ਵੱਲੋਂ ਸਮੁੱਚੀ ਮਾਨਵਤਾ ਨੂੰ ਬਖਸ਼ੇ ਗੌਰਵਮਈ ਅਤੇ ਮਾਣ-ਮੱਤੇ ਵਿਰਸੇ ਨੂੰ ਸਦਾ-ਸਦਾ ਲਈ ਮਿਟਉਣ ਦੀ ਘਿਨਾਉਣੀ ਅਤੇ ਖਤਰਨਾਕ ਸਾਜ਼ਿਸ਼ ਅਤੇ ਉਸ ਸਾਜ਼ਿਸ਼ ਕਾਰਨ ਸਮੂਹ ਦੇਸ਼ ਵਾਸੀਆਂ, ਸਾਰੇ ਪੰਜਾਬੀਆਂ ਅਤੇ ਸਮੁੱਚੇ ਖਾਲਸਾ ਪੰਥ ਅਤੇ ਸਮੂਹ ਸਿੱਖ ਸੰਗਤਾਂ ਦੇ ਮਨਾਂ ‘ਚ ਉੱਠੀ ਗਹਿਰੀ ਪੀੜਾ, ਚਿੰਤਾਂ ਅਤੇ ਰੋਹ ਦੀ ਲਹਿਰ ਵੱਲ ਆਪ ਜੀ ਦਾ ਧਿਆਨ ਦੁਆਉਣ ਹਿੱਤ ਆਪ ਜੀ ਦੇ ਸਨਮੁੱਖ ਹਾਜ਼ਰ ਹੋਏ ਹਾਂ। ਅਸੀਂ ਆਪ ਜੀ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਆਪ ਜੀ ਵੱਲੋਂ ਇਸ ਨਾਜ਼ੁਕ ਅਤੇ ਅਹਿਮ ਮੁੱਦੇ ਉਤੇ ਤੁਰੰਤ, ਸਿੱਧੀ ਅਤੇ ਨਿਰਣਾਇਕ ਦਖਲ ਅੰਦਾਜ਼ੀ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।
ਜਿਵੇਂ ਕਿ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਆਪ ਜੀ ਨੂੰ ਪਹਿਲਾਂ ਤੋਂ ਹੀ ਸਾਰੀ ਜਾਣਕਾਰੀ ਪਹੁੰਚ ਚੁੱਕੀ ਹੋਵੇਗੀ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ‘ਚ ਬਾਹਰਵੀਂ ਜਮਾਤ ਦੇ ਬੱਚਿਆਂ ਨੂੰ ਪੜਾਏ ਜਾਣ ਵਾਲੀ ਇਤਿਹਾਸ ਦੀ ਪੁਸਤਕ ਅਤੇ ਇਸ ਪੁਸਤਕ ‘ਚ ਸ਼ਾਮਿਲ ਕੀਤੇ ਜਾਣ ਵਾਲੇ ਸਾਰੇ ਸਿਲੇਬਸ ‘ਚੋਂ ਮਹਾਨ ਗੁਰੂ ਸਾਹਿਬਾਨ ਅਤੇ ਉੱਚ-ਕੋਟੀ ਦੀਆਂ ਸਿੱਖ ਸਖਸ਼ੀਅਤਾਂ ਦੇ ਇਤਿਹਾਸ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ, ਜੋ ਕਿ ਅੱਜ ਤੱਕ ਪੂਰੇ ਵੇਰਵਿਆਂ ਅਤੇ ਇਤਿਹਾਸਿਕ ਤਸਵੀਰਾਂ ਸਹਿਤ ਪੜਾਇਆ ਜਾ ਰਿਹਾ ਸੀ ਤੇ ਹੁਣ ਪੂਰੀ ਤਰਾਂ ਲਕੀਰ ਮਾਰਨ ਦੀ ਇਸ ਕਾਰਵਾਈ ਵਿਰੁੱਧ ਸੂਬੇ ‘ਚ ਮੀਡੀਆਂ ਦੇ ਪ੍ਰਭਾਵਸ਼ਾਲੀ ਹਲਕਿਆਂ ਅਤੇ ਅਹਿਮ ਵਿੱਦਿਅਕ, ਬੁੱਧੀਜੀਵੀ ਅਤੇ ਧਾਰਮਿਕ ਸ਼ਖਸੀਅਤਾਂ ਅਤੇ ਅਦਾਰਿਆਂ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਪੁਰਜ਼ੋਰ ਤਰੀਕੇ ਨਾਲ ਸਰਕਾਰ ਦੇ ਧਿਆਨ ‘ਚ ਲਿਆ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਉਹ ਇਸ ਸਬੰਧ ‘ਚ ਪ੍ਰਸਿੱਧ ਅਤੇ ਮਹਾਨ ਸਿੱਖ ਇਤਿਹਾਸਕਾਰਾਂ ਅਤੇ ਹੋਰ ਗਿਆਨੀ ਮਾਹਿਰਾਂ ਤੋਂ ਰਾਏ ਲੈ ਕੇ ਇਸ ਅਤਿਅੰਤ ਸੰਗੀਨ, ਘਿਨਾਉਣੀ ਅਤੇ ਖਤਰਨਾਕ ਸਾਜ਼ਿਸ਼ ‘ਤੇ ਕੀਤੇ ਜਾ ਰਹੇ ਅਮਲ ‘ਤੇ ਤੁਰੰਤ ਰੋਕ ਲਾ ਕੇ ਸਮੁੱਚੇ ਮਾਮਲੇ ਦੀ ਵਿਆਪਕ ਜਾਂਚ ਕਰਵਾਉਣ ਤਾਂ ਕਿ ਇਸ ਸ਼ਰਮਨਾਕ ਅਤੇ ਖਤਰਨਾਕ ਸਜ਼ਿਸ਼ ਨੂੰ ਜੜੋਂ ਖਤਮ ਕਰਨ ਦੇ ਨਾਲ ਨਾਲ ਇਸ ਸਾਜ਼ਿਸ਼ ਦੇ ਦੋਸ਼ੀ ਵਿਅਕਤੀਆਂ ਨੂੰ ਢੁਕਵੀਆਂ ਸਜ਼ਾਵਾਂ ਦੇਣਾ ਵੀ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਜੀ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਇਸ ਜਾਂਚ ਦੇ ਅਮਲ ਦੇ ਪੂਰੇ ਹੋਣ ਤੱਕ 11 ਵੀਂ ਅਤੇ 12ਵੀ ਕਲਾਸ ਦੇ ਵਿਦਿਅਰਥੀਆਂ ਨੂੰ ਪਹਿਲੇ ਵਾਲੇ ਸਿਲੇਬਸ ਅਨੁਸਾਰ ਪੜਾਉਣ ਦਾ ਅਮਲ ਜਾਰੀ ਰੱਖਿਆ ਜਾਏ ਤਾਂ ਜੋ ਸਰਕਾਰ ਜਾਂ ਸਕੂਲ ਸਿੱਖਿਆ ਬੋਰਡ ਦੀ ਗਲਤੀ ਦਾ ਖਮਿਆਜ਼ਾ ਬੱਚਿਆਂ ਨੂੰ ਨਾ ਭੁਗਤਣਾ ਪਵੇ। ਇੱਥੇ ਆਪ ਜੀ ਦੀ ਜਾਣਕਾਰੀ ਹਿੱਤ ਇਹ ਦੱਸਣਾ ਜ਼ਰੂਰੀ ਅਤੇ ਯੋਗ ਹੋਵੇਗਾ ਜੀ ਕਿ ਪੁਰਾਣੇ ਸਿਲੇਬਸ ‘ਚ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਪੂਰੀ ਸੰਵੇਦਨਾਂ, ਸੰਜੀਦਗੀ ਅਤੇ ਗਹਿਰਾਈ ਨਾਲ ਪੇਸ਼ ਕੀਤਾ ਗਿਆ ਹੈ।
ਉਸ ਤੋਂ ਇਲਾਵਾ 11ਵੀਂ ਅਤੇ 12ਵੀਂ ਕਲਾਸ ‘ਚ ਵਿਸ਼ਵ ਇਤਿਹਾਸ ਤੇ ਭਾਰਤ ਦੇ ਇਤਿਹਾਸ ਨੂੰ ਵੀ ਵਿਸਥਾਰ ਸਹਿਤ ਪੜ੍ਹਾਇਆ ਜਾ ਰਿਹਾ ਸੀ। ਪਰ ਹੁਣ ਬੋਰਡ ਨੇ ਕਿਸੇ ਜਾਇਜ਼ ਅਤੇ ਠੋਸ ਵਜ੍ਹਾ, ਤਰਕ ਜਾਂ ਕਿਸੇ ਵੀ ਹੋਰ ਅਕਾਦਮਿਕ ਕਾਰਨ ਤੋਂ ਬਿਨਾਂ ਹੀ 12ਵੀ ਕਲਾਸ ‘ਚੋਂ ਸਿੱਖ ਇਤਿਹਾਸ ‘ਤੇ ਸਿਰਿਉ ਹੀ ਲਕੀਰ ਫੇਰ ਦਿੱਤੀ ਹੈ। ਹੁਣ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਝੀ ਅਤੇ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਇਤਿਹਾਸ 12ਵੀਂ ਜਮਾਤ ‘ਚ ਪੜ੍ਹਾਇਆ ਜਾ ਰਿਹਾ ਸੀ, ਉਸ ਨੂੰ 11 ਵੀਂ ਜਮਾਤ ਦੇ ਪਾਠ ਕ੍ਰਮ ‘ਚ ਸ਼ਾਮਿਲ ਕਰ ਦਿੱਤਾ ਗਿਆ ਹੈ।
ਪਹਿਲੀ ਗੱਲ ਤਾਂ ਇਹ ਕਿ ਇਹ ਦਲੀਲ ਵੀ ਪੂਰੀ ਤਰਾਂ ਝੂਠੀ ਅਤੇ ਨਿਰਾਧਾਰ ਹੈ ਕਿਉਂਕਿ ਬੋਰਡ ਵੱਲੋਂ ਵੰਡੇ ਗਏ ਸਿਲੇਬਸ ਅਨੁਸਾਰ ਸਿੱਖ ਇਤਿਹਾਸ ਦੇ ਜਿਹੜੇ 23 ਚੈਪਟਰਾਂ ਨੂੰ 12ਵੀਂ ਦੀਆਂ ਕਿਤਾਬਾਂ ਦੇ ਸਿਲੇਬਸ ‘ਚੋਂ ਕੱਢ ਦਿੱਤਾ ਗਿਆ ਹੈ, ਉਹ 11ਵੀ ਦੇ ਸਿਲੇਬਸ ‘ਚ ਸ਼ਾਮਿਲ ਨਹੀਂ ਕੀਤੇ ਗਏ ਹਨ। ਦੂਜੇ, 11ਵੀਂ ਕਲਾਸ ਲਈ ਸਿੱਖ ਇਤਿਹਾਸ ਦੇ ਜਿਹੜੇ ਚੈਪਟਰਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਹ ਤਾਂ ਪਹਿਲੋਂ ਤੋਂ ਹੀ 11ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਪਰ ਜਿਹੜੇ 23 ਚੈਪਟਰ ਕੱਢ ਦਿੱਤੇ ਗਏ ਹਨ, ਉਹਨਾਂ ਨੂੰ 11ਵੀਂ ਦੇ ਪਾਠਕ੍ਰਮ ‘ਚ ਸ਼ਾਮਿਲ ਨਹੀਂ ਕੀਤਾ ਗਿਆ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ 12ਵੀਂ ਕਲਾਸ, ਜਿਸ ਦਾ ਇਮਤਿਹਾਨ ਬੋਰਡ ਵੱਲੋਂ ਲਿਆ ਜਾਂਦਾ ਹੈ, ਦੀ ਤੁਲਨਾ 11ਵੀਂ ਕਲਾਸ ਨਾਲ ਨਹੀਂ ਕੀਤੀ ਜਾ ਸਕਦੀ। ਵਿਦਿਆਰਥੀਆਂ ਲਈ ਜੋ ਅਹਿਮੀਅਤ ਅਤੇ ਸੰਜੀਦਗੀ ਬੋਰਡ ਦੇ ਇਮਿਤਹਾਨ ਅਤੇ ਉਹਨਾਂ ਕਲਾਸਾਂ ਲਈ ਹੁੰਦੀ ਹੈ, ਉਹ ਹੇਠਲੀਆਂ ਕਲਾਸਾਂ ਲਈ ਨਹੀ ਹੁੰਦੀ ਹੈ ਤੇ ਨਾ ਹੀ ਹੋ ਸਕਦੀ ਹੈ। ਇਸ ਲਈ ਮਹਾਨ ਗੁਰੂ ਸਾਹਿਬਾਨ ਸਮੇਤ ਸਮੁੱਚੇ ਸਿੱਖ ਇਤਿਹਾਸ ਨੂੰ 12ਵੀਂ ਕਲਾਸ ਦੇ ਸਿਲੇਬਸ ‘ਚੋਂ ਕੱਢ ਕੇ ਛੋਟੀਆਂ ਕਲਾਸਾਂ ‘ਚ ਪਾਉਣਾ ਸਿੱਧੇ ਤੌਰ ‘ਤੇ ਇਤਿਹਾਸ ਨੂੰ ਛੋਟਾ ਕਰਨ ਅਤੇ ਉਹਨਾਂ ਦੇ ਮਹਾਨ ਵਿਰਸੇ ਦੀ ਬੇਇੱਜਤੀ ਕਰਨ ਵਾਲੀ ਕਰਤੂਤ ਹੈ, ਜਿਸ ਨੂੰ ਸਿੱਖ ਹਿਰਦੇ ਕਦੇ ਵੀ ਮੁਆਫ਼ ਨਹੀਂ ਕਰਨਗੇ।
ਇਸ ਤੋਂ ਬਿਨਾਂ ਸਾਰੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੇ ਗਵਰਨਰ ਵੀ.ਪੀ ਸਿੰਘ ਬਦਨੌਰ ਸਿੰਘ ਨੂੰ ਇਕ ਵਿਆਪਕ ਨੋਟ ਅਲੱਗ ਤੌਰ ਦਿੱਤਾ। ਜਿਸ ‘ਚ ਉਹਨਾਂ ਨੇ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਮਿਟਾਉਣ ਦੀ ਇਸ ਸਾਜ਼ਿਸ਼ ਨੂੰ ਸਮੇਂ ਸਿਰ ਸਿਰੇ ਚੜ੍ਹਣ ਤੋਂ ਰੋਕਿਆ ਜਾਵੇ। ਸਾਡੀ ਨਿਮਰਤਾਂ ਸਹਿਤ ਬੇਨਤੀ ਹੈ ਕਿ ਇਸ ਬੇਹੱਦ ਗੰਭੀਰ, ਅਹਿਮ, ਅਕਾਦਿਮਕ, ਧਾਰਮਿਕ ਅਤੇ ਭਾਵਨਾਤਮਿਕ ਮੁੱਦੇ ‘ਤੇ ਆਪ ਜੀ ਵੱਲੋਂ ਤੁਰੰਤ ਸਿੱਧੀ ਦਖਲਅੰਦਾਜ਼ੀ ਅਤੇ ਲੋੜੀਂਦੀ ਕਾਰਵਾਈ ਕਰ ਕੇ ਸਿੱਖ ਇਤਿਹਾਸ ‘ਤੇ ਪਹਿਰਾ ਦਿੱਤਾ ਜਾਵੇ।
ਆਪ ਜੀ ਵੱਲੋਂ ਕੀਤੀ ਜਾਣ ਵਾਲੀ ਅਸਰਦਾਇਕ ਕਾਰਵਾਈ ਲਈ ਨਾ ਕੇਵਲ ਪੂਰਾ ਪੰਜਾਬ, ਸਮੁੱਚੀ ਸਿੱਖ ਕੌਮ ਅਤੇ ਸਾਰਾ ਦੇਸ਼ ਬਲਕਿ ਸਮੁੱਚੀ ਮਾਨਵਤਾ ਆਪ ਜੀ ਦੀ ਧੰਨਵਾਦੀ ਹੋਏਗੀ, ਕਿਉਂਕਿ ਮਹਾਨ ਗੁਰੂ ਸਾਹਿਬਾਨ ਦਾ ਵਿਰਸਾ ਅਤੇ ਦੇਸ਼ ਅਤੇ ਕੌਮ ਲਈ ਖਾਲਸਾ ਪੰਥ ਲਈ ਦਿੱਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਅਤੇ ਉਹਨਾਂ ਵੱਲੋਂ ਦੇਸ਼ ਦੀ ਆਜ਼ਾਦੀ ਹਾਸਿਲ ਕਰਨ ਅਤੇ ਆਜ਼ਾਦੀ ਤੋਂ ਬਾਅਦ ਉਸ ਉੱਤੇ ਪਹਿਰਾ ਦੇਣ ਲਈ ਮਹਾਨ ਗੁਰੂ ਸਾਹਿਬਾਨ ਦੇ ਅਨੁਆਈਆਂ ਵੱਲੋਂ ਮਾਰੀਆਂ ਗਈਆਂ ਮੱਲਾਂ ਹਿੰਦੋਸਤਾਨ ਦੇ ਇਤਿਹਾਸ ਦਾ ਗੌਰਵਮਈ ਹਿੱਸਾ ਹਨ। ਅਜਿਹੇ ਮਾਣਮੱਤੇ ਇਤਿਹਾਸ ਨੂੰ ਕੱਢਣ ਅਤੇ ਮਿਟਾਉਣ ਦੀਆਂ ਸਾਜ਼ਿਸ਼ਾਂ ਕਿਸੇ ਦੇਸ਼ ਵਿਰੋਧੀ ਸੋਚ ਦੀ ਹੀ ਉਪਜ ਹੀ ਹੋ ਸਕਦੀ ਹੈ।
ਆਪ ਜੀ ਤੋਂ ਜਲਦ ਅਤੇ ਅਸਰਦਾਇਕ ਕਦਮ ਚੁੱਕੇ ਜਾਣ ਦਾ ਸਮੂਹ ਪੰਜਾਬੀਆਂ ਨੂੰ ਇੰਤਜ਼ਾਰ ਰਹੇਗਾ। ਸਿੱਖ ਇਤਿਹਾਸ ਦਾ ਮੁੱਦਾ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੇ ਗਵਰਨਰ ਵੀ.ਪੀ ਸਿੰਘ ਬਦਨੌਰ ਸਿੰਘ ਨੂੰ ਲਿਖੇ ਇਸ ਪੱਤਰ ਤੋਂ ਬਾਅਦ ਕਿੰਨੀ ਕੁ ਕਾਰਵਾਈ ਹੁੰਦੀ ਹੈ ਅਤੇ ਕਿ ਮੁੜ ਤੋਂ ਸਿੱਖ ਇਤਿਹਾਸ ਨੂੰ ਬਾਰ੍ਹਵੀਂ ਕਲਾਸ ਦਾ ਹਿੱਸਾ ਬਣਾਇਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Share Button

Leave a Reply

Your email address will not be published. Required fields are marked *