ਸਿੱਖਿਆ ਵਿਭਾਗ 2000 ਹੋਰ ਨਵੇਂ ਈ.ਟੀ.ਟੀ. ਅਧਿਆਪਕਾਂ ਦੀ ਕਰੇਗਾ ਭਰਤੀ; ਇਸ਼ਤਿਹਾਰ ਜਲਦ ਹੋਵੇਗਾ ਜਾਰੀ: ਡਾ.ਚੀਮਾ

ss1

ਸਿੱਖਿਆ ਵਿਭਾਗ 2000 ਹੋਰ ਨਵੇਂ ਈ.ਟੀ.ਟੀ. ਅਧਿਆਪਕਾਂ ਦੀ ਕਰੇਗਾ ਭਰਤੀ; ਇਸ਼ਤਿਹਾਰ ਜਲਦ ਹੋਵੇਗਾ ਜਾਰੀ: ਡਾ.ਚੀਮਾ

4500 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦਾ ਨਤੀਜਾ ਇਸੇ ਮਹੀਨੇ ਐਲਾਨ ਕੇ ਕੀਤੀ ਜਾਵੇਗੀ ਭਰਤੀ
ਨਵੀਂ ਭਰਤੀ ਮੁਕੰਮਲ ਹੋਣ ਉਪਰੰਤ 31 ਮਾਰਚ 2017 ਤੱਕ ਸੂਬੇ ਵਿੱਚ ਕੋਈ ਵੀ ਅਸਾਮੀ ਖਾਲੀ ਨਹੀਂ ਰਹੇਗੀ
58 ਸੀ.ਐਚ.ਟੀ. ਨੂੰ ਬੀ.ਪੀ.ਈ.ਓਜ਼ ਵਜੋਂ ਇਕ ਮਹੀਨੇ ਦੇ ਅੰਦਰ ਕੀਤਾ ਜਾਵੇਗਾ ਪਦਉਨਤ
ਸਿੱਖਿਆ ਮੰਤਰੀ ਨੇ ਰੀਵਿਊ ਮੀਟਿੰਗ ਦੌਰਾਨ ਨਵੀਂ ਭਰਤੀ ਤੇ ਪਦਉਨਤੀਆਂ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ

ਚੰਡੀਗੜ੍ਹ, 20 ਜੁਲਾਈ (ਪ.ਪ.): ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਨਵੀਂ ਭਰਤੀ ਅਤੇ ਪਦਉਨਤੀਆਂ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰ ਕੇ ਇਸ ਦੇ ਕੰਮ ਦਾ ਜਾਇਜ਼ਾ ਲਿਆ। ਇਹ ਮੀਟਿੰਗ ਪੰਜਾਬ ਸਿਵਸ ਸਕੱਤਰੇਤ ਚੰਡੀਗੜ੍ਹ ਸਥਿਤ ਸਿੱਖਿਆ ਮੰਤਰੀ ਦੇ ਦਫਤਰ ਵਿਖੇ ਹੋਈ।
ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਡਾ.ਚੀਮਾ ਨੇ ਕਿਹਾ ਕਿ ਵਿਭਾਗ ਵੱਲੋਂ ਜਿੱਥੇ 4500 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦਾ ਨਤੀਜੇ ਇਸੇ ਮਹੀਨੇ ਐਲਾਨ ਕੇ ਇਨ੍ਹਾਂ ਦੀ ਭਰਤੀ ਕੀਤੀ ਜਾਵੇਗੀ ਉਥੇ 2000 ਹੋਰ ਨਵੇਂ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ ਜਿਸ ਸਬੰਧੀ ਜਲਦ ਹੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਸਾਰੀ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸੂਬੇ ਦੇ ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ 31 ਮਾਰਚ 2017 ਤੱਕ ਇਕ ਵੀ ਅਸਾਮੀ ਖਾਲੀ ਨਹੀਂ ਰਹੇਗੀ ਅਤੇ 100 ਫੀਸਦੀ ਅਸਾਮੀਆਂ ਭਰੀਆਂ ਜਾਣਗੀਆਂ।
ਸਿੱਖਿਆ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਨਵੀਂ ਭਰਤੀ ਤੇ ਪਦਉਨਤੀਆਂ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ 58 ਸੈਂਟਰ ਹੈਡ ਟੀਚਰਾਂ (ਸੀ.ਐਚ.ਟੀ.) ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀ.ਪੀ.ਈ.ਓ.) ਵਜੋਂ ਜਲਦ ਪਦਉਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਈ.ਟੀ.ਟੀ. ਅਧਿਆਪਕਾਂ ਤੋਂ ਹੈਡ ਟੀਚਰ (ਐਚ.ਟੀ.) ਅਤੇ ਐਚ.ਟੀ. ਤੋਂ ਸੀ.ਐਚ.ਟੀ. ਦੀਆਂ ਅਸਾਮੀਆਂ ਲਈ ਵੀ ਪਦਉਨਤੀਆਂ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਭਰਤੀ ਅਤੇ ਪਦਉਨਤੀਆਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਅਹਿਮ ਸਿੱਧ ਹੋਣਗੀਆਂ।
ਅੱਜ ਦੀ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਜੀ.ਵਜਰਾਲਿੰਗਮ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ ਤੇ ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ.ਗੁਰਜੀਤ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *