ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ 16000 ਅਧਿਆਪਕਾਂ ਦੀ ਭਰਤੀ ਹੋਵੇਗੀ ਜਲਦ ਮੁਕੰਮਲ: ਡਾ.ਚੀਮਾ

ss1

ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ 16000 ਅਧਿਆਪਕਾਂ ਦੀ ਭਰਤੀ ਹੋਵੇਗੀ ਜਲਦ ਮੁਕੰਮਲ: ਡਾ.ਚੀਮਾ

ਸਿੱਖਿਆ ਮੰਤਰੀ ਨੇ ਨਵੇਂ ਭਰਤੀ 569 ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਤੇ ਸਟੇਸ਼ਨ ਅਲਾਟ ਕੀਤੇ

20-35

ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ : ਸਿੱਖਿਆ ਵਿਭਾਗ ਵੱਲੋਂ 16000 ਈ.ਟੀ.ਟੀ. ਅਧਿਆਪਕਾਂ/ਮਾਸਟਰਾਂ/ਲੈਕਚਰਾਰਾਂ ਦੀ ਕੀਤੀ ਜਾਣ ਵਾਲੀ ਭਰਤੀ ਦੇ ਪਹਿਲੇ ਪੜਾਅ ਵਿੱਚ ਅੱਜ 620 ਨਵੇਂ ਲੈਕਚਰਾਰਾਂ ਦੀ ਚੋਣ ਕਰਨ ਉਪਰੰਤ ਇਨ੍ਹਾਂ ਵਿੱਚੋਂ 569 ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੱਜ ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਨ੍ਹਾਂ ਨਵੇਂ ਭਰਤੀ ਲੈਕਚਰਾਰਾਂ ਨੂੰ ਨਿਯੁਕਤੀ ਪੱਤਰਾਂ ਦੇ ਨਾਲ ਮੈਰਿਟ ਅਨੁਸਾਰ ਬੁਲਾ ਕੇ ਪਸੰਦ ਦੇ ਸਟੇਸ਼ਨ ਵੀ ਅਲਾਟ ਕੀਤੇ।
ਸਿੱਖਿਆ ਮੰਤਰੀ ਡਾ.ਚੀਮਾ ਨੇ ਨਵੇਂ ਭਰਤੀ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਤੇ ਸਭ ਤੋਂ ਯੋਗ ਅਧਿਆਪਕ ਹਨ ਜੋ ਭਰਤੀ ਲਈ ਦੋ ਵੱਖੋ-ਵੱਖਰੇ ਟੈਸਟਾਂ ਨੂੰ ਪਾਸ ਕਰਨ ਉਪਰੰਤ ਭਰਤੀ ਹੋਏ ਹਨ। ਉਨ੍ਹਾਂ ਸਾਰੇ ਲੈਕਚਰਾਰਾਂ ਨੂੰ ਵਧਾਈ ਦਿੰਦਿਆਂ ਵਿਭਾਗ ਵਿੱਚ ਆਉਣ ‘ਤੇ ਸਵਾਗਤ ਕਰਦਿਆਂ ਕਿਹਾ, ”ਤੁਹਾਡੀ ਕਾਬਲੀਅਤ ਨੂੰ ਦੇਖਦਿਆਂ ਤੁਹਾਡੇ ਤੋਂ ਵਿਭਾਗ ਨੂੰ ਵੱਡੀਆਂ ਆਸਾਂ ਹਨ ਅਤੇ ਮੈਂ ਉਮੀਦ ਕਰਦਾਂ ਹਾ ਕਿ ਤੁਹਾਡੀ ਵਿਭਾਗ ਵਿੱਚ ਜੁਆਇਨਿੰਗ ਤੋਂ ਬਾਅਦ ਸਿੱਖਿਆ ਵਿਭਾਗ ਦੀ ਕਾਰਜ ਪ੍ਰਣਾਲੀ ਵਿੱਚ ਸਕਰਾਤਮਕ ਬਦਲਾਅ ਆਉਣਗੇ।”
ਡਾ.ਚੀਮਾ ਨੇ ਅਗਾਂਹ ਦੱਸਿਆ ਕਿ ਵਿਭਾਗ ਵੱਲੋਂ 16000 ਈ.ਟੀ.ਟੀ. ਅਧਿਆਪਕਾਂ/ਮਾਸਟਰਾਂ/ਲੈਕਚਰਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ ਕਰੀਬ ਮੁਕੰਮਲ ਹੋਣ ਨੇੜੇ ਹੈ ਅਤੇ ਅੱਜ ਇਸ ਦੇ ਪਹਿਲੇ ਪੜਾਅ ਵਿੱਚ 620 ਲੈਕਚਰਾਰਾਂ ਦੀ ਭਰਤੀ ਕੀਤੀ ਗਈ ਹੈ। 4500 ਈ.ਟੀ.ਟੀ. ਅਧਿਆਪਕਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਅਤੇ 6000 ਦੇ ਕਰੀਬ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਕਾਡਰ ਦੇ ਅਧਿਆਪਕਾਂ ਦੀ ਭਰਤੀ ਲਈ ਇਸ ਮਹੀਨੇ ਦੇ ਅਖੀਰ ਵਿੱਚ ਟੈਸਟ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀ.ਈ.ਟੀ. ਤੋਂ ਬਾਅਦ ਅਧਿਆਪਕਾਂ ਦੀ ਭਰਤੀ ਲਈ ਵਿਸ਼ੇ ਦਾ ਟੈਸਟ ਅਤੇ ਯੋਗਤਾ ਟੈਸਟ ਲਏ ਜਾ ਰਹੇ ਜਿਸ ਨਾਲ ਬਿਹਤਰ ਉਮੀਦਵਾਰ ਚੁਣ ਕੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 31 ਮਾਰਚ 2017 ਤੱਕ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਦੇਖਦਿਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਅਸਾਮੀਆਂ ਦੇ ਖਾਲੀ ਹੋਣ ਉਪਰੰਤ ਤੁਰੰਤ ਭਰਤੀ ਹੋ ਸਕੇ।
ਇਸ ਤੋਂ ਪਹਿਲਾਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਵੇਂ ਚੁਣੇ ਲੈਕਚਰਾਰਾਂ ਨੂੰ ਮੈਰਿਟ ਅਨੁਸਾਰ ਬੁਲਾ ਕੇ ਡਿਸਪਲੇਅ ਬੋਰਡ ਉਪਰ ਖਾਲੀ ਸਟੇਸ਼ਨਾਂ ਦੀ ਸੂਚੀ ਦਿਖਾਈ ਗਈ। ਨਵੇਂ ਚੁਣੇ ਲੈਕਚਰਾਰਾਂ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਸਟੇਸ਼ਨ ਅਲਾਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅੱਜ ਰਾਜਨੀਤੀ ਸਾਸ਼ਤਰ ਦੇ 145, ਅਰਥ ਸਾਸ਼ਤਰ ਦੇ 109, ਇਤਿਹਾਸ ਦੇ 89, ਗਣਿਤ ਦੇ 63, ਅੰਗਰੇਜ਼ੀ ਦੇ 43, ਪੰਜਾਬੀ ਦੇ 55, ਬਾਇਓਲੌਜੀ ਦੇ 26, ਕੈਮਿਸਟਰੀ ਦੇ 10, ਕਾਮਰਸ ਦੇ 9, ਫਿਜਿਕਸ ਦੇ 15 ਤੇ ਹਿੰਦੀ ਦੇ 5 ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਤੇ ਸਟੇਸ਼ਨ ਅਲਾਟਮੈਂਟ ਪੱਤਰ ਸੌਂਪੇ ਜਾ ਰਹੇ ਹਨ।
ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ.ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ ਸ੍ਰੀ ਕਰਮਜੀਤ ਸਿੰਘ ਤੇ ਸ੍ਰੀ ਲਲਿਤ ਕਿਸ਼ੋਰ ਘਈ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *