Sun. Nov 17th, 2019

ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਤੋਂ ਰੋਕਣਾ ਕਿੰਨਾ ਕੁ ਜਾਇਜ਼ ?

ਸਿੱਖਿਆ ਵਿਭਾਗ ਵਲੋਂ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਤੋਂ ਰੋਕਣਾ ਕਿੰਨਾ ਕੁ ਜਾਇਜ਼ ?

ਸਾਡੇ ਦੇਸ਼ ਵਿੱਚ ਮਿਡਲ ਤੱਕ ਦੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲੀ ਬੱਚਿਆਂ ਲਈ ਦੁਪਿਹਰ ਦਾ ਭੋਜਨ ਖੁਆਉਣ ਦਾ ਪ੍ਰਬੰਧ ਭਾਰਤ ਸਰਕਾਰ ਵਲੋਂ ਰਾਜ ਸਰਕਾਰਾਂ ਦੀ ਨਿਗਰਾਨੀ ਹੇਠ ਚਲਾਈ ਮਿਡ-ਡੇ-ਮੀਲ ਸਕੀਮ ਦੁਆਰਾ ਕੀਤਾ ਜਾਂਦਾ ਹੈ।ਇਸ ਦਾ ਮੁੱਖ ਉਦੇਸ਼ ਸਮਾਜ ਦੇ ਗਰੀਬ ਲਿਤਾੜੇ ਪਰਿਵਾਰਾਂ ਦੇ ਬੱਚਿਆਂ ਨੂੰ ਦਾਖਲੇ ਲਈ ਪ੍ਰਰੇਨਾ,ਚੰਗੀ ਸਿਹਤ ਦੇਣਾ ਹੈ ਤਾਂ ਜੋ ਦੇਸ਼ ਦੇ 6 ਤੋਂ 14 ਸਾਲ ਦੇ ਸਾਰੇ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਦੇਣ ਦਾ ਟੀਚਾ ਪੂਰਾ ਕੀਤਾ ਜਾ ਸਕੇ।ਸਕੂਲ ਜਾਣ ਵਾਲੇ ਬੱਚਿਆਂ ਲਈ ‘ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਹੁੰਦਾ ਹੈ’ ਕਥਨ ਨੂੰ ਪੂਰਾ ਕਰਨ ਲਈ ਪੌਸ਼ਟਿਕ ਭੋਜਨ ਕੁੱਕ-ਕਮ-ਹੈਲਪਰ ਵਲੋਂ ਤਿਆਰ ਕਰਕੇ ਦਿੱਤਾ ਜਾਂਦਾ ਹੈ।ਇਹ ਬਹੁਤੇ ਗਰੀਬ ਬੱਚਿਆਂ ਲਈ ਤਾਂ ਲਾਹੇਬੰਦ ਹੋ ਸਕਦੀ ਹੈ ਪਰ ਆਮ ਤੌਰ ਤੇ ਪੰਜਾਬ ਅੰਦਰ ਰੋਟੀ ਤੋਂ ਸੱਖਣਾ ਪਰਿਵਾਰ ਵਿਰਲਾ ਹੀ ਹੋਵੇਗਾ,ਜਿਥੇ ਦੋ ਵਕਤ ਰੋਟੀ ਨਹੀਂ ਪੱਕਦੀ ਹੋਣੀ।ਬੱਚਿਆਂ ਅੰਦਰ ਜਾਤ ਪਾਤ,ਨਸ਼ਲ,ਧਰਮ ਆਦਿ ਦੇ ਨਫਰਤੀ ਬੀਜਾਂ ਤੋਂ ਦੂਰ ਰੱਖਣ ਲਈ ਇਹ ਸਕੀਮ ਸਹਾਈ ਹੋ ਸਕਦੀ ਹੈ।

ਬੱਚਿਆਂ ਅੰਦਰ ਕਿਰਤ ਕਰਨੀ ,ਸੇਵਾ ਭਾਵਨਾ ਨਾਲ ਕੰਮ ਕਰਨਾ ਸਮੇਂ ਦੀ ਲੌੜ ਬਣਦੀ ਜਾ ਰਹੀ ਹੈ।ਸਕੂਲ ਨੂੰ ਸਾਫ ਰੱਖਣ ਲਈ ਸਕੂਲੀ ਬੱਚਿਆਂ ਦਾ ਮਹੱਤਵਪੂਰਨ ਰੋਲ ਹੋ ਸਕਦਾ ਹੈ। ਇਸੀ ਕਰਕੇ ਮਹਿਕਮੇ ਵਲੋਂ ਸਮੇਂ ਸਮੇਂ ਸਿਰ ਸਫਾਈ ਕਰਨ ਦੇ ਦਿਨ ਨਿਸਚਤ ਕੀਤੇ ਜਾਂਦੇ ਹਨ ਜੋ ਕਿ ਬੱਚਿਆਂ ਤੋਂ ਕਰਵਾਉਣਾ ਹੁੰਦਾ ਹੈ। ਮਿਡ ਡੇ ਮੀਲ ਲਈ ਵੀ ਸਫਾਈ ਦਾ ਪੂਰਾ ਖਿਆਲ ਰੱਖਣਾ ਹੁੰਦਾ ਹੈ।ਬੱਚੇ ਦੇ ਮਨ ਅੰਦਰ ਬਚਪਨ ਵਿੱਚ ਹੀ ਚੰਗੇ ਸੰਸਕਾਰ ਭਰੇ ਜਾ ਸਕਦੇ ਹਨ। ਇਹ ਸਾਰਾ ਕੁਝ ਸਕੂਲ ਅੰਦਰੋਂ ਵਧੀਆ ਤਰੀਕੇ ਨਾਲ ਹੋ ਸਕਦਾ ਹੈ।ਸਮਾਜ ਸੇਵਾ ਦੀ ਭਾਵਨਾ ਆਪਣੇ ਤੋਂ ਸ਼ੁਰੂ ਹੁੰਦੀ ਹੈ।ਪੱਛਮੀ ਦੇਸ਼ਾਂ ਅੰਦਰ ਹਰ ਕੋਈ ਆਪਣੇ ਕੰਮ ਆਪ ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ।ਉੱਧਰ ਰਸੋਈ ਦੇ ਕੰਮ ਕਰਨੇ ,ਸਫਾਈ ਕਰਨੀ ,ਆਪਣੇ ਬਰਤਨ ਆਪ ਹੀ ਸਾਫ ਕਰਨੇ ਆਮ ਗੱਲ ਹੈ। ਅੱਜ ਛੋਟੇ ਪਰਿਵਾਰਾਂ ਅੰਦਰ ਇੱਕ ਜਾਂ ਦੋ ਬੱਚੇ ਹੀ ਆਮ ਤੌਰ ਤੇ ਦਿਖਾਈ ਦਿੰਦੇ ਹਨ। ਜੇਕਰ ਕਿਸੇ ਪਰਿਵਾਰ ਅੰਦਰ ਸਿਰਫ ਮੇਲ ਬੱਚੇ ਹੀ ਹੋਣ ਤਾਂ ਕਈ ਸਿਆਣੇ ਮਾਪੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਰਸੋਈ ਦੇ ਕੰਮਾਂ ‘ਚ ਪਾ ਦਿੰਦੇ ਹਨ ਤਾਂ ਕਿ ਉਹ ਜ਼ਿੰਦਗੀ ਵਿੱਚ ਪਰਿਵਾਰਿਕ ਕੰਮਾਂ ਵਿੱਚ ਦੂਜਿਆਂ ਤੇ ਨਿਰਭਰ ਨਾ ਹੋਣ।

ਸਿੱਖ ਧਰਮ ‘ਚ ਲੰਗਰ ਦੀ ਸੇਵਾ ਦਾ ਵਿਸ਼ੇਸ਼ ਸਥਾਨ ਹੈ।ਲੰਗਰ ਵਾਲੀ ਥਾਂ ਤੇ ਬਰਤਨ ਸਾਫ ਕਰਨ ਦੀ ਸੇਵਾ ਲੈਣ ਲਈ ਸੰਗਤ ਇੱਕ ਦੂਜੇ ਤੋਂ ਮੂਹਰੇ ਹੋ ਕੇ ਨਿਮਰਤਾ ਨਾਲ ਹੱਥ ਜੋੜ ਕੇ ਮੰਗਦੀ ਨਜ਼ਰ ਆਉਂਦੀ ਹੈ।ਜੌੜਾ-ਘਰ ਵਿੱਚ ਜੌੜਿਆਂ ਦੀ ਸੇਵਾ ਕਰਨਾ ਵੀ ਨਿਮਰਤਾ ਦਾ ਪ੍ਰਤੀਕ ਹੈ।ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਇੱਕ ਪੱਤਰ ਜਾਰੀ ਕਰਕੇ ਬੱਚਿਆਂ ਤੋਂ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਦ ਉਨ੍ਹਾਂ ਦੇ ਜੂਠੇ ਬਰਤਨ ਮਿਡ ਡੇ ਮੀਲ ਵਰਕਰਾਂ ਤੋਂ ਹੀ ਸਾਫ ਕਰਾਉਣ ਦਾ ਫੁਰਮਾਨ ਜਾਰੀ ਕੀਤਾ ਹੈ।ਇਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਵਰਕਰਾਂ ਦਾ ਕੰਮ ਪਹਿਲਾਂ ਹੀ ਕਾਫੀ ਹੈ,ਜਿਸ ਦੇ ਬਦਲੇ ਮਹੀਨੇ ਦੇ ਸਿਰਫ 1600 ਰੁ: ਦਿੱਤੇ ਜਾਂਦੇ ਹਨ,ਜੋ ਕਿ ਪਹਿਲਾਂ ਹੀ ਸਰਕਾਰ ਦੇ ਉਜ਼ਰਤ ਰੇਟਾਂ ਤੋਂ ਬਹੁਤ ਘੱਟ ਹੈ,ਜਦੋਂ ਕਿ ਸਾਰਾ ਕੰਮ ਸਕੂਲ਼ ਦੇ ਤਕਰੀਬਨ ਸਾਰੇ ਸਮੇਂ ਤੱਕ ਹੀ ਨਿਬੜਦਾ ਹੈ।ਇਸ ਸਬੰਧ ‘ਚ ਹਰਿਆਣਾ ‘ਚ ਪੜ੍ਹਾ ਰਹੇ ਮੇਰੇ ਅਧਿਆਪਕ ਦੋਸਤ ਕਮਲ ਸ਼ਰਮਾ ਨੇ ਦੱਸਿਆ ਕਿ ਹਰਿਆਣਾ ਦੇ ਸਕੂਲਾਂ ਵਿੱਚ ਮਿਡ ਡੇ ਮੀਲ ਵਰਕਰ ਨੂੰ 3500 ਰੁ: ਮਹੀਨਾ ਅਤੇ ਸਾਲ ਵਿੱਚ ਦੋ ਵਰਦੀਆਂ ਦਿੱਤੀਆਂ ਜਾਂਦੀਆਂ ਹਨ ਜੋ ਕਿ ਪੰਜਾਬ ਲਈ ਸ਼ਰਮ ਦੀ ਗੱਲ ਹੈ।ਪੰਜਾਬ ਦੇ ਰੁਤਬੇ ਨੂੰ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਅੱਜ ਦੇਸ਼ ਅੰਦਰ ਪੰਜਾਬੀਆਂ ਨੂੰ ਨਿਵਿਆਣ ਵੱਲ ਲੈ ਆਂਦਾ ਹੈ,ਜੋ ਕਿ ਬੜੇ ਸ਼ਰਮ ਦੀ ਗੱਲ ਹੈ।

ਇਹ ਇੱਕ ਕਿਸਮ ਦਾ ਔਰਤ ਜਾਤੀ ਦਾ ਸ਼ੌਸ਼ਣ ਹੀ ਹੈ।ਛੋਟੇ ਬੱਚਿਆ ਦੇ ਬਰਤਨ ਤਾਂ ਇਹ ਵਰਕਰ ਪਹਿਲਾਂ ਹੀ ਆਪ ਸਾਫ ਕਰਦੀਆਂ ਹਨ।ਜੋ ਬੱਚੇ ਆਪ ਬਰਤਨ ਸਾਫ ਕਰ ਸਕਦੇ ਹਨ,ਜੇਕਰ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਤਾਂ ਸਾਡੇ ਬੱਚਿਆਂ ਤੋਂ ਮਹਿਕਮੇ ਵਲੋਂ ਸਾਡੀ ਗੁਰੂਆਂ ਦੀ ਚਲਾਈ ਪਰੰਪਰਾ ਨੂੰ ਕਿਉਂ ਵਿਸਾਰਣ ਦੀ ਇਹ ਕੌਝੀ ਚਾਲ ਚਲੀ ਜਾ ਰਹੀ ਹੈ।ਗੁਰੁ ਨਾਨਕ ਦੇਵ ਜੀ ਨੇ ਤਾਂ ਸਾਨੂੰ ਸ਼ੰਦੇਸ ਦਿੱਤਾ ਹੈ, ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ।ਸੋ ਬੱਚੇ ਅੱਜ ਉਹ ਕੰਮ ਜੋ ਸਮਾਜ ‘ਚ ਉਨ੍ਹਾਂ ਵਲੋਂ ਕਰਨੇ ਬਣਦੇ ਹਨ ਅਗਰ ਸਕੂਲ਼ਾਂ ‘ਚ ਕਰਨ ਤੋਂ ਰੋਕੇ ਜਾਣਗੇ ਤਾਂ ਕੀ ਉਹ ਇਹ ਕੰਮ ਕਰਨ ਅੱਗੋਂ ਤਿਆਰ ਹੋਣਗੇ ? ਇਹ ਸਿੱਖਿਆ ਵਿਭਾਗ ਲਈ ਵੱਡਾ ਸਵਾਲ ਹੈ। ਕੀ ਬੱਚਿਆਂ ਦੇ ਮਾਪਿਆਂ ਨੇ ਕਦੇ ਇਹ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਇਹ ਕੰਮ ਨਾ ਕਰਨ? ਮਾਪੇ ਕਦੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਚੰਗੇ ਸੰਸਕਾਰ ਨਾ ਸਿੱਖਣ।ਸਗੋਂ ਬੱਚਿਆਂ ਨੂੰ ਤਾਂ ਕਿਰਤ ਕਰਨ ਦੀ ਆਦਤ ਸਕੂਲਾਂ ‘ਚੋਂ ਸਿਖਾਉਣੀ ਚਾਹੀਦੀ ਹੈ।ਇਨ੍ਹਾਂ ਮਿਡ ਡੇ ਮੀਲ ਵਰਕਰਾਂ ਨੇ ਪਹਿਲਾਂ ਹੀ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸ਼ੰਘਰਸ਼ ਆਰੰਭਿਆ ਹੋਇਆ ਹੈ,ਹਰਿਆਣਾ ਸਰਕਾਰ ਇਨ੍ਹਾਂ ਵਰਕਰਾਂ ਨੂੰ ਪੰਜਾਬ ਨਾਲੋਂ ਵੱਧ ਪੈਸੇ ਦਿੰਦੀ ਹੈ।ਪੰਜਾਬ ਦੇ ਵਿਕਾਸ ਵਾਲੀ ਗੱਲ ਕਰਨ ਵਾਲੀ ਸਰਕਾਰ ਕੀ ਇਨ੍ਹਾਂ ਵਰਕਰਾਂ ਦੇ ਜ਼ਜ਼ਬਾਤਾਂ ਨੂੰ ਅਨੁਭਵ ਨਹੀਂ ਕਰਦੀ ?ਨਾਂਮਾਤਰ ਪੈਸੇ ਦੇਣੇ ਤੇ ਉਪਰੋਂ ਹੋਰ ਕੰਮ ਥੋਪਣਾ ਕਿਸੇ ਮਾੜੀ ਸੋਚ ਵਾਲੇ ਉੱਚ ਅਧਿਕਾਰੀ ਦੀ ਕਾਢ ਪਤਾ ਨਹੀਂ ਬੱਚਿਆਂ ਦਾ ਕੀ ਸੰਵਾਰਨ ਵਾਲੀ ਹੈ,ਉਸ ਅਧਿਕਾਰੀ ਨੇ ਕੀ ਕਦੇ ਇਹ ਵੀ ਸੋਚਿਆ ਕਿ ਇਹ ਤੁਛ ਜਿਹੀ ਤਨਖਾਹ ਤੇ ਇੰਨਾ ਜ਼ਿਆਦਾ ਕੰਮ ਕਰਨ ਵਾਲਿਆਂ ਦੀ ਥਾਂ ਅਗਰ ਉਸਦੇ ਕਿਸੇ ਘਰ ਦੇ ਮੈਂਬਰ ਨੂੰ ਕੰਮ ਕਰਨਾ ਪਵੇ ਤਾਂ ਉਸ ਦੀ ਸੋਚ ਫਿਰ ਕਿਹੋ ਜਿਹੀ ਹੋਵੇਗੀ।ਸੋ ਸਰਕਾਰ ਨੂੰ ਇਨ੍ਹਾਂ ਮਜਬੂਰ ਕਿਰਤੀ ਔਰਤਾਂ ਦਾ ਪੂਰਾ ਪੂਰਾ ਸਨਮਾਨ ਰੱਖਣਾ ਚਾਹੀਦਾ ਹੈ, ਉਨ੍ਹਾਂ ਦਾ ਹੱਕ ਉਨ੍ਹਾਂ ਨੂੰ ਮਿਲੇ,ਉਹ ਕੋਈ ਖੈਰਾਤ ਨਹੀਂ ਮੰਗਦੀਆਂ,ਵਾਧੂ ਕੰਮ ਸੌਂਪਣ ਤੋਂ ਪਹਿਲਾਂ ਵਾਧੂ ਪੈਸੇ ਵੀ ਮਿਲਣੇ ਚਾਹੀਦੇ ਹਨ।ਸਾਲ ‘ਚ ਘੱਟੋ ਘੱਟ ਦੋ ਵਰਦੀਆਂ ਵੀ ਇਨ੍ਹਾਂ ਵਰਕਰਾਂ ਨੂੰ ਹਰਿਆਣਾ ਰਾਜ ਵਾਂਗ ਮਿਲਣੀਆਂ ਚਾਹੀਦੀਆਂ ਹਨ।

ਮੇਜਰ ਸਿੰਘ
ਨਾਭਾ
9463553962

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: