Thu. Jul 18th, 2019

ਸਿੱਖਿਆ ਵਿਭਾਗ ਦੀ ਪ੍ਰਸਤਾਵਿਤ ਤਬਾਦਲਾ ਨੀਤੀ ਦੀ ਚਰਚਾ ਜ਼ੋਰਾਂ ‘ਤੇ

ਸਿੱਖਿਆ ਵਿਭਾਗ ਦੀ ਪ੍ਰਸਤਾਵਿਤ ਤਬਾਦਲਾ ਨੀਤੀ ਦੀ ਚਰਚਾ ਜ਼ੋਰਾਂ ‘ਤੇ

ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ ਕਿ ਪੰਜਾਬ ਵਿੱਚ ਸਾਰੇ ਸਰਕਾਰੀ ਮਹਿਕਮਿਆਂ ਵਿੱਚ ਸਭ ਤੋਂ ਔਖੀ ਬਦਲੀ ਕੌਮ ਦੇ ਨਿਰਮਾਤਾ ਸਰਕਾਰੀ ਅਧਿਆਪਕਾਂ ਦੀ ਹੁੰਦੀ ਹੈ। ਹਰੇਕ ਅਧਿਆਪਕ ਨੂੰ ਆਪਣੀ ਬਦਲੀ ਕਰਵਾਉਣ ਲਈ ਲੀਡਰਾਂ ਅਤੇ ਅਫਸਰਾਂ ਦੇ ਮਿੰਤਾਂ ਤਰਲੇ ਕਰਨੇ ਪੈਂਦੇ ਹਨ, ਬੇਲੋੜੀਆਂ ਸਿਫਾਰਸ਼ਾਂ, ਰਿਸ਼ਵਤਖੋਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਖੱਜਲ ਖੁਆਰੀ ਕਰਨੀ ਪੈਂਦੀ ਹੈ। ਸਰਕਾਰ ਵੱਲੋਂ ਇਹਨਾਂ ਸਭ ਮੁਸ਼ਕਲਾਂ ਦੇ ਹੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੁਆਰਾ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਲਈ ਆਨਲਾਈਨ ਟ੍ਰਾਂਸਫਰ ਨੀਤੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਤਬਾਦਲਾ ਨੀਤੀ ਦਾ ਐਲਾਨ ਹੁੰਦੇ ਹੀ ਪੰਜਾਬ ਦੇ ਸਿੱਖਿਆ ਖੇਤਰ ਨਾਲ ਜੁੜੇ ਬੁੱਧੀਜੀਵੀਆਂ ਨੇ ਇਸ ਨੀਤੀ ਦਾ ਭਰਵਾਂ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਦੀ ਪ੍ਰਸੰਸ਼ਾ ਕੀਤੀ ਹੈ ਕਿਉਂਕਿ ਇਸ ਨੀਤੀ ਤਹਿਤ ਸਿਫਾਰਸ਼ਾਂ, ਰਿਸ਼ਵਤ ਖੋਰੀਆਂ ਆਦਿ ਬੰਦ ਹੋਣਗੀਆਂ ‘ਤੇ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਆਧਾਰ ਤੇ ਅਧਿਆਪਕਾਂ ਦੀਆਂ ਬਦਲੀਆਂ ਹੋਣਗੀਆਂ। ਇਸ ਨੀਤੀ ਦਾ ਉਨਾਂ ਅਧਿਆਪਕਾਂ ਨੇ ਬਹੁਤ ਜ਼ਿਆਦਾ ਸਵਾਗਤ ਕੀਤਾ ਜੋ ਇਮਾਨਦਾਰੀ ਨਾਲ ਪੜਾਉਂਦੇ ਹਨ, ਦੂਰ ਦੁਰਾਡੇ ਖੇਤਰਾਂ ਵਿੱਚ ਨਿਯੁਕਤ ਹਨ ਅਤੇ ਜਿੰਨਾਂ ਕੋਲ ਕੋਈ ਸਿਫਾਰਿਸ਼ ਨਹੀਂ ਹੈ ਤੇ ਨਾਂ ਹੀ ਉਨਾਂ ਦੀ ਰਿਸ਼ਵਤ ਦੇਣ ਦੀ ਪਹੁੰਚ ਹੈ ਕਿਉਂਕਿ ਹੁਣ ਮੈਰਿਟ ਦੇ ਆਧਾਰ ਤੇ ਬਦਲੀਆਂ ਹੋਣ ਕਾਰਣ ਉਨਾਂ ਦੀ ਵੀ ਸੁਣੀ ਜਾਵੇਗੀ। ਹੁਣ ਅਧਿਆਪਕਾਂ ਨੂੰ ਬਦਲੀਆਂ ਲਈ ਲੀਡਰਾਂ ਦੇ ਮਿੰਤ ਤਰਲੇ ਨਹੀਂ ਕਰਨੇ ਪੈਣਗੇ।
ਇਸ ਸਾਲ ਇਹ ਬਦਲੀਆਂ ਜੁਲਾਈ 2019 ਦੇ ਅੰਤ ਤੱਕ ਕੀਤੀਆਂ ਜਾਣਗੀਆਂ, ਫਿਰ ਹਰ ਸਾਲ ਜਨਵਰੀ ਤੋਂ ਮਾਰਚ ਤੱਕ ਬਦਲੀਆਂ ਹੋਣਗੀਆਂ ਅਤੇ ਅਧਿਆਪਕਾਂ ਨੂੰ ਨਵੇਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਬਦਲਿਆ ਜਾਇਆ ਕਰੇਗਾ ਤਾਂ ਕਿ ਚਾਲੂ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਨਾਂ ਹੋਵੇ। ਬਦਲੀਆਂ ਲਈ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ, ਨਤੀਜ਼ੇ, ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ, ਹੋਰ ਐਕਟੀਵਿਟੀਆਂ ਵਿੱਚ ਭਾਗ ਲੈਣ, ਦੂਰ ਦੁਰਾਡੇ ਪਿੰਡਾਂ ਵਿੱਚ ਜ਼ਿਆਦਾ ਸਮੇਂ ਤੋਂ ਨੌਕਰੀ ਕਰਨ, ਸਪੈਸ਼ਨ ਕੈਟਾਗਿਰੀਆਂ ਅਧੀਨ ਆਉਣ ਆਦਿ ਹਰ ਐਕਟੀਵਿਟੀ ਦੇ ਨੰਬਰ ਲੱਗ ਕੇ ਮੈਰਿਟ ਬਣੇਗੀ ‘ਤੇ ਨੰਬਰਾਂ ਦੇ ਆਧਾਰ ਤੇ ਅਧਿਆਪਕ ਆਪਣੇ ਪਸੰਦੀਦਾ ਸਕੂਲ ਵਿੱਚ ਬਦਲੀ ਕਰਵਾ ਸਕਣਗੇ।
ਇਸ ਪਾਲਿਸੀ ਵਿੱਚ ਫਿਲਹਾਲ ਸਿੱਖਿਆ ਵਿਭਾਗ ਦੇ ਰੈਗੁਲਰ ਅਧਿਆਪਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਇਸ ਨੀਤੀ ਵਿਚੋਂ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਕਲਰਕਾਂ, ਨਾਨ ਟੀਚਿੰਗ ਸਟਾਫ, ਕੰਪਿਊਟਰ ਅਧਿਆਪਕਾਂ ਆਦਿ ਨੂੰ ਬਾਹਰ ਰੱਖਿਆ ਗਿਆ ਹੈ। ਪ੍ਰਬੰਧਕੀ ਆਧਾਰ ਤੇ ਹੋਣ ਵਾਲੀਆਂ ਬਦਲੀਆਂ ਤੇ ਵੀ ਇਹ ਨੀਤੀ ਲਾਗੂ ਨਹੀਂ ਹੋਵੇਗੀ। ਕੁਝ ਕੁ ਜਥੇਬੰਦੀਆਂ ਦੇ ਆਗੂਆਂ ‘ਤੇ ਅਧਿਆਪਕਾਂ ਨੇ ਇਸ ਨੀਤੀ ਦੀ ਵਿਰੋਧਤਾ ਵੀ ਕੀਤੀ ਹੈ ਪਰ ਜ਼ਿਆਦਾਤਰ ਇਸਦਾ ਸਵਾਗਤ ਕਰ ਰਹੇ ਹਨ। ਹੁਣ ਅਧਿਆਪਕ ਘਰ ਬੈਠੇ ਹੀ ਖਾਲੀ ਸਟੇਸ਼ਨਾਂ ਦਾ ਪਤਾ ਕਰਕੇ ਮਨਪਸੰਦ ਸਟੇਸ਼ਨਾਂ ‘ਤੇ ਆਪਣੀ ਬਦਲੀ ਆਨ-ਲਾਈਨ ਅਪਲਾਈ ਕਰ ਸਕਣਗੇ।
ਇਸ ਨੀਤੀ ਵਿੱਚ ਸਕੂਲਾਂ ਨੂੰ 5 ਜ਼ੋਨਾਂ ਵਿੱਚ ਵੰਡ ਕੇ ਨੰਬਰ ਦਿੱਤੇ ਗਏ ਹਨ, ਜੋ ਨੰਬਰ ਅਧਿਆਪਕਾਂ ਲਈ ਰੱਖੇ ਹਨ ਜੇਕਰ ਕਿਸੇ ਅਧਿਆਪਕ ਦੇ ਉਹ ਨੰਬਰ ਪੂਰੇ ਨਹੀਂ ਹੁੰਦੇ ਤਾਂ ਉਸਦੀ ਬਦਲੀ ਹੋਣੀ ਅਸੰਭਵ ਹੈ। ਬਦਲੀ ਕਰਵਾਉਣ ਵਾਲੇ ਅਧਿਆਪਕਾਂ ਲਈ 250 ਨੰਬਰਾਂ ਵਿਚੋਂ 95 ਨੰਬਰ ਲੈਣੇ ਜਰੂਰੀ ਹਨ। ਜੇਕਰ ਕੋਈ ਅਧਿਆਪਕ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਮਹੀਨਿਆਂ ਦੀ ਛੁੱਟੀ ( ਪ੍ਰਸੂਤਾ ਛੁੱਟੀ ‘ਤੇ ਚਾਈਲਡ ਕੇਅਰ ਲੀਵ ਨੂੰ ਛੱਡ ਕੇ) ਲੈਂਦਾ ਹੈ ਤਾਂ ਉਸਦੇ -5 ਨੰਬਰ ਹੋਣਗੇ (ਭਾਵ 5 ਨੰਬਰ ਤੱਕ ਘੱਟ ਲੱਗਣਗੇ) ਜੋ ਕਿ ਬਹੁਤ ਵਧੀਆ ਗੱਲ ਹੈ ਇਸ ਨਾਲ ਛੁੱਟੀ ਲੈਣ ਵੇਲੇ ਅਧਿਆਪਕ ਜਰੂਰ ਸੋਚਿਆ ਕਰਨਗੇ ‘ਤੇ ਬੱਚਿਆਂ ਦੀ ਪੜਾਈ ਵਿੱਚ ਵੀ ਹੋਰ ਸੁਧਾਰ ਹੋ ਸਕੇਗਾ। ਇਸ ਨੀਤੀ ਵਿੱਚ 15 ਨੰਬਰ ਉਹਨਾਂ ਅਧਿਆਪਕਾਂ ਨੂੰ ਦਿੱਤੇ ਹਨ ਜਿਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ, ਇਸ ਨਾਲ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਨ ਭੇਜਣਗੇ ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧੇਗੀ ਅਤੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦਾ ਆਤਮ ਵਿਸ਼ਵਾਸ਼ ਵੀ ਵਧੇਗਾ ਕਿ ਉਹ ਆਪਣੇ ਅਧਿਆਪਕਾਂ ਦੇ ਬੱਚਿਆਂ ਨਾਲ ਪੜਦੇ ਹਨ।
ਇਸ ਨੀਤੀ ਵਿੱਚ ਨਵ ਵਿਆਹੀਆਂ ਲੜਕੀਆਂ ਨੂੰ 5 ਨੰਬਰ ਵਾਧੂ ਦਿੱਤੇ ਗਏ ਹਨ। ਸਾਰੀਆਂ ਅਧਿਆਪਕਾਂਵਾਂ ਨੂੰ 10 ਨੰਬਰ ਵਾਧੂ ਦਿੱਤੇ ਗਏ ਹਨ । ਸਪੈਸ਼ਲ ਕੈਟਾਗਿਰੀ ਅਧਿਆਪਕਾਂਵਾਂ (ਜਿੰਨਾਂ ਵਿੱਚ ਵਿਧਵਾ,ਤਲਾਸ਼ੁਦਾ,ਅਣਵਿਆਹੀਆਂ ਲੜਕੀਆਂ ਜਾਂ ਜਿੰਨਾਂ ਦੇ ਪਤੀ ਮਿਲਟਰੀ ਜਾਂ ਪੈਰਾ ਮਿਲਟਰੀ ਵਿੱਚ ਪੰਜਾਬ ਤੋਂ ਬਾਹਰ ਨੌਕਰੀ ਕਰਦੇ ਹਨ) ਨੂੰ 10 ਹੋਰ ਨੰਬਰ ਦਿੱਤੇ ਗਏ ਹਨ। ਸਪੈਸ਼ਲ ਕੈਟਾਗਿਰੀ ਮਰਦ ਅਧਿਆਪਕਾਂ ਨੂੰ ਵੀ 5 ਨੰਬਰ ਵਾਧੂ ਦਿੱਤੇ ਹਨ ਜਿੰਨਾਂ ਦੀ ਪਤਨੀ ਦੀ ਮੌਤ ਹੋਣ ਉਪਰੰਤ ਉਸਨੇ ਦੂਜਾ ਵਿਆਹ ਨਹੀਂ ਕਰਵਾਇਆ ‘ਤੇ ਜਿਸਦਾ ਇੱਕ ਜਾਂ ਵੱਧ ਨਬਾਲਗ ਬੱਚੇ ਹਨ ਜਾਂ ਅਣਵਿਆਹੀ ਲੜਕੀ ਹੈ।
ਇਸ ਤੋਂ ਇਲਾਵਾ ਇਹ ਨੀਤੀ ਉਹਨਾਂ ਕਰਮਚਾਰੀਆਂ ਲਈ ਵੀ ਵਧੀਆ ਹੈ ਜੋ ਠੇਕੇ ਤੇ ਕੰਮ ਕਰਦੇ ਹਨ ਕਿਉਂਕਿ ਉਹਨਾਂ ਦੀ ਪੋਸਟ ਨੂੰ ਪਹਿਲਾਂ ਵਾਂਗ ਖਾਲੀ ਨਹੀਂ ਸਗੋਂ ਭਰੀ ਮੰਨਿਆ ਜਾਵੇਗਾ। ਇਸ ਪਾਲਿਸੀ ਵਿੱਚ ਆਪਸੀ ਬਦਲੀ ਕਰਵਾਉਣ ਵਾਲਿਆਂ ਲਈ ਵੀ 250 ਵਿਚੋਂ 125 ਅੰਕ ਲੈਣੇ ਜ਼ਰੂਰੀ ਹਨ। ਜੇਕਰ ਦੋਹਾਂ ਅਧਿਆਪਕਾਂ ਦੇ 125 ਅੰਕ ਨਹੀਂ ਬਣਦੇ ਤਾਂ ਉਹਨਾਂ ਦੀ ਆਪਸੀ ਬਦਲੀ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾ ਜਿੰਨਾਂ ਅਧਿਆਪਕਾਂ ਦੇ ਕਰੀਬੀ ਰਿਸ਼ਤੇਦਾਰ ਉਦਾਹਰਨ ਦੇ ਤੌਰ ਤੇ ਭੈਣ, ਭਰਾ, ਪਤੀ, ਪਤਨੀ, ਭਰਜਾਈ, ਮਾਤਾ, ਪਿਤਾ,ਸਾਲਾ, ਸਾਲੀ ਆਦਿ ਕੋਈ ਪ੍ਰਾਈਵੇਟ ਸਕੂਲ ਚਲਾਉਂਦੇ ਹਨ ਜਾਂ ਉਹਨਾਂ ਵਿਚੋਂ ਕੋਈ ਵੀ ਮੈਂਬਰ ਕਿਸੇ ਵੀ ਪ੍ਰਾਈਵੇਟ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ ਤਾਂ ਉਹਨਾਂ ਅਧਿਆਪਕਾਂ ਦੀ ਬਦਲੀ ਉਸ ਸਬੰਧਤ ਪ੍ਰਾਈਵੇਟ ਸਕੂਲ ਦੇ ਘੇਰੇ ਤੋਂ ਘੱਟੋ ਘੱਟ 15 ਕਿਲੋਮੀਟਰ ਦੂਰ ਹੋਵੇਗੀ। ਇਸ ਨਾਲ ਸਬੰਧਤ ਅਧਿਆਪਕ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਦੀ ਸਮੱਸਿਆ, ਪ੍ਰੀਖਿਆ ਦੌਰਾਨ ਚੱਲਣ ਵਾਲੀ ਸਿਫਾਰਿਸ਼ ਜਾਂ ਕੋਈ ਹੋਰ ਖਾਸ ਸਿਫਾਰਿਸ਼ ਆਦਿ ਨਹੀਂ ਹੋ ਸਕੇਗੀ। ਇਸ ਤੋਂ ਬਿਨਾਂ ਜਿਨਾਂ ਸਕੂਲਾਂ ਵਿੱਚ ਐਨ.ਸੀ.ਸੀ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਕੋਈ ਅਧਿਆਪਕ ਐਨ.ਸੀ.ਸੀ ਸਹਾਇਕ ਅਫ਼ਸਰ ਹੈ ਅਤੇ ਬਦਲੀ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਸਕੂਲ ਵਿੱਚ ਪਹਿਲਾਂ ਕਿਸੇ ਹੋਰ ਅਧਿਆਪਕ ਨੂੰ ਐਨ.ਸੀ.ਸੀ ਸਹਾਇਕ ਅਫ਼ਸਰ ਬਣਾਉਣਾ ਪਵੇਗਾ ਤਾਂ ਹੀ ਉਸਦੀ ਬਦਲੀ ਹੋਵੇਗੀ।
ਬਹੁ ਗਿਣਤੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ‘ਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕਰਨ ਤੇ ਸਭ ਨੇ ਇਹੀ ਮੰਗ ਕੀਤੀ ਹੈ ਕਿ ਇਹ ਨਵੀਂ ਤਬਾਦਲਾ ਨੀਤੀ ਤੱਤਕਾਲ ਸਮੇਂ ਤੋਂ ਹੀ ਕੰਪਿਊਟਰ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ‘ਤੇ ਵੀ ਜਰੂਰ ਲਾਗੂ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀਆਂ ਬਦਲੀਆਂ ਵੀ ਪਾਰਦਰਸ਼ੀ ਢੰਗ ਨਾਲ ਹੋ ਸਕਣ ਅਤੇ ਉਹ ਵੀ ਬਦਲੀਆਂ ਕਰਵਾਉਣ ਲਈ ਲੁੱਟ ਦਾ ਸ਼ਿਕਾਰ ਹੋਣ ਤੋਂ ਬਚ ਸਕਣ।
ਸੰਖੇਪ ਵਿੱਚ ਕਿਹਾ ਜਾਵੇ ਤਾਂ ਨਵੀਂ ਤਬਾਦਲਾ ਨੀਤੀ ਨੇਮ ਬੱਧ ਅਤੇ ਸਮਾਂ ਬੱਧ ਹੋਣ ਕਾਰਨ ਚਰਚਿਤ ਹੈ। ਨੰਬਰ ਵੰਡ ਅਨੁਸਾਰ ਇਮਾਨਦਾਰ ਤੇ ਮਿਹਨਤੀ ਅਧਿਆਪਕਾਂ ਨੂੰ ਮਨਪਸੰਦ ਬਦਲੀ ਦਾ ਫਲ ਮਿਲਣਾ ਤੈਅ ਹੈ। ਕਿਸੇ ਵੀ ਸਿੱਖਿਆ ਨੀਤੀ ਨੂੰ ਸਫ਼ਲ ਬਣਾਉਦ ਜਾਂ ਅਸਫ਼ਲ ਬਣਾਉਣ ਲਈ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ, ਉਮੀਦ ਹੈ ਕਿ ਸਮੁੱਚਾ ਅਧਿਆਪਕ ਵਰਗ ਇਸ ਨਵੀਂ ਨੀਤੀ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗਾ। ਵੱਖਰੀ ਗੱਲ ਹੈ ਕਿ ਨੀਤੀ ਵਿੱਚ ਤਬਾਦਲਾ ਕਰਵਾਉਣਾ ਅਧਿਆਪਕ ਦਾ ਹੱਕ ਨਹੀਂ ਗਿਣਿਆ ਗਿਆ ਪਰ ਹੱਕੀ ਤਬਾਦਲੇ ਹੋਣੇ ਅਜੋਕੇ ਸਿੱਖਿਆ ਵਿਭਾਗ ਦੀ ਲੋੜ ਬਣ ਗਿਆ ਸੀ। ਹੁਣ ਜ਼ਰੂਰਤ ਇਸ ਨੀਤੀ ਤੇ ਇਮਾਨਦਾਰੀ ਨਾਲ ਸਰਕਾਰੀ ਪਹਿਰਾ ਦੇਣ ਦੀ ਹੈ ਤਾਂ ਕਿ ਅਧਿਆਪਕ ਵਰਗ ਲਈ ਬੇਹੱਦ ਲੋੜੀਂਦੀ ਇਹ ਨੀਤੀ ਪਾਰਦਰਸ਼ੀ ਰੂਪ ਵਿੱਚ ਮੁਕੰਮਲ ਹੋ ਸਕੇ ਅਤੇ ਅਧਿਆਪਕਾਂ ਦੀ ਬਦਲੀਆਂ ਮੌਕੇ ਹੁੰਦੀ ਆਰਥਿਕ ਲੁੱਟ ‘ਤੇ ਖੱਜਲ ਖੁਆਰੀ ਖਤਮ ਹੋ ਸਕੇ।

ਪ੍ਰਮੋਦ ਧੀਰ,
ਕੰਪਿਊਟਰ ਅਧਿਆਪਕ
ਸਰਕਾਰੀ ਹਾਈ ਸਕੂਲ ਢੈਪਈ (ਫਰੀਦਕੋਟ)
98550-31081

Leave a Reply

Your email address will not be published. Required fields are marked *

%d bloggers like this: