ਸਿੱਖਿਆ ਮੰਤਰੀ ਨੇ ਗੈਰ ਹਾਜ਼ਰ ਵਿਦਿਆਰਥੀਆਂ ਦੇ ਕਾਰਨ ਲੱਭਣ ਅਤੇ ਸਮੱਸਿਆ ਦੇ ਹੱਲ ਲਈ ਸਕੂਲ ਮੁਖੀਆਂ ਤੇ ਡੀ.ਈ.ਓਜ਼ ਨਾਲ ਕੀਤੀ ਮੀਟਿੰਗ

ss1

ਸਿੱਖਿਆ ਮੰਤਰੀ ਨੇ ਗੈਰ ਹਾਜ਼ਰ ਵਿਦਿਆਰਥੀਆਂ ਦੇ ਕਾਰਨ ਲੱਭਣ ਅਤੇ ਸਮੱਸਿਆ ਦੇ ਹੱਲ ਲਈ ਸਕੂਲ ਮੁਖੀਆਂ ਤੇ ਡੀ.ਈ.ਓਜ਼ ਨਾਲ ਕੀਤੀ ਮੀਟਿੰਗ
ਬਾਲ ਵਿਆਹ ਤੇ ਬਾਲ ਮਜ਼ਦੂਰੀ ਸਬੰਧੀ ਮਾਮਲਿਆਂ ਦੀ ਪੜਤਾਲ ਅਤੇ ਕਾਰਵਾਈ ਲਈ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਜਾਵੇਗਾ: ਡਾ.ਦਲਜੀਤ ਸਿੰਘ ਚੀਮਾ

27-71

ਐਸ.ਏ.ਐਸ.ਨਗਰ (ਮੁਹਾਲੀ) , 27 ਜੁਲਾਈ (ਪ.ਪ.): ਸਿੱਖਿਆ ਵਿਭਾਗ ਵੱਲੋਂ ਇਸ ਸਾਲ ਪਹਿਲੀ ਵਾਰ ਆਪਣੇ ਪੱਧਰ ‘ਤੇ ਐਸ.ਸੀ.ਈ.ਆਰ.ਟੀ. ਰਾਹੀਂ ਲਈ ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਦੌਰਾਨ 10 ਹਜ਼ਾਰ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅਸਲ ਕਾਰਨਾਂ ਨੂੰ ਜਾਣਨ ਅਤੇ ਇਨ੍ਹਾਂ ਦੇ ਹੱਲ ਲਈ ਸੁਝਾਅ ਲੈਣ ਵਾਸਤੇ ਅੱਜ ਸਕੂਲ ਮੁਖੀਆਂ ਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਚੱਲੀ ਇਸ ਮੈਰਾਥਨ ਮੀਟਿੰਗ ਵਿੱਚ ਪੰਜਵੀਂ ਦੇ ਇਮਤਿਹਾਨ ਵਾਲੇ 121 ਸਕੂਲਾਂ ਅਤੇ ਅੱਠਵੀਂ ਦੇ ਇਮਤਿਹਾਨ ਵਾਲੇ 264 ਸਕੂਲਾਂ ਦੇ ਮੁਖੀ ਮੀਟਿੰਗ ਵਿੱਚ ਸ਼ਾਮਲ ਹੋਏ ਜਿਨ੍ਹਾਂ ਦੇ ਅੱਠ ਜਾਂ ਇਸ ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ਦੌਰਾਨ ਗੈਰ ਹਾਜ਼ਰ ਪਾਏ ਗਏ। ਡਾ.ਚੀਮਾ ਨੇ ਗੈਰ ਹਾਜ਼ਰ ਵਿਦਿਆਰਥੀਆਂ ਸਬੰਧੀ ਮੁੱਖ ਦਫਤਰ ਤੱਕ ਲਗਾਤਾਰ ਜਾਣਕਾਰੀ ਨਾ ਦਿੱਤੇ ਜਾਣ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਮੁਖੀਆਂ ਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ ਅਤੇ ਗੈਰ ਹਾਜ਼ਰ ਵਿਦਿਆਰਥੀਆਂ ਦਾ ਡਾਟਾ ਤਿਆਰ ਕਰ ਕੇ ਇਸ ਨੂੰ ਰਿਕਾਰਡ ‘ਤੇ ਲਿਆਂਦਾ ਜਾਵੇ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਤ ਕਰ ਕੇ ਮੁੜ ਸਕੂਲ ਵੀ ਦਾਖਲ ਕਰਵਾਇਆ ਜਾਵੇ।
ਮੀਟਿੰਗ ਦੌਰਾਨ ਸਾਹਮਣੇ ਆਏ ਤੱਥਾਂ ਉਪਰੰਤ ਸਿੱਖਿਆ ਮੰਤਰੀ ਨੇ ਮੌਕੇ ‘ਤੇ ਹੀ ਕਈ ਅਹਿਮ ਐਲਾਨ ਕਰਦਿਆਂ ਕਿਹਾ ਕਿ 30 ਜਾਂ ਇਸ ਤੋਂ ਵੱਧ ਵਿਦਿਆਰਥੀਆਂ ਵਾਲੇ ਹਰ ਪ੍ਰਾਇਮਰੀ ਸਕੂਲ ਵਿੱਚ ਹੈਡ ਟੀਚਰ ਪੱਕਾ ਤਾਇਨਾਤ ਕੀਤਾ ਜਾਵੇਗਾ ਜਿਸ ਲਈ 8000 ਹੈਡ ਟੀਚਰਾਂ ਦੀਆਂ ਪਦਉਨਤੀਆਂ ਆਉਂਦੇ ਸਮੇਂ ਵਿੱਚ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਖਾਲੀਆਂ ਅਸਾਮੀਆਂ ਨੂੰ ਭਰਨ ਲਈ 4500 ਈ.ਟੀ.ਟੀ. ਅਧਿਆਪਕਾਂ ਦੀ ਭਰਤੀ 10 ਦਿਨਾਂ ਦੇ ਅੰਦਰ ਕੀਤੀ ਜਾਵੇਗੀ ਅਤੇ 2000 ਦੇ ਕਰੀਬ ਹੋਰ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਜਾਵੇਗਾ। ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ਰਾਹੀਂ ਸਕੂਲ ਨਾਲ ਜੋੜਨ ਦੇ ਮਕਸਦ ਨਾਲ ਡਾ.ਚੀਮਾ ਨੇ ਕਿਹਾ ਕਿ ਇਸ ਸਾਲ ਸਿਰਫ ਪ੍ਰਾਇਮਰੀ ਸਕੂਲਾਂ ਲਈ ਡੇਢ ਕਰੋੜ ਰੁਪਏ ਦਾ ਖੇਡ ਸਮਾਨ ਖਰੀਦਿਆ ਗਿਆ ਹੈ ਜਿਸ ਦੀ ਵੰਡ ਆਉਂਦੇ 10 ਦਿਨਾਂ ਤੱਕ ਹਰ ਸਕੂਲ ਨੂੰ ਕੀਤੀ ਜਾ ਰਹੀ ਹੈ। ਇਸ ਨਾਲ ਵਿਦਿਆਰਥੀ ਖੇਡਾਂ ਨਾਲ ਜੁੜਨਗੇ। ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਿਡਲ ਸਕੂਲਾਂ ਤੱਕ ਫਰਨੀਚਰ ਖਰੀਦਣ ਲਈ 7 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸ ਨਾਲ ਕੋਈ ਵੀ ਸਕੂਲ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਨਹੀਂ ਰਹੇਗਾ।
ਸਿੱਖਿਆ ਮੰਤਰੀ ਵੱਲੋਂ ਸਕੂਲ ਮੁਖੀਆਂ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਇਕੱਲੇ-ਇਕੱਲੇ ਗੱਲਬਾਤ ਦੌਰਾਨ ਕਈ ਅਹਿਮ ਗੱਲਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਾ.ਚੀਮਾ ਨੇ ਮੌਕੇ ‘ਤੇ ਹੱਲ ਅਤੇ ਇਸ ਦੇ ਕਾਰਨਾਂ ਦੀ ਡੂੰਘਾਈ ਤੱਕ ਜਾਂਚ ਕਰਨ ਲਈ ਪੜਤਾਲ ਦੇ ਹੁਕਮ ਕੀਤੇ। ਮੀਟਿੰਗ ਦੌਰਾਨ ਜੋ ਗੱਲਾਂ ਉਭਰ ਕੇ ਸਾਹਮਣੇ ਆਈਆਂ ਉਨ੍ਹਾਂ ਵਿੱਚ ਜ਼ਿਆਦਾਤਰ ਪਰਵਾਸੀਆਂ ਮਜ਼ਦੂਰਾਂ ਦੇ ਬੱਚਿਆਂ ਦੀ ਸਮੱਸਿਆ ਸੀ ਜਿਹੜੇ ਮਾਪਿਆਂ ਦੇ ਇਕ ਥਾਂ ਤੋਂ ਦੂਜੀ ਥਾਂ ਸ਼ਿਫਟ ਹੋਣ ਕਾਰਨ ਸਕੂਲ ਜਾਣ ਤੋਂ ਅਸਮਰੱਥ ਹੋ ਜਾਂਦੇ ਹਨ। ਕੁਝ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਸਬੰਧੀ ਇਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਵਿਦਿਆਰਥੀਆਂ ਦਾ ਬਾਲ ਉਮਰੇ ਵਿਆਹ ਹੋਣ ਕਾਰਨ ਸਕੂਲ ਜਾਣਾ ਛੱਡ ਦਿੰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਮਜ਼ਦੂਰੀ ਕਰਨ ਜਾਂ ਕੋਈ ਕੰਮ ਸਿੱਖਣ ਜਾਣ ਕਾਰਨ ਵੀ ਗੈਰ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਸਿੱਖਿਆ ਦਾ ਅਧਿਕਾਰ (ਆਰ.ਟੀ.ਈ.) ਕਾਨੂੰਨ ਦੇ ਭੁਲੇਖੇ ਅਤੇ ਗਲਤ ਵਿਆਖਿਆ ਕਾਰਨ ਕਈ ਸਕੂਲ ਮੁਖੀ 3-4 ਸਾਲਾਂ ਤੋਂ ਬੱਚੇ ਦੇ ਸਕੂਲ ਨਾ ਆਉਣ ਦੇ ਬਾਵਜੂਦ ਉਸ ਬੱਚੇ ਦਾ ਦਾਖਲਾ ਅਗਲੀਆਂ ਜਮਾਤਾਂ ਵਿੱਚ ਕਰਦੇ ਰਹਿੰਦੇ ਹਨ ਜਿਸ ਕਾਰਨ ਇਹ ਬੱਚੇ ਗੈਰ ਹਾਜ਼ਰਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਜਾਂਦੇ ਹਨ। ਘਰੇਲੂ ਹਾਲਾਤ ਕਾਰਨ ਵੀ ਕਈ ਬੱਚੇ ਸਕੂਲ ਛੱਡ ਜਾਂਦੇ ਹਨ। ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਵੱਲੋਂ ਇਮਾਨਦਾਰੀ ਨਾਲ ਦੱਸੇ ਕਾਰਨਾਂ ਦੌਰਾਨ ਇੱਕਾ-ਦੁੱਕਾ ਸਕੂਲਾਂ ਵਿੱਚ ਬੱਚਿਆਂ ਦੇ ਬੋਗਸ ਦਾਖਲਿਆਂ ਦਾ ਮਾਮਲਾ ਸਾਹਮਣੇ ਵੀ ਆਇਆ ਤਾਂ ਜੋ ਅਧਿਆਪਕਾਂ ਦੀ ਅਸਾਮੀ ਬਚੀ ਰਹੇ। ਇਸ ਤੋਂ ਇਲਾਵਾ ਇੱਕਾ-ਦੁੱਕਾ ਸਕੂਲਾਂ ਵਿੱਚ ਅਨੁਸ਼ਾਸਣ ਦੀ ਕਮੀ ਦਾ ਮਾਮਲਾ ਵੀ ਸਾਹਮਣੇ ਆਇਆ।
ਸਿੱਖਿਆ ਮੰਤਰੀ ਨੇ ਮੀਟਿੰਗ ਦੌਰਾਨ ਉਕਤ ਤੱਥਾਂ ਦੇ ਉਜਾਗਰ ਹੋਣ ਤੋਂ ਬਾਅਦ ਹਰ ਕਾਰਨ ਦੇ ਹੱਲ ਅਤੇ ਕੁਝ ਊਣਤਾਈਆਂ ਨੂੰ ਦੂਰ ਕਰਨ ਲਈ ਪੜਤਾਲ ਦੇ ਹੁਕਮ ਵੀ ਕੀਤੇ। ਆਰ.ਟੀ.ਈ. ਦੀ ਗਲਤ ਵਿਆਖਿਆ ਨੂੰ ਦੂਰ ਕਰਨ ਲਈ ਸਿੱਖਿਆ ਮੰਤਰੀ ਨੇ ਅੱਜ ਸਿਧਾਂਤਕ ਫੈਸਲਾ ਲੈਂਦਿਆਂ ਕਿਹਾ ਕਿ ਭਵਿੱਖ ਵਿੱਚ ਸਕੂਲ ਵਿੱਚ ਦੋ ਰਜਿਸਟਰ ਲਾਏ ਜਾਣ ਜਿਨ੍ਹਾਂ ਵਿੱਚ ਪਹਿਲੇ ਉਪਰ ਦਾਖਲ ਹੋਏ ਵਿਦਿਆਰਥੀਆਂ ਦਾ ਵੇਰਵਾ ਹੋਵੇ ਅਤੇ ਦੂਜੇ ਰਜਿਸਟਰ ਉਪਰ ਅਜਿਹੇ ਵਿਦਿਆਰਥੀਆਂ ਦੇ ਨਾਂ ਲਿਖੇ ਜਾਣ ਜੋ 45 ਦਿਨ ਜਾਂ ਇਸ ਤੋਂ ਵੱਧ ਸਮੇਂ ਤੋਂ ਗੈਰ ਹਾਜ਼ਰ ਹੋਣ। ਇਸ ਦੀ ਜਾਣਕਾਰੀ ਬਲਾਕ ਪੱਧਰ ਤੋਂ ਲੈ ਕੇ ਮੁੱਖ ਦਫਤਰ ਤੱਕ ਨਿਰੰਤਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਿਕਾਰਡ ਤਿਆਰ ਨਾ ਕੀਤੇ ਜਾਣ ਅਤੇ ਇਸ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਖਮਿਆਜ਼ਾ ਪੂਰੇ ਸੂਬੇ ਉਪਰ ਪੈ ਸਕਦਾ ਹੈ ਕਿਉਂਕਿ ਇਸ ਨਾਲ ਸੂਬੇ ਦਾ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦਾ ਅਨੁਪਾਤ (ਡਰਾਪ ਆਊਟ) ਬਹੁਤ ਵਿਗੜ ਜਾਵੇਗਾ।ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਬਾਲ ਵਿਆਹ ਅਤੇ ਬਾਲ ਮਜ਼ਦੂਰੀ ਨੂੰ ਬਹੁਤ ਗੰਭੀਰ ਸਮੱਸਿਆਵਾਂ ਦੱਸਦਿਆਂ ਡਾ.ਚੀਮਾ ਨੇ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖ ਕੇ ਇਸ ਦੀ ਪੜਤਾਲ ਦੇ ਹੁਕਮ ਦਿੱਤੇ ਜਾਣਗੇ ਅਤੇ ਲੋੜ ਪੈਣ ‘ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਬੋਗਸ ਦਾਖਲਿਆਂ ਦੇ ਮਾਮਲੇ ਸਾਹਮਣੇ ਆਉਣ ਅਤੇ ਕੋਟਕਪੂਰਾ ਤੇ ਮੋਗਾ ਦੇ ਇਕ ਸਕੂਲ ਵਿੱਚ ਅਨੁਸ਼ਾਸਨਹੀਣਤਾ ਦੀ ਗੱਲ ਸਾਹਮਣੇ ਆਉਣ ‘ਤੇ ਸਿੱਖਿਆ ਮੰਤਰੀ ਨੇ ਤੁਰੰਤ ਦੋਵੇਂ ਡੀ.ਪੀ.ਆਈਜ਼ (ਸੈਕੰਡਰੀ ਤੇ ਐਲੀਮੈਂਟਰੀ) ਨੂੰ ਨਿੱਜੀ ਤੌਰ ‘ਤੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਕੇ ਰਿਪੋਰਟ ਸੌਂਪਣ ਲਈ ਕਿਹਾ।
ਡਾ.ਚੀਮਾ ਨੇ ਸਕੂਲ ਮੁਖੀਆਂ ਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਸਕੂਲਾਂ ਵਿੱਚੋਂ ਵਿਦਿਆਰਥੀਆਂ ਦੇ ਛੱਡਣ ਦੀ ਸੂਰਤ ਵਿੱਚ ਉਹ ਗੈਰ ਸਰਕਾਰੀ ਸੰਸਥਾਵਾਂ ਅਤੇ ਸਥਾਨਕ ਜਨਤਕ ਨੁਮਾਇੰਦਿਆਂ (ਪੰਚਾਇਤ/ਕੌਂਸਲਰ) ਨੂੰ ਨਾਲ ਲੈ ਕੇ ਜਾਗਰੂਕਤਾ ਮੁਹਿੰਮ ਆਰੰਭ ਕਾਰਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਸਬੰਧੀ ਸੁਚੇਤ ਕਰਨ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਿੱਖਿਆ ਸਭ ਤੋਂ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਭਾਗ ਨੂੰ ਇਹ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਤਾਇਨਾਤ 7000 ਦੇ ਕਰੀਬ ਸਿੱਖਿਆ/ਈ.ਜੀ.ਐਸ. ਵਲੰਟੀਅਰ ਜਿਨ੍ਹਾਂ ਦੀ ਡਿਊਟੀ ਸਿਰਫ ਸਕੂਲ ਛੱਡ ਜਾਣ ਵਾਲੇ ਬੱਚਿਆਂ ਨੂੰ ਸਕੂਲ ਮੁੜ ਦਾਖਲ ਕਰਵਾਉਣ ਲਈ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੀ ਹੈ, ਨੂੰ ਇਹ ਕੰਮ ਸੌਂਪਿਆ ਜਾਵੇ। ਵਲੰਟੀਅਰਾਂ ਨੂੰ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਦਾ ਡਾਟਾ ਦੇ ਕੇ ਇਹ ਜ਼ਿੰਮੇਵਾਰੀ ਦਿੱਤੀ ਜਾਵੇ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵਾਪਸ ਲੈ ਕੇ ਆਉਣ। ਇਸ ਸਬੰਧੀ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਦਾ ਵੀ ਪ੍ਰਚਾਰ ਕੀਤਾ ਜਾਵੇ।ਅੱਜ ਦੀ ਮੀਟਿੰਗ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ, ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਜੇ.ਆਰ.ਮਹਿਰੋਕ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *