Wed. Apr 24th, 2019

ਸਿੱਖਿਆ ਮੰਤਰੀ ਓ.ਪੀ. ਸੋਨੀ ਨੇ 38 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ

ਸਿੱਖਿਆ ਮੰਤਰੀ ਓ.ਪੀ. ਸੋਨੀ ਨੇ 38 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ

‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਦੀ ਕੀਤੀ ਸ਼ਲਾਘਾ, 1900 ਤੱਕ ਦੇ ਪਹਾੜੇ ਤੇ ਆਮ ਗਿਆਨ ਸੁਣਾ ਕੇ ਬੱਚਿਆਂ ਨੇ ਵਾਹ-ਵਾਹ ਖੱਟੀ

ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਅੱਜ ਇੱਥੇ ਕਰਵਾਏ ਸਮਾਗਮ ਦੌਰਾਨ ਤਰਸ ਦੇ ਆਧਾਰ ‘ਤੇ 38 ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ, ਜਿਨ੍ਹਾਂ ਵਿੱਚ 10 ਕਲਰਕ ਅਤੇ 28 ਦਰਜਾ ਚਾਰ ਮੁਲਾਜ਼ਮ ਸ਼ਾਮਲ ਹਨ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕਰਵਾਈ ਮੀਟਿੰਗ ਵਿੱਚ ਸ੍ਰੀ ਸੋਨੀ ਨੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤਹਿਤ ਬੱਚਿਆਂ ਵੱਲੋਂ ਕੀਤੀਆਂ ਸਫ਼ਲ ਪੇਸ਼ਕਾਰੀਆਂ ਬਾਰੇ ਸਿੱਖਿਆ ਸਕੱਤਰ ਅਤੇ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਸ਼ਲਾਘਾ ਕਰਦਿਆਂ ਸਿੱਖਿਆ ਮੰਤਰੀ ਨੇ ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਸਿੱਖਿਆ ਅਫ਼ਸਰਾਂ ਤੇ ਅਧਿਆਪਕਾਂ ਦੀ ਪਿੱਠ ਥਾਪੜੀ। ਉਨ੍ਹਾਂ ਇਸ ਮੌਕੇ ਸਕੂਲਾਂ ਵਿੱਚ ਦਿੱਤੀ ਜਾ ਰਹੀ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਸਿੱਖਣ ਸਹਾਇਕ ਸਮੱਗਰੀ ਦੀ ਪ੍ਰਦਰਸ਼ਨੀ ਵੀ ਦੇਖੀ ਅਤੇ ਕਿਤਾਬਚਾ ਵੀ ਜਾਰੀ ਕੀਤਾ।

ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ‘ਪੜ੍ਹੋ ਪੰਜਾਬ. ਪੜ੍ਹਾਓ ਪੰਜਾਬ’ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਸਿੱਖਿਆ ਮੰਤਰੀ ਨੂੰ ਚਾਨਣਾ ਪਾਇਆ। ਸ੍ਰੀ ਸੋਨੀ ਨੇ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਵੀ ਸਰਕਾਰੀ ਸਕੂਲਾਂ ਤੋਂ ਸ਼ੁਰੂ ਹੋਈ ਸੀ ਅਤੇ ਉਹ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਕਿਸਮ ਦੀ ਔਖ ਨਹੀਂ ਆਉਣ ਦੇਣਗੇ ਪਰ ਉਹ ਵਿਭਾਗ ਵਿੱਚ ਕਿਸੇ ਵੀ ਪੱਧਰ ‘ਤੇ ਅਨੁਸ਼ਾਸਨਹੀਣਤਾ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਇਹ ਵੀ ਉਮੀਦ ਕਰਦੇ ਹਨ ਕਿ ਅੱਜ ਤੋਂ ਬਾਅਦ ਅਧਿਆਪਕਾਂ ਵੱਲੋਂ ਵੀ ਕੋਈ ਸ਼ਿਕਾਇਤ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਵਿੱਚ ਹੁਨਰ ਦੀ ਕਮੀ ਨਹੀਂ ਹੈ ਅਤੇ ਇਨ੍ਹਾਂ ਨੇ ਹੀ ਅੱਗੇ ਵਧ ਕੇ ਪ੍ਰਸ਼ਾਸਨਿਕ ਅਧਿਕਾਰੀ, ਡਾਕਟਰ, ਇੰਜਨੀਅਰ, ਅਧਿਆਪਕ ਅਤੇ ਹੋਰ ਕਿੱਤਿਆਂ ਵਿੱਚ ਆਪਣੀ ਪਛਾਣ ਬਣਾਉਣੀ ਹੈ, ਜਿਸ ਲਈ ਸਭ ਨੂੰ ਉਸਾਰੂ ਰੋਲ ਅਦਾ ਕਰਨਾ ਚਾਹੀਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਗੁਣਾਤਮਿਕ ਸਿੱਖਿਆ ਲਈ ਵਧੀਆ ਕਾਰਗੁਜ਼ਾਰੀ ਦੇਣ ਵਾਲੇ ਅਧਿਆਪਕਾਂ ਨੂੰ 26 ਜਨਵਰੀ ਤੇ 15 ਅਗਸਤ ਨੂੰ ਸਨਮਾਨਿਤ ਕਰਨ ਲਈ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ। ਮੀਟਿੰਗ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਕੁਮਾਰ ਗੋਇਲ ਆਈ.ਏ.ਐੱਸ., ਡੀ.ਪੀ.ਆਈ. (ਸੈਕੰਡਰੀ) ਪਰਮਜੀਤ ਸਿੰਘ, ਡੀ.ਪੀ.ਆਈ. (ਐਲੀਮੈਂਟਰੀ) ਇੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਧਰਮ ਸਿੰਘ ਅਤੇ ਸਹਾਇਕ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ ਤੇ ਹੋਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: