ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਸਿੱਖਿਆ ਗੁਰੁ ਨਾਨਕ ਦੀ

ਸਿੱਖਿਆ ਗੁਰੁ ਨਾਨਕ ਦੀ

ਸੰਸਾਰ ਦੇ ਕਿਸੇ ਵੀ ਧਰਮ ਦੀਆਂ ਤਹਿਆਂ ਫਰੋਲਣ ਅਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਮਗਰੋਂ ਸਹਿਜੇ ਹੀ ਇਸ ਗੱਲ ਦੀ ਪ੍ਰੌੜਤਾ ਹੋ ਜਾਂਦੀ ਹੈ ਕਿ ਹਰ ਧਰਮ ਅਤੇ ਧਾਰਮਿਕ ਗ੍ਰੰਥਾਂ ਦਾ ਧੁਰਾਂ ਮਨੁੱਖ ਹੀ ਹੈ। ਮਨੁੱਖ ਦਾ ਆਦਰਸ਼ਵਾਦੀ ਜੀਵਨ,ਅਧਿਆਤਮਕ ਮਾਰਗ ਦੇ ਵੱਖ-ਵੱਖ ਪੜਾਵਾਂ’ਚੋਂ ਗੁਜ਼ਰ ਕੇ ਪਰਮਾਤਮਾ ਵਿਚ ਅਭੇਦਤਾ ਦਾ ਸੰਕਲਪ ਹਰ ਧਰਮ ਵਿਚੋਂ ਉਭੱਰ ਕੇ ਸਾਹਮਣੇ ਆਉਂਦਾ ਹੈ। ਇਤਿਹਾਸ ਗਵਾਹ ਹੈ ਕਿ ਸਮੇਂ-ਸਮੇਂ ਤੇ ਮਨੁੱਖੀ ਸਿਧਾਂਤਾਂ ਵਿਚ ਤਬਦੀਲੀ ਆਉਂਦੀ ਰਹੀ ਹੈ ਅਤੇ ਧਰਮ ਦਾ ਮੂਲ ਕਾਰਜ ਮਨੁੱਖ ਨੂੰ ਸੱਚ ਦਾ ਰਾਹ ਦਿਖਾਉਂਦੇ ਹੋਏ ਗਿਆਨ ਦਾ ਪ੍ਰਕਾਸ਼ ਕਰਨਾ ਰਿਹਾ ਹੈ। ਸਮੇਂ ਦੀ ਮੰਗ ਅਨੁਸਾਰ ਗੁਰੁ ਨਾਨਕ ਦੇਵ ਜੀ ਨੇ ਮਨੁੱਖ ਨੂੰ ਸੱਚੇ-ਸੁੱਚੇ ਸਿਧਾਂਤਾਂ ਦੇ ਧਾਰਨੀ ਹੋਣ ਅਤੇ ਆਦਰਸ਼ਮਈ ਜੀਵਨ ਜੀਉਣ ਦੀ ਤਾਕੀਦ ਕੀਤੀ ਤੇ ਇਕ ਨਿਵੇਕਲੇ ਧਰਮ ਦੀ ਨੀਂਹ ਵੀ ਰੱਖੀ। ਪੁਰਾਣੀਆਂ ਲੀਹਾਂ ਤੋਂ ਹੱਟ ਕੇ ਇਕ ਨਵੀਂ ਨੁਹਾਰ ਨਾਲ ਪਰਮਾਤਮਾ ਦਾ ਪੈਗਾਮ ਇਲਾਹੀ ਬਾਣੀ ਦੇ ਰੂਪ ਵਿਚ ਸੰਸਾਰ ਵਿਚ ਵਿਚਰਦੀ ਜੀਵਆਤਮਾ ਤੱਕ ਪਹੁੰਚਾਇਆ:-

“ਮਾਰਿਆ ਸਿੱਕਾ ਜਗਤ ਵਿਚ,
ਨਾਨਕ ਨਿਰਮਲ ਪੰਥ ਚਲਾਇਆ॥”

ਸੰਨ 1469 ਈ. ਨੂੰ ਸਿੱਖ ਧਰਮ ਦੇ ਮੋਢੀ ਗੁਰੁ ਨਾਨਕ ਦੇਵ ਜੀ ਦੀ ਆਮਦ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ, ਰਾਇ ਭੋਇ ਦੀ ਤਲਵੰਡੀ, ਨਨਕਾਣਾ ਸਾਹਿਬ(ਪਾਕਿਸਤਾਨ) ਵਿਖੇ ਹੋਈ। ਉਸ ਇਲਾਹੀ ਜੋਤਿ ਨੇ ਆਪਣੇ ਚਰਨਾਂ-ਕਮਲਾਂ ਰਾਹੀਂ ਆਪਣੇ ਮੁੱਢਲੇ ਸਮੇਂ ਤੋਂ ਹੀ ਸੰਸਾਰ ਵਿਚ ਗਿਆਨ ਰੂਪੀ ਚਾਨਣ ਫੈਲਾਉਣ ਅਤੇ ਅਗਿਆਨਤਾ ਦੀ ਧੁੰਧ ਨੂੰ ਮਿਟਾਉਣ ਦਾ ਕਾਰਜ ਆਰੰਭ ਕਰ ਦਿੱਤਾ ਸੀ। ਛੋਟੀ ਉਮਰੇ ਜਨੇਉ ਦਾ ਖੰਡਨ ਇਸਦੀ ਜਿਉਂਦੀ-ਜਾਗਦੀ ਮਿਸਾਲ ਹੈ।ਭਾਈ ਗੁਰਦਾਸ ਜੀ ਦੀ ਵਾਰ ਵਿਚ ਇਸ ਗਿਆਨ ਰੂਪੀ ਚਾਨਣ ਦਾ ਜ਼ਿਕਰ ਇਉਂ ਮਿਲਦਾ ਹੈ:-

“ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ॥”

ਗੁਰੁ ਸਾਹਿਬ ਨੇ ਜਿੱਥੇ ਪਰਮਾਤਮਾ ਦੇ ਨਿਰਗੁਣ ਸਰੂਪ ਦੀ ਵਿਆਖਿਆ ਕਰਦੇ ਹੋਏ ਅਕਾਲ ਪੁਰਖ ਦਾ ਦਰਗਾਹੀਂ ਫੁਰਮਾਨ ਅਵਾਮ ਤੱਕ ਪਹੰਚਾਇਆ,ੳੇਥੇ ਜਪੁ ਜੀ ਸਾਹਿਬ ਵਰਗੀ ਮਹਾਨ ਰਚਨਾ ਵਿਚ ਖੰਡਾ-ਬ੍ਰਹਮੰਡਾ ਦਾ ਹਵਾਲਾ ਦਿੰਦੇ ਹੋਏ, ਸ੍ਰਿਸ਼ਟੀ ਦੇ ਗੁੱਝੇ ਭੇਦਾਂ ਨੂੰ ਉਜਾਗਰ ਕਰਕੇ, ਸਰਬ-ਸ਼ਕਤੀਮਾਨ ਇਕ ਪਰਮਾਤਮਾ ਦਾ ਸੰਕਲਪ ਦੁਨੀਆ ਅੱਗੇ ਰੱਖਿਆ।

“ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ॥”

ਇਉਂ ਪਰਮਾਤਮਾ ਦੇ ਨਿਰਗੁਣ ਸਰੂਪ ਦੀ ਵਿਆਖਿਆ ਨੇ ਉਸ ਸਮੇਂ ਪ੍ਰਚਲਿਤ ਮੂਰਤੀ ਪੂਜਾ, ਦਰਖਤਾਂ ਦੀ ਪੂਜਾ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ। ਅਗਿਆਨਤਾ ਵੱਸ ਜਿਹੜੇ ਲੋਕ ਅਮਾਨਵੀ ਚੀਜ਼ਾਂ ਅਤੇ ਸ਼ਕਤੀਆਂ ਨੂੰ ਰੱਬ ਮੰਨੀ ਬੈਠੇ ਸਨ, ਉਨ੍ਹਾਂ ਨੂੰ ਸਰਬ-ਵਿਆਪਕ ਪਰਮਾਤਮਾ ਦਾ ਸੰਦੇਸ਼ ਬੜੇ ਸਰਲ ਤੇ ਸਪਸ਼ਟ ਸ਼ਬਦਾਂ ਵਿਚ ਸਮਝਾਇਆ।ਪਰਮਾਤਮਾ ਇਕ ਹੈ ਦੀ ਫਿਲਾਸਫੀ ਦ੍ਰਿੜ ਕਰਵਾਉਂਦੇ ਹੋਏ ਉਨ੍ਹਾਂ ਨੇ ਹਰ ਪ੍ਰਕਾਰ ਦੀ ਫਿਰਕਾਪ੍ਰਸਤੀ ਦਾ ਖੰਡਨ ਕੀਤਾ। ਇਉਂ ਜਾਤ-ਪਾਤ, ਉਚ-ਨੀਚ ਦੇ ਪਾੜੇ ਨੂੰ ਮਿਟਾਉਣ ਲਈ ਉਨ੍ਹਾਂ ਆਪਣੀਆਂ ਉਦਾਸੀਆਂ ਸਮੇਂ ਇਲਾਹੀ ਬਾਣੀ ਰਾਹੀਂ ਮਨੁੱਖ ਨੂੰ ਚੇਤੰਨ ਕੀਤਾ:-

“ਨੀਚਾਂ ਅੰਦਰਿ ਨੀਚੁ ਜਾਤਿ
ਨੀਚੀ ਹੂੰ ਅਤਿ ਨੀਚੁ॥
ਨਾਨਕ ਤਿਨਿ ਕੇ ਸੰਗਿ ਸਾਥਿ
ਵਡਿਆਂ ਸਿਉਂ ਕਿਆ ਰੀਸੁ॥”

ਆਪਣੇ ਜੀਵਨ ਕਾਲ ਵਿਚ ਉਨ੍ਹਾਂ ਥਾਂ ਪੁਰ ਥਾਂ ਪਾਖੰਡਵਾਦ ਦਾ ਖੰਡਨ ਕਰਨ ਦੇ ਨਾਲ-ਨਾਲ ਦਸਾਂ ਨਹੁੰਆਂ ਦੀ ਕਿਰਤ ਕਰਨ ਨੂੰ ਤਰਜੀਹ ਦਿੱਤੀ।ਭਾਈ ਲਾਲੋ ਦੀ ਸਾਖੀ ਤੋਂ ਉਨ੍ਹਾਂ ਦਾ ਇਹ ਸੰਦੇਸ਼ ਹੋਰ ਵੀ ਦ੍ਰਿੜ ਹੋ ਜਾਂਦਾ ਹੈ। ਉਨ੍ਹਾਂ ਦਾ ਭਾਈ ਲਾਲੋ ਦੇ ਘਰ ਭੋਜਨ ਛੱਕਣਾ ਅਤੇ ਮਲੱਕ ਭਾਗੋ ਦੇ ਛੱਤੀ ਪ੍ਰਕਾਰ ਦੇ ਪਕਵਾਨਾਂ ਨੂੰ ਛੱਕਣ ਤੋਂ ਗੁਰੇਜ਼ ਕਰਨਾ ਅਸਲ ਵਿਚ ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਦਾ ਸਤਿਕਾਰ ਕਰਨਾ ਹੀ ਸੀ ਤੇ ਉਸ ਸਮੇਂ ਦੀ ਹਾਕਮ ਸ਼੍ਰੇਣੀ ਅਤੇ ਨਕਾਰੇ ਲੋਕਾਂ ਨੂੰ ਮਿਹਨਤ ਦੇ ਰਸਤੇ ਤੋਰਨ ਦਾ ਉਪਰਾਲਾ ਸੀ। ਉਨ੍ਹਾਂ ਆਪ ਮੋਦੀਖਾਨੇ ਵਿਚ ਨੌਕਰੀ ਕਰ ਅਤੇ ਆਪਣੇ ਅੰਤਲੇ ਸਮੇਂ ਕਿਰਤਪੁਰ ਸਾਹਿਬ ਖੇਤੀ ਕਰ ਕੇ ਆਪਣੇ ਬਚਨਾਂ ਨੂੰ ਅਮਲੀ ਜਾਮਾ ਪਹਿਨਾ ਸੰਸਾਰੀ ਜੀਵਾਂ ਲਈ ਇਕ ਮਿਸਾਲ ਕਾਇਮ ਕੀਤੀ।

“ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥”

ਦਸਾਂ ਨਹੁੰਆਂ ਦੀ ਕਿਰਤ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਨੇ ਆਪਣੀ ਕਮਾਈ ਵਿਚੋਂ ਗਰੀਬਾਂ-ਲੋੜਵੰਦਾਂ ਲਈ ਦਸਵੰਧ ਕੱਢਣ ਅਤੇ ਉਨ੍ਹਾਂ ਦੀ ਸਹਾਇਤਾ ਲਈ ਮਨੁੱਖ ਨੂੰ ਪ੍ਰੇਰਿਆ। ਜਿੱਥੇ ਉਨ੍ਹਾਂ ਨੇ ਮਾਨਵਤਾ ਦੀ ਸੇਵਾ ਦੀ ਗੱਲ ਕੀਤੀ ਉਥੇ ਗਰੀਬ ਮਾਰ ਜਾਂ ਕਿਸੇ ਦੂਜੇ ਦਾ ਹੱਕ ਮਾਰ ਕੇ ਖਾਣ ਵਾਲੇ ਨੂੰ ਕਰੜੇ ਸ਼ਬਦਾਂ ਵਿਚ ਤਾੜਨਾ ਕੀਤੀ:-

“ਹੱਕ ਪਰਾਇਆ ਨਾਨਕਾ
ਉਸ ਸੁਅਰ ਉਸ ਗਾਇ॥”

ਮਾਇਆ ਦਾ ਲਾਲਚ ਮਨੁੱਖ ਨੂੰ ਲੋਭੀ ਅਤੇ ਹੰਕਾਰੀ ਬਣਾ ਦਿੰਦਾ ਹੈ। ਸਾਰਾ ਸੰਸਾਰ ਇਸ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ। ਜਿੱਥੇ ਮਾਇਆ ਦਾ ਨਾ ਹੋਣਾ ਮਨੁੱਖ ਲਈ ਜੀਅ ਦਾ ਜੰਜਾਲ ਬਣ ਜਾਂਦਾ ਹੈ ਉਥੇ ਬਹੁਤੀ ਮਾਇਆ ਵੀ ਮਨੁੱਖ ਨੂੰ ਕੁਰਾਹੇ ਪਾ ਦਿੰਦੀ ਹੈ ਤੇ ਅਖੀਰ ਪਰਮਾਤਮਾ ਤੋਂ ਬੇ-ਮੁੱਖ ਹੋ ਕੇ ਮਨੁੱਖ ਖੁਆਰ ਹੋ ਜਾਂਦਾ ਹੈ। ਇਸਦੇ ਪ੍ਰਭਾਵ ਤੋਂ ਕੋਈ ਵਿਰਲਾ ਹੀ ਬੱਚਦਾ ਹੈ। ਪੈਸੇ ਦੀ ਦੌੜ ਵਿਚ ਅੰਨੇ ਹੋ ਚੁੱਕੇ ਮਨੁੱਖ ਨੂੰ ਇਕ ਵਾਰ ਸੁਚੇਤ ਹੋ ਕੇ ਗੁਰੂ ਸਾਹਿਬ ਦੀ ਬਾਣੀ ਨੂੰ ਵਿਚਾਰਨ ਦੀ ਲੋੜ ਮਹਿਸੂਸ ਹੁੰਦੀ ਹੈ:

“ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ
ਜਿਸ ਗ੍ਰਹਿ ਥੋਰੀ ਸੁ ਫਿਰਹਿ ਭ੍ਰਮਤਾ
ਦੁਹੁ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਏ॥”

ਗੁਰੂ ਸਾਹਿਬ ਨੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋਣ ਦੇ ਨਾਲ-ਨਾਲ ਉਸ ਸਮੇਂ ਹੋ ਰਹੇ ਔਰਤਾਂ ਨਾਲ ਅੰਨ੍ਹਿਆਂ ਪ੍ਰਤੀ ਵੀ ਮਨੁੱਖ ਨੂੰ ਹਲੂਣਾ ਦਿੱਤਾ, ਔਰਤ ਦਾ ਤਿਰਸਕਾਰ ਕਰਨ ਵਾਲਿਆਂ ਨੂੰ ਸਹੀ ਸੇਧ ਦਿੱਤੀ ਪਰ ਅਫਸੋਸ ਕਈ ਰੂੜੀਵਾਦੀ ਵਿਚਾਰਧਾਰਾ ਦੇ ਲੋਕ ਅੱਜ ਵੀ ਗੁਰੂ ਸਾਹਿਬ ਦੇ ਗਿਆਨ ਤੋਂ ਵਿਹੂਣੇ ਹਨ ਤੇ ਕੁੱਖਾਂ ਵਿਚ ਧੀਆਂ ਮਾਰਨ ਵਾਲਿਆਂ ਨੂੰ ਅੱਜ ਵੀ ਲੋੜ ਹੈ ਗੁਰੁ ਨਾਨਕ ਦੇ ਬਚਨਾਂ ਨੂੰ ਮੁੜ ਦੁਹਰਾਉਣ ਦੀ:-

“ਸੋ ਕਿਉਂ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨੁ॥”

ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਭੈ-ਰਹਿਤ, ਵੈਰ-ਰਹਿਤ ਜੀਵਨ-ਜਾਚ ਸਿਖਾਉਂਦੇ ਹੋਏ, ਪਰਮਾਤਮਾ ਦੇ ਹੁਕਮ ਵਿਚ ਰਹਿ ਕੇ ਜਿੰਦਗੀ ਜਿਉਣ ਦੀ ਤਾਕੀਦ ਕੀਤੀ ਤੇ ਇਕ ਆਦਰਸ਼ਕ ਜੀਵਨ ਜਿਉਣ ਲਈ ਪ੍ਰੇਰਿਆ। ਤਨ ਤੋਂ ਉਪਰ ਉਠ ਕੇ ਮਨ ਨੂੰ ਕਾਬੂ ਕਰਕੇ ਵਿਸ਼ੇ-ਵਿਕਾਰਾਂ ਤੇ ਜਿੱਤ ਹਾਸਿਲ ਕਰਨ ਦਾ ਉਪਦੇਸ਼ ਦ੍ਰਿੜ ਕਰਵਾਇਆ।ਅੱਜ ‘ਮਨਿ ਜੀਤੈ ਜਗੁ ਜੀਤੁ॥’ ਬਾਣੀ ਦੀ ਇਸ ਤੁੱਕ ਨੂੰ ਆਤਮਸਾਤ ਕਰਕੇ ਪਰਮਾਤਮਾ’ਤੇ ਦ੍ਰਿੜ ਨਿਸ਼ਚੈ ਰੱਖਣ ਦੀ ਲੋੜ ਹੈ।

“ਨਾਨਕ ਚਿੰਤਾ ਮਤ ਕਰਹੁ
ਚਿੰਤਾ ਤਿਸ ਹੀ ਏਹਿ॥”

ਗੁਰਬਾਣੀ ਦੀ ਇਸ ਫਿਲਾਸਫੀ ਨੂੰ ਜੇ ਅਜੋਕਾ ਮਨੁੱਖ ਸਮਝ ਜਾਏ ਤਾਂ ਭੱਜ-ਦੌੜ ਭਰੀ ਇਸ ਜਿੰਦਗੀ ਵਿਚ ਮਾਨਸਿਕ ਤਨਾਅ ਤੇ ਸ਼ਰੀਰਕ ਵਿਕਾਰਾਂ ਤੋਂ ਮੁਕਤ ਹੋ ਸਕਦਾ ਹੈ।ਇਉਂ ਕਿਹਾ ਜਾ ਸਕਦਾ ਹੈ ਕਿ ਹਰ ਧਰਮ ਦੀ ਆਪਣੀ ਇਕ ਨਿਵੇਕਲੀ ਪਛਾਣ ਤੇ ਨੁਹਾਰ ਹੈ। ਸਾਰੇ ਹੀ ਧਰਮ ਆਤਮਾ ਤੇ ਪਰਮਾਤਮਾ ਦਾ ਮੇਲ ਕਰਵਾਉਣ ਦੇ ਅਜਿਹੇ ਰਸਤੇ ਹਨ ਜੋ ਮਨੁੱਖ ਨੂੰ ਆਪਣੇ ਕਰਮਾਂ ਉਪਰ ਤਿੱਖੀ ਨਜ਼ਰ ਰੱਖਣ ਅਤੇ ਧਰਮ ਦੀ ਕਸਵੱਟੀ ਤੇ ਪਰਖਣ ਦੀ ਤਾਕੀਦ ਕਰਦੇ ਹਨ। ਗੁਰੂ ਨਾਨਕ ਦੇਵ ਜੀ ਉਤੱਮ ਧਰਮ ਦੀ ਵਿਆਖਿਆ ਆਪਣੇ ਇਲਾਹੀ ਫੁਰਮਾਨ ਨਾਲ ਇਉਂ ਕਰਦੇ ਹਨ:-

“ਸਰਬ ਧਰਮ ਮਹਿ ਸ੍ਰੇਸ਼ਠ ਧਰਮ
ਹਰਿ ਕੋ ਨਾਮ ਜਪੁ ਨਿਰਮਲ ਕਰਮ॥”

ਸਰਨਜੀਤ ਕੌਰ ਅਨਹਦ
19/255, ਸਰਾਈ ਰੋਹਿਲਾ, ਨਵੀਂ ਦਿੱਲੀ
8527828852
silkysingh.anhad@gmail.com

Leave a Reply

Your email address will not be published. Required fields are marked *

%d bloggers like this: