ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Aug 8th, 2020

ਸਿੱਖਾਂ ਦੇ ਦੂਜੇ ਗੁਰੂ..

ਸਿੱਖਾਂ ਦੇ ਦੂਜੇ ਗੁਰੂ..

ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾ ਕੇ ਪੰਜਾਬੀ ਵਾਰਤਕ ਅਤੇ ਇਤਿਹਾਸ ਰਚਨਾ ਦਾ ਮੁੱਢ ਬੰਨਣ ਵਾਲੇ – ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਸਨ, ਜਿੰਨਾ ਨੇ 1539 ਈ. ਤੋਂ ਲੈ ਕੇ 1552 ਈ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ, ਜਿਸ ਸਮੇ ਭਾਰਤ ਉੱਪਰ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਕਾਲ ਦੇ ਦੌਰਾਨ ਭਾਰਤ ਵਿੱਚ ਰਾਜਨੀਤਿਕ ਦ੍ਰਿਸ਼ਟੀ ਤੋਂ ਅਰਾਜਕਤਾ ਦਾ ਦੌਰ ਸੀ । ਉਨਾ ਦੇ ਗੁਰੂ ਕਾਲ ਵਿਚ ਸਿੱਖ ਧਰਮ ਦਾ ਨਵਾਂ ਨਵਾਂ ਜਨਮ ਹੋਇਆ ਸੀ ਜਿਸਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ1 ਗੁਰੂ ਅੰਗਦ ਦੇਵ ਜੀ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਬਾਖੂਬੀ ਨਿਭਾਉਦਿਆਂ ਸਿੱਖ ਧਰਮ ਨੂੰ ਮਜ਼ਬੂਤ ਕੀਤਾ। ਆਪ ਜੀ ਨੇ 1532 ਤੋਂ 1539 ਤੱਕ ਗੁਰੂ ਨਾਨਕ ਦੇਵ ਜੀ ਦੀ ਸ਼ਰਣ ‘ਚ ਰਹਿ ਕੇ ਲੋਕ ਭਲਾਈ ਦੇ ਕੰਮ ਕੀਤੇ ਤੇ ਲੋਕਾਂ ਨੂੰ ਉਸ ਪ੍ਰਮਾਤਮਾ ਨਾਲ ਜੁੜ ਕੇ ਉਸ ਦੇ ਹੁਕਮ ‘ਚ ਰਹਿਣ ਦੀ ਪ੍ਰੇਰਨਾ ਦਿੱਤੀ। ਗੁਰੂ ਅੰਗਦ ਦੇਵ ਜੀ ਦੀ ਸਿੱਖ ਇਤਿਹਾਸ ਨੂੰ ਇਕ ਬਹੁਤ ਵੱਡੀ ਤੇ ਮਹੱਤਵਪੂਰਨ ਦੇਣ ਹੈ। ਆਪ ਜੀ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਇਕੱਤਰ ਤੇ ਲਿਪੀ-ਬੱਧ ਕਰਕੇ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਵੱਲ ਪਹਿਲਾ ਕਦਮ ਚੁੱਕਿਆ ਜਿਸ ਰਾਹੀਂ ਇਹ ਬਾਣੀ ਗੁਰੂ ਅਮਰਦਾਸ ਗੁਰੂ ਰਾਮਦਾਸ ਤੋਂ ਹੁੰਦੀ ਗੁਰੂ ਅਰਜੁਨ ਦੇਵ ਜੀਤੱਕ ਪਹੁੰਚੀ ..ਜਿਸਦੇ ਫਲਸਰੂਪ 1604 ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਹੋਇਆ1 ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾ ਕੇ ਪੰਜਾਬੀ ਵਾਰਤਕ ਅਤੇ ਇਤਿਹਾਸ ਰਚਨਾ ਦਾ ਮੁੱਢ ਬੰਨਿਆ1

1.ਜਨਮ ਅਤੇ ਮੁਢਲਾ ਬਚਪਨ :-
ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾਂ ਦਾ ਪਹਿਲਾਂ ਨਾਂ ਭਾਈ ਲਹਿਣਾ ਜੀ ਸੀ।ਭਾਈ ਲਹਿਣਾ ਜੀ ਦਾ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ (ਜ਼ਿਲਾ ਸ੍ਰੀ ਮੁਕਤਸਰ ਸਾਹਿਬ) ਵਿਚ ਸ੍ਰੀ ਫੇਰੂਮੱਲ ਅਤੇ ਮਾਤਾ ਸਭਰਾਈ (ਦਇਆ ਕੌਰ) ਦੇ ਘਰ ਹੋਇਆ।ਭਾਈ ਲਹਿਣਾ ਜੀ ਉਸ ਵਕਤ ਕਾਫੀ ਛੋਟੀ ਉਮਰ ਦੇ ਸੀ,ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ ਸੀ।ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਆ ਗਏ।ਇਥੇ ਉਨਾਂ ਇਕ ਹੱਟੀ ਦਾ ਕੰਮ ਸੰਭਾਲਿਆ।ਉਨਾ ਦਾ ਵਿਆਹ 15 ਸਾਲ ਦੀ ਉਮਰ ਵਿਚ 1519 ਈ. ਵਿਚ ਮਾਤਾ ਖੀਵੀ, ਸਪੁੱਤਰੀ ਦੇਵੀ ਚੰਦ ਪਿੰਡ ਸੰਘਰ ਨੇੜੇ ਖਡੂਰ ਵਿਖੇ ਹੋਇਆ।ਆਪਜੀ ਦੇ ਦੋ ਪੁਤਰ ਦਾਸੂ ਤੇ ਦਾਤੂ ਜੀ ਤੇ ਦੋ ਧੀਆਂ, ਬੀਬੀ ਅਨੋਖੀ ਤੇ ਬੀਬੀ ਅਮਰੋ ਜੀ ਹੋਏ। ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਦੀ ਸ਼ਖਸ਼ੀਅਤ ਦਾ ਦੋਨੋ ਬੱਚੀਆਂ ਤੇ ਗਹਿਰਾ ਪ੍ਰਭਾਵ ਪਿਆ ।ਇਹ ਬੀਬੀ ਅਮਰੋ ਜੀ ਹੀ ਸਨ ਜਿਨਾ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਗੁਰੂ ਅਮਰਦਾਸ ਗੁਰੂ ਘਰ ਦੇ ਸੇਵਾ ਕਰਦੇ ਕਰਦੇ ਗੁਰੂ ਪਦਵੀ ਤਕ ਪਹੁੰਚੇ ਗਏ।
ਭਾਈ ਲਹਿਣਾ ਜੀ ਵੈਸ਼ਨੋ ਦੇਵੀ ਮਾਤਾ ਦੇ ਭਗਤ ਸਨ।ਹਰ ਸਾਲ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ।

2.ਗੁਰੂ ਨਾਨਕ ਦੇਵ ਜੀ ਨਾਲ ਮੇਲ :-
ਇੱਕ ਵਾਰ ਦੀ ਗੱਲ ਹੈ ਕਿ ਖਡੂਰ ਪਿੰਡ ‘ਚ ਜੋਧਾ ਨਾਂ ਦਾ ਇੱਕ ਵਿਅਕਤੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਦਾ ਸੀ।ਭਾਈ ਲਹਿਣਾ ਜੀ ਨੇ ਭਾਈ ਜੋਧਾ ਜੀ ਮੁੱਖੋਂ ਬਾਣੀ ਸੁਣ ਲਈ ਜਿਸਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ।ਭਾਈ ਜੋਧਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਹੋਣ ਬਾਰੇ ਦੱਸਿਆ ਸੀ।ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾ ਲਈ ਆਪਣੇ ਪਿੰਡ ਦੇ ਯਾਤਰੂਆਂ ਨਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਬਾਰੇ ਸੋਚਿਆ ਤੇ ਉਹ ਕੀਰਤਪੁਰ ਸਾਹਿਬ ਵੱਲ ਚੱਲ ਪਏ, ਰਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਵਿਅਕਤੀ ਮਿਲਿਆ ਭਾਈ ਲਹਿਣਾ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁੱਛਿਆ ਤਾਂ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਚਲੋ ਮੈਂ ਤਹਾਨੂੰ ਲੈ ਚਲਦਾ ਹਾਂ।ਬਜ਼ੁਰਗ ਨੇ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ਤੇ ਚਲਦੇ ਗਏ ਤੇ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਰਹੇ।ਇਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:-

”ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ”
ਜਦੋਂ ਸੱਚੇ ਗੁਰੂ ਵੱਲ ਕਦਮ ਵਧਾਈਏ ਤਾਂ ਗੁਰੂ ਆਪ ਚੱਲਕੇ ਲੈਣ ਲਈ ਆਉਂਦਾ ਹੈ…..

ਬਜ਼ੁਰਗ ਨੇ ਦਰਬਾਰ ਆਉਣ ‘ਤੇ ਭਾਈ ਲਹਿਣਾ ਜੀ ਦੇ ਘੋੜੇ ਨੂੰ ਕਿੱਲੇ ਨਾਲ ਬੰਨ ਦਿੱਤਾ ‘ਤੇ ਕਿਹਾ ‘ਤੁਹਾਡੀ ਮੰਜ਼ਿਲ ਆ ਗਈ ਮੈਂ ਚਲਦਾ ਹਾਂ।’ਜਿਸ ਵਕਤ ਭਾਈ ਲਹਿਣਾ ਜੀ ਅੰਦਰ ਗਏ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਪੰਗਤ ‘ਚ ਬੈਠੀਆਂ ਹੋਈਆਂ ਸਨ ਤੇ ਜਦੋਂ ਭਾਈ ਜੀ ਨੇ ਗੁਰੂ ਸਾਹਿਬ ਵੱਲ ਦੇਖਿਆ ਤਾਂ ਉਹ ਹੈਰਾਨ ਹੋ ਗਏ ਤੇ ਚਿੰਤਾ ਵਿੱਚ ਆ ਗਏ.ਤੇ ਸੋਚਣ ਲੱਗੇ ਕਿ ਜਿਹੜੇ ਗੁਰੂ ਨੂੰ ਮੈਂ ਮਿਲਣ ਲਈ ਆਇਆਂ ਹਾਂ ਇਹ ਤਾਂ ਉਹੀ ਹਨ ਜਿਹੜੇ ਇੱਥੋਂ ਤੱਕ ਆਪ ਚੱਲ ਕੇ ਮੈਨੂੰ ਲੈ ਕੇ ਆਏ ਸਨ।ਭਾਈ ਲਹਿਣਾ ਜੀ ਨੇ ਗੁਰੂ ਜੀ ਅੱਗੇ ਮੱਥਾ ਟੇਕ ਦਿੱਤਾ ਤੇ ਮੁਆਫੀ ਮੰਗੀ ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਤੇ ਨਾਲ ਹੀ ਕਿਹਾ ਤੁਹਾਡਾ ਕੀ ਨਾਂ ਹੈ?
ਭਾਈ ਲਹਿਣਾ ਜੀ ਨੇ ਕਿਹਾ ਲਹਿਣਾ..ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਮ ਸੁਣ ਕੇ ਕਿਹਾ ਤੁਸੀਂ ਲਹਿਣਾ ਤੇ ਅਸੀਂ ਦੇਣਾ ਹੈ

3.ਗੁਰੂ ਦੀ ਸ਼ਰਨ ਅਤੇ ਸੇਵਾ ਭਾਵ :-
ਭਾਈ ਲਹਿਣਾ ਜੀ ਦੇ ਜਦੋਂ ਜੀਵਨ ਦੇ ਪੰਨਿਆ ਨੂੰ ਫਰੋਲੀਏ ਤਾਂ ਉਹਨਾਂ ਦੇ ਜੀਵਨ ਤੋਂ ਹੁਕਮ ਮੰਨਣ ਦੀ ਸਿੱਖਿਆ ਮਿਲਦੀ ਹੈ।ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥ ‘ਤੇ ਵਿਚਾਰਾਂ ‘ਚ ਇਹਨੇ ਕੁ ਸਮਰਪਿਤ ਸਨ ਕਿ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਕਹਿ ਦਿੱਤਾ ਕਿ“ ਜੋ ਲ਼ੈਣਾ ਚਾਹੁੰਦੇ ਹੋ ਲੈ ਜਾਓ ਪਰ ਮੇਰੇ ਪਿੱਛੇ ਕੋਈ ਨਾ ਆਵੇ!“ ਉਸ ਵਕਤ ਗੁਰੂ ਸਾਹਿਬ ਜੀ ਨਾਲ ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਸਨ।ਸਾਰੀ ਸੰਗਤ ਗੁਰੁ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ,ਦੌਲਤ,ਸ਼ੋਹਰਤਾਂ ਲੈ ਕੇ ਆਪਣੇ-ਆਪਣੇ ਘਰਾਂ ਨੂੰ ਜਾਈ ਜਾ ਰਹੀ ਸੀ ਪਰ ਬਾਬਾ ਬੁੱਢਾ ਜੀ ਤੇ ਭਾਈ ਲਹਿਣਾ ਜੀ ਨਹੀਂ ਜਾ ਰਹੇ ਸੀ।ਗੁਰੂ ਸਾਹਿਬ ਨੇ ਪੁੱਛਿਆ ਕਿ “ਤੁਸੀਂ ਕਿਉੰ ਨਹੀਂ ਜਾ ਰਹੇ?ਲੈ ਜਾਵੋਂ ਜੋ ਵੀ ਲੈ ਕੇ ਜਾਣਾ ਹੈ,ਜੇਕਰ ਤੁਸੀਂ ਦੋਨੋ ਮੇਰੇ ਪਿੱਛੇ ਆਏ ਤਾਂ ਤਹਾਨੂੰ ਮੁਰਦਾ ਖਾਣਾ ਪਵੇਗਾ !ਇਹ ਸੁਣਕੇ ਬਾਬਾ ਬੁੱਢਾ ਜੀ ਨੇ ਕਿਹਾ ਮਾਫੀ ਦਿਓ ਗੁਰੂ ਜੀ ਮੇਰੇ ਕੋਲੋਂ ਇਹ ਹੁਕਮ ਨਹੀਂ ਮੰਨਿਆ ਜਾਣਾ ਤੇ ਉਹ ਦਰਖ਼ਤ ਪਿੱਛੇ ਜਾ ਕੇ ਲੁੱਕ ਗਏ।ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਕਿਹਾ “ਤੁਸੀਂ ਕਿਉਂ ਨਹੀਂ ਗਏ ?ਭਾਈ ਲਹਿਣਾ ਜੀ ਨੇ ਅੱਗੋਂ ਜਵਾਬ ਦਿੱਤਾ ਗੁਰੂ ਜੀ ਮੇਰਾ ਕੋਈ ਥਾਂ ਨਹੀਂ ਤੁਸੀ ਦੱਸੋ ਮੁਰਦਾ ਸਿਰ ਤੋਂ ਖਾਣਾ ਸ਼ੁਰੂ ਕਰਾਂ ਜਾਂ ਪੈਰਾ ਤੋਂ? ਇਹ ਸੁਣਕੇ ਗੁਰੂ ਮੁਸਕਰਾਏ ਤੇ ਕਿਹਾ ਤੇਰੀ ਮਰਜ਼ੀ ਜਿਧਰੋ-ਮਰਜ਼ੀ ਸ਼ੁਰੂ ਕਰ ਲੈ ਤੇ ਜਦੋਂ ਮੁਰਦੇ ਤੋਂ ਕੱਪੜਾ ਚੁੱਕਿਆ ਤਾਂ ਮੁਰਦੇ ਦੀ ਜਗਾ ਤੇ ਗਰਮ-ਗਰਮ ਕੜਾਹ ਪ੍ਰਸ਼ਾਦ ਦੀ ਦੇਗ ਸੀ।ਆਪ ਦੀ ਗੁਰੂ ਪ੍ਰਤੀ ਸੱਚੀ ਨਿਸ਼ਠਾ ਨਾਲ ਜੁੜੀਆਂ ਅਨੇਕ ਮਿਸਾਲਾਂ ਹਨ..ਆਪ ਹਰ ਕੰਮ ਬੜੀ ਸ਼ਰਧਾ ਤੇ ਪਿਆਰ ਨਾਲ ਕਰਦੇ ਤੇ ਹਮੇਸ਼ਾਂ ਅਗਲੇ ਹੁਕਮ ਲਈ ਤਿਆਰ ਬਰ ਤਿਆਰ ਰਹਿੰਦੇ ।ਕਹਿੰਦੇ ਹਨ ਕਿ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੇ ਉਨਾ ਨੂੰ ਆਪਣਾ ਪਰਿਵਾਰ ਅਤੇ ਕੰਮ ਕਾਜ ਦੇਖਣ ਨੂੰ ਖਡੂਰ ਸਾਹਿਬ ਭੇਜ ਦਿਤਾ ਪਰ ਉਥੇ ਆਪ ਦਾ ਚਿੱਤ ਨਹੀਂ ਲਗਾ,ਆਪਣੇ ਪਰਿਵਾਰ ਨੂੰ ਘਰ-ਬਾਰ ਦੀ ਜ਼ਿਮੇਦਾਰੀ ਸੋਂਪ ਕੇ ਮੁੜ ਵਾਪਸ ਜਦੋਂ ਕਰਤਾਰ ਪੁਰ ਪੁੱਜੇ ਤਾਂ ਗੁਰੂ ਨਾਨਕ ਸਾਹਿਬ ਖੇਤਾ ਵਿਚ ਕੰਮ ਕਰ ਰਹੇ ਸਨ,ਜਾਕੇ ਮਥਾ ਟੇਕਿਆ ਤੇ ਕੰਮ ਵਿਚ ਹਥ ਵਟਾਉਣ ਲਗ ਪਏ1 ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ1 ਇਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿਤੀ ਤੇ ਦੂਸਰੀ ਆਪ ਚੁਕ ਲਈ1 ਭਾਈ ਲਹਿਣਾ ਜੀ ਦੇ ਰੇਸ਼ਮੀ ਕਪੜੇ ਸਾਰੇ ਚਿੱਕੜ ਨਾਲ ਭਰ ਗਏ, ਮਾਤਾ ਸੁਲਖਣੀ ਨੇ ਦੇਖਿਆ ਤਾਂ ਕਿਹਾ , ” ਆਪ ਤਾਂ ਤੁਸੀਂ ਚੁੱਕੀ ਪਰ ਇਹਨਾਂ ਨੂੰ ਚਿੱਕੜ ਨਾਲ ਭਰੀ ਪੰਡ ਕਿਓਂ ਚੁਕਵਾ ਦਿਤੀ।ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ “ਸੁਲੱਖਣੀ! ਇਨਾਂ ਦੇ ਸਿਰ ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨਿਆ ਦਾ ਛਤਰ ਹੈ , ਇਹ ਚਿੱਕੜ ਨਹੀਂ ਕੇਸਰ ਦੇ ਛਿੱਟੇ ਹਨ ! ਪਰਮਾਤਮਾ ਨੇ ਆਪ ਇਨਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ ।”

4.ਭਾਈ ਲਹਿਣਾ ਤੋਂ ਅੰਗਦ ਦੇਵ ਹੋ ਜਾਣਾ :-
ਉਨਾ ਨੇ ਤਕਰੀਬਨ ਸੱਤ ਵਰੇ ਗੁਰੂ ਸਾਹਿਬ ਦੀ ਬੜੇ ਪ੍ਰੇਮ ਤੇ ਸਿਦਕ ਨਾਲ ਅਣਥੱਕ ਸੇਵਾ ਕੀਤੀ, ਸਾਰਾ ਦਿਨ ਸੰਗਤਾਂ ਦੀ ਸੇਵਾ , ਖੇਤੀ ਬਾੜੀ ਦਾ ਕੰਮ ਕਰਦੇ ਤੇ ਗੁਰੂ ਸਾਹਿਬ ਦੇ ਹਰ ਅਗਲੇ ਹੁਕਮ ਦੀ ਬਿਨਾ ਕਿਸੇ ਕਿੰਤੂ ਪਰੰਤੂ ਤੋਂ, ਤਿਆਰ-ਬਰ ਤਿਆਰ ਰਹਿੰਦੇ!ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕਰਦੇ ਕਰਦੇ ਗੁਰੂ ਵਿਚ ਅਭੇਦ ਹੋ ਗਏ ਤੇ ਗੁਰੂ ਦਾ ਹੀ ਅੰਗ ਬਣ ਗਏ।ਆਪ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਪਾਕੇ ,ਸੇਵਾ,ਸਿਮਰਨ ,ਤਿਆਗ ,ਧੀਰਜ ਤੇ ਜ਼ਿੰਮੇਦਾਰੀ ਸੰਭਾਲਣ ਦੇ ਸਾਰੇ ਸਬੂਤ ਦਿਤੇ।ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਪ੍ਰਤਿਭਾ ਤੇ ਉਨਾ ਦੇ ਅੰਦਰ ਜਗਦੀ ਜੋਤ ਨੂੰ ਪਹਿਚਾਣਿਆ1ਸਹਿਜ ਸੁਭਾਅ ਉਨਾ ਦੀਆ ਪ੍ਰੀਖਿਆਵਾਂ ਵੀ ਲਈਆਂ ਜਿਨਾ ਵਿੱਚੋਂ ਓਹ ਪਾਸ ਹੋਏ ।ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਉਸ ਵਕਤ ਗੁਰਗੱਦੀ ਸੌਂਪ ਦਿੱਤੀ ਤੇ ਕਿਹਾ ਤੁਸੀਂ ਗੁਰੂ ਦੀ ਰਜ਼ਾ ‘ਚ ਰਹਿਣਾ ਤੇ ਹੁਕਮ ਮੰਨਣਾ,ਦੁਨੀਆਂ ਯਾਦ ਰੱਖੇਗੀ ਤੇ ਅੱਜ ਤੋਂ ਤੁਸੀਂ ਗੁਰਗੱਦੀ ਤੇ ਬੈਠੋਗੇ ,ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਉਹਨਾਂ ਦਾ ਨਾਮ ਭਾਈ ਲਹਿਣਾ ਤੋਂ ਗੂਰੂ ਅੰਗਦ ਦੇਵ ਜੀ ਰੱਖਿਆ।

5.ਗੁਰੂ ਨਾਨਕ ਦੇਵ ਜੀ ਸਿਧਾਂਤ ਦਾ ਪ੍ਰਸਾਰ ਕਰਨਾ :-
ਗੁਰੂ ਨਾਨਕ ਦੇਵ ਜੀ ਤੋ ਬਿਨਾ ਕੁਝ ਮਹੀਨੇ ਵੈਰਾਗ ਵਿਚ ਲੰਘੇ।ਵਿਛੋੜੇ ਦੀ ਕਸਕ ਅਤਿ ਤਿੱਖੀ ਸੀ। ਇਕ ਭੋਰਾ ਵੀ ਨਾ ਵਿਛੜਨ ਵਾਲਾ ਸੇਵਕ ਵੈਰਾਗ ਵਿਚ ਬਿਹਬਲ ਹੋ ਉਠਿਆ ।

“ਜਿਸੁ ਪਿਆਰੇ ਸਿਓ ਨੇਹੁ ਤਿਸੁ ਆਗੈ ਮਰਿ ਚਲੀਐ
ਧ੍ਰਿਗ ਜੀਵਣੁ ਸੰਸਾਰੁ ਤਾ ਕੈ ਪਾਛੇ ਜੀਵਣਾ

ਕਈ ਮਹੀਨੇ ਗੁਰੂ ਅੰਗਦ ਦੇਵ ਜੀ ਆਪਣੇ ਪ੍ਰੀਤਮ, ਗੁਰੂ ਨਾਨਕ ਸਾਹਿਬ ਦੇ ਵਿਛੋੜੇ ਵਿਚ ਇਕਾਂਤ ਵਾਸ ਵਿਚ ਰਹੇ ਅਖੀਰ ਸੰਗਤਾਂ ਨੇ ਉਨਾ ਭਾਲ ਲਿਆ ਤੇ ਆਤਮਿਕ ਅਗਵਾਈ ਲਈ ਬੇਨਤੀ ਕੀਤੀ। ਮੁੜ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਦੇ ਖੁਲੇ ਦਰਸ਼ਨ ਦੀਦਾਰੇ ਦੇਣੇ ਸ਼ੁਰੂ ਕਰ ਦਿਤੇ ।ਗੁਰੂ ਜੀ ਸਵਾ ਪਹਿਰ ਜਾਗਦੇ , ਇਸ਼ਨਾਨ ਤੋ ਉਪਰੰਤ ਸਮਾਧੀ ਵਿਚ ਲੀਨ ਹੋ ਜਾਂਦੇ ।ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਤੇ ਗੁਰਬਾਣੀ ਦਾ ਉਪਦੇਸ਼ ਦੇਕੇ ਸੰਗਤਾ ਨੂੰ ਨਿਹਾਲ ਕਰਦੇ। ਕਿਰਤ ਕਰਨਾ, ਵੰਡ ਕੇ ਛਕਣਾ ਤੇ ਸਿਮਰਨ ਕਰਨਾ, ਗੁਰੂ ਨਾਨਕ ਸਾਹਿਬ ਦੇ ਮੁਢਲੇ ਅਸੂਲ ਜਿਨਾਂ ਤੇ ਸਿੱਖੀ ਦੀ ਨੀਹ ਟਿਕੀ ਸੀ , ਤੇ ਜ਼ੋਰ ਦਿੱਤਾ। ਸੰਗਤ ਤੇ ਪੰਗਤ ਦੀ ਲਹਿਰ ਨੂੰ ਮਜਬੂਤ ਕੀਤਾ।ਉਹਨਾ ਦੀ ਸਭ ਤੋ ਵਡੀ ਜ਼ਿੰਮੇਵਾਰੀ ਸੀ ਨਵੇਂ ਜੰਮੇ ਸਿੱਖੀ ਦੇ ਬੂਟੇ ਨੂੰ ,ਜਿਸਦਾ ਬੀਜ ਗੁਰੂ ਨਾਨਕ ਸਾਹਿਬ ਬੀਜ ਗਏ ਸੀ ਉਸਨੂੰ ਸੰਭਾਲਣਾ,ਸੰਨਆਸੀਆਂ ,ਜੋਗੀਆਂ ਬ੍ਰਾਹਮਣਾ ਤੇ ਸਮੇਂ ਦੇ ਹੁਕਮਰਾਨਾ ਤੋਂ ਇਸ ਨੂੰ ਬਚਾਉਣਾ।

6.ਗੁਰਮੁਖੀ ਲਿੱਪੀ ਦਾ ਵਿਸਤਾਰ :
ਉਹਨਾ ਨੇ ਗੁਰਮੁਖੀ ਪੜਨ , ਪੜਾਉਣ ਤੇ ਲਿਖਣ ਤੇ ਬਹੁਤ ਜ਼ੋਰ ਦਿਤਾ ।ਖਡੂਰ ਸਾਹਿਬ ਵਿਚ ਪੰਜਾਬੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ।ਗੁਰਮੁਖੀ ਲਿਪੀ ਨੂੰ ਯੋਜਨਾ ਬੱਧ ਕੀਤਾ ,ਪੈਂਤੀ ਅੱਖਰ ਪੜਾਉਣ ਲਈ ਬਾਲ ਬੋਥ ਤਿਆਰ ਕਰਵਾਏ ।ਗੁਰਮੁਖੀ ਨੂੰ ਆਪਣੇ ਪ੍ਰਚਾਰ ਦਾ ਸਾਧਨ ਬਣਾਇਆ ।ਗੁਰਬਾਣੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਦੀ ਪ੍ਰਥਾ ਆਰੰਭ ਕੀਤੀ , ਸਿੱਖਾਂ ਨੂੰ ਗੁਰਮੁਖੀ ਸਿਖਣ- ਸਿਖਾਉਣ , ਪੜਨ ਤੇ ਜ਼ੋਰ ਦੇਕੇ ਪੰਜਾਬੀ ਬੋਲੀ ਤੇ ਲਿਪੀ ਦੀ ਸੇਵਾ ਕੀਤੀ।ਜੋ ਬਜ਼ੁਰਗ ਮਾਈ ਭਾਈ ਸੰਗਤ ਵਿਚ ਆਓਂਦਾ ਆਪ ਉਨਾ ਕੋਲੋਂ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਸੁਣਦੇ ਤੇ ਗੁਰੂ ਸਹਿਬ ਦੇ ਜੀਵਨ ਬਾਰੇ ਚਰਚਾ ਸੁਣਦੇ ।ਇਸ ਲੰਬੀ ਚਰਚਾ ਦੇ ਸਿਲਸਲੇ ਉਪਰੰਤ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਭਾਈ ਪੈੜੇ ਮੋਖੇ ਕੋਲੋਂ ਲਿਖਵਾਂਦੇ ਤੇ ਸਿਖ ਸੰਗਤਾ ਵਿਚ ਪ੍ਰਚਲਿਤ ਕਰਦੇ ।ਭਾਈ ਬਾਲੇ ਨੂੰ ਮਿਲਕੇ ਉਨਾ ਨੇ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਤੋਂ ਤਰਾਂ ਤਰਾਂ ਦੇ ਤਜ਼ਰਬੇ ਕਰਕੇ ਉਨਾਂ ਦੇ ਪ੍ਰਚਾਰ ਤੇ ਪ੍ਰਸਾਰ ਦੇ ਢੰਗ ਸਿੱਖੇ ਤੇ ਇਸ ਨੂੰ ਲਿਖਤੀ ਰੂਪ ਵਿਚ ਲਿਆਂਦਾ ਜਿਸ ਨਾਲ ਗੁਰੂ ਨਾਨਕ ਸਾਹਿਬ ਦੀ ਦੁਨਿਆ ਦੇ ਇਤਿਹਾਸ ਵਿਚ ਪਹਿਲੀ ਬਿੋਗਰੳਪਹੇ ਹੋਂਦ ਵਿਚ ਆਈ, ਤੇ ਇਤਿਹਾਸ ਲਿਖਣ ਦੀ ਪਰੰਪਰਾ ਸ਼ੁਰੂ ਹੋਈ।

7.ਲੰਗਰ ਪ੍ਰਥਾ ਨੂੰ ਚਾਲੂ ਰੱਖਣਾ :-
ਲੰਗਰ ਦੀ ਪ੍ਰਥਾ ਜੋ ਗੁਰੂ ਨਾਨਕ ਸਾਹਿਬ ਨੇ ਸ਼ੂਰੂ ਕੀਤੀ ਸੀ ਮੁੜ ਕੇ ਚਾਲੂ ਹੋ ਗਈ। ਮਾਤਾ ਖੀਵੀ ਨੂੰ ਲੰਗਰ ਦੀ ਸੇਵਾ ਸੰਭਾਲ ਦੀ ਜ਼ਿੰਮੇਦਾਰੀ ਦੇ ਦਿੱਤੀ..ਜਿਸ ਨਾਲ ਇਸਤਰੀ ਜਾਤੀ ਦਾ ਮਾਨ ਸਤਿਕਾਰ ਵਧਿਆ ।ਮਾਤਾ ਖੀਵੀ ਦਾ ਸਭ ਨਾਲ ਇਕੋ ਜਿਹਾ ਵਰਤਾਰਾ, ਮਿੱਠਾ ਬੋਲਣਾ , ਗਰੀਬ ਲੋੜਵੰਦਾ ਦੀ ਸਹਾਇਤਾ ਕਰਣ ਨਾਲ ਆਮ ਜਨਤਾ ਤੇ ਸਿੱਖੀ ਦਾ ਰਿਸ਼ਤਾ ਬਹੁਤ ਮਜਬੂਤ ਹੋ ਗਿਆ। ਮਾਤਾ ਖੀਵੀ ਜਦ ਕਿਸੇ ਬਹੁਤ ਗਰੀਬ ਜਾ ਲੋੜਵੰਦ ਨੂੰ ਲੰਗਰ ਵਿਚ ਬੈਠੇ ਦੇਖਦੇ ਤਾਂ ਚੁੱਪ ਚਾਪ ਉਨਾਂ ਦੀ ਜੇਬ ਵਿਚ ਪੈਸੇ ਪਾ ਦਿੰਦੇ ।ਗਰੀਬ ਗੁਰਬੇ ਤੇ ਜਵਾਨਾਂ ਦੇ ਸਿਹਤ ਦਾ ਖ਼ਿਆਲ ਕਰਕੇ ਲੰਗਰ ਵਿਚ ਦੁੱਧ ਖਿਓ ਤੇ ਖੀਰ ਦੀ ਵੀ ਵਰਤੋਂ ਹੋਣ ਲਗ ਪਈ, ਸੱਤਾ ਤੇ ਬਲਵੰਡ ਆਪਣੀਆਂ ਵਾਰਾਂ ਵਿਚ ਇਸ ਗੱਲ ਦੀ ਗਵਾਹੀ ਭਰਦੇ ਹਨ।

8.ਗੋਇੰਦਵਾਲ ਸਾਹਿਬ ਵਸਾਉਣਾ :-
ਨਗਰ ਯੋਜਨਾਬੰਦੀ ਅਤੇ ਨਗਰ ਉਸਾਰੀ ਵਿਚ ਵੀ ਦੂਜੇ ਗੁਰੂ ਜੀ ਦਾ ਅਹਿਮ ਯੋਗਦਾਨ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਸਾਇਆ, ਉਵੇਂ ਹੀ ਦੂਜੇ ਗੁਰੂ ਸਾਹਿਬ ਨੇ ਖਡੂਰ ਸਾਹਿਬ ਵਸਾਇਆ ਅਤੇ ਖਡੂਰ ਸਾਹਿਬ ਰਹਿੰਦਿਆਂ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਥਾਂ ਥਾਂ ਤੇ ਗਏ, ਸਿੱਖ ਕੇਂਦਰ ਖੋਲੇ , ਤੀਰਥ ਯਾਤਰਾਵਾਂ ਵੀ ਕੀਤੀਆਂ, ਲੋਕਾਂ ਦੇ ਵਹਿਮ ਭਰਮਾ ਤੇ ਕਰਮ ਕਾਂਡਾ ਦੇ ਜਾਲ ਨੂੰ ਤੋੜਨ ਲਈ ਤੇ ਸਿਖੀ ਨੂੰ ਮਜਬੂਤ ਕਰਨ ਲਈ ਗੋਇੰਦਵਾਲ ਸਾਹਿਬ ਵਸਾਇਆ ।ਗੁਰੂ ਅੰਗਦ ਦੇਵ ਜੀ ਦੀ ਦੇਣ ਦੀ ਉਪਮਾ ਮੱਧਕਾਲ ਦੇ ਤਕਰੀਬਨ ਸਾਰੇ ਸਿੱਖ ਸਾਹਿਤ ਵਿਚ ਮਿਲਦੀ ਹੈ।

9.ਗੁਰੂ ਅੰਗਦ ਦੇਵ ਜੀ ਦੀ ਬਾਣੀ :-
ਗੁਰੂ ਅੰਗਦ ਦੇਵ ਜੀ ਦੀ ਬਾਣੀ ਗੁਰਮਤਿ ਅਨੁਸਾਰੀ ਹੈ ਜਿਸ ਕਰਕੇ ਸਾਰੀ ਵਿਚਾਰਧਾਰਾ ਜਾਂ ਸੰਕਲਪ ਗੁਰਮਤਿ ਦਰਸ਼ਨ ਵਾਲੇ ਹੀ ਹਨ ਜਿਵੇਂ ਇਕ ਈਸ਼ਵਰਵਾਦ, ਹਉਮੈ ਦਾ ਤਿਆਗ, ਗੁਰੂ ਦਾ ਮਹੱਤਵ, ਸੇਵਾ, ਨਾਮ, ਸਿਮਰਨ ਅਤੇ ਸੰਤੁਲਿਤ ਜੀਵਨ ਜਾਚ ਆਦਿ। ਜਿਵੇਂ ਗੁਰਬਾਣੀ ਵਿਚ ਕਈ ਪੁਰਾਣੇ ਵਿਚਾਰਾਂ ਜਾਂ ਸੰਕਲਪਾਂ ਨੂੰ ਨਵੇਂ ਸਿਰਿਉਂ ਪ੍ਰਭਾਸ਼ਿਤ ਕੀਤਾ ਗਿਆ ਹੈ ,ਸਮਾਜਿਕ ਜੀਵਨ ਵਿਚਲੇ ਦੋਗਲੇ ਵਰਤਾਰੇ ਉਪਰ ਵਿਅੰਗ ਕਰਦਿਆਂ ਗੁਰੂ ਜੀ ਦੱਸਦੇ ਹਨ ਕਿ ਸਭ ਕੁਝ ਮਰਯਾਦਾਵਾਂ ਜਾਂ ਸੰਸਕਾਰਾਂ ਦੇ ਉਲਟ ਹੋ ਰਿਹਾ ਹੈ।

“ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ

ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿਚ ਚਾਹੇ ਵਿਲਖਣਤਾ ਹੈ ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਮਿਟ ਪ੍ਰਭਾਵ ਸਾਫ਼ ਨਜਰ ਆਓਂਦਾ ਹੈ।ਪ੍ਰਸਿੱਧ ਸਲੋਕ ”ਪਵਣੁ ਗੁਰੂ ਪਾਣੀ ਪਿਤਾ” ਗੁਰੂ ਅੰਗਦ ਦੇਵ ਜੀ ਦਾ ਹੈ, ਪਰ ਜਪੁਜੀ ਸਾਹਿਬ ਦੇ ਅੰਤ ਵਿਚ ਦਰਜ ਹੋਣ ਕਰਕੇ ਬਹੁਤੀ ਵਾਰ ਇਸ ਸਲੋਕ ਨੂੰ ਵੀ ਗੁਰੂ ਨਾਨਕ ਦੇਵ ਜੀ ਰਚਿਤ ਹੀ ਸਮਝ ਲਿਆ ਜਾਂਦਾ ਹੈ। ਇਸੇ ਤਰਾਂ ਮ੍ਰਿਤਕ ਪ੍ਰਾਣੀ ਨਮਿਤ ਅੰਤਿਮ ਅਰਦਾਸ ਸਮੇਂ ਜਿਹੜਾ ਸਲੋਕ ਦਰਗਾਹੀ ਫੁਰਮਾਨ ਵਜੋਂ ਉਚਾਰਿਆ ਜਾਂਦਾ ਹੈ, ਉਹ ਵੀ ਗੁਰੂ ਅੰਗਦ ਦੇਵ ਜੀ ਰਚਿਤ ਹੈ। ਸਲੋਕ ਇਹ ਹੈ:

“ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ

ਗੁਰੂ ਅੰਗਦ ਦੇਵ ਜੀ ਰਚਿਤ ਸਲੋਕਾਂ ਦੀਆਂ ਤੁਕਾਂ ਸਿੱਖ ਸਮਾਜ ਵਿਚ ਆਮ ਵਰਤੀਆਂ ਜਾ ਰਹੀਆਂ ਹਨ। ਅਟੱਲ ਸੱਚਾਈਆਂ ਵੱਲ ਸੇਧਿਤ ਕੁਝ ਤੁਕਾਂ ਇਹ ਹਨ:

* ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ
* ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ
* ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ

ਭਾਸ਼ਾ ਦੇ ਪੱਖ ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਇਸ ਗੱਲੋਂ ਵਿਸ਼ੇਸ਼ ਹੈ ਕਿ ਇਹ ਮਾਝੀ ਵਿਚ ਲਿਖੀ ਗਈ ਹੈ। ਉਂਝ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਮਾਝੀ ਦੇ ਅੰਸ਼ ਮਿਲਦੇ ਹਨ, ਪਰ ਇਸ ਬਾਣੀ ਦਾ ਤਾਂ ਪਿੰਡਾ ਹੀ ਮਾਝੀ ਹੈ। ਇਉਂ ਗੁਰੂ ਅੰਗਦ ਦੇਵ ਜੀ ਮਾਝੀ ਉਪ-ਭਾਸ਼ਾ ਦੇ ਪਹਿਲੇ ਪ੍ਰਮਾਣਿਕ ਕਵੀ ਮੰਨੇ ਜਾ ਸਕਦੇ ਹਨ।ਗੁਰੂ ਸਹਿਬ ਨੇ 63 ਸਲੋਕ ਰਚੇ ਜੋ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇ ਵੱਖ ਵੱਖ ਵਾਰਾਂ ਵਿਚ ਨਗੀਨਿਆਂ ਵਾਂਗੂ ਜੜ ਦਿਤੇ ਅਤੇ ਪੋੜੀਆਂ ਨਾਲ ਸ਼ਿੰਗਾਰੇ। 15 ਸਲੋਕ ਆਸਾ ਦੀ ਵਾਰ , ਬਾਰਾਂ ਵਾਰ ਮਾਝ , 11 ਵਾਰ ਸੂਹੀ , 9 ਵਾਰ ਸਾਰੰਗ ਤੇ 16 ਹੋਰ ਰਾਗਾਂ ਵਿਚ ਦਰਜ ਹਨ , ਜੋ ਆਪਜੀ ਦੀ ਰਚੀ ਬਾਣੀ ਦਾ ਨਿਚੋੜ ਹੈ ।ਚਾਰ ਲਾਵਾਂ ਤੇ ਸ਼ਬਦ ਦੇ ਆਸ ਪਾਸ ਫੇਰੇ , ਜਨਮ , ਮਰਨ ਵੇਲੇ ਗੁਰਬਾਣੀ ਦਾ ਪਾਠ, ਖੁਸ਼ੀ ਗਮੀ ਦੇ ਸਾਰੇ ਕਾਰਜ ਗੁਰੁਦਵਾਰੇ ਕਰਨ ਦੀ ਪ੍ਰਥਾ ਨੇ ਸਿਖੀ ਨੂੰ ਆਪਣੀ ਅਲਗ ਪਹਿਚਾਨ ਦਿਤੀ।

10.ਜੋਤਿ ਜੋਤ ਸਮਾਉਣਾ :-
ਸੇਵਾ,ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ‘ਚ ਰਹਿਣ ਦਾ ਸੰਦੇਸ਼ ਦਿੱਤਾ।ਉਹਨਾਂ ਦੀ ਯਾਦ ਵਿੱਚ ਅੱਜ-ਕੱਲ ਗੁਰਦੁਆਰਾ ਸ੍ਰੀ ਖਡੂਰ ਸਾਹਿਬ ਸਥਾਪਿਤ ਹੈ
ਗੁਰੂ ਅੰਗਦ ਦੇਵ ਜੀ ਨੇ ਵੀ ਜੋਤੀ ਜੋਤ ਸਮਾਉਣ ਤੋ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਭਗਤਾਂ ਦੀ ਬਾਣੀ ਤੇ ਆਪਣੀ ਰਚੀ ਬਾਣੀ , ਗੁਰੂ ਨਾਨਕ ਸਾਹਿਬ ਤੇ ਗੁਰੂ ਘਰ ਸੰਬੰਧੀ ਜੋ ਜੋ ਸਮਾਚਾਰ ਇਕਠੇ ਕੀਤੇ , ਉਸਨੂੰ ਲਿਖਤੀ ਰੂਪ ਵਿਚ ਗੁਰੂ ਅਮਰ ਦਾਸ ਜੀ ਦੇ ਹਵਾਲੇ ਕੀਤੇ ਤੇ ਬਾਣੀ ਤੇ ਸਾਖੀਆਂ ਸੰਭਾਲਣ ਦੀ ਰਵਾਇਤ ਸ਼ੁਰੂ ਕੀਤੀ 1ਗੁਰੂ ਸਾਹਿਬ ਦੀ ਆਪਣੀ ਬਾਣੀ ਵਿਚ ਵੀ ਇਤਨੀ ਤਾਕਤ ਸੀ ਕੀ ਜਦੋਂ ਗੁਰੂ ਅਮਰਦਾਸ ਨੇ ਬੀਬੀ ਅਮਰੋ ਦੇ ਮੂੰਹ ਤੋਂ ਬਾਣੀ ਸੁਣੀ ਤਾਂ ਅਜਿਹਾ ਅਸਰ ਹੋਇਆ ਕੀ ਉਹ ਗੁਰੂ ਜੋਗੇ ਹੀ ਰਹਿ ਗਏ।ਬਾਰਾਂ ਸਾਲ ਉਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਅਣਥੱਕ ,ਤਨ-ਮਨ ਨਾਲ ਸੇਵਾ ਕੀਤੀ ,ਜਿਸ ਨਾਲ ਓਹ ਸਿਖੀ ਜੀਵਨ ਵਿੱਚ ਪ੍ਰਪੱਕ ਹੋ ਗਏ।ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦਾ ਵਾਰਸ ਥਾਪਣ ਵੇਲੇ ਗੁਰੂ ਨਾਨਕ ਸਾਹਿਬ ਦੀ ਤਰਾਂ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਕੜੀ ਪਰੀਕਸ਼ਾ ਵਿਚੋਂ ਲੰਘਾਇਆ ।ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰਸ ਸਮਝਕੇ 29 ਮਾਰਚ 1552 ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਅ ਗਏ।

ਰਾਵੀ ਕਿਰਨ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: