ਸਿੱਖਸ ਆਫ ਅਮਰੀਕਾ ਦੇ ਡੈਲੀਗੇਟ ਦੀ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨਾਲ ਅਹਿਮ ਮੀਟਿੰਗ

ਸਿੱਖਸ ਆਫ ਅਮਰੀਕਾ ਦੇ ਡੈਲੀਗੇਟ ਦੀ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨਾਲ ਅਹਿਮ ਮੀਟਿੰਗ

ਵਾਸ਼ਿੰਗਟਨ ਡੀ. ਸੀ. 13 ਮੲੀ (ਰਾਜ ਗੋਗਨਾ)— ਸਿੱਖਸ ਆਫ ਅਮਰੀਕਾ ਦਾ ਇੱਕ ਡੈਲੀਗੇਟ ਜਸਦੀਪ ਸਿੰਘ ਜੱਸੀ ਚੇਅਰਮੈਨ ਦੀ ਅਗਵਾਈ ਵਿੱਚ ਅਮਰੀਕਾ ਸਥਿਤ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲਿਆ। ਸਭ ਤੋਂ ਪਹਿਲਾਂ ਡੈਲੀਗੇਟ ਵਿੱਚ ਸ਼ਾਮਲ ਸਖਸ਼ੀਅਤਾਂ ਦੀ ਜਾਣ-ਪਹਿਚਾਣ ਕਰਵਾਈ ਗਈ, ਉਪਰੰਤ ਸਿੱਖਸ ਆਫ ਅਮਰੀਕਾ ਸੰਸਥਾ ਦੀਆਂ ਗਤੀਵਿਧੀਆਂ ਤੋਂ ਅੰਬੈਸਡਰ ਨੂੰ ਜਾਣੂ ਕਰਵਾਇਆ ਗਿਆ।ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਮਰੀਕਾ ਦੀ ਇੱਕੋ ਇਕ ਸੰਸਥਾ ਹੈ ਜੋ ਕਮਿਊਨਿਟੀ ਦੀਆਂ ਮੁਸ਼ਕਲਾਂ ਭਾਰਤ ਅਤੇ ਅਮਰੀਕਾ ਦੀ ਸਰਕਾਰ ਨੂੰ ਸਮੇਂ ਸਮੇਂ ਦੱਸ ਕੇ ਹੱਲ ਕਰਵਾਉਂਦੀ ਹੈ। ਜਿੱਥੇ ਇਹ ਸੰਸਥਾ ਅਮਰੀਕਾ ਦੇ ਅਜ਼ਾਦੀ ਦਿਵਸ ਚਾਰ ਜੁਲਾਈ ਨੂੰ ਬਿਸ਼ਾਲ ਸਿੱਖ ਪਹਿਚਾਣ ਨੂੰ ਉਭਾਰਦੀ ਹੈ, ਉੱਥੇ ਭਾਰਤੀ ਸੰਸਕ੍ਰਿਤੀ ਅਤੇ ਵਿਰਸੇ ਤੋਂ ਦੋ ਮਿਲੀਅਨ ਅਮਰੀਕਨਾ ਨੂੰ ਜਾਣੂ ਵੀ ਕਰਵਾਉਂਦੀ ਹੈ। ਉਨ੍ਹਾਂ ਕਿਹਾ ਇਹ ਸੰਸਥਾ ਰਾਜਨੀਤਕ ਅਤੇ ਧਾਰਮਿਕ ਰਹੁਰੀਤਾਂ ਤੋਂ ਉੱਪਰ ਉੱਠ ਕੇ ਕਮਿਊਨਿਟੀ ਦੀ ਮਦਦਗਾਰ ਹੈ।
ਨਵਤੇਜ ਸਿੰਘ ਸਰਨਾ ਨੇ ਕਿਹਾ ਕਿ ਮੈਨੂੰ ਬਹੁਤ ਚੰਗਾ ਲੱਗਾ ਕਿ ਸਿੱਖਾਂ ਦੀ ਅਜਿਹੀ ਸੰਸਥਾ ਭਾਰਤੀਆਂ ਦੇ ਮਸਲਿਆਂ ਤੇ ਪਹਿਰਾ ਦੇ ਰਹੀ ਹੈ, ਉਨ੍ਹਾਂ ਕਿਹਾ ਕਿ ਆਪਣੀ ਸੰਸਕ੍ਰਿਤੀ, ਵਿਰਸੇ ਅਤੇ ਪਹਿਚਾਣ ਨੂੰ ਮਜ਼ਬੂਤ ਕਰੋ ਤਾਂ ਜੋ ਵਿਦੇਸ਼ੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਂਝੇ ਕੰਮਾਂ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਅਮਰੀਕਾ ਦੀ ਰਾਜਨੀਤੀ ਵਿੱਚ ਵੀ ਪ੍ਰਵੇਸ਼ ਕਰਵਾਉ ਤਾਂ ਜੋ ਸਾਡੀ ਕਮਿਊਨਿਟੀ ਦਾ ਨਾਮ ਸੰਸਾਰ ਪੱਧਰ ਤੇ ਹੋਰ ਚਮਕ ਸਕੇ। ਉਨ੍ਹਾਂ ਕਿਹਾ ਮੈਂ ਸਿੱਖਸ ਆਫ ਅਮਰੀਕਾ ਨੂੰ ਪੂਰਨ ਸਹਿਯੋਗ ਦੇਵਾਂਗਾ ਜੋ ਕਮਿਊਨਿਟੀ ਲਈ ਪ੍ਰੇਰਨਾ ਸ੍ਰੋਤ ਸੰਸਥਾ ਬਣ ਕੇ ਉੱਭਰ ਰਹੀ ਹੈ। 
ਆਸ ਹੈ ਕਿ ਉਹ ਸਿੱਖਸ ਆਫ ਅਮਰੀਕਾ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਕਮਿਊਨਿਟੀ ਨੂੰ ਹੋਰ ਨੇੜਤਾ ਦਿਖਾਉਣਗੇ। ਅੱਜ ਦੀ ਮੀਟਿੰਗ ਵਿੱਚ ਕੰਵਲਜੀਤ ਸਿੰਘ ਸੋਨੀ ਪ੍ਰਧਾਨ ਸਿੱਖਸ ਆਫ ਅਮਰੀਕਾ, ਡਾ. ਅਡੱਪਾ ਪ੍ਰਸ਼ਾਦ ਉੱਪ ਪ੍ਰਧਾਨ ਫਰੈਂਡਜ਼ ਆਫ ਓਵਰਸੀਜ਼ ਭਾਰਤੀ ਜਨਤਾ ਪਾਰਟੀ ਅਮਰੀਕਾ, ਚਤਰ ਸਿੰਘ ਸੈਣੀ ਡਾਇਰੈਕਟਰ ਸਿੱਖਸ ਆਫ ਅਮਰੀਕਾ, ਡਾ. ਸੁਰਿੰਦਰ ਸਿੰਘ ਗਿੱਲ ਪ੍ਰੋਗਰਾਮ ਕੁਆਰਡੀਨੇਟਰ ਸਿੱਖਸ ਆਫ ਅਮਰੀਕਾ ਅਤੇ ਸੁਰਿੰਦਰ ਸਿੰਘ ਇੰਜੀਨੀਅਰ ਡਾਇਰੈਕਟਰ ਸਿੱਖਸ ਆਫ ਅਮਰੀਕਾ ਇਸ ਵਿਸ਼ੇਸ਼ ਮੀਟਿੰਗ ਵਿੱਚ ਸ਼ਾਮਲ ਹੋਏ।
 ਡਾ. ਅਡੱਪਾ ਪ੍ਰਸ਼ਾਦ ਨੇ ਦੱਸਿਆ ਕਿ ਸਿੱਖਸ ਆਫ ਅਮਰੀਕਾ ਦੀ ਸਮੁੱਚੀ ਟੀਮ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਈ ਵਾਰ ਮਿਲ ਚੁੱਕੀ ਹੈ ਅਤੇ ਕਈ ਕੰਮਾਂ ਨੂੰ ਇਹ ਅਮਲੀ ਜਾਮਾ ਪਹਿਨਾ ਚੁੱਕੇ ਹਨ। ਇਨ੍ਹਾਂ ਦੀ ਅਗਲੀ ਕੋਸ਼ਿਸ਼ ਹੈ ਕਿ ਉਹ ਜਗਦੀਸ਼ ਟਾਈਟਲਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ।ਜਿਸ ਲਈ ਇਹ ਰਾਜਨਾਥ ਹੋਮ ਮਨਿਸਟਰ ਭਾਰਤ ਸਰਕਾਰ ਨੂੰ ਵੀ ਮਿਲ ਚੁੱਕੀ ਹਨ।
 ਭਾਰਤੀ ਅੰਬੈਸੀ ਬਹੁਤ ਚੰਗਾ ਕੰਮ ਕਰ ਰਹੀ ਹੈ ਜਿਸ ਨੂੰ ਯੋਗ ਅਗਵਾਈ ਨਵਤੇਜ ਸਿੰਘ ਸਰਨਾ ਅੰਬੈਸਡਰ ਦੇ ਰਹੇ ਹਨ। ਇਸ ਕਰਕੇ ਇੰਡੋ-ਅਮਰੀਕਾ ਦੇ ਰਿਸ਼ਤਿਆਂ ਵਿੱਚ ਮਜ਼ਬੂਤੀ ਵੀ ਆਈ ਹੈ। ਅਖੀਰ ਵਿੱਚ ਸੋਨੀ ਸਾਹਿਬ ਵਲੋਂ ਨਵਤੇਜ ਸਿੰਘ ਸਰਨਾ ਅੰਬੈਸਡਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿੱਖਸ ਆਫ ਅਮਰੀਕਾ ਦੀ ਟੀਮ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸੰਸਥਾ ਦੀਆਂ ਕਾਰਗੁਜ਼ਾਰੀਆਂ ਤੋਂ ਵਾਕਫੀ ਹਾਸਲ ਕੀਤੀ ਅਤੇ ਭਵਿੱਖ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: