Thu. Aug 22nd, 2019

ਸਿੰਚਾਈ ਘੁਟਾਲਾ: ਮੋਹਾਲੀ ਅਦਾਲਤ ਨੇ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਦੀਆਂ 34 ਜਾਇਦਾਦਾਂ ਕੀਤੀਆਂ ਅਟੈਚ

ਸਿੰਚਾਈ ਘੁਟਾਲਾ: ਮੋਹਾਲੀ ਅਦਾਲਤ ਨੇ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਦੀਆਂ 34 ਜਾਇਦਾਦਾਂ ਕੀਤੀਆਂ ਅਟੈਚ

ਅਦਾਲਤ ਨੇ ਗਮਾਡਾ ਸਮੇਤ ਹੋਰ ਅਥਾਰਟੀਆਂ ਨੂੰ ਕੇਸ ਦੇ ਨਿਪਟਾਰੇ ਤੱਕ ਜਾਇਦਾਦਾਂ ਕਿਸੇ ਨਾਂ ਤਬਦੀਲ ਨਾ ਕਰਨ ਦੇ ਆਦੇਸ਼
ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੇ 13 ਦਸੰਬਰ 2017 ਨੂੰ ਕੀਤਾ ਸੀ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ

ਐੱਸ ਏ ਐੱਸ ਨਗਰ  (ਗੁਰਵਿੰਦਰ ਸਿੰਘ ਮੋਹਾਲੀ): ਮੋਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿੰਚਾਈ ਵਿਭਾਗ ਦੇ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਦੀਆਂ ਕਰੀਬ 34 ਜਾਇਦਾਦਾਂ ਅਟੈਚ ਕੀਤੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਿੰਚਾਈ ਵਿਭਾਗ ਵਿੱਚ ਪਿਛਲੇ ਸਮੇਂ ਦੌਰਾਨ ਟੈਂਡਰ ਅਲਾਟ ਕਰਨ ਸਬੰਧੀ ਹੋਈਆਂ ਭਾਰੀ ਬੇਨਿਯਮੀਆਂ ਦੀ ਮੁੱਢਲੀ ਜਾਂਚ ਤੋਂ ਬਾਅਦ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ, ਸੇਵਾਮੁਕਤ ਅਧਿਕਾਰੀਆਂ ਸਮੇਤ ਹੋਰਨਾਂ ਦੇ ਖ਼ਿਲਾਫ਼ 17 ਅਗਸਤ 2017 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਡੀ ਅਤੇ 13 (2) ਸਮੇਤ ਆਈਪੀਸੀ ਦੀ ਧਾਰਾ 406, 420, 467, 468, 471, 477-ਏ ਅਤੇ 120ਬੀ ਅਧੀਨ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਹੈ।
ਅਦਾਲਤ ਵੱਲੋਂ ਠੇਕੇਦਾਰ ਗੁਰਿੰਦਰ ਸਿੰਘ ਦੀਆਂ ਜਿਹੜੀਆਂ ਜਾਇਦਾਦਾਂ ਕੇਸ ਨਾਲ ਅਟੈਚ ਕੀਤੀਆਂ ਗਈਆਂ ਹਨ। ਉਨ੍ਹਾਂ ਵਿੱਚ ਚੰਡੀਗੜ੍ਹ ਦੇ ਸੈਕਟਰ-18ਡੀ ਸਥਿਤ ਦੋ ਕਨਾਲ ਦਾ ਮਕਾਨ, ਜੋ ਗੁਰਿੰਦਰ ਸਿੰਘ ਨੇ 5 ਮਈ 2013 ਨੂੰ ਖਰੀਦਿਆਂ ਸੀ। ਜਿਸ ਦੀ ਕੀਮਤ 6 ਕਰੋੜ 30 ਲੱਖ ਰੁਪਏ ਹੈ। ਸੈਕਟਰ-19ਏ ਵਿੱਚ 4 ਕਰੋੜ 56 ਲੱਖ 75 ਹਜ਼ਾਰ ਦੀ ਕੀਮਤ ਦਾ 500 ਸਕੁਐਰ ਯਾਰਡ ਦਾ ਮਕਾਨ, ਸੈਕਟਰ-19ਸੀ ਵਿੱਚ ਸ਼ੋਅਰੂਮ, ਮੋਹਾਲੀ ਦੇ ਫੇਜ਼-2 ਵਿਚਲਾ ਮਕਾਨ, ਫੇਜ਼-9 ਵਿੱਚ ਮਕਾਨ, ਸੈਕਟਰ-69 ਵਿੱਚ 500 ਗਜ ਦਾ ਪਲਾਟ, ਸੈਕਟਰ-78 ਵਿੱਚ 300 ਗਜ ਦਾ ਪਲਾਟ, ਸੈਕਟਰ-19ਡੀ ਵਿੱਚ ਸ਼ੋਅਰੂਮ, ਸੈਕਟਰ-80 ਵਿੱਚ 250 ਗਜ ਦਾ ਪਲਾਟ, ਸੈਕਟਰ-66ਏ ਵਿੱਚ ਹੋਟਲ ਸਾਈਟ, ਸੈਕਟਰ-57ਏ ਵਿੱਚ ਬੀ-39, ਸਨਅਤੀ ਪਲਾਟ, ਫੇਜ਼-1 ਵਿੱਚ ਸੀ-3 ਸਨਅਤੀ ਪਲਾਟ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਲੋਕੇ ਵਿੱਚ 150 ਗਜ ਦਾ ਪਲਾਟ, ਮਾਲ ਰੋਡ ਪਟਿਆਲਾ ਵਿੱਚ ਯੂਜੀਐਫ਼, ਸੈਕਟਰ-20, ਨੋਇਡਾ ਵਿੱਚ ਕੇ-95 ਨੰਬਰ ਪਲਾਟ, ਇਸੇ ਸੈਕਟਰ ਵਿੱਚ ਐਚ-280 ਨੰਬਰ ਪਲਾਟ, ਅਰਬਨ ਅਸਟੇਟ ਪੰਚਕੂਲਾ ਵਿੱਚ ਪੀ-331 ਨੰਬਰ ਮਕਾਨ, ਐਰੋਸਿਟੀ ਮੁਹਾਲੀ ਵਿੱਚ 500-500 ਤੋਂ ਵੱਧ ਗਜ ਦੇ ਤਿੰਨ ਪਲਾਟ, ਜੇਐਲਪੀਐਲ ਸੈਕਟਰ-82 ਵਿੱਚ ਦੋ ਪਲਾਟ, ਸੈਕਟਰ-76 ਤੋਂ 80 ਵਿੱਚ ਇਕ ਪਲਾਟ, ਸੈਕਟਰ-68 ਵਿੱਚ ਇਕ ਪਲਾਟ, ਫੇਜ਼-7 ਵਿੱਚ ਈ-13 ਨੰਬਰ ਸਨਅਤੀ ਪਲਾਟ, ਫੇਜ਼-8 ਵਿੱਚ ਈ-318 ਨੰਬਰ ਸਨਅਤੀ ਪਲਾਟ, ਫੇਜ਼-7 ਵਿੱਚ ਸੀ-111 ਨੰਬਰ ਪਲਾਟ, ਸੈਕਟਰ-10, ਚੰਡੀਗੜ੍ਹ ਵਿੱਚ ਕੋਠੀ ਨੰਬਰ-581, ਸੈਕਟਰ-23ਡੀ ਵਿੱਚ ਕੋਠੀ ਨੰਬਰ-3330, ਜਨਤਾਲੈਂਡ ਸੈਕਟਰ-82 ਵਿੱਚ 1 ਏਕੜ ਦਾ ਸਨਅਤੀ ਪਲਾਟ, ਜੇਐਲਪੀਐਲ ਵਿੱਚ ਹੀ 4000 ਸਕੁਐਰ ਯਾਰਡ ਦਾ ਇਕ ਹੋਟਲ ਸਾਈਟ, ਸੈਕਟਰ-66 ਵਿੱਚ ਚਾਰ ਸ਼ੋਅਰੂਮ, ਗਿਲਕੋ ਵੈਲੀ ਵਿੱਚ 18 ਕਨਾਲ 2 ਮਰਲਾ ਜ਼ਮੀਨ ਸ਼ਾਮਲ ਹੈ। ਇਨ੍ਹਾਂ ਸਾਰੀਆਂ ਜਾਇਦਾਦਾਂ ਦੀ ਮੌਜੂਦਾ ਮਾਰਕੀਟ ਅਨੁਸਾਰ ਅਰਬਾਂ ਰੁਪਏ ਦੀ ਕੀਮਤ ਦੱਸੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਅਦਾਲਤ ਨੇ ਗਮਾਡਾ, ਡਿਪਟੀ ਕਮਿਸ਼ਨਰ ਪਟਿਆਲਾ, ਡਿਪਟੀ ਕਮਿਸ਼ਨਰ ਲੁਧਿਆਣਾ, ਡਿਪਟੀ ਕਮਿਸ਼ਨਰ ਪੰਚਕੂਲਾ, ਅਸਟੇਟ ਅਫ਼ਸਰ ਯੂਟੀ, ਡਿਪਟੀ ਕਮਿਸ਼ਨਰ ਨੋਇਡਾ (ਯੂਪੀ) ਆਦਿ ਅਥਾਰਟੀਆਂ ਨੂੰ ਵੱਖਰੇ ਤੌਰ ’ਤੇ ਆਦੇਸ਼ ਜਾਰੀ ਕਰਕੇ ਕਿਹਾ ਗਿਆ ਹੈ ਕਿ ਸਿੰਚਾਈ ਘੁਟਾਲੇ ਦੇ ਕੇਸ ਦਾ ਨਿਪਟਾਰਾ ਹੋਣ ਤੱਕ ਉਕਤ ਜਾਇਦਾਦਾਂ ਦਾ ਨਵੇਂ ਸਿਰਿਓਂ ਅੱਗੇ ਕਿਸੇ ਹੋਰ ਨਾਂ ਤਬਦੀਲੀ ਨਾ ਕੀਤੀ ਜਾਵੇ। ਇਸ ਕੇਸ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ।
ਵਿਜੀਲੈਂਸ ਅਨੁਸਾਰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਠੇਕੇਦਾਰ ਗੁਰਿੰਦਰ ਸਿੰਘ ਨੇ ਟੈਂਡਰ ਹਾਸਲ ਕਰਨ ਤੋਂ ਬਾਅਦ ਡੈਮ ਬਣਾਉਣ ਦਾ ਕੰਮ ਤਾਂ ਸ਼ੁਰੂ ਕਰ ਲਿਆ, ਪ੍ਰੰਤੂ ਡੈਮ ਬਣਾਉਣ ਦੀ ਥਾਂ ਪਹਿਲਾਂ ਨਹਿਰ ਬਣਾ ਦਿੱਤੀ ਜੋ ਕਿ ਬਾਅਦ ਵਿੱਚ ਟੁੱਟ ਕੇ ਬਿਖਰ ਗਈ। ਕੇਂਦਰ ਸਰਕਾਰ ਨੇ 90 ਕਰੋੜੀ ਪ੍ਰਾਜੈਕਟ ਸਾਲ 2013-14 ਵਿੱਚ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਇਹੀ ਸਾਰੇ ਪੈਸੇ ਠੇਕੇਦਾਰ ਅਤੇ ਅਧਿਕਾਰੀ ਆਪਸ ਵਿੱਚ ਮਿਲ ਕੇ ਹੀ ਛੱਕ ਗਏ ਅਤੇ ਮੁਲਜ਼ਮਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਕੇਸ ਨਾਲ ਸਬੰਧਤ ਅਹਿਮ ਦਸਤਾਵੇਜ਼ ਵੀ ਖੁਰਦ ਬੁਰਦ ਕਰ ਦਿੱਤੇ ਅਤੇ ਕੁਝ ਦਸਤਾਵੇਜ਼ ਹੁਸ਼ਿਆਰਪੁਰ ਅਤੇ ਅਬੋਹਰ-ਫਾਜ਼ਿਲਕਾ ਵਿੱਚ ਸਥਿਤ ਵੱਖ ਵੱਖ ਦਫ਼ਤਰਾਂ ਵਿੱਚ ਛੁਪਾ ਕੇ ਰੱਖੇ ਗਏ ਸਨ। ਇਸ ਪ੍ਰਾਜੈਕਟ ਲਈ ਠੇਕੇਦਾਰ ਵੱਲੋਂ ਅਧਿਕਾਰੀਆਂ ਨੂੰ ਗਲਜ਼ਰੀ ਕਾਰਾਂ ਦੇਣ ਬਾਰੇ ਵੀ ਪਤਾ ਲੱਗਾ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਦੋ ਸਾਬਕਾ ਮੰਤਰੀਆਂ ਅਤੇ ਕੁਝ ਆਈਏਐਸ ਅਫ਼ਸਰਾਂ ਦੇ ਨਾਂ ਸਾਹਮਣੇ ਆਏ ਸਨ। ਸੇਵਾਮੁਕਤ ਮੁੱਖ ਇੰਜਨੀਅਰ ਹਰਵਿੰਦਰ ਸਿੰਘ ਨੇ ਸਬੰਧਤ ਸਾਬਕਾ ਮੰਤਰੀਆਂ ਦੇ ਨਿੱਜੀ ਸਕੱਤਰਾਂ (ਪੀਏ) ਰਾਹੀਂ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਦੀ ਮੰਤਰੀਆਂ ਨਾਲ ਗੱਲ ਕਰਵਾਉਣ ਦਾ ਮਾਮਲਾ ਵੀ ਕਾਫੀ ਚਰਚਾ ਵਿੱਚ ਰਿਹਾ ਹੈ। ਇਸ ਤਰ੍ਹਾਂ ਠੇਕੇਦਾਰ ਰਾਤੋ ਰਾਤ ਕਰੋੜਪਤੀ ਬਣ ਗਿਆ। ਇਹੀ ਨਹੀਂ ਠੇਕੇਦਾਰ ਨੂੰ ਕੰਮ ਅਲਾਟ ਕਰਨ ਲਈ ਅਧਿਕਾਰੀਆਂ ਨੇ ਸਾਰੇ ਕਾਇਦੇ ਕਾਨੂੰਨ ਵੀ ਛਿੱਕੇ ’ਤੇ ਟੰਗ ਦਿੱਤੇ ਸਨ। ਠੇਕੇਦਾਰ ਨੇ 13 ਦਸੰਬਰ 2017 ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।

Leave a Reply

Your email address will not be published. Required fields are marked *

%d bloggers like this: