Sun. May 19th, 2019

ਸਿਵਲ ਸਰਜਨ ਭੱਲਾ ਨੇ ਕੀਤਾ ਸਿਹਤ ਕੇਂਦਰ ਭਾਦਸੋਂ ਦਾ ਦੌਰਾ

ਸਿਵਲ ਸਰਜਨ ਭੱਲਾ ਨੇ ਕੀਤਾ ਸਿਹਤ ਕੇਂਦਰ ਭਾਦਸੋਂ ਦਾ ਦੌਰਾ
-ਰੀਵਿਊ ਮੀਟਿੰਗ ’ਚ ਸਮੂਹ ਸਟਾਫ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਦੀਆਂ ਹਦਾਇਤਾਂ ਜਾਰੀ

18-22 (1)
ਭਾਦਸੋਂ, 17 ਮਈ(ਪ.ਪ.)-ਮੁੱਢਲਾ ਸਿਹਤ ਕੇਂਦਰ ਭਾਦਸੋਂ ਦੀ ਟਰੇਨਿੰਗ ਅਨੈਕਸੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ: ਹੰਸ ਰਾਜ ਦੀ ਅਗਵਾਈ ਹੇਠ ਮੈਡੀਕਲ ਅਫਸਰਾਂ ਤੇ ਮਲਟੀਪਰਪਜ਼ ਹੈਲਥ ਸੁਪਰਵਾਇਜਰ ਤੇ ਵਰਕਰਾਂ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸਮੀਖਿਆ ਕਰਨ ਸਬੰਧੀ ਰੀਵਿਊ ਮੀਟਿੰਗ ਕਰਵਾਈ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾ: ਰਾਜੀਵ ਭੱਲਾ ਸਿਵਲ ਸਰਜਨ, ਪਟਿਆਲਾ ਪਹੁੰਚੇ। ਡਾ: ਭੱਲਾ ਨੇ ਮੀਟਿੰਗ ਤੋਂ ਪਹਿਲਾ ਸੀ.ਐਚ.ਸੀ ਦੇ ਵਾਰਡਾਂ ਦਾ ਦੌਰਾ ਕਰਦਿਆਂ ਫੀਮੇਲ ਵਾਰਡ ’ਚ ਜਣੇਪੇ ਤੋਂ ਬਾਅਦ ਦਾਖਲ ਔਰਤਾਂ ਦਾ ਹਾਲਚਾਲ ਪੁਛਿਆ ਤੇ ਸੀ.ਐਚ.ਸੀ ਭਾਦਸੋਂ ਦੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।

ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਭੱਲਾ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਗਰਭਵਤੀ ਔਰਤਾਂ ਦੀ ਜਲਦੀ ਰਜਿਸਟ੍ਰੇਸ਼ਨ ਕਰਕੇ ਉਨਾਂ ਦੀ ਜਾਂਚ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਖੂਨ ਦੀ ਘਾਟ, ਹਾਈ ਬਲੱਡ ਪ੍ਰੈਸ਼ਰ, ਵੱਡੀ ਉਮਰ ’ਚ ਗਰਭਵਤੀ ਹੋਣ, ਗਰਭਵਤੀ ਔਰਤ ਦਾ ਕੱਦ ਛੋਟਾ ਹੋਣਾ ਸਮੇਤ ਹੋਰਨਾਂ ਨਿਸ਼ਾਨੀਆਂ ਦੇ ਅਧਾਰ ਤੇ ਜੇਕਰ ਕੋਈ ਗਰਭਵਤੀ ਔਰਤ ਹਾਈ ਰਿਸਕ ’ਚ ਆਉਂਦੀ ਹੈ ਤਾਂ ਉਸ ਦੀ ਸਮੇਂ-ਸਮੇਂ ਤੇ ਜਾਂਚ ਕਰਵਾਈ ਜਾਵੇ ਤਾਂ ਜੋ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਡਾ: ਭੱਲਾ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ’ਚ ਖੂਨ ਦੀ ਘਾਟ ਨੂੰ ਦੂਰ ਕਰਨ ਸਬੰਧੀ ਆਊਟ ਰੀਚ ਕੈਂਪ ਲਗਾਏ ਜਾਣ ਅਤੇ ਅਨੀਮਿਕ ਦੀ ਪਹਿਚਾਣ ਕਰਕੇ ਉਨਾਂ ਦਾ ਪਹਿਲ ਦੇ ਅਧਾਰ ਤੇ ਇਲਾਜ ਸ਼ੁਰੂ ਕੀਤਾ ਜਾਵੇ। ਉਨਾਂ ਸਮੂਹ ਫੀਲਡ ਸਟਾਫ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀਆਂ ਹਦਾਇਤਾ ਕਰਦਿਆਂ ਕਿਹਾ ਕਿ ਬਲਾਕ ਅਧੀਨ ਆਉਂਦੇ ਏਰੀਏ ਦੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਾਭ ਦੁਆਇਆ ਜਾਵੇ।

ਮੀਟਿੰਗ ਦੇ ਅਖੀਰ ਡਾ: ਹੰਸ ਰਾਜ ਐਸ.ਐਮ.ਓ ਨੇ ਸਿਵਲ ਸਰਜਨ, ਪਟਿਆਲਾ ਨੂੰ ਭਰੋਸਾ ਦੁਆਇਆ ਕਿ ਉਨਾਂ ਵੱਲੋਂ ਕਮਿਊਨਿਟੀ ਸਿਹਤ ਕੇਂਦਰ ’ਚ ਇਲਾਜ਼ ਕਰਵਾਉਣ ਆਏ ਮਰੀਜ਼ਾਂ ਅਤੇ ਬਲਾਕ ਪੀ.ਐਚ.ਸੀ ਅਧੀਨ ਆਉਂਦੇ ਏਰੀਏ ’ਚ ਕਿਸੇ ਵੀ ਵਿਅਕਤੀ ਨੂੰ ਆਪਣਾ ਇਲਾਜ ਅਤੇ ਹੋਰਨਾਂ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਉਣ ’ਚ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਮਹਾਵੀਰ ਸਿੰਘ ਤੇ ਕੁਲਜੀਤ ਸਿੰਘ ਦੋਵੇ ਬੀ.ਈ.ਈ, ਚੀਫ ਫਾਰਮਾਸਿਸਟ ਨਛੱਤਰ ਕੌਰ, ਸਮੂਹ ਮੈਡੀਕਲ ਅਫਸਰ ਤੇ ਫੀਲਡ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

%d bloggers like this: