ਸਿਲੇਬਸ ਵਿੱਚੋਂ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਕੇ ਸਰਕਾਰ ਨੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ -ਭਾਈ ਲੌਂਗੋਵਾਲ

ss1

ਸਿਲੇਬਸ ਵਿੱਚੋਂ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਕੇ ਸਰਕਾਰ ਨੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ -ਭਾਈ ਲੌਂਗੋਵਾਲ

ਚੰਡੀਗੜ੍ਹ, 04 ਮਈ 2018:     ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਸਿਲੇਬਸ ਲਈ ਤਿਆਰ ਕੀਤੀ ਇਤਿਹਾਸ ਦੀ ਪੁਸਤਕ ਵਿੱਚੋਂ ਗੁਰ-ਇਤਿਹਾਸ, ਸਿੱਖ-ਇਤਿਹਾਸ ਤੇ ਪੰਜਾਬ ਦਾ ਇਤਿਹਾਸ ਖ਼ਤਮ ਕਰਨ ਦੇ ਮਾਮਲੇ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਰੇ ਮੈਂਬਰਾਂ ਦੀ ਇਕ ਹੰਗਾਮੀ ਇਕੱਤਰਤਾ 7 ਮਈ ਨੂੰ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ। ਇਹ ਫੈਸਲਾ ਧਰਮ ਪ੍ਰਚਾਰ ਕਮੇਟੀ ਦੀ ਇਥੇ ਸ਼੍ਰੋਮਣੀ ਕਮੇਟੀ ਦੇ ਉਪ-ਦਫ਼ਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਇਕ ਇਕੱਤਰਤਾ ’ਚ ਲਿਆ ਗਿਆ। ਇਕੱਤਰਤਾ ਦੌਰਾਨ ਸਰਕਾਰ ਵੱਲੋਂ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰਨ ਦੀ ਕੋਝੀ ਹਰਕਤ ਸਬੰਧੀ ਨਿੰਦਾ ਮਤਾ ਵੀ ਪਾਸ ਕੀਤਾ ਗਿਆ।
ਇਕੱਤਰਤਾ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਲੇਬਸ ਵਿੱਚੋਂ ਸਿੱਖ ਕੌਮ ਨਾਲ ਸਬੰਧਤ ਇਤਿਹਾਸ ਨੂੰ ਖ਼ਤਮ ਕਰਕੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਜੇਕਰ ਪੰਜਾਬ ਦੇ ਇਤਿਹਾਸ ਵਿੱਚੋਂ ਕੱਢ ਦੇਈਏ ਤਾਂ ਪਿੱਛੇ ਕੁਝ ਨਹੀਂ ਬਚਦਾ। ਭਾਰਤ ਦੇ ਸੱਭਿਆਚਾਰ ਨੂੰ ਬਚਾਉਣਣ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਕਦੀ ਵੀ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਪੰਜਾਬ ਦੀ ਕਾਂਗਰਸ ਨੂੰ ਅਕ੍ਰਿਤਘਣ ਆਖਦਿਆਂ ਤਾੜਨਾ ਕੀਤੀ ਕਿ ਉਹ ਸਿੱਖ ਵਿਰੋਧੀ ਕਾਰਵਾਈਆਂ ਨੂੰ ਤੁਰੰਤ ਬੰਦ ਕਰੇ ਅਤੇ ਸਿਲਬੇਸ ਵਿੱਚੋਂ ਸਿੱਖ ਕੌਮ ਦੇ ਇਤਿਹਾਸ ਨੂੰ ਖ਼ਤਮ ਕਰਨ ਦਾ ਫੈਸਲਾ ਤੁਰੰਤ ਬਦਲ ਕੇ ਪਹਿਲਾਂ ਵਾਲੀ ਪੁਸਤਕ ਲਾਗੂ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਤਰਜ਼ਮਾਨ ਸੰਸਥਾ ਹੋਣ ਕਰਕੇ ਇਸ ਗੰਭੀਰ ਮਸਲੇ ਪ੍ਰਤੀ ਅਗਲੀ ਰਣਨੀਤੀ ਅਪਨਾਉਣ ਲਈ 7 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਵਿਚਾਰ ਚਰਚਾ ਕਰੇਗੀ। ਇਕ ਸਵਾਲ ਦੇ ਜਵਾਬ ਵਿਚ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਇਹ ਦੋਸ਼ ਬਿਲਕੁਲ ਨਿਰਮੂਲ ਹੈ ਕਿ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸਿਲੇਬਸ ਤਿਆਰ ਕਰਨ ਸਮੇਂ ਹੋਈਆਂ 20 ਮੀਟਿੰਗਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜਿਆ ਪੱਤਰ ਦਿਖਾਉਂਦਿਆਂ ਕਿਹਾ ਕਿ ਬੋਰਡ ਵੱਲੋਂ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸ਼ਾਮਲ ਕਰਨ ਲਈ 23 ਫਰਵਰੀ 2018 ਨੂੰ ਭੇਜੇ ਇਕ ਪੱਤਰ ਰਾਹੀਂ ਸ਼੍ਰੋਮਣੀ ਕਮੇਟੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਤਰੀਕ ਤੋਂ ਬਾਅਦ ਕਿਹੜੀਆਂ 20 ਮੀਟਿੰਗਾਂ ਹੋਈਆਂ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆਂ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਗਲਤੀ ਨੂੰ ਛਪਾਉਣ ਲਈ ਨਿੱਤ ਨਵੇਂ ਹੱਥਕੰਡੇ ਅਪਨਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸਿਲੇਬਸ ਬਣਾਉਣ ਵਾਲੀ ਕਮੇਟੀ ਦਾ ਹਿੱਸਾ ਨਹੀਂ ਸੀ, ਸਗੋਂ ਉਸ ਨੂੰ ਤਾਂ ਕੇਵਲ ਕੁਝ ਚੈਪਟਰ ਹੀ ਪੜ੍ਹਨ ਲਈ ਭੇਜੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਡਾ. ਪਰਮਵੀਰ ਸਿੰਘ ਵੱਲੋਂ ਇਹ ਵੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਜੋ ਚੈਪਟਰ ਉਸ ਨੂੰ ਪੜ੍ਹਨ ਲਈ ਦਿੱਤੇ ਗਏ ਉਨ੍ਹਾਂ ਸਬੰਧੀ ਦਿੱਤੇ ਗਏ ਸੁਝਾਵਾਂ ਨੂੰ ਵੀ ਸਿੱਖਿਆ ਬੋਰਡ ਨੇ ਲਾਗੂ ਨਹੀਂ ਕੀਤਾ।
ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਸੁਖਵਰਸ਼ ਸਿੰਘ ਪੰਨੂੰ, ਸ. ਮਨਜੀਤ ਸਿੰਘ ਬੱਪੀਆਣਾ, ਸ. ਤੇਜਿੰਦਰਪਾਲ ਸਿੰਘ ਢਿੱਲੋਂ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਦਰਸ਼ਨ ਸਿੰਘ ਪੀ.ਏ., ਸ. ਲਖਬੀਰ ਸਿੰਘ ਮੀਤ ਸਕੱਤਰ ਚੰਡੀਗੜ੍ਹ ਉਪ-ਦਫ਼ਤਰ, ਸ. ਜਗੀਰ ਸਿੰਘ ਮੈਨੇਜਰ ਆਦਿ ਮੌਜੂਦ ਸਨ।
ਛੇਵੇਂ ਪਾਤਸ਼ਾਹ ਜੀ ਦਾ ਗੁਰਤਾਗੱਦੀ ਦਿਵਸ 8 ਮਈ ਦੀ ਥਾਂ 7 ਜੂਨ ਨੂੰ ਮਨਾਇਆ ਜਾਵੇਗਾ
ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ 25 ਵੈਸਾਖ (8 ਮਈ 2018) ਦੀ ਥਾਂ 25 ਜੇਠ (7 ਜੂਨ 2018) ਨੂੰ ਮਨਾਉਣ ਦੀ ਦਰੁਸਤੀ ਵੀ ਕੀਤੀ ਗਈ। ਦੱਸਣਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਤਰੀਕਾਂ ਸਬੰਧੀ ਸੰਗਤਾਂ ਵਿਚ ਪਾਈ ਜਾ ਰਹੀ ਦੁਬਿਧਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਕ ਪੱਤ੍ਰਿਕਾ ਭੇਜ ਕੇ ਇਸ ਸਬੰਧੀ ਕੈਲੰਡਰ ਸਬ-ਕਮੇਟੀ ਵਿਚ ਵਿਚਾਰ ਕਰਨ ਲਈ ਕਿਹਾ ਗਿਆ ਸੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕੈਲੰਡਰ ਸਬ-ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪੇਸ਼ ਕੀਤੀ ਗਈ ਰਿਪੋਰਟ ਦੇ ਅਧਾਰ ’ਤੇ ਇਹ ਦਰੁਸਤੀ ਕੀਤੀ ਗਈ ਹੈ। ਇਕੱਤਰਤਾ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬਾ ਸੁਖਚੈਨ ਸਿੰਘ ਧਰਮਪੁਰਾ ਦੇ ਅਕਾਲ ਚਲਾਣਾ ਕਰਨ ’ਤੇ ਸ਼ੋਕ ਮਤਾ ਕਰਦਿਆਂ ਉਨ੍ਹਾਂ ਨਮਿਤ ਮੂਲ-ਮੰਤਰ ਅਤੇ ਗੁਰ-ਮੰਤਰ ਦੇ ਪਾਠ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

Share Button

Leave a Reply

Your email address will not be published. Required fields are marked *