ਸਿਰਫ਼ ਛੁੱਟੀਆਂ ਤੱਕ ਹੀ ਸੀਮਿਤ ਨਾ ਰਹਿ ਜਾਣ ਸ਼ਹੀਦਾਂ ਨਾਲ ਸੰਬੰਧਿਤ ਦਿਨ…

ਸਿਰਫ਼ ਛੁੱਟੀਆਂ ਤੱਕ ਹੀ ਸੀਮਿਤ ਨਾ ਰਹਿ ਜਾਣ ਸ਼ਹੀਦਾਂ ਨਾਲ ਸੰਬੰਧਿਤ ਦਿਨ…

ਸ਼ਾਮ ਦੇ ਸਮੇਂ ਮੈਂ ਅਤੇ ਮੇਰੇ ਕਈ ਦੋਸਤ ਜਿਨ੍ਹਾਂ ਵਿੱਚੋਂ ਕੁਝ ਸਕੂਲਾਂ ਚ ਪੜ੍ਹਨ ਵਾਲੇ ਤੇ ਕੁਝ ਪੜ੍ਹਾਈ ਛੱਡ ਚੁਕੇ ਸਨ, ਬਾਹਰ ਗਲੀ ਵਿੱਚ ਖੜੇ ਸਾਂ। ਓਹਨਾ ਵਿੱਚੋ ਇੱਕ ਮੁੰਡੇ ਨੇ ਗੱਲ ਤੋਰਦਿਆਂ ਕਿਹਾ ਕਿ ਫਲਾਨੀ ਫਿਲਮ ਪੂਰੀ ਚੱਲ ਰਹੀ ਹੈ। ਫ਼ੇਰ ਦੂਜਾ ਕਹਿਣ ਲੱਗਿਆ ਕਿ ਫਲਾਨੇ ਗਾਇਕ ਦਾ ਗੀਤ ਬਹੁਤ ਅੱਤ ਆ।  ਓਹਨਾ ਦਾ ਇੱਕ ਹੋਰ ਸਾਥੀ ਆਉਣ ਵਾਲੀਆਂ ਫ਼ਿਲਮਾਂ ਦੇ ਨਾਮ, ਉਸ ਫ਼ਿਲਮ ਦੇ ਐਕਟਰ, ਸਿੰਗਰ ਤੇ ਉਹਨਾਂ ਦੇ ਸਿਨੇਮੇ ਚ ਲੱਗਣ ਦੀ ਤਰੀਕ ਬੜੇ ਚਾਵਾਂ ਨਾਲ ਦੱਸਣ ਲੱਗਿਆ ਤੇ ਐਵੇਂ ਮਹਿਸੂਸ ਕਰਨ ਲੱਗਿਆ ਜਿਵੇਂ, ਉਸਨੂੰ ਆਪਣੇ ਬਾਕੀ ਦੋਸਤਾਂ ਨਾਲੋਂ ਵੱਧ ਜਾਣਕਾਰੀ ਸੀ ਇਹਨਾਂ ਸਭ ਬਾਰੇ।
ਉਹ ਸਭ ਆਪਣੀਆਂ ਗੱਲਾਂ ਚ ਮਸਤ ਸਨ ਤੇ ਮੈਂ ਵੀ ਆਪਣੇ ਮੋਬਾਇਲ ‘ਚ ਕੁਝ ਦੇਖ ਰਿਹਾ ਸੀ, ਤੇ ਅਚਾਨਕ ਮੇਰੀ ਨਜ਼ਰ ਮੇਰੇ ਫ਼ੋਨ ਵਿਚਲੀ ਇੱਕ ਫੋਟੋ ਤੇ ਜਾ ਪਈ। ਇਹ ਫ਼ੋਟੋ ਸੀ, ਰਾਮ ਮੁਹੰਮਦ ਸਿੰਘ ਆਜ਼ਾਦ ਦੀ ਯਾਨੀ ਊਧਮ ਸਿੰਘ ਸੁਨਾਮ ਦੀ।
ਹਿਸਟਰੀ ਨਾਲ ਸੰਬੰਧਿਤ ਵਿਦਿਆਰਥੀ ਹੋਣ ਕਰਕੇ ਮੇਰਾ ਹਿਸਟਰੀ ਵੱਲ ਝੁਕਾਅ ਥੋੜਾ ਜਿਆਦਾ ਹੈ, ਸੋ ਮੇਰੇ ਮਨ ਚ ਖਿਆਲ ਆਇਆ ਕੇ ਕਿਉਂ ਨਾ ਇਹਨਾਂ ਦੋਸਤਾਂ ਦੀ ਢਾਣੀ ਕੋਲ਼ੋਂ ਸ਼ਹੀਦ ਊਧਮ ਸਿੰਘ ਜੀ ਬਾਰੇ ਪੁੱਛਿਆ ਜਾਵੇ। ਜਿੱਥੇ ਇਹਨਾਂ ਨੂੰ ਫ਼ਿਲਮਾਂ ਬਾਰੇ, ਗੀਤਾਂ ਬਾਰੇ ਐਨਾ ਕੁਝ ਪਤਾ ਹੈ ਤਾਂ ਊਧਮ ਸਿੰਘ ਜੀ ਬਾਰੇ ਵੀ ਤਾਂ ਪਤਾ ਹੋਣਾ ਹੀ ਚਾਹੀਦਾ  ਹੈ।
ਮੈਂ ਉਹਨਾਂ ਨਾਲ ਗੱਲ ਤੋਰਦਿਆਂ ਪੁੱਛਿਆ ਵੀ ਦੋਸਤੋ 31 ਜੁਲਾਈ ਦਾ ਕੀ ਇਤਿਹਾਸ ਹੈ ਸਾਡੇ ਦੇਸ਼ ਚ…??
ਇੱਕ ਮੁੰਡੇ ਨੇ ਝੱਟ ਹਾਜ਼ਰ ਜਵਾਬੀ ਨਾਲ ਜਵਾਬ ਦਿੰਦਿਆਂ ਕਿਹਾ,” ਉਸ ਦਿਨ ਮਹੀਨੇ ਦਾ ਆਖਰੀ ਦਿਨ ਹੈ, ਤੇ ਫਿਰ ਅਗਸਤ ਚੱਲ ਪਵੇਗਾ।
ਮੈਂ ਕਿਹਾ, “ਤੇ ਹੋਰ ਕੁਝ??
ਉਹ ਸੋਚਣ ਜਿਹੇ ਲੱਗ ਪਏ, ਤੇ ਚੁੱਪ ਹੋ ਗਏ।
ਫ਼ੇਰ ਅਚਾਨਕ ਓਹਨਾ ਚੋਂ ਇੱਕ ਜਣਾ ਬੋਲਿਆ ਕਿ ਉਸ ਦਿਨ ਪਤਾ ਨੀ ਕਿਸੇ ਸ਼ਹੀਦ ਦਾ ਜਨਮ ਦਿਨ, ਪਤਾ ਨੀ ਸ਼ਹੀਦੀ ਦਿਨ ਹੈ ਤੇ ਸਾਨੂੰ ਸਕੂਲ ਚੋਂ ਛੁੱਟੀ ਹੈ। ਛੁੱਟੀ ਦਾ ਨਾਂ ਸੁਣਦਿਆਂ ਦੂਜੇ ਦੋਸਤਾਂ ਦੇ ਚਿਹਰੇ ਤੇ ਵੀ ਰੌਣਕ ਆ ਗਈ।
ਉਹ ਆਪਸ ਵਿੱਚ ਛੁੱਟੀ ਸਬੰਧੀ ਗੱਲਬਾਤ ਕਰਨ ਚ ਮਸਰੂਫ਼ ਹੋ ਗਏ ਤੇ ਮੈਂ ਉਹਨਾਂ ਦੀ ਇਸ ਗੱਲ ਤੋਂ ਬਹੁਤ ਮਾਯੂਸ ਹੋਇਆ ਕਿ ਇਹਨਾਂ ਨੂੰ ਸਿਰਫ਼ ਆਪਣੀ ਛੁੱਟੀ ਤੱਕ ਦਾ ਪਤਾ ਹੈ ਪਰ ਇਹ ਛੁੱਟੀ ਕਿਉਂ ਹੈ,ਕਿਸ ਗੱਲ ਲਈ ਹੈ ਆਦਿ ਕਿਸੇ ਚੀਜ਼ ਬਾਰੇ ਨਹੀਂ ਪਤਾ।
ਮੈਂ ਉਹਨਾਂ ਨਾਲ ਗੱਲ ਕਰਦਿਆਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਆ ਇਹ ਆਪਣੀ ਪੀੜ੍ਹੀ ਲਈ, ਕਿ ਸਾਨੂੰ ਇਹ ਤਾਂ ਪਤਾ ਹੈ ਕਿ ਕਿਹੜੀ ਫਿਲਮ ਜਾਂ ਗੀਤ ਕਦੋਂ ਰਿਲੀਜ਼ ਹੋਣਾ ਹੈ,ਪਰ ਇਹ ਨਹੀਂ ਪਤਾ ਵੀ 31 ਜੁਲਾਈ ਨੂੰ ਕੀ ਹੋਇਆ ਸੀ ਤੇ ਸਕੂਲ ਚੋਂ ਇਸ ਦਿਨ ਛੁੱਟੀ ਕਿਉਂ ਕੀਤੀ ਜਾਂਦੀ ਹੈ?
ਉਹ ਚੁੱਪ ਕਰ ਗਏ।ਆਪਣੀ ਜਾਣਕਾਰੀ ਮੁਤਾਬਿਕ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਦਿਨ ਯਾਨੀ 31ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ ਸੀ, ਕਿਓਂਕਿ ਓਹਨਾ ਨੇ 13ਮਾਰਚ1940ਨੂੰ ਪਾਪੀ ਗੋਰੇ ਅੰਗਰੇਜ਼ ਮਾਇਕਲ ਓਡਵਾਇਰ ਨੂੰ ਓਹਦੇ ਆਪਦੇ ਦੇਸ਼ ਇੰਗਲੈਂਡ ਵਿੱਚ, ਤੇ ਉਹਦੇ ਆਪਣੇ ਦੇਸ਼ ਦੇ ਲੀਡਰਾਂ ਸਾਮ੍ਹਣੇ ਗੋਲੀਆਂ ਨਾਲ ਮਾਰ ਮੁਕਾਇਆ ਸੀ ਤੇ ਉਸਤੋਂ ਜਲ੍ਹਿਆਂ ਵਾਲੇ ਬਾਗ਼ ਵਿੱਚ ਮਾਰੇ ਗਏ ਨਿਹੱਥੇ ਤੇ ਨਿਰਦੋਸ਼ ਲੋਕਾਂ ਦਾ ਬਦਲਾ ਲਿਆ ਸੀ। ਅਜਿਹਾ ਕਰਕੇ ਨਾ ਸਿਰਫ਼ ਓਹਨਾ ਆਪਣੇ ਅੱਖੀਂ ਦੇਖੇ ਬਾਗ਼ ਦੇ ਖ਼ੂਨੀ ਕਾਂਡ ਦਾ ਬਦਲਾ ਲੈ ਕੇ ਆਪਣੀ ਸੌਂਹ ਪੂਰੀ ਕੀਤੀ, ਸਗੋਂ ਨਾਲ ਹੀ ਪੰਜਾਬੀਆਂ ਦੀ ਅਣਖ਼ ਨੂੰ ਜਿਉਂਦਾ ਵੀ ਰੱਖਿਆ। ਤੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਸਾਬਿਤ ਕਰ ਦਿੱਤਾ ਸੀ ਕਿ ਪੰਜਾਬੀ ਆਪਣੇ ਵੈਰੀਆਂ ਦੀ ਭਾਜੀ ਮੋੜਨਾ ਬਾਖੂਬੀ ਜਾਣਦੇ ਹਨ।ਸਰਦਾਰ ਊਧਮ ਸਿੰਘ ਨੇ ਬਦਲਾ ਲੈਣ  ਤੋਂ ਪਹਿਲਾਂ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਤੇ ਉਹਨਾਂ ਇਹ ਨਾਮ ਰੱਖਣਾ ਓਹਨਾ ਦੀ ਅਗਾਂਹਵਧੂ ਤੇ ਦੂਰਦਰਸ਼ੀ ਸੋਚ ਦਾ ਸਬੂਤ ਦਿੰਦਾ ਹੈ,ਕਿਓਂਕਿ ਓਹਨਾ ਆਪਣਾ ਇਹ ਨਾਮ ਹਿੰਦੂ, ਮੁਸਲਿਮ, ਸਿੱਖ, ਇਸਾਈ ਯਾਨੀ ਸਭ ਧਰਮਾਂ ਦਾ ਸਾਂਝਾ ਰੱਖਿਆ ਤਾਂ ਜੋ ਓਹਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਸੇ ਖ਼ਾਸ ਫ਼ਿਰਕੇ ਦੇ ਲੋਕਾਂ ‘ਤੇ ਗੋਰੇ ਅੰਗਰੇਜ਼ਾਂ ਦਾ ਜ਼ੁਲਮ ਨਾ ਹੋਵੇ।
ਚਲਦੀ ਗੱਲ ਵਿੱਚ ਹੀ ਇੱਕ ਮੁੰਡਾ ਕਹਿੰਦਾ ਵੀਰੇ, “ਊਧਮ ਸਿੰਘ ਤਕੜੇ ਘਰ ਦਾ ਮੁੰਡਾ ਹੋਣਾ, ਜਿਹੜਾ ਬਾਹਰਲੇ ਦੇਸ਼ ਚਲਾ ਗਿਆ ਸੀ ਆਪਣਾ ਬਦਲਾ ਲੈਣ, ਹਨਾ….?”
ਓਹਦਾ ਸਵਾਲ ਸੁਣਕੇ ਮੈਨੂੰ ਹੋਰ ਵੀ ਹੈਰਾਨੀ ਹੋਈ ਵੀ ਵਾਕਈ ਇਹਨਾਂ ਨੂੰ ਕੁਝ ਵੀ ਨੀ ਪਤਾ ?
ਚਲੋ, ਮੈਂ ਆਪਣੀ ਜਾਣਕਾਰੀ ਮੁਤਾਬਿਕ ਗੱਲ ਕਰਦਿਆਂ ਦੱਸਿਆ ਕਿ ਊਧਮ ਸਿੰਘ ਦਾ ਸੰਬੰਧ ਕਿਸੇ ਅਮੀਰ ਘਰ ਨਾਲ ਨਹੀਂ, ਸਗੋਂ ਗਰੀਬ ਕੰਬੋਜ਼ ਪਰਿਵਾਰ ਨਾਲ ਸੀ, ਜਿਸਦਾ ਜਨਮ ਆਪਣੇ ਨੇੜਲੇ ਸ਼ਹਿਰ ਸੁਨਾਮ ਵਿਖੇ 26 ਦਸੰਬਰ 1899 ਨੂੰ ਹੋਇਆ ਸੀ।ਊਧਮ ਸਿੰਘ ਜੀ ਦਾ ਇੱਕ ਵੱਡਾ ਭਰਾ ਸਾਧੂ ਸਿੰਘ ਸੀ। ਅਜੇ ਊਧਮ ਸਿੰਘ ਛੋਟਾ ਹੀ ਸੀ,ਕਿ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਇਹਨਾਂ ਦਾ ਪਿਤਾ ਟਹਿਲ ਸਿੰਘ ਜੀ ਜੋ ਕਿ ਰੇਲਵੇ ਚ ਚੌਂਕੀਦਾਰ ਸ਼ਨ।ਬਾਅਦ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ। ਇਸ ਤਰ੍ਹਾਂ ਸੱਤ-ਅੱਠ ਸਾਲਾਂ ਦੇ ਵਿੱਚ ਵਿੱਚ ਹੀ ਊਧਮ ਸਿੰਘ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ।ਰਿਸ਼ਤੇਦਾਰਾਂ ਦੀ ਮਦਦ ਨਾਲ ਉਨ੍ਹਾ ਦੋਵਾਂ ਭਰਾਵਾਂ ਨੂੰ ਅੰਮ੍ਰਿਤਸਰ ਦੇ ਸੈਂਟਰਲ(ਕੇਂਦਰੀ) ਖ਼ਾਲਸਾ ਯਤੀਮਖਾਨੇ ਵਿੱਚ ਰੱਖਿਆ ਗਿਆ, ਜਿੱਥੇ ਬਾਅਦ ਵਿੱਚ ਇਹਨਾਂ ਦੇ ਵੱਡੇ ਵੀਰ ਦੀ ਵੀ ਮੌਤ ਹੋ ਗਈ।ਫੇਰ ਬਾਕੀ ਸਾਰਾ ਬਚਪਨ ਊਧਮ ਸਿੰਘ ਨੇ ਅੰਮ੍ਰਿਤਸਰ ਦੇ ਇਸ ਯਤੀਮਖਾਨੇ ਵਿੱਚ ਗੁਜਾਰਿਆ ਤੇ ਇੱਥੇ ਹੀ ਆਪਣੀ ਪੜ੍ਹਾਈ ਕਰਦਿਆਂ ,ਦੇਸ਼ ਭਗਤੀ ਤੇ ਅਣਖ਼ ਦਾ ਪੌਦਾ ਆਪਣੇ ਅੰਦਰ ਲਾਇਆ। ਜਦੋਂ ਜਲ੍ਹਿਆਂ ਵਾਲੇ ਬਾਗ ਦਾ ਖ਼ੂਨੀ ਸ਼ਾਕਾ ਹੋਇਆ, ਓਦੋਂ ਊਧਮ ਸਿੰਘ ਵੀ ਉਥੇ ਹੀ ਸੀ ਤੇ ਸਭ ਕੁਝ ਆਪਣੇ ਅੱਖੀਂ ਦੇਖਿਆ ਸੀ,ਤੇ ਉੱਥੋਂ ਮਿੱਟੀ ਚੁੱਕ ਕੇ ਕਸ਼ਮ ਚੁੱਕੀ ਸੀ ਕਿ ਇਸਦਾ ਬਦਲਾ ਮੈਂ ਪਾਪੀ ਗੋਰੇ ਅੰਗਰੇਜ਼ ਮਾਇਕਲ ਓਡਵਾਇਰ ਤੋਂ ਜਰੂਰ ਲਵਾਂਗਾ।ਬਦਲੇ ਦੀ ਚਿੰਗਾਰੀ ਊਧਮ ਸਿੰਘ ਨੇ ਆਪਣੇ ਅੰਦਰ ਚਲਦੀ ਰੱਖੀ।ਅਖ਼ੀਰ 20 ਸਾਲ ਬਾਅਦ 13ਮਾਰਚ 1940 ਨੂੰ ਜਦੋਂ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਇਕਲ ਅਡਵਾਇਰ, ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਹੋ ਰਹੀ ਸਾਂਝੀ ਮੀਟਿੰਗ ਨੂੰ ਮੁੱਖ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ ਤਾਂ ਉੱਥੇ ਹੀ ਸਰਦਾਰ ਊਧਮ ਸਿੰਘ ਨੇ ਮਾਇਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਬਦਲਾ ਲਿਆ ਸੀ। ਇਸੇ ਦੋਸ਼ ਵਿੱਚ ਊਧਮ ਸਿੰਘ ਜੀ ਤੇ ਕੇਸ ਚਲਾ ਕੇ 31 ਜੁਲਾਈ 1940 ਨੂੰ ਪੇਂਟਨਵਿਲੇ ਜੇਲ੍ਹ ਲੰਡਨ ਵਿੱਚ ਫਾਂਸੀ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ।ਬਾਕੀ ਗੱਲ ਮੈਂ ਉਹਨਾਂ ਨੂੰ ਸ਼ੁਰੂ ਚ ਦੱਸ ਚੁਕਿਆ ਸੀ। ਹੁਣ ਉਹ ਸਾਰੇ ਦੋਸਤ ਇੱਕ ਦੂਜੇ ਵੱਲ ਦੇਖਣ ਲੱਗੇ ਤੇ 31 ਜੁਲਾਈ ਦੀ ਛੁੱਟੀ ਦੇ ਬਾਕੀ ਸਾਰੇ ਪਲਾਨ ਖਤਮ ਕਰਕੇ ਊਧਮ ਸਿੰਘ ਜੀ ਦਾ ਜੱਦੀ ਘਰ ਦੇਖਣ ਲਈ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸੁਨਾਮ ਜਾਣ ਦਾ ਪਲਾਨ ਬਣਾਇਆ ਤੇ ਆਪਣੇ ਆਪਣੇ ਘਰੇ ਚਲੇ ਗਏ।
ਪਰ ਮੈਂ ਉਥੇ ਖੜਾ ਇਹੀ ਸੋਚੀ ਗਿਆ ਵੀ, ਇਥੇ ਕਸੂਰ ਕਿਸਦਾ ਹੈ?
ਇਹਨਾਂ ਮੁੰਡਿਆਂ ਦਾ ?
ਜਾਂ ਸਰਕਾਰਾਂ ਦਾ,ਜੋ ਜਾਣਕਾਰੀ ਦੇਣ ਦੀ ਬਜਾਇ ਛੁੱਟੀ ਕਰਕੇ ਆਪਣਾ ਫਰਜ਼ ਪੂਰਾ ਹੋਇਆ ਸਮਝਦੀਆਂ ਹਨ?
ਕੀ ਸਿਰਫ਼ ਛੁੱਟੀ ਕਰਕੇ ਅਸੀਂ ਸ਼ਹੀਦਾਂ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਾਂ?
ਕੀ ਇਹ ਸਭ ਓਹਨਾ ਸ਼ਹੀਦਾਂ ਨਾਲ ਇਨਸਾਫ਼ ਹੈ,ਜਿੰਨਾ ਨੇ ਸਾਡੇ ਲਈ, ਸਾਡੇ ਦੇਸ਼ ਲਈ ਆਪਣੀ ਜਿੰਦਗੀ ਲੇਖੇ ਲਾ ਦਿੱਤੀ?
ਮੇਰਾ ਮੰਨਣਾ ਇਹ ਹੈ ਕਿ ਸ਼ਹੀਦਾਂ ਨਾਲ ਸੰਬੰਧਿਤ ਦਿਨਾਂ ਨੂੰ ਛੁੱਟੀ ਨਹੀਂ ਹੋਣੀ ਚਾਹੀਦੀ, ਸਗੋਂ ਉਸ ਦਿਨ ਸਕੂਲਾਂ, ਕਾਲਜਾਂ ਵਿੱਚ ਇਹਨਾਂ ਸ਼ਹੀਦਾਂ ਦੇ ਜੀਵਨ,ਸੰਘਰਸ਼,ਯੋਗਦਾਨ ਆਦਿ ਨਾਲ ਸਬੰਧਿਤ ਭਾਸ਼ਣ,ਨਾਟਕ ਜਾਂ ਪੁਸਤਕ ਮੇਲੇ ਕਰਾਉਣੇ ਚਾਹੀਦੇ ਹਨ, ਤਾਂ ਜੋ ਬੱਚਿਆਂ ਨੂੰ ਇਹਨਾਂ ਸ਼ਹੀਦਾਂ ਬਾਰੇ ਪੂਰੀ ਜਾਣਕਾਰੀ ਹੋਵੇ।
ਇਹੀ ਸਾਡੀ,ਸਾਡੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।
ਨਹੀਂ ਫ਼ਿਰ ਉਹ ਦਿਨ ਬਹੁਤੇ ਦੂਰ ਨਹੀਂ,ਜਦੋਂ ਸਿਰਫ਼ ਤੇ ਸਿਰਫ਼ ਇੱਕ ਛੁੱਟੀ ਲਈ ਹੀ, ਇਹਨਾਂ ਸ਼ਹੀਦਾਂ ਦੇ ਦਿਨਾਂ ਨੂੰ ਯਾਦ ਕੀਤਾ ਜਾਇਆ ਕਰੇਗਾ…..।
ਪ੍ਰੀਤਪਾਲ ਸਿੰਘ
ਪਿੰਡ ਤੇ ਡਾਕ. ਸ਼ੇਰੋਂ,
ਜਿਲ੍ਹਾ ਸੰਗਰੂਰ।
90418-47625
Share Button

1 thought on “ਸਿਰਫ਼ ਛੁੱਟੀਆਂ ਤੱਕ ਹੀ ਸੀਮਿਤ ਨਾ ਰਹਿ ਜਾਣ ਸ਼ਹੀਦਾਂ ਨਾਲ ਸੰਬੰਧਿਤ ਦਿਨ…

Leave a Reply

Your email address will not be published. Required fields are marked *

%d bloggers like this: