Wed. Aug 21st, 2019

ਸਿਰਫ਼ ਚੋਣਾਂ ‘ਚ ’84 ਕਤਲੇਆਮ ਦਾ ਜ਼ਿਕਰ ਕਿਉਂ…?

ਸਿਰਫ਼ ਚੋਣਾਂ ‘ਚ ’84 ਕਤਲੇਆਮ ਦਾ ਜ਼ਿਕਰ ਕਿਉਂ…?

ਪਿਛਲੇ ਲਗਭਗ 35 ਸਾਲਾਂ ਤੋਂ ਜਦੋਂ ਵੀ ਕਦੀ ਪੰਜਾਬ ਤੇ ਦਿੱਲੀ ਵਿੱਚ ਚੋਣਾਂ ਆਉਂਦੀਆਂ ਹਨ ਤਾਂ “ਜੂਨ 1984” ਅਤੇ “ਨਵੰਬਰ 1984” ਕਈ ਸਿਆਸੀ ਦਲਾਂ ਨੂੰ ਯਾਦ ਆ ਜਾਂਦੇ ਹਨ। ਸਿੱਖਾਂ ਦੀ ਇਸ ਨਸਲਕੁਸ਼ੀ ਨੂੰ ‘ਮੁੱਖ ਮੁੱਦਿਆਂ’ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਇਸ ਮੁੱਦੇ ਨੂੰ ਸਿੱਖ ਪੰਥ ਦੇ ਹਾਮੀ ਹੋਣ ਦਾ ਦਾਅਵਾ ਕਰਨ ਵਾਲੇ ਸਿਆਸੀ ਆਗੂ ਹੀ ਇਨ੍ਹਾਂ ਕੁ ਉਛਾਲਦੇ ਹਨ ਕਿ ਹਰ ਸਿੱਖ ਦੀਆਂ ਭਾਵਨਾਵਾਂ ਦਾ ਰੱਜ ਕੇ ਸ਼ੋਸ਼ਣ ਵੀ ਹੁੰਦਾ ਹੈ ਤੇ ਖਿਲਵਾੜ ਵੀ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਂਦੀ। ਸਿਆਸੀ ਲੋਕ ਕਦੀ ਵੀ ਇਹ ਨਹੀਂ ਸੋਚ ਦੇ ਕਿ ਜਿੰਨ੍ਹਾਂ ਪਰਿਵਾਰਾਂ ਨਾਲ ਇਹ ਕਹਿਰ ਵਾਪਰਿਆ ਹੈ, ਉਹ ਹੁਣ ਤੱਕ ਵੀ ਹਰ ਪੱਖ ਤੋਂ ਮੰਗਤੇ ਬਣੇ ਫਿਰਦੇ ਨੇ। ਚਾਹੇ ਗੱਲ ਆਰਥਿਕਤਾ ਦੀ ਹੋਵੇ ਜਾਂ ਅਦਾਲਤੀ ਇਨਸਾਫ਼ ਦੀ, ਉਹਨਾਂ ਪੀੜਤਾਂ ਦੇ ਜ਼ਖਮਾਂ ਤੇ ਹਰ ਪ੍ਰਕਾਰ ਦੀਆਂ ਚੋਣਾਂ ਲੂਣ ਛਿੜਕਣ ਦਾ ਕੰਮ ਕਰਦੀਆਂ ਹਨ ਅਤੇ ਆਪਣਿਆਂ ਦੇ ਹੀ ਹੱਥੋਂ ਜਲਾਲਤ ਭਰੇ ‘ਸਾਹ’ ਤੇ ਬੇਕਿਰਕ ਜ਼ਿੰਦਗੀ ਦਿੰਦੀਆਂ ਹਨ । ਅਜਿਹੇ ਸਿਆਸੀ ਲੋਕਾਂ ਨੂੰ ਕਦੀ ਆਪਣੀ ਅੰਤਰ ਆਤਮਾ ਨਾਲ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਜਿਸ ਦਾ ਪਤੀ, ਭਰਾ ਜਾਂ ਪਿਤਾ ਉਸ ਦੀਆਂ ਅੱਖਾਂ ਸਾਹਮਣੇ ਗਲਾਂ ‘ਚ ਟਾਇਰ ਪਾ ਕੇ ਜਿਉਂਦਾ ਸਾੜ ਦਿੱਤਾ ਗਿਆ ਹੋਵੇ। ਉਸਦੀ ਆਤਮਾ ਤੇ ਕੀ ਬੀਤਦੀ ਹੋਵੇਗੀ ਤੇ ਜਿਸ ਨੌਜਵਾਨ ਦੀਆਂ ਅੱਖਾਂ ਸਾਹਮਣੇ ਉਸਦੀ ਮਾਂ, ਧੀ ਜਾਂ ਭੈਣ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੋਵੇ, ਉਸ ਨੇ ਅਜਿਹੇ ‘ਧਰਮ ਨਿਰਪੱਖ’ ਤੇ ਲੋਕਤੰਤਰੀ ਦੇਸ਼ ਤੋਂ ਕੀ ਲੈਣਾ ਹੈ। ਜਿੱਥੇ ਧਰਮ ਦੇ ਨਾਮ ਤੇ ਨਸਲਕੁਸ਼ੀ ਹੋਈ ਤੇ ਲੋਕਤੰਤਰ ਦੇ ਨਾਮ ਤੇ ਤਾਨਾਸ਼ਾਹੀ ਹੋਈ ਹੋਵੇ, ਉਸ ਵਾਰੇ ਕੌਣ ਸੋਚੂ? ਕਦੋਂ ਤੱਕ ’84 ਦੇ ਜ਼ਖਮਾਂ ਨੂੰ ਤਾਜ਼ਾ ਕੀਤਾ ਜਾਵੇਗਾ ??
ਸਿਆਸੀ ਲੀਡਰੋ, ਇਸ ਗੰਦੀ ਸਿਆਸਤ ਦਾ ਖਹਿੜਾ ਛੱਡੋ। ਸਿੱਖਾਂ ਨਾਲ ਤੇ ਜੂਨ 84 ‘ਤੇ, ਨਵੰਬਰ 84 ‘ਤੇ ਸਿਰਫ਼ ਇੱਕ ਵਾਰ ਵਾਪਰੀ ਸੀ, ਤੁਸੀਂ ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਦੋਂ ਹੀ 84 ਫਿਰ ਵਰਤਾ ਦਿੰਦੇ ਹੋ। ਤੁਹਾਡਾ ਕੰਮ ਸੀ ਇਨਸਾਫ਼ ਲੈਣਾ ਜਾਂ ਇਨਸਾਫ਼ ਕਰਨਾ। ਤੁਸੀਂ ਦੋਵੇਂ ਮੁਹਾਜ਼ਾਂ ‘ਤੇ ਫੇਲ੍ਹ ਹੋਏ ਹੋ। ਤੁਸੀਂ ਲੋਕ ਨਾ ਜ਼ਖਮ ਭਰਨ ਦਿੰਦੇ ਹੋ ਤੇ ਨਾ ਹੀ ਮਲ੍ਹਮ ਲਾਉਂਦੇ ਹੋ, ਉਲਟਾ ਆਪਣੀ “ਸਿਆਸੀ ਦੁਕਾਨ” ਖੋਲ੍ਹ ਕੇ ’84 ਦਾ ਸੌਦਾ ਵੇਚਣ ਲੱਗ ਪੈਂਦੇ ਹੋ। ਸ਼ਰਮ ਕਰੋ! ਮਹਿਸੂਸ ਕਰੋ ’84 ਦੇ ਦਰਦ ਨੂੰ ਜਿਸਦੇ ਜਖਮਾਂ ਨੂੰ ਭਰਿਆ ਨਹੀਂ ਜਾ ਸਕਦਾ।

ਵਰਿੰਦਰ ਸਿੰਘ ਜੰਡਿਆਲਾ
9888968889

Leave a Reply

Your email address will not be published. Required fields are marked *

%d bloggers like this: