ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਅਧੀਨ ਜ਼ੁਰਮਾਨਾ ਕਰ, ਕੱਟੇ ਚਲਾਣ

ss1

ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਅਧੀਨ ਜ਼ੁਰਮਾਨਾ ਕਰ, ਕੱਟੇ ਚਲਾਣ
-ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਦੀ ਕੀਤੀ ਅਪੀਲ-

28-7
ਸਾਦਿਕ, 27 ਮਈ (ਗੁਲਜ਼ਾਰ ਮਦੀਨਾ)-ਡਾ. ਸੰਪੂਰਨ ਸਿੰਘ ਸਿਵਲ ਸਰਜਨ, ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਦੀ ਟਾਸਕ ਫੋਰਸ ਨੇ ਸੈਕਟਰ ਪੀ.ਐਚ.ਸੀ ਜੰਡ ਸਾਹਿਬ ਅਧੀਨ ਪੈਂਦੇ ਪਿੰਡਾਂ ਵਿੱਚ ਵੱਖ-ਵੱਖ ਸਥਾਨਾਂ ’ਤੇ ਚੈਕਿੰਗ ਕਰਕੇ ਦੇਸ਼ ਭਰ ਵਿੱਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਕਰ ਚਲਾਣ ਕੱਟੇ। ਡਾ. ਮਨਜੀਤ ਕ੍ਰਿਸ਼ਨ ਭੱਲਾ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੰਡ ਸਾਹਿਬ ਦੀ ਯੋਗ ਅਗਵਾਈ ਹੇਠ ਵੱਖ-ਵੱਖ ਪਿੰਡਾਂ ਸਾਦਿਕ, ਡੋਡ, ਮਚਾਕੀ, ਮਹਿਮੂਆਣਾ ਅਤੇ ਦੀਪ ਸਿੰਘ ਵਾਲਾ ਵਿੱਚ ਬਲਾਕ ਐਕਸਟੈਨਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ, ਐਸ.ਆਈ ਬਲਵਿੰਦਰ ਸਿੰਘ, ਸਵਰਨ ਸਿੰਘ ਅਤੇ ਹੈਲਥ ਵਰਕਰ ਰਜਿੰਦਰ ਸਿੰਘ ਨੇ ਬੱਸ ਅੱਡਾ, ਢਾਬੇ, ਚਾਹ ਸਟਾਲ ਅਤੇ ਇਹੋ ਜਿਹੇ ਹੋਰ ਜਨਤਕ ਸਥਾਨਾਂ ਜਿੱਥੇ ਆਮ ਨਾਗਰਿਕ ਆਉਂਦੇ-ਜਾਂਦੇ ਹਨ, ਦੀ ਚੈਕਿੰਗ ਕਰਕੇ ਸਿਗਰੇਟ ਅਤੇ ਬੀੜੀ ਪੀਣ ਵਾਲਿਆਂ ਨੂੰ ਜ਼ੁਰਮਾਨਾ ਕੀਤਾ। ਜਿਹੜੇ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਦੀ ਪਾਬੰਦੀ ਬਾਰੇ ਬੋਰਡ ਨਹੀਂ ਲੱਗੇ ਸਨ ਜਾਂ ਤੰਬਾਕੂਨੋਸ਼ੀ ਦੇ ਸਬੂਤ ਮਿਲੇ, ਉੱਥੇ ਮਾਲਕਾਂ ਨੂੰ ਮੌਕੇ ’ਤੇ ਜ਼ੁਰਮਾਨਾ ਵੀ ਕੀਤਾ ਗਿਆ। ਇਸ ਮੌਕੇ ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਭਿਆਨਕ ਬਿਮਾਰੀਆ ਤੋਂ ਬਚਾਅ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ।

ਸਿਹਤ ਵਿਭਾਗ ਦੀ ਇਸ ਟੀਮ ਨੇ ਦੱਸਿਆ ਕਿ ਸਿਗਰੇਟ, ਬੀੜੀ ਜਾਂ ਹੁੱਕਾ ਨਾ ਪੀਣ ਵਾਲੇ ਮਾਸੂਮ ਲੋਕਾਂ ਨੂੰ ਤੰਬਾਕੂ ਦੇ ਧੂਏਂ ਤੋਂ ਹੋਣ ਵਾਲੇ ਕੈਂਸਰ ਅਤੇ ਹੋਰ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਦੂਰ ਰੱਖਣ ਲਈ ਦੇਸ਼ ਭਰ ਵਿੱਚ ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ ਲਾਗੂ ਕੀਤਾ ਗਿਆ ਹੈ। ਐਕਟ ਦੀ ਧਾਰਾ 4 ਤਹਿਤ ਜਨਤਕ ਸਥਾਨਾਂ ਜਿਵੇਂ ਕਿ ਆਡੀਟੋਰੀਅਮ, ਹਸਪਤਾਲਾਂ, ਰੇਲਵੇ ਸਟੇਸ਼ਨ, ਹੋਟਲ, ਰੈਸਟ ਹਾਊਸ, ਲੌਜ, ਬੋਰਡਿੰਗ ਹਾਊਸ, ਰੈਸਟੋਰੈਂਟ, ਚਾਹ ਸਟਾਲ, ਢਾਬੇ, ਅਹਾਤੇ, ਰਿਫਰੈਸ਼ਮੈਂਟ ਰੂਮ, ਮੈਰਿਜ ਪੈਲਸ, ਕੰਟੀਨ, ਜਨਤਕ ਦਫਤਰ, ਅਦਾਲਤੀ ਇਮਾਰਤਾਂ, ਵਿੱਦਿਅਕ ਸੰਸਥਾਵਾਂ ਜਨਤਕ ਵਾਹਨ (ਬੱਸ, ਰੇਲ-ਗੱਡੀ ਆਦਿ), ਸਟੇਡੀਅਮ, ਬੱਸ ਅੱਡਾ, ਬੱਸ ਸਟਾਪ, ਕਾਰਜ-ਸਥਲ, ਸ਼ਾਪਿੰਗ ਮਾਲ, ਸਿਨੇਮਾ ਹਾਲ, ਬੈਂਕ, ਪੰਚਾਇਤ ਘਰ, ਧਰਮਸ਼ਾਲਾ, ਮੇਲੇ, ਮੰਡੀਆਂ, ਬਜ਼ਾਰ, ਪਾਰਕ ਅਤੇ ਇਹੋ ਜਿਹੀਆਂ ਹੋਰ ਜਗਾਵਾਂ ਤੇ ਸਿਗਰੇਟ, ਬੀੜੀ ਜਾਂ ਹੋਰ ਕਿਸੇ ਤਰੀਕੇ ਨਾਲ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਹਰ ਜਨਤਕ ਸਥਾਨ ’ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਗਾਉਣ ਅਤੇ ਤੰਬਾਕੂਨੋਸ਼ੀ ਨੂੰ ਰੋਕਣ ਦੀ ਜ਼ਿੰਮੇਦਾਰੀ ਮਾਲਕ/ ਪ੍ਰੋਪਰਾਈਟਰ/ ਪ੍ਰਬੰਧਕ/ ਸੁਪਰਵਾਈਜ਼ਰ ਜਾਂ ਇੰਚਾਰਜ ਦੀ ਹੈ। ਰੇਡਾਂ ਦੌਰਾਨ 8 ਲੋਕਾਂ ਨੂੰ ਮੌਕੇ ’ਤੇ ਜ਼ੁਰਮਾਨਾ ਕੀਤਾ ਗਿਆ। ਇਸ ਮੌਕੇ ਟ੍ਰੈਫਿਕ ਪੁਲਿਸ ਕਰਮਚਾਰੀਆ ਨੇ ਪੂਰਨ ਸਹਿਯੋਗ ਦਿੱਤਾ।

Share Button