ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣ ਸਕਦੀ ਹੈ ਬਸਪਾ ਦੀ ਚੋਣ ਮੁਹਿੰਮ

ਸਿਆਸੀ ਪਾਰਟੀਆਂ ਲਈ ਸਿਰਦਰਦੀ ਬਣ ਸਕਦੀ ਹੈ ਬਸਪਾ ਦੀ ਚੋਣ ਮੁਹਿੰਮ
ਦਲਿਤਾਂ ਦੇ ਵਿਹੜਿਆਂ ਵਿੱਚ ਰਾਤਾਂ ਨੂੰ ਹੋਣ ਲੱਗੇ ਕੇਡਰ ਕੈਂਪ
ਵੱਡੀ ਗਿਣਤੀ ਵਿੱਚ ਜੁਟ ਰਹੀ ਹੈ ਭੀੜ

ਮਹਿਲ ਕਲਾਂ (ਗੁਰਭਿੰਦਰ ਗੁਰੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਸਪਾ ਇਸ ਵਾਰ ਜਿੱਤ ਦੇ ਇਰਾਦੇ ਨਾਲ ਚੋਣ ਲੜ ਰਹੀ ਹੈ। ਜਿਸ ਦੇ ਸਿੱਟੇ ਵਜੋਂ ਆਮ ਲੋਕਾਂ ਦੇ ਨਾਲ ਨਾਲ ਸਿਆਸੀ ਦਲ ਵੀ ਬਸਪਾ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਸ਼ੇਰਪੁਰ ਅਤੇ ਬਸਪਾ ਦੀ ਹਲਕਾ ਮਹਿਲ ਕਲਾਂ ਇਕਾਈ ਵੱਲੋਂ ਚੋਣ ਮੁਹਿੰਮ ਪੂਰੀ ਵਿਊਂਤਬੰਦੀ ਨਾਲ ਚਲਾਈ ਜਾ ਰਹੀ ਹੈ। ਬਸਪਾ ਇਸ ਵਾਰ ਪੂਰੀ ਗੰਭੀਰਤਾ ਨਾਲ ਹਰ ਘਰ ਤੱਕ ਪਹੁੰਚ ਕਰ ਰਹੀ ਹੈ। ਡਾ. ਮੱਖਣ ਸਿੰਘ ਦੀ ਟੀਮ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਆਮ ਲੋਕਾਂ ਨੂੰ ਹਾਥੀ ਵਾਲਾ ਬਟਨ ਦਬਾਉਣ ਲਈ ਪੇ੍ਰਰਿਤ ਕਰਨ ਤੋਂ ਇਲਾਵਾ ਦਲਿਤਾਂ ਦੇ ਵਿਹੜਿਆਂ ਵਿੱਚ ਰਾਤਾਂ ਨੂੰ ਕੇਡਰ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਬਸਪਾ ਆਗੂ ਡਾ. ਮੱਖਣ ਸਿੰਘ ਜਨ ਸੰਪਰਕ ਮੁਹਿੰਮ ਤਹਿਤ ਹਰ ਦਿਨ ਲੱਗਭੱਗ ਦੋ ਪਿੰਡਾਂ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੇ ਹਨ ਅਤੇ ਰਾਤ ਨੂੰ ਕਿਸੇ ਹੋਰ ਪਿੰਡ ਬਸਪਾ ਦੀ ਟੀਮ ਰਾਤ ਦੇ ਕੇਡਰ ਕੈਂਪ ਦਾ ਪ੍ਰਬੰਧ ਕਰਦੀ ਹੈ। ਬਸਪਾ ਦੀ ਚੋਣ ਰਣਨੀਤੀ ਹੋਰਨਾਂ ਸਿਆਸੀ ਪਾਰਟੀਆਂ ਲਈ ਚਿੰਤਾ ਦਾ ਸਬੱਬ ਬਣ ਰਹੀ ਹੈ। ਕਿਉਂਕਿ ਟੀਮ ਬਸਪਾ ਵੱਲੋਂ ਰਾਤ ਸਮੇਂ ਕੀਤੇ ਜਾ ਰਹੇ ਕੇਡਰ ਕੈਂਪ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਪੁੱਜ ਰਹੇ ਹਨ ਅਤੇ ਬਸਪਾ ਆਗੂਆਂ ਦੀ ਗੱਲ ਵੀ ਆਮ ਲੋਕਾਂ ਵੱਲੋਂ ਧਿਆਨ ਨਾਲ ਸੁਣੀ ਜਾ ਰਹੀ ਹੈ। ਬੀਤੀ ਰਾਤ ਪਿੰਡ ਸਹਿਜੜਾ ਵਿਖੇ ਆਯੋਜਿਤ ਕੇਡਰ ਕੈਂਪ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਨੇ ਦੱਸਿਆ ਕਿ ਕੇਡਰ ਕੈਂਪ ਵਿੱਚ ਆਮ ਲੋਕਾਂ ਨੂੰ ਉਨ੍ਹਾਂ ਮਹਾਂਪੁਰਸ਼ਾਂ ਬਾਰੇ ਦੱਸਿਆ ਜਾਂਦਾ ਹੈ, ਜਿਨ੍ਹਾਂ ਨੇ ਦਲਿਤਾਂ, ਪਛੜੇ ਵਰਗਾਂ ਅਤੇ ਗਰੀਬ ਵਰਗ ਦੇ ਮਾਣ ਸਨਮਾਨ ਲਈ ਸੰਘਰਸ਼ ਕੀਤਾ। ਸਮਾਜਿਕ ਬਰਾਬਰੀ ਲਈ ਸੰਘਰਸ਼ ਕਰਨ ਵਾਲੇ ਮਹਾਂਪੁਰਸ਼ਾਂ ਜਿਵੇਂ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ, ਮਹਾਤਮਾ ਜੋਤਿਬਾ ਫੂਲੇ, ਛਤਰਪਤੀ ਸਾਹੂ ਜੀ ਮਹਾਰਾਜ, ਸੰਵਿਧਾਨ ਨਿਰਮਾਤਾ ਡਾ. ਬੀ.ਆਰ.ਅੰਬੇਡਕਰ ਅਤੇ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਆਦਿ ਦੀ ਸੋਚ ਅਤੇ ਸਿਧਾਂਤ ਤੇ ਪਹਿਰਾ ਦੇਣ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਸਪਾ ਹੋਰਨਾਂ ਸਿਆਸੀ ਪਾਰਟੀਆਂ ਤੋਂ ਵੱਖ ਕਿਉਂ ਹੈ ਅਤੇ ਵੋਟ ਸਿਰਫ਼ ਬਸਪਾ ਨੂੰ ਹੀ ਕਿਉਂ ਪਾਈ ਜਾਵੇ, ਇਸ ਬਾਰੇ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ। ਬਸਪਾ ਦੇ ਮੀਡੀਆ ਸਲਾਹਕਾਰ ਕੁਲਵੰਤ ਸਿੰਘ ਟਿੱਬਾ ਦੱਸਦੇ ਹਨ ਕਿ ਗਰੀਬ ਲੋਕ ਦਿਨ ਸਮੇਂ ਕੰਮਾਂ ਕਾਰਾ ਵਿੱਚ ਰੁੱਝੇ ਹੋਣ ਕਰਕੇ ਰਾਤ ਸਮੇਂ ਬਸਪਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਕੇਡਰ ਕੈਂਪਾਂ ਵਿੱਚ ਆਪਣੇ ਮਹਾਂਪੁਰਸ਼ਾਂ ਦਾ ਇਤਿਹਾਸ ਜਾਣਨ ਲਈ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ। ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਸ਼ੇਰਪੁਰ ਵੱਲੋਂ ਹਲਕੇ ਅੰਦਰ ਕੀਤੀ ਜਾ ਰਹੀ ਸਖ਼ਤ ਮਿਹਨਤ ਸਦਕਾ ਮਹਿਲ ਕਲਾਂ ਵਿੱਚ ਚਹੁੰਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ।

Share Button

Leave a Reply

Your email address will not be published. Required fields are marked *

%d bloggers like this: