Wed. Jun 26th, 2019

ਸਿਆਸੀ ਅਖਾੜੇ ‘ਚ ਬਦਲਿਆ ‘ਵਿਧਾਇਕ ਕੁੱਟਮਾਰ ਮਾਮਲਾ’, ਉੱਧੜ ਰਹੀਆਂ ਨਵੀਆਂ ਪਰਤਾਂ

ਸਿਆਸੀ ਅਖਾੜੇ ‘ਚ ਬਦਲਿਆ ‘ਵਿਧਾਇਕ ਕੁੱਟਮਾਰ ਮਾਮਲਾ’, ਉੱਧੜ ਰਹੀਆਂ ਨਵੀਆਂ ਪਰਤਾਂ

    •  ਰੋਪੜ ਦੇ ਵਿਧਾਇਕ ਦੀ ਕੁੱਟਮਾਰ ‘ਚ ਨਵਾਂ ਮੋੜ ਸਾਹਮਣੇ ਆਇਆ ਹੈ। ਦੁਪਿਹਰ ਤਕ ਇਸ ਮਾਮਲੇ ਨੂੰ ਗੈਰ ਕਾਨੂੰਨੀ ਮਾਈਨਿੰਗ ਨਾਲ ਜੋੜਿਆ ਜਾ ਰਿਹਾ ਸੀ। ਪਰ ਵਿਧਾਇਕ ਅਮਰਜੀਤ ਸੰਦੋਆ ‘ਤੇ ਹਮਲਾ ਕਰਨ ਵਾਲੇ ਅਜਵਿੰਦਰ ਸਿੰਘ ਨੇ ਇਕ ਵੀਡੀੳ ਕਲਿੱਪ ਅਤੇ ਪ੍ਰੈੱਸ ਬਿਆਨ ਰਾਹੀਂ ਆਪਣੇ ਵੱਲੋਂ ਕੀਤੀ ਵਾਰਦਾਤ ਨੂੰ ਮੰਦਭਾਗਾ ਦੱਸਦਿਆਂ ਘਟਨਾ ਪਿਛਲੇ ਦੀ ਕਹਾਣੀ ਬਿਆਨ ਕੀਤੀ ਹੈ। ਘਟਨਾ ਤੋਂ ਠੀਕ ਘੰਟਾ ਬਾਅਦ ਅਜਵਿੰਦਰ ਸਿੰਘ ਅਤੇ ‘ਆਪ’ ਵਿਧਾਇਕ ਅਮਰਜੀਤ ਸੰਦੋਆ ਦੀਆਂ ਇਕੱਠੇ ਬੈਠਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਵਿਧਾਇਕ ਨਾਲ ਕੁੱਟਮਾਰ ਕਰਨ ਵਾਲੇ ਅਜਵਿੰਦਰ ਸਿੰਘ ਵੱਲੋਂ ਇਕ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ ਜਿਸ ਵਿਚ ਉਸ ਵੱਲੋਂ ਸਾਰੀ ਘਟਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।


      ਅਜਵਿੰਦਰ ਅਨੁਸਾਰ ਅਮਰਜੀਤ ਵੱਲੋਂ ਕ੍ਰੈਸ਼ਰ ਵਾਲਿਆਂ ਤੋਂ ਲੱਖ-ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਬਾਬਤ ਉਸ ਵੱਲੋਂ ਆਪਣਾ ਪੀ.ਏ ਅਜਵਿੰਦਰ ਕੋਲ ਭੇਜਿਆ ਗਿਆ। ਪਰ ਅਜਵਿੰਦਰ ਨੇ ਆਪਣੀਆਂ ਮਜਬੂਰੀਆਂ ਦਸ ਕੇ ਉਸ ਵੇਲੇ ਜਵਾਬ ਦੇ ਦਿੱਤਾ ਸੀ। ਅਜਵਿੰਦਰ ਅਨੁਸਾਰ ”ਜੋ ਵੀ ਕ੍ਰੈਸ਼ਰ ਚਲ ਰਹੇ ਹਨ ਉਹ ਸਾਰੇ ਲੀਗਲ ਹਨ ਤੇ ਉਸ ਵੱਲੋਂ ਖੁਦ 8 ਲੱਖ ਰੁਪਏ ‘ਤੇ ਇੱਕ ਏਕੜ ਜ਼ਮੀਨ ਮਾਈਨਿੰਗ ਵਾਸਤੇ ਠੇਕੇ ‘ਤੇ ਲਈ ਹੋਈ ਹੈ। ਪਰ ਵਿਧਾਇਕ ਨੇ ਜ਼ਬਰਦਸਤੀ ਕੀਤੀ ਅਤੇ ਸਾਨੂੰ ਬਲੈਕਮੇਲ ਕੀਤਾ ਕਿ ਜਾਂ ਤਾਂ ਮੈਨੂੰ ਪੈਸੇ ਦਵਾਉ ਨਹੀਂ ਤਾਂ ਮੈਂ ਕੰਮ ਨਹੀਂ ਚੱਲਣ ਦੇਵਾਂਗਾ।”
      ਅਜਵਿੰਦਰ ਅਨੁਸਾਰ ਅੱਜ ਉਹ ਵਿਧਾਇਕ ਨੂੰ ਮਹਿਜ਼ ਸਮਝਾ ਰਹੇ ਸੀ ਪਰ ਉਸ ਵੱਲੋਂ ਅੱਗਿਉਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ‘ਤੇ ਮਾਮਲਾ ਕਾਫੀ ਗਰਮਾ ਗਿਆ। ਫਿਲਹਾਲ ਅਜਵਿੰਦਰ ਸਿੰਘ ਦੇ ਇਹ ਬਿਆਨ ਕਿੰਨੇ ਕੁ ਸੱਚ ਨੇ ਇਹ ਤਾਂ ਪੁਲਿਸ ਵੱਲੋਂ ਪੁਛਗਿੱਛ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਅਤੇ ਹਸਪਤਾਲ ਵਿਚ ਜ਼ੇਰੇ ਇਲਾਜ ‘ਆਪ’ ਵਿਧਾਇਕ ਦੇ ਬਿਆਨਾਂ ਤੋਂ ਬਾਅਦ ਹੀ ਸਾਰੀ ਕਹਾਣੀ ਦਾ ਪਤਾ ਲੱਗ ਸਕਦਾ ਹੈ। ਪਰ ਅਜਵਿੰਦਰ ਵੱਲੋਂ ਦਿੱਤੇ ਬਿਆਨਾਂ ਨੇ ਜਿੱਥੇ ਕਹਾਣੀ ਵਿਧਾਇਕ ਦੇ ਉਲਟ ਕਰ ਦਿੱਤੀ, ਉਥੇ ਹੀ ਵਿਰੋਧੀ ਧਿਰ ਦੀਆਂ ਪਾਰਟੀਆਂ, ਅਕਾਲੀ-ਭਾਜਪਾ ਅਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਭ੍ਰਿਸ਼ਟ ਦੱਸ ਕੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਹਨ।

Leave a Reply

Your email address will not be published. Required fields are marked *

%d bloggers like this: