ਸਾਹਿਤ, ਸਿਰਜਕ, ਸਾਹਿਤਕਾਰ ਤੇ ਸਾਹਿਤ ਸਭਾਵਾਂ ਦੇ ਪ੍ਰਧਾਨ

ss1

ਸਾਹਿਤ, ਸਿਰਜਕ, ਸਾਹਿਤਕਾਰ ਤੇ ਸਾਹਿਤ ਸਭਾਵਾਂ ਦੇ ਪ੍ਰਧਾਨ

ਸਾਹਿਤ ਦੀ ਰਚਨਾ ਸਦੀਆਂ ਤੋਂ ਹੁੰਦੀ ਆ ਰਹੀ ਹੈ, ਹੋ ਰਹੀ ਹੈ ਅਤੇ ਮਨੁੱਖ ਜੀਵਨ ਦੇ ਅੰਤ ਤੱਕ ਹੁੰਦੀ ਵੀ ਰਹੇਗੀ। ਸਾਹਿਤ ਮਨੁੱਖੀ ਜਿੰਦਗ਼ੀ ਨੂੰ ਮਾਲਿਕ, ਪ੍ਰਭੂ ਦਾ ਵਰਦਾਨ ਹੈ, ਜੋ ਮਨੁੱਖ ਦੀ ਅਚੇਤ ਮਨੋ- ਸਥਿਤੀ ਨੂੰ ਆਪਣੀਆਂ ਤਰੰਗ਼ਾਂ ਰਾਂਹੀ ਸੁਚੇਤ ਕਰਦਾ , ਹਲੂਣਦਾ ਅਹਿਸਾਸਾਂ ਨੂੰ ਟੁਣਕਾਉਦਾਂ ਆਪਣੀ ਹੋਂਦ ਦਾ ਸੁਨੇਹਾ ਦਿੰਦਾਂ ਰਿਹਾ ਹੈ।
ਸਾਹਿਤ ਕਾਵਿ ਕਿੱਸਿਆਂ, ਪ੍ਰੇਮ-ਪ੍ਰਸੰਗਾਂ, ਮਹਾਂ-ਯੁੱਧਾਂ ਦਾ ਵਰਨਣ, ਕਹਾਣੀਆਂ, ਕਾਵਿ-ਸਤਰਾਂ, ਛੰਦਾਂ, ਬੈਤਾਂ, ਦੋਹਰਿਆਂ, ਰੁਬਾਈਆਂ ‘ਚ ਕਰਦਾ ਅਤੀਤ ਦੀਆਂ ਬਾਤਾਂ ਅੱਜ ਵੀ ਸਾਨੂੰ ਸੁਣਾਉਂਦਾ ਜਾ ਰਿਹਾ ਹੈ। ਜਿੰਦਗ਼ੀ ਨੂੰ ਜਿਊਣ ਦੀ ਜਾਚ ਦਿੰਦਾਂ ਸੇਧਾਂ ਬਖਸ਼ ਰਿਹਾ ਹੈ।ਕੁਦਰਤ ਦੇ ਸੁਹੱਪਣ ਨੂੰ ਬਿਆਨ ਕਰਦਾ ਜਿੰਦਗ਼ੀ ਦੀਆਂ ਦਰਪੇਸ਼ ਊਣਤਾਈਆਂ ਤੇ ਖੱਪਿਆਂ ਨੂੰ ਪੂਰਦਾ ਸਾਡੇ ਰਾਹਾਂ ਦੇ ਟੋਏ ਭਰਦਾ ਰਾਹ ਪੱਧਰੇ ਕਰਦਾ ਮਾਰਗ਼-ਦਰਸ਼ਕ ਹੈ।
ਇਸ ਦਾ ਅੰਤਮ ਉਦੇਸ਼ ਮਾਨਵਤਾ ਦੀ ਭਲਾਈ ਲਈ ਇਲਾਹੀ ਉਪਦੇਸ਼ ਦੇਣਾ ਸੀ। ਵਸਤੂਵਾਦ ਤੋਂ ਤੋੜ ਸਮਾਜਵਾਦ ਤੇ ਰੂਹਾਨੀਅਤ ਗਿਆਨ ਨਾਲ਼ ਮਾਲੋ-ਮਾਲ ਕਰਨਾ ਸੀ।ਅਸਲ ਮੰਤਵ ਮਾਨਵਤਾ ਨੂੰ ਗੂੜ -ਗਿਆਨ ਦੇ ਕੇ ਮਨੁੱਖੀ ਜੀਵਨ ਦਾ ਉਧਾਰ ਕਰਨਾ ਹੀ ਰਿਹਾ ਹੈ। ਵੇਦਾਂ, ਸਿਮਰਤੀਆਂ, ਰਮਾਇਣ, ਮਹਾਂ-ਭਾਰਤ ਜਿਹੇ ਸ਼ਬਦੀ ਭੰਡਾਰ ਸਮੇਂ ਦੇ ਮੁਤਾਬਕ ਆਪਣੀ – ਆਪਣੀ ਅਹਿਮੀਅਤ ਅੱਜ ਵੀ ਰੱਖਦੇ ਹਨ। ਇਹਨਾਂ ਦਾ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਅਹਿਮ ਬੋਲ-ਬਾਲਾ ਹੈ।
ਗੁਰਬਾਣੀ ਦੇ ਸ਼ਬਦ ਬ੍ਰਹਿਮੰਡ ਦੇ ਪਰਦਿਆਂ ਦਾ ਰਾਜ਼ ਖੋਲਦੇ ਮਨੁੱਖੀ ਸੋਚ ਨੂੰ ਰੌਸ਼ਨ ਕਰਦੇ ਵਿਗਿਆਨ ਦਾ ਵੀ ਮਾਰਗ਼ ਦਰਸ਼ਨ ਕਰ ਰਹੇ ਹਨ। ਜਪੁਜੀ ਸਾਹਿਬ ਵਿੱਚ ਸ਼ਬਦ “ਕੇਤੇ ਮੰਡਲ, ਕੇਤੇ ਦੇਸ” ਪ੍ਰਕਿਰਤੀ ਦੇ ਅਣ-ਸੁਲਝੇ ਸਵਾਲਾਂ ਦਾ ਉੱਤਰ ਹਨ। ਵਕਤ ਦੇ ਪਲਟਾਅ ਦਾ ਮਨੁੱਖੀ ਜੀਵਨ ਤੇ ਕੀ ਅਸਰ ਹੁੰਦਾਂ ਹੈ, ਇੱਕ ਪਰਿਵਾਰ ਪ੍ਰਤੀ ਮਨੁੱਖ ਦੇ ਕੀ ਕਰਤੱਵ ਹਨ, ਕੀ ਫ਼ਰਜ਼ ਹਨ , ਇਕ ਰਾਜ ਪ੍ਰਤੀ ਮਨੁੱਖ ਦੀ ਕੀ ਸੋਚ ਹੋਣੀ ਚਾਹੀਦੀ ਹੈ । ਰਾਜਾ ਕਿਹੋ ਕਿਹਾ ਹੋਵੇ, ਮੰਤਰੀ, ਸਰਕਾਰੀ ਮਸ਼ੀਨਰੀ ਕਿਹੋ ਜਿਹੀ ਹੋਵੇ , ਇਹੋ ਜਿਹੇ ਮੁੱਲਵਾਨ ਗਿਆਨ ਨੂੰ ਲਿਖਤੀ ਤੌਰ ਤੇ ਰਾਜ ਦੇ ਸਿਸਟਮ ਚਲਾਉਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਤੇ ਆਮ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਜ਼ਰੀਆ ਸੁਚੱਜਾ ਸਾਹਿਤ ਸੀ ਅਤੇ ਅੱਜ ਵੀ ਹੈ ।
ਇਹੋ ਜਿਹੇ ਮੁੱਲਵਾਨ, ਅਤਿ ਕੀਮਤੀ ਖਜ਼ਾਨੇ, ਸਾਹਿਤ ਨੂੰ ਰਚਣ ਵਾਲੇ ਬਹੁਤ ਹੀ ਸੁਚੇਤ, ਸਿਆਣੇ, ਬੁੱਧੀਮਾਨ, ਚਿੰਤਨਸ਼ੀਲ, ਹਰ ਪੱਖੋਂ ਚੇਤਨ ਸਨ।ਇਹ ਦਰਵੇਸ਼, ਸੂਫ਼ੀ ਲੋਕਾਂ ਦਾ ਕਾਵਿ ਹੁਨਰ ਸੀ, ਕਲਾ ਸੀ ਜੋ ਅੱਜ ਵੀ ਆਪਣੀ ਥਾਂ ਸਾਹਿਤ ਦੇ ਰਾਜ-ਤਖ਼ਤ ਤੇ ਹੈ। ਇਹ ਸਾਡੀ ਵਿਰਾਸਤ ਹੈ ਤੇ ਹਮੇਸ਼ਾਂ ਰਹੇਗੀ। ਇਹੋ ਜਿਹੇ ਅਨਮੋਲ਼ ਪੁਰਾਤਨ ਖਜ਼ਾਨੇ ਦਾ ਹੋਣਾ ਸੱਭਿਅਕ ਸਮਾਜ ਦੀ ਪਹਿਚਾਣ ਹੈ। ਇਹ ਸਾਹਿਤ ਹੀ ਸਾਡੀ ਨਿਉਂ-ਜੜ੍ਹ ਹੈ।ਸਾਡੇ ਪੁਰਖਿਆ ਦਾ ਇਤਿਹਾਸ ਹੈ। ਸਾਡੇ ਯੁੱਗਾਂ ਦਾ ਕਾਰ-ਵਿਹਾਰ, ਵਿਵਹਾਰ ,ਆਚਰਣ ,ਸੱਭਿਆਚਾਰ ਦਾ ਸਾਫ਼-ਸੁਥਰਾ ਦਰਪਣ ਹੈ ।
ਉਹਨਾਂ ਪੁਰਾਤਨ ਰਚਨਕਾਰਾਂ ਦੀ ਛਾਪ ਅੱਜ ਵੀ ਸਦੀਆਂ ਬੀਤ ਜਾਣ ਬਾਅਦ ਮਨੁੱਖੀ ਹਿਰਦੇ ਤੇ ਰਾਜ ਕਰਦੀ ਹੈ। ਉਹਨਾਂ ਸਾਹਿਤਕਾਰਾਂ, ਕਵੀਆਂ ਦਾ ਮਾਣ-ਸਤਿਕਾਰ ਜਿਉਂ ਦਾ ਤਿਉਂ ਕਾਇਮ ਹੈ, ਕਿਉਂਕਿ ਉਹ ਸਾਹਿਤ ਦੀ ਰਚਨਾ ਆਪਣੀ ਫ਼ੋਕੀ ਸ਼ੋਹਰਤ , ਮਾਣ-ਸਤਿਕਾਰ ਪਾਉਣ ਲਈ ਹੀ ਨਹੀਂ ਸਨ ਕਰਦੇ, ਸਗੋਂ ਇਨਸਾਨੀਅਤ ਪ੍ਰਤੀ ਆਪਣਾ ਫ਼ਰਜ਼ ਸਮਝਦੇ ਆਪਣੀ ਅੰਤਰ- ਆਤਮਾ ਦੀ ਆਵਾਜ਼ ਨੂੰ ਸੁਣਦੇ ਸਨ।
ਹਕੀਕਤ ਤੇ ਕੁਦਰਤ ਦੇ ਸੱਚ ਨੂੰ ਲੋਕਾਂ ਤੱਕ ਪਹਿਚਾਉਣ ਲਈ ਸੁਕਰਾਤ ਜਿਹੇ ਵਿਦਵਾਨ ਜ਼ਹਿਰ ਦੇ ਪਿਆਲ਼ੇ ਹੱਸ-ਹੱਸ ਪੀ ਗਏ। ਉਹਨਾਂ ਨੇ ਸੱਚ ਤੇ ਹੱਕ ਦੀ ਲੜਾਈ ਲਈ ਆਪਣੀ ਜਾਨ ਦੀਆਂ ਬਾਜ਼ੀਆਂ ਲਾ ਦਿੱਤੀਆਂ ਪਰ ਝੂਠ, ਪਾਖੰਡ, ਕੁਫ਼ਰ ਨੂੰ ਬਰਦਾਸ਼ਤ ਨਹੀਂ ਕੀਤਾ।ਕਿਸੇ ਇਨਾਮ, ਸਨਮਾਨ ਲਈ ਆਪਣੇ ਜ਼ਮੀਰ ਨੂੰ ਨਹੀ ਵੇਚਿਆ। ਆਪਣੇ ਗਿਆਨ ਦੀ ਆਨ-ਸ਼ਾਨ ਨੂੰ ਢਾਹ ਬਿਲਕੁਲ ਨਹੀਂ ਲੱਗਣ ਦਿੱਤੀ। ਕਿਸੇ ਸੰਸਥਾਂ ਦੀ ਪ੍ਰਧਾਨਗ਼ੀ ਲਈ ਜੋੜ-ਤੋੜ ਨਹੀ ਕੀਤੇ। ਆਪਣੀ ਜਿੰਦਗ਼ੀ ਫ਼ਕੀਰਾਂ ਜਿਉ ਬਤੀਤ ਕਰਦੇ ਸੱਚ ਦਾ ਹੋਕਾ ਦਿੰਦੇ ਬਹੁ-ਕੀਮਤੀ ਸ਼ਬਦ -ਭੰਡਾਰ ਪੋਥੀਆਂ , ਗੋਸ਼ਟੀਆਂ ਦੇ ਰੂਪ ਵਿੱਚ ਸਾਡੀ ਝੋਲੀ ਪਾ ਕੇ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਲੋ-ਮਾਲ ਕਰ ਗਏ।ਇਹ ਸਾਡਾ ਸੁਭਾਗ ਹੈ,ਸਾਡੀ ਖੁਸ਼-ਕਿਸਮਤੀ ਹੈ।
ਪੀੜ੍ਹੀਆਂ ਦਰ ਪੀੜ੍ਹੀ ਪੀਰਾਂ-ਫ਼ਕੀਰਾਂ, ਦਰਵੇਸ਼ਾਂ, ਸੰਤਾਂ ਵਲੋਂ ਆਪਣੇ ਆਸ਼ਰਮਾਂ ਵਿੱਚ ਸ਼ਬਦ ਗਿਆਨ ਵੰਡਿਆਂ ਜਾਂਦਾ ਰਿਹਾ। ਯੋਗਤਾ-ਕਾਬਲੀਅਤ ਦੀਆਂ ਪਰਖਾਂ ਹੁੰਦੀਆਂ ਰਹੀਆਂ, ਕਸੌਟੀਆਂ ਤੇ ਖ਼ਰਾ ਉਤਰਨ ਵਾਲਿਆਂ ਨੂੰ ਆਦੇਸ਼ ਦੇ ਕੇ ਨਵੇਂ ਸਥਾਨਾਂ ਵੱਲ ਤੋਰ ਦਿੱਤਾ ਜਾਂਦਾ। ਗਿਆਨ-ਵਾਨਾਂ ਨਾਲ਼ ਤਰਕ-ਪੂਰਣ ਗ਼ੋਸਟੀਆਂ ਦੇ ਰੂਪ ਵਿੱਚ ਵਿਸਥਾਰ ਵਿੱਚ ਪ੍ਰੇਮ ਭਾਵਨਾਂ ਨਾਲ਼ ਵਿਚਾਰ ਚਰਚਾ ਹੁੰਦੀ।
ਆਪਣੇ ਅੰਦਰੋਂ ਮੈਂਅ-ਹਾਊਮੈ, ਘਮੰਡ ਦਾ ਤਿਆਗ਼ ਪਹਿਲੀ ਸ਼ਰਤ ਹੁੰਦਾ। ਗੁਰੂ ਨਾਨਕ ਦੇਵ ਜੀ ਦੀਆਂ ਚਾਰੇ ਉਦਾਸੀਆਂ ਵਿਚਾਰ-ਚਰਚਾ ਵਿੱਚ ਦੂਸਰਿਆਂ ਦੀਆ ਵਿਚਾਰਾਂ ਨੂੰ ਜਾਨਣ ਤੇ ਆਪਣੇ ਵਿਚਾਰ ਹੋਰ ਮਨੁੱਖਾਂ ਤੱਕ ਪਹੁੰਚਾਉਣ ਦਾ ਜ਼ਰੀਆ ਸਨ।ਹੋਰ ਗੁਰੂ ਸਾਹਿਬਾਨਾਂ, ਭਗਤਾਂ ਦੀਆਂ ਯਾਤਰਾਵਾਂ ਵੀ ਇਸ ਮੰਤਵ ਦੀਆਂ ਨਿਸ਼ਾਨ-ਦੇਹੀ ਕਰਦੀਆਂ ਹਨ।
ਅੱਜ ਦੇ ਸਾਹਿਤ ਰਚਨਾਕਾਰ ਮਨੁੱਖੀ ਭਲਾਈ ਲਈ ਸਾਹਿਤ ਰਚਨਾ ਦੀ ਵਕਾਲਤ ਵੀ ਕਰਦੇ ਹਨ। ਸਾਹਿਤ ਹਰ ਵਿਧਾ ਵਿੱਚ ਨਿਰੰਤਰ ਅੱਗੇ ਵੀ ਵੱਧ ਰਿਹਾ ਹੈ। ਅਣ-ਗਿਣਤ ਪ੍ਰਕਾਸ਼ਕ, ਪ੍ਟਿਿੰਗ ਪ੍ਰੈਸਾਂ, ਸਭਾਵਾਂ ਦੇ ਪ੍ਰਤੀ ਨਿਧ ਸੰਪਾਦਨ ਦਾ ਕਾਰਜ ਵੱਡੇ ਪੱਧਰ ਤੇ ਕਰ ਰਹੇ ਹਨ। ਨਿੱਤ ਦਿਨ ਨਵੇਂ -ਨਵੇਂ ਲੇਖ਼ਕਾਂ ਦੀ ਸਾਹਿਤ ਪ੍ਰਤੀ ਲਗਾਅ ਅਤੇ ਮਿਹਨਤ ਦੀ ਖੁਸ਼ਬੋਈ ਅਖਵਾਰਾਂ, ਮੈਗਜ਼ੀਨਾਂ, ਸ਼ੋਸ਼ਲ-ਮੀਡੀਆ ਰਾਂਹੀ ਸਾਡੇ ਤੱਕ ਪਹੁੰਚ ਰਹੀ ਹੈ। ਕਿਤਾਬੀ ਤੌਰ ਤੇ ਭਾਂਵੇ ਪਾਠਕ ਦਿਖਾਈ ਨਹੀਂ ਦੇ ਰਹੇ ਪਰ ਸ਼ੋਸ਼ਲ ਮੀਡੀਆ ਰਾਂਹੀ ਲੇਖਕ ਦਰ-ਦਰ ਜਾ ਕੇ ਅਲਖ ਜਗਾ ਚੁੱਕਾ ਹੈ। ਇਹਨਾਂ ਕੁੱਝ ਹੋਣ ਤੇ ਵੀ ਸਾਡੇ ਅਜੋਕੇ ਸਾਹਿਤ ਤੇ ਸਾਹਿਤਕਾਰਾਂ ਵਿੱਚ ਬਹੁਤ ਵੱਡੀ ਦੋਸ਼-ਪੂਰਣ ਘਾਟ ਹੈ।
ਇਹ ਦੋਸ਼ ਹੈ ਸਾਹਿਤ ਤੇ ਸਾਹਿਤਕਾਰ ਸਾਥੀਆਂ ਪ੍ਰਤੀ ਈਰਖ਼ਾ ਦੀ ਭਾਵਨਾ। ਆਪਣੇ ਆਪ ਨੂੰ ਸਰਬੳੇੱਚ ਸਮਝ ਕੇ ਦੂਸਰੇ ਸਾਥੀ ਕਲਮਕਾਰਾਂ ਨੂੰ ਤੁੱਛ ਸਮਝਣਾ। ਆਪਣੇ ਆਪ ਨੂੰ ਵਡਿਆਉਣਾ, ਆਪਣੇ ਸਾਹਿ-ਸਾਥੀਆਂ ਦੇ ਪੈਰ ਪਿਛਾਂਹ ਖਿੱਚਣੇ।ਕਿਸੇ ਹੋਰ ਦੀ ਕਾਬਲੀਅਤ ਤੇ ਅੰਦਰੋਂ-ਅੰਦਰੀ ਮੱਚਣਾ ਬੇ-ਈਮਾਨ ਵਿਆਕਤੀ ਦੀ ਪਹਿਚਾਣ ਹੈ, ਨਿਸ਼ਾਨੀ ਹੈ। ਜੋ ਸਾਹਿਤਕ ਸੰਸਥਾਵਾਂ, ਮੰਚਾਂ, ਅਦਾਰਿਆਂ ਦੇ ਅੰਦਰੋ-ਅੰਦਰ ਸਿਊਂਕ ਦੀ ਤਰ੍ਹਾਂ ਫੈਲਿਆ ਇਸ ਨੂੰ ਤੇ ਇਸ ਦੇ ਢਾਂਚੇ ਨੂੰ ਖੋਖ਼ਲਾ ਕਰੀ ਜਾ ਰਿਹਾ ਹੈ।
ਸਾਹਿਤ ਦੀ ਰਚਨਾ ਕਰਨ ਵਾਲੇ ਕਲਮਕਾਰ, ਬੁੱਧੀਜੀਵੀ , ਗਿਆਨਵਾਨ ਉਹ ਲੋਕ ਹਨ ਜੋ ਆਮ ਇਨਸਾਨ ਹੁੰਦੇ ਹੋਏ ਵੀ ਆਮ ਨਹੀਂ ਹਨ। ਉਹ ਸ਼ਬਦ ਦੇ ਪੁਜਾਰੀ ਹਨ। ਕਲਾ ਦੇ ਉੋਪਾਸ਼ਕ ਹਨ।ਕਲਮ ਦੇ ਧਨੀ ਹੁੰਦੇ ਹਨ। ਉਹਨਾਂ ਦੇ ਹੱਥਾਂ ਦੀ ਕਾਨੀ ਸਿਰਫ਼ ਕਲਮ- ਕਾਨੀ ਹੀ ਨਹੀਂ ਹੁੰਦੀ ਸਗੋਂ ਸ਼ਕਤੀ ਦੀ ਤੇਗ਼ ਹੁੰਦੀ ਹੈ। ਰੌਸ਼ਨੀ ਦੀ ਜਗ-ਮਗ ਬਲਦੀ ਮਸ਼ਾਲ ਹੁੰਦੀ ਹੈ।
ਦੋਸਤੋ, ਅੱਜ ਦੇ ਬਹੁਤ ਸਾਰੇ ਸਾਹਿਤਕਾਰ ਆਪਸੀ ਰੰਜ਼ਸ ਦੀ ਬੀਮਾਰੀ ਤੋਂ ਬੁਰੀ ਤਰ੍ਹਾਂ ਪੀੜਤ ਹੋ ਚੁੱਕੇ ਹਨ।ਹਾਊਮੇ ਦਾ ਕੈਂਸਰ ਉਹਨਾਂ ਦੇ ਹਿਰਦੇ ਤੇ ਆਪਣੇ ਵਾਇਰਸ ਛੱਡ ਉਹਨਾਂ ਦੀ ਅੰਤਰ-ਆਤਮਾ ਨੂੰ ਪਲੀਤ ਕਰ ਗਿਆ ਹੈ। ਉਹਨਾਂ ਨੂੰ ਨਾਂ ਹੀ ਆਪਣੀ ਆਵਾਜ਼ ਸੁਣਾਈ ਦਿੰਦੀ ਹੈ ਤੇ ਨਾ ਹੀ ਲੋਕ ਪੀੜ ਸਤਾਉਂਦੀ ਹੈ। ਪ੍ਰੰਸਸਾ ਤੇ ਵਡਿਆਈ ਦੇ ਅ੍ਤਿਪਤ ਇਹ ਲੋਕ ਘੰਟਿਆ -ਬੱਧੀ ਸਭਾਵਾਂ ਵਿੱਚ ਮੱਲੋ-ਮੱਲੀ ਆਪਣਾ ਭਾਸ਼ਣ ਝਾੜਦੇ ਆਪਣੀਆਂ ਤਾਰੀਫ਼ਾ ਦੇ ਪੁਲ਼ ਵੀ ਆਪ ਬੰਨੀ ਜਾਂਦੇ ਹਨ।
ਇੱਕ -ਇੱਕ ਸ਼ਹਿਰ ਵਿੱਚ ਅਣਗਿਣਤ ਸਾਹਿਤਕ ਸਭਾਵਾਂ ਵੱਖਰੋ-ਵੱਖਰੇ ਗਰੁੱਪਾਂ ਵਿੱਚ ਆਪਣੀ ਸਿਰਜਣਾ ਦੀ ਸ਼ਕਤੀ ਨੂੰ ਨਿੱਤ-ਦਿਨ ਅਜਾਇਆ ਕਰੀਂ ਜਾ ਰਹੀਆਂ ਹਨ। ਪ੍ਰਧਾਨ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ,ਜਨਰਲ ਸਕੱਤਰ ਆਪਣੀ ਪਦਵੀ ਨੂੰ ਚਿੰਬੜਿਆ ਬੈਠਾ ਹੈ।ਕਬਰਾਂ ਵਿੱਚ ਲੱਤਾਂ ਹੁੰਦਿਆਂ ਵੀ ਮੌਤ ਦਾ ਨਾ ਕੋਈ ਖੌਫ਼ ਹੈ।ਵੱਖਰੋ-ਵੱਖਰੇ ਗਰੁੱਪਾਂ ਦੇ ਝੰਡੇ ਚੁੱਕੀਂ ਅਖਵਾਰਾਂ ਦੀਆਂ ਸੁਰਖ਼ੀਆਂ ਬਣਨ ਦੀ ਇੱਛਾ ਦੇ ਚਾਹਵਾਨ ਕੋਬਰਿਆਂ ਦੀ ਤਰ੍ਹਾਂ ਜ਼ਹਿਰੀਲੇ ਹੋਏ ਫੁੰਕਾਰੇ ਮਾਰਦੇ ਹਨ।
ਸਨਮਾਨ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਜੁਗਾੜ ਲਾਏ ਜਾਂਦੇ ਹਨ। ਆਪਣੀਆਂ ਗਲ਼ਤੀਆਂ ,ਆਪਣੇ ਦੋਸ਼ਾਂ ਨੂੰ ਛੁਪਾ ਦੂਸਰੇ ਗਰੁੱਪਾਂ ਨੂੰ ਜਾਤੀ-ਵਾਚਕ ਸ਼ਬਦ ਵਰਤ ਕੇ ਵੀ ਭੰਡਿਆ ਜਾਂਦਾ ਹੈ। ਸਭਾਵਾਂ ਵਿੱਚ ਮਾਸਿਕ ਇਕੱਤਰਤਾਵਾਂ , ਗ਼ੋਸ਼ਟੀਆਂ, ਕਿਤਾਬਾਂ ਲੋਕ-ਅਰਪਣ ਦੇ ਪ੍ਰੋਗਰਾਮਾਂ ਸਮੇਂ ਬਾਹਰ ਦੇ ਸ਼ਹਿਰਾਂ ਤੋਂ ਬੁਲਾਏ ਗਏ ਮੁੱਖ-ਮਹਿਮਾਨਾਂ ਨੂੰ ਦਬਾਅ ਬਣਾ ਕੇ ਨਾ ਆਉਣ ਦਾ ਜ਼ੋਰ ਪਾਇਆ ਜਾਂਦਾ ਹੈ।ਇਸ ਤਰ੍ਹਾਂ ਦੀਆਂ ਆਦਤਾਂ ਵਿਦਵਾਨ ਲੋਕਾਂ ਦੇ ਵਿਵਹਾਰ ਨੂੰ ਸ਼ੋਭਾ ਨਹੀ ਦਿੰਦੀਆਂ।ਅੰਦਰੂਨੀ ਸਾੜੇ-ਅਧੀਨ ਇਹੋ ਜਿਹੇ ਸਾਹਿਤਕਾਰਾਂ ਦੇ ਚੁੱਕੇ ਗਏ ਕਦਮ ਹਮੇਸ਼ਾਂ ਸਾਹਿਤ,ਸਿਰਜਕਾਂ ਅਤੇ ਸਮਾਜ ਦੇ ਲਈ ਵਿਨਾਸ਼ ਕਾਰੀ ਸਾਬਿਤ ਹੁੰਦੇ ਹਨ। ਇਹੋ ਜਿਹੇ ਮਹਾਂ-ਮੂਰਖ ਵਿਦਵਾਨਾਂ ਦੀ ਕਰਨੀ-ਧਰਨੀ ਦੇ ਜ਼ਰੀਏ ਹੀ ਨਵੀਂਆਂ ਸਭਾਵਾਂ, ਨਵੇਂ ਮੰਚ ਹੋਂਦ ਵਿੱਚ ਆਉਂਦੇ ਹਨ।
ਅੱਜ ਦੇ ਸਮੇਂ ਵਿੱਚ ਸਾਨੂੰ ਸਾਡੇ ਬਜ਼ੁਰਗ ਤੇ ਨਵੇਂ ਨੌਜਵਾਨ ਸਾਹਿਤਕਾਰਾਂ ਨੂੰ ਆਪਣੀ ਸੋਚ ਦਾ ਦਾਇਰਾ ਬਹੁਤ ਵਿਸ਼ਾਲ ਕਰਨਾ ਹੋਵੇਗਾ। ਆਪਸੀ ਉਲਝਣਾਂ ਨੂੰ ਇੱਕ ਥਾਂ ਬੈਠ ਕੇ ਸੁਲਝਾਉਣਾ ਪਵੇਗਾ। ਹਾਕਮਾਂ ਦੀ ਮਾਂ-ਬੋਲੀ, ਭਾਸ਼ਾ, ਲਿੱਪੀ ਪ੍ਰਤੀ ਸੋਚ ਨੂੰ ਬੜੀ ਸਚੁੱਜਤਾ ਤੇ ਸਿਆਣਪ ਨਾਲ਼ ਸਮਝਣਾ ਪਵੇਗਾ। ਆਪਣੇ ਹੱਕਾਂ ਦੀ ਆਵਾਜ਼ ਵੀ ਤਾਂ ਹੀ ਬੁਲੰਦ ਹੋ ਸਕਦੀ ਹੈ ਜੇਕਰ ਸਾਡੇ ਮਨਾਂ ਚੋਂ ਸਵਾਰਥ, ਹਾਊਮੇ ਦੀ ਭਾਵਨਾ ਦਾ ਤਿਆਗ਼ ਹੋਵੇ। ਆਪਣੀ ਸਿਰਜਣਾ ਸ਼ਕਤੀ ਦਾ ਵਿਸਥਾਰ ਕਰਦਿਆਂ ਲੋਕ ਹਿੱਤਾਂ ਦੀ ਰਾਖੀ ਲਈ ਜੂਝਣ ਤੇ ਮਰ ਮਿੱਟਣ ਦਾ ਇਰਾਦਾ ਹੋਵੇ।
ਸਰਕਾਰਾਂ ,ਸਰਕਾਰੀ ਅਦਾਰਿਆਂ ‘ਚ ਮੈਮੋਰੈਂਡਮ ਦੇ ਕੇ ਤਸਵੀਰਾਂ ਅਖਬਾਰਾਂ ਵਿੱਚ ਲਗਵਾ ਆਪਣੀ ਤੇ ਆਪਣੀ ਸਭਾ, ਆਪਣੇ ਗਰੁੱਪ ਦੀ ਫ਼ੋਕੀ ਤੇ ਝੂਠੀ ਵਾ-ਵਾ ਸਾਡੇ ਸਮਾਜ ਨੂੰ ਕੁੱਝ ਵੀ ਨਹੀਂ ਦੇਵੇਗੀ। ਇਹ ਅਤਿ ਦਰਜੇ ਦੀ ਸਾਹਿਤ ਤੇ ਕਲਮ ਨਾਲ਼ ਕਮੀਨਗ਼ੀ ਸਾਬਿਤ ਹੋਵੇਗੀ । ਸਾਡੀ ਮਨੁੱਖੀ ਹੱਕਾਂ ਤੇ ਹਿੱਤਾਂ ਪ੍ਰਤੂੀ ਅਣਗਹਿਲੀ ਸਾਨੂੰ ਗੰਦੀ ਦਲਦਲ ਵੱਲ ਧਸਾ ਰਹੀ ਹੋਵੇਗੀ। ਸ਼ਬਦ ,ਸਾਹਿਤ ਸਿਰਜਣਾ ਤੁਹਾਨੂੰ ਕੁਦਰਤ ਦਾ ਇੱਕ ਨਿਵਾਜਿਆ ਹੁਸੀਨ ਤੋਹਫ਼ਾ ਹੈ, ਸੁਗਾਤ ਹੈ ਇਸ ਨੂੰ ਸਿਰ ਝੁਕਾ ਕੇ ਸਮਾਜ ਸੇਵਾ ਲਈ ਅਰਪਣ ਕਰ ਦਿਓ।
ਤੁਸੀਂ ਸਾਗਰ ਹੋਂ ਸਮੁੰਦਰ ਬਣੋ, ਪਿਆਰ ਵੰਡਦੇ, ਹੱਕ-ਸੱਚ ਲਈ ਜੂਝਦੇ ਸੁਕਰਾਤ ਦੀ ਤਰ੍ਹਾਂ ਜ਼ਹਿਰ ਦੇ ਪਿਆਲ਼ੇ ਪੀਣ ਦਾ ਜਿਗਰਾ ਵੀ ਰੱਖੋ। ਸੂਰਜ ਹੋਂ ਸੂਰਜ ਬਣਕੇ ਸਭ ਨੂੰ ਇਕਸਾਰ ਚਾਨਣ ਵੰਡੋ। ਮਹਿਕਦੀ ਹਵਾ ਬਣ ਕੇ ਸਭ ਦੀ ਸੋਚ ਨੂੰ ਸੁਗੰਧਾਂ ਨਾਲ਼ ਮਹਿਕਾ ਦਿਓ। ਆਪਣੀਆਂ ਪੈੜਾਂ ਦੇ ਨਿਸ਼ਾਨ ਤੁਹਾਡੇ ਪਿੱਛੇ-ਪਿੱਛੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਬਾਰਤਾਂ ਦੀ ਤਰ੍ਹਾਂ ਰਹਿ ਜਾਣ ,ਇਸ ਤਰ੍ਹਾਂ ਆਪਣੀਆਂ ਪੈੜਾ ਦੀ ਛਾਪ ਛੱਡ ਕੇ ਜਾਉ।
ਗੁਰਬਤ ਦੇ ਚਿੱਕੜਾਂ ਵਿੱਚ ਪਤਾ ਨਹੀਂ ਕਿੰਨ੍ਹੇ ਹੀ ਕੀਮਤੀ ਲਾਲ ਰੁਲ਼ ਰਹੇ ਨੇ, ਉਹਨਾਂ ਨੂੰ ਵੀ ਸਜਣ ਦਿਉ ਸੁੱਚੇ ਮੋਤੀਆਂ ਦੀ ਤਰ੍ਹਾਂ, ਮਾਣਿਕ ਮੋਤੀਆਂ ਦੀ ਤਰ੍ਹਾਂ, ਮਾਂ-ਬੋਲੀ ਦੇ ਸਿਰ ਤਾਜ ਵਿੱਚ ਕੋਹਿਨੂਰ ਹੀਰੇ ਬਣਕੇ।ਕਲਮਾਂ ਦੇ ਪਰੋਏ ਮਣਕਿਆਂ
ਦੇ ਸ਼ਬਦੀ ਹਾਰ ਪੰਜਾਬੀ ਭਾਸ਼ਾ ਦੇ ਗਲੇ ਹਾਰ ਬਣਕੇ। ਦੂਸਰਿਆਂ ਨੂੰ ਉਤਸ਼ਾਹ ਨਹੀਂ ਦੇ ਸਕਦੇ ਤਾਂ ਯਾਰ ਪਿੱਠ ਪਿੱਛੇ ਕੁਹਾੜੇ ਵੀ ਨਾ ਮਾਰੋ । ਐ ਸਾਹਿਤ ਦੇ ਰਚੇਤਿਓ, ਕਲਮਾਂ ਵਾਲਿਓ ਹੋਸ਼ ਵਿੱਚ ਆਉ ਤਾਂ ਹੀ ਦੂਸਰਿਆਂ ਨੂੰ ਗਿਆਨ ਦੇ ਸਕਦੇ ਹੋਂ, ਚਾਨਣ ਫੈਲਾਅ ਸਕਦੇ ਹੋਂ।

ਬਲਜਿੰਦਰ ਬਾਲੀ ਰੇਤਗੜ੍ਹ
(ਸੰਗਰੂਰ)
94651 -29168
70876-29168

Share Button

Leave a Reply

Your email address will not be published. Required fields are marked *