ਸਾਹਿਤਕ ਚੋਰ 

ss1

 ਸਾਹਿਤਕ ਚੋਰ

” ਸਕੂਲ ਵਿੱਚੋਂ ਸਿਲੰਡਰ ਤੇ ਰਾਸ਼ਨ ਹੋਇਆ ਚੋਰੀ”, ਫ਼ੌਜੀ ਨਾਜਰ ਸਿਉਂ ਨੇ  ਅਖਬਾਰ ‘ਚੋਂ ਖਬਰ ਪੜ੍ਹਕੇ ਸੁਣਾਈ।
ਸੱਥ ਵਿੱਚ ਬੈਠੇ ਸਭ ਲੋਕ ਕਹਿਣ ਲੱਗੇ ਕਿ ਭਾਈ ਕਲਜੁਗ ਆ, ਚੋਰ ਤਾਂ ਹੁਣ ਸਕੂਲ, ਮੰਦਰ, ਗੁਰਦੁਆਰੇ ਵੀ ਨਹੀਂ ਛੱਡਦੇ। ਇਹਨਾਂ ਨੂੰ ਰੱਬ ਦਾ ਭੋਰਾ ਡਰ ਨਹੀਂ।
” ਬਜੁਰਗੋ ਅੱਜਕਲ੍ਹ ਦੇ ਚੋਰ ਵੀ ਵੰਨ-ਸੁਵੰਨੇ ਨੇ”, ਮਾਸਟਰ ਮੇਲਾ ਸਿੰਘ ਬੋਲਿਆ।
ਸਭ ਮਾਸਟਰ ਮੇਲਾ ਸਿੰਘ ਵੱਲ ਦੇਖਣ ਲੱਗੇ।
” ਮਾਸਟਰ ਜੀ ! ਪਾਓ ਫਿਰ ਚਾਨਣਾ ਇਹਨਾਂ ਚੋਰਾਂ ਬਾਰੇ”, ਬਾਬਾ ਸੰਤਾ ਸਿਉਂ ਨੇ ਕਿਹਾ।
” ਪਹਿਲੇ ਚੋਰ ਉਹ ਨੇ ਜੋ ਰੱਬ ਦੇ ਨਾਂ ਤੇ ਲੋਕਾਂ ਨੂੰ ਵਹਿਮ-ਭਰਮ ਵਿੱਚ ਪਾ ਕੇ ਉਹਨਾਂ ਦੀ ਮਤ, ਰੁਪਿਆ, ਸਮਾਂ ਤੇ ਪੱਤ ਲੁੱਟਦੇ ਨੇ। ਦੂਜੇ ਤਰ੍ਹਾਂ ਦੇ ਚੋਰ ਉਹ ਨੇ ਜੋ ਲੋਕਾਂ ਨੂੰ ਲਾਰੇ ਲੱਪੇ ਲਾ ਕੇ, ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਨੌਜਵਾਨਾਂ ਦਾ ਰੁਜ਼ਗਾਰ, ਭਵਿੱਖ ਚੋਰੀ ਕਰ ਦੇਸ਼ ਨੂੰ ਲੁੱਟਦੇ ਨੇ। ਤੀਜੇ ਤਰ੍ਹਾਂ ਦੇ ਚੋਰ ਉਹ ਨੇ ਜੋ ਆਪਣੀ ਜਿੰਮੇਵਾਰੀ ਛਿੱਕੇ ਟੰਗ ਡਿਊਟੀ ਤੇ ਕੰਮ  ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਹੀਂ ਨਿਭਾਉਂਦੇ। ਚੌਥੇ ਤਰ੍ਹਾਂ ਦੇ ਇਹ ਨਵੇਂ ਚੋਰ ਨੇ ਸਾਹਿਤਕ ਚੋਰ, ਜੋ ਦੂਜੇ ਲੇਖਕਾਂ, ਕਲਾਕਾਰਾਂ ਦੇ ਸਾਹਿਤ ਤੇ ਰਚਨਾਵਾਂ ਨੂੰ  ਚੋਰੀ ਕਰਕੇ ਪਾਤਰਾਂ ਦੇ ਨਾਂ ਬਦਲ ਬਾਕੀ ਸਭ ਇੰਨ-ਬਿੰਨ ਆਪਣੇ ਨਾਂ ਹੇਠ ਛਾਪਦੇ ਜਾਂ ਛਪਾਉਂਦੇ ਨੇ “, ਮਾਸਟਰ ਮੇਲਾ ਸਿੰਘ ਨੇ ਆਖਿਆ।
ਸਾਰੀ ਸੱਥ ਵਿੱਚ ਘੁਸਰ ਮੁਸਰ ਹੋਣ ਲੱਗੀ।
” ਮਾਸਟਰ ਜੀ ਮੈਂ ਸਮਝਦਾ ਸੀ ਕਿ ਚੀਜ਼ਾਂ ਚੋਰੀ ਕਰਨ ਵਾਲਾ ਹੀ ਚੋਰ ਹੁੰਦਾ ਆ, ਪਰ ਤੁਸੀਂ ਤੇ ਇਹਨਾਂ ਬਾਰੇ ਦੱਸ ਕੇ ਮੈਨੂੰ ਸੋਚੀਂ ਪਾ ਦਿੱਤਾ ਕਿ ਜਿੱਥੇ ਅਜਿਹੇ ਚੋਰ ਈ ‘ਕੱਠੇ ਹੋ ਜਾਣ ਤਾਂ ਓਸ ਮੁਲਕ ਦਾ ਰੱਬ ਵੀ ਨਹੀਂ ਰਾਖਾ “, ਬਾਬਾ ਸੰਤਾ ਬੋਲਿਆ।
       ✒ ਅਮਰਪ੍ਰੀਤ ਸਿੰਘ ਝੀਤਾ
            9779191447
             ਨੰਗਲ ਅੰਬੀਆ (ਜਲੰਧਰ)
Share Button

Leave a Reply

Your email address will not be published. Required fields are marked *