ਸਾਹਿਤਕ ਖੇਤਰ ਵਿੱਚ ਚਮਕਦਾ ਸਿਤਾਰਾ: ਰਾਣੀ ਤੱਤ ਵਾਲਾ ਹਰਮਨ

ss1

ਸਾਹਿਤਕ ਖੇਤਰ ਵਿੱਚ ਚਮਕਦਾ ਸਿਤਾਰਾ: ਰਾਣੀ ਤੱਤ ਵਾਲਾ ਹਰਮਨ

ਹਰਮਨ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਤੋਂ ਪੈਦਾ ਹੋ ਕੇ ਅੱਜ ਦੇਸ਼-ਵਿਦੇਸ਼ ਵਿੱਚ ਆਪਣੀ ਕਿਤਾਬ ਰਾਣੀ ਤੱਤ ਜ਼ਰੀਏ ਨਾਮ ਕਮਾ ਚੁੱਕਾ ਹੈ।ਕਸਬ ਵਜੋਂ ਹਰਮਨਜੀਤ ਸਰਕਾਰੀ ਸਕੂਲ਼ ਵਿੱਚ ਅਧਿਆਪਕ ਹੈ ਪਰ ਸਮਾਜ ਵਿੱਚ ਉਸਦੀ ਪ੍ਰਸਿੱਧੀ ਲੇਖਕ ਦੇ ਤੌਰ ਤੇ ਵਧੇਰੇ ਹੈ।ਸੰਨ 2015 ਵਿੱਚ ਆਈ ਉਸਦੀ ਕਿਤਾਬ ਰਾਣੀ ਤੱਤ (ਸੋਹਿਲੇ ਧੂੜ੍ਹ ਮਿੱਟੀ ਕੇ) ਕਵਿਤਾਵਾਂ ਅਤੇ ਵਾਰਤਕ ਦਾ ਸਮੂਹਿਕ ਸੰਗ੍ਰਹਿ ਹੈ।ਭਾਂਵੇਂ ਅੱਜ ਸੋਸ਼ਲ ਮੀਡੀਆ ਨੇ ਹਰ ਜਗ੍ਹਾ ਆਪਣੀ ਧਾਂਕ ਜਮਾ ਕੇ ਪੂਰੀ ਦੁਨੀਆਂ ਨੂੰ ਆਪਣੇ ਕਲੇਵਰ ਵਿੱਚ ਲਿਆ ਹੈ ਪਰ ਏਸ ਮੁਕਾਬਲੇ ਵਿੱਚ ਵੀ ਹਰਮਨ ਦੀ ਕਿਤਾਬ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ। ਏਸ ਕਿਤਾਬ ਦੀ ਵਿਕਰੀ ਨੇ ਜਿੱਥੇ ਕਈ ਰਿਕਾਰਡ ਤੋੜੇ ਓਥੇ ਹਰਮਨ ਨੂੰ ਵੀ ਨਾਮੀ ਸਾਹਿਤਕਾਰਾਂ ਦੀ ਪਹਿਲੀ ਸਫ਼ ਵਿੱਚ ਲੈ ਆਂਦਾ।ਹਰਮਨ ਨੇ ਇਸ ਵਿੱਚ 46 ਕਵਿਤਾਵਾਂ ਅਤੇ ਬਾਰਾਂ ਵਾਰਤਕ ਸ਼ਾਮਿਲ ਕੀਤੇ ਜੋ ਵੱਖ-ਵੱਖ ਵਿਸ਼ਿਆਂ ਨਾਲ ਵਾਬਸਤਾ ਹਨ।

ਬਹੁਗਿਣਤੀ ਲੋਕਾਂ ਵੱਲੋਂ ਉਸਦੀ ਕਿਤਾਬ ਵਿੱਚ ਦਿਲਚਸਪੀ ਲੈਣ ਦਾ ਮੁੱਖ ਕਾਰਨ ਉਸਦੀ ਲਿਖਣ ਸ਼ੈਲੀ ਰਹੀ ਜੋ ਮੱਧਕਾਲੀਨ ਪੰਜਾਬ ਦੀ ਭਾਸ਼ਾ ਰਾਹੀਂ, ਹਾਈਪਰ ਰਿਆਲਿਟੀ ਦਾ ਸੰਕਲਪ ਸਿਰਜਦੀ, ਪਾਠਕ ਨੂੰ ਵੱਖਰਾ ਸੁਆਦ ਦਿੰਦੀ ਹੈ।ਸ਼ਾਇਦ ਏਸੇ ਕਰਕੇ ਉਸਦੀਆਂ ਉੱਚੀਆਂ-ਉੱਚੀਆਂ, ਕਿਸੇ ਹੋਰ ਜਹਾਨ ਦੀਆਂ ਗੱਲਾਂ ਜੋ ਨੌਜਵਾਨ ਪੀੜ੍ਹੀ ਨੂੰ ਵਧੇਰੇ ਖਿੱਚਦੀਆਂ ਨੇ ਜ਼ਿਆਦਾ ਚੰਗੀਆਂ ਲੱਗੀਆਂ। ਉਹਨਾਂ ਏਸ ਗੱਲ ਦਾ ਪ੍ਰਮਾਣ ਇਸਨੂੰ ਖ੍ਰੀਦ ਕੇ ਅਤੇ ਪੜ੍ਹ ਕੇ ਦਿੱਤਾ ਵੀ ਹੈ।ਹਰਮਨ ਏਸ ਗੱਲ ਨੂੰ ਆਪਣੀ ਪ੍ਰਾਪਤੀ ਮੰਨਦਾ ਹੈ ਕਿ ਉਸਦੀ ਪੁਸਤਕ ਨੇ ਮੁੜ ਤੋਂ ਨੌਜਵਾਨਾਂ ਨੂੰ ਪੜ੍ਹਨ-ਲਿਖਣ ਲਈ ਪ੍ਰੇਰਿਤ ਕੀਤਾ ਹੈ।ਮੁਲਕਾਤ ਦੌਰਾਨ ਉਸਨੇ ਦੱਸਿਆ ਕਿ ਲੋਕ ਉਸਦੀ ਕਿਤਾਬ ਵਿੱਚੋਂ ਤੁਕਾਂ ਚੁੱਕ ਕੇ ਸੋਸ਼ਲ-ਸਾਈਟਸ ਅਤੇ ਐਪਸ ਤੇ ਪਾਉਣਾ ਪਸੰਦ ਕਰ ਰਹੇ ਹਨ। ਇਸਦੇ ਨਾਲ ਹੀ ਕਈ ਏਸ ਕਿਤਾਬ ਨੂੰ ਤੋਹਫ਼ੇ ਵਜੋਂ ਵੰਡ ਰਹੇ ਹਨ।ਸੋ, ਹਰਮਨ ਲਈ ਲਿਖਾਰੀ ਹੋਣ ਨਾਤੇ ਏਹ ਸਾਰਾ ਵਰਤਾਰਾ ਕਾਫ਼ੀ ਸਲਾਹੁਣਯੋਗ ਹੈ।

ਅੱਜ ਦੇ ਯੁੱਗ ਵਿੱਚ ਜਦੋਂ ਕਵਿਤਾ ਜਾਂ ਵਾਰਤਕ ਬਹੁਗਿਣਤੀ ਲੋਕਾਂ ਦਾ ਸੁਆਦ ਨਹੀਂ ਰਹੇ ਹਰਮਨ ਨੇ ਉਸ ਚੇਟਕ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਜੇ ਗੱਲ ਉਸਦੀ ਲਿਖਣ ਸ਼ੈਲੀ ਦੀ ਕੀਤੀ ਜਾਵੇ ਤਾਂ ਫ਼ਿਲਮਾਂ ਲਈ ਲਿਖੇ ਗੀਤਾਂ ਵਿੱਚੋਂ ਵੀ ਉਸਦੀ ਵਿਲੱਖਣਤਾ ਝਲਕਦੀ ਹੀ ਹੈ। ਉਸਦੇ ਗੀਤਾਂ ਦੇ ਬੋਲ ਪੁਰਾਣੇ ਪੰਜਾਬ ਦੀ ਬਾਤ ਪਾਉਂਦੇ ਸ੍ਰੋਤਿਆਂ ਨੂੰ ਸੱਭਿਆਚਾਰਕ ਸੁਹਜ ਨਾਲ ਲਬਰੇਜ਼ ਕਰਦੇ ਨੇ।ਸ਼ਾਇਦ ਉਸ ਦੀ ਸ਼ੈਲੀ ਦਾ ਹੀ ਕੋਈ ਅਸਰ ਹੈ ਕਿ ਸੁਣਨ ਵਾਲੇ ਉਸ ਦੇ ਗੀਤਾਂ ਨੂੰ ਪੁਰਾਣੇ ਸ਼ਬਦਾਂ ਦਾ ਇਸਤੇਮਾਲ ਹੋਣ ਦੇ ਬਾਵਯੂਦ ਵੀ ਨਵੇਂ ਗੀਤਾਂ ਜਿੰਨਾਂ ਹੀ ਮਾਣਦੇ ਹਨ।ਦਿਲਚਸਪ ਗੱਲ ਹੈ ਕਿ ਉਹ ਕਵਿਤਾ ਅਤੇ ਵਾਰਤਕ ਦੇ ਨਾਲ ਨਾਲ ਗੀਤ ਲੇਖਣੀ ਦਾ ਵੀ ਸ਼ੌਕੀਨ ਹੈ। ਉਸਦੇ ਲਿਖੇ ਗੀਤ ਫ਼ਿਲਮ ‘ਲਾਹੌਰੀਏ’ ਵਿੱਚ ਜੇ ਤੂੰ ਆਖੇਂ ਤਾਂ ਮੈਂ ਗੁੱਤ ਚ ਲਾਹੌਰ ਗੁੰਦ ਲਾਂ, ‘ਸਰਵਨ’ ਵਿੱਚ ਰਾਜਿਆ ਵੇ, ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਵਿੱਚ ਟੱਪੇ, ‘ਨਿੱਕਾ ਜੈਲਦਾਰ ਟੂ’ ਵਿੱਚ ਕਲੀ-ਜੋਟਾ ਗੀਤ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਉਸਦੇ ਲਿਖੇ ਗੀਤ ਗੁਰਸ਼ਬਦ ਅਤੇ ਮਨਪ੍ਰੀਤ ਨੇ ਵੀ ਗਾਏ ਹਨ। ਆਉਣ ਵਾਲੇ ਸਮੇਂ ਵਿੱਚ ਉਸਦੇ ਗੀਤ ਫ਼ਿਲਮ ਹਰਜੀਤਾ ਅਤੇ ਲੌਂਗ ਲਾਚੀ ਵਿੱਚ ਵੀ ਸੁਣਨ ਨੂੰ ਮਿਲਣਗੇ।

ਹਰਮਨ ਲਈ ਇਹ ਹੋਰ ਵੀ ਵਡਭਾਗੀ ਗੱਲ ਹੈ ਕਿ ਉਸਨੇ ਜਿੱਥੇ ਸਾਹਿਤ ਵਿੱਚ ਯੁਵਾ ਪੁਰਸਕਾਰ ਲੈ ਕੇ ਮੱਲਾਂ ਮਾਰੀਆਂ ਨੇ ਓਥੇ ਪੰਜਾਬੀ ਫ਼ਿਲਮੀ ਗੀਤਾਂ ਨੂੰ ਲਿਖਣ ਜ਼ਰੀਏ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਵੀ ਆਪਣੀ ਸ਼ਮੂਲੀਅਤ ਕਰ ਲਈ ਹੈ।ਮੁਲਾਕਾਤ ਦੀ ਸਮਾਪਤੀ ਤੇ ਉਸਨੇ ਦੱਸਿਆ ਕਿ ਉਹ ਅਗਲੇਰੀ ਕਿਤਾਬ ‘ਸਰਬੱਤ’ ਜਲਦ ਹੀ ਪਾਠਕਾਂ ਦੇ ਸਨਮੁੱਖ ਕਰੇਗਾ।ਆਸ ਹੈ ਭਵਿੱਖ ਵਿੱਚ ਉਸਦੀ ਕਲਮ ਤੋਂ ਨਿੱਕਲਿਆ ਸਾਹਿਤ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਸਮਾਜ ਨੂੰ ਨਵੀਆਂ ਦਿਸ਼ਾਵਾਂ ਦੇਵੇਗਾ।ਪਰਮਾਤਮਾ ਉਸਦੀ ਕਲਮ ਦੀ ਨੋਕ ਜਰਖੇਜ਼ ਰੱਖੇ। ਆਮੀਨ!

ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217

Share Button

Leave a Reply

Your email address will not be published. Required fields are marked *