ਸਾਹਿਤਕ ਕਿਤਾਬਾਂ ਪੜ੍ਹਨ ਦੀ ਬੱਚਿਆਂ ਵਿਚ ਰੁੱਚੀ ਘੱਟ ਕਿਉਂ???

ss1

ਸਾਹਿਤਕ ਕਿਤਾਬਾਂ ਪੜ੍ਹਨ ਦੀ ਬੱਚਿਆਂ ਵਿਚ ਰੁੱਚੀ ਘੱਟ ਕਿਉਂ???
ਜਿਮੇਵਾਰ ਕੌਣ!!! ਅਧਿਆਪਕ, ਮਾਪੇ, ਸਰਕਾਰ ਜਾਂ ਮੀਡੀਆ??????????

ਨਵੀਂ ਪੀੜ੍ਹੀ ਵਿਚ ਕਿਤਾਬਾਂ ਪੜ੍ਹਨ ਦੀ ਮਨਫੀ ਹੋਈ ਰੁੱਚੀ ਕਾਰਨ ਬੱਚੇ ਸਭ ਕਦਰਾਂ ਕੀਮਤਾਂ ਭੁੱਲਦੇ ਜਾ ਰਹੇ ਹਨ। ਸਥਿਤੀ ਇਨੀ ਤਰਸਯੋਗ ਹੋ ਗਈ ਹੈ ਕਿ ਬੱਚਿਆਂ ਨੂੰ ਸਕੂਲੀ ਕਿਤਾਬਾਂ ਵਿਚ ਦਰਜ ਇਤਿਹਾਸ ਤੋਂ ਇਲਾਵਾ ਬਾਕੀ ਰਹਿੰਦੇ ਨਾਇਕ ਨਾਇਕਾਵਾਂ ਦੀ ਜ਼ਿੰਦਗੀ, ਸੰਘਰਸ਼, ਜਿੱਤਾਂ, ਹਾਰਾਂ,ਸਮਾਜਿਕ ਤਾਣੇ ਬਾਣੇ,ਰਿਸ਼ਤੇ-ਨਾਤਿਆਂ ਬਾਰੇ ਭੋਰਾ ਵੀ ਇਲਮ ਨਹੀ ਰਿਹਾ।ਸਾਰੀਆਂ ਧਿਰਾਂ ਨੇ ਰਲ ਮਿਲ ਕੇ ਬੱਚਿਆਂ ਨੂੰ ਇੱਕ ਕੰਪਿਊਟਰ ਮਸ਼ੀਨ ਵਾਂਗ ਬਣਾ ਦਿੱਤਾ ਹੈ ਜਿਸ ਕੋਲੋਂ ਹਰ ਕੰਮ ਕਰਵਾਇਆ ਜਾ ਸਕਦਾ ਹੋਵੇ ਪ੍ਰੰਤੂ ਉਸ ਕੋਲੋਂ ਅਹਿਸਾਸ ਤੇ ਸੋਚਣ ਸ਼ਕਤੀ ਖੋਹ ਲਈ ਹੈ। ਤੇ ਇਨ੍ਹਾਂ ਦੋਹਾਂ ਤੋਂ ਬਿਨ੍ਹਾਂ ਇਨਸਾਨ ਜਿਉਂਦੇ ਵੀ ਮੁਰਦਾ ਹੀ ਹੁੰਦਾ ਹੈ। ਕਿਤਾਬਾਂ ਇਨਸਾਨਾਂ ਵਿਚ ਅਹਿਸਾਸ ਭਰਦੀਆਂ ਹਨ, ਉਨ੍ਹਾਂ ਨੂੰ ਸਹੀ ਰੰਗ ਰੂਪ ਵਿਚ ਢਾਲਦੀਆਂ ਹਨ, ਉਹਨਾ ਨੂੰ ਸਮਾਜ ਹਿੱਤ ਕਾਰਜਾਂ ਲਈ ਪ੍ਰੇਰਦੀਆਂ ਹਨ ,ਉਨ੍ਹਾਂ ਵਿਚ ਸ਼ਕਤੀ , ਸਿਰੜ ਤੇ ਸਮਰਥਾ ਭਰਦੀਆਂ ਹਨ ਤੇ ਸਭ ਤੋਂ ਉਤਾਂਹ ਉਨ੍ਹਾਂ ਨੂੰ ਜ਼ਿੰਦਗੀ ਮਾਨਣਾ ਸਿਖਾਉਂਦੀਆਂ ਹਨ।

ਪਰ ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਇੱਥੇ ਬਹੁਗਿਣਤੀ ਬੱਚਿਆਂ ਨੂੰ ਸਕੂਲੀ ਕਿਤਾਬਾਂ ਤੋਂ ਇਲਾਵਾ ਹੋਰ ਕੋਈ ਕਿਤਾਬ ਦੇ ਨੇੜੇ ਨਹੀ ਜਾਣ ਦਿੱਤਾ ਜਾਂਦਾ। ਸਕੂਲਾਂ ਦੇ ਬਹੁਤੇ ਅਧਿਆਪਕ ਵੀ ਪਾਠ ਕ੍ਰਮ ਪੂਰਾ ਕਰਵਾਉਣ ਤੱਕ ਹੀ ਸਿਮਟ ਜਾਂਦੇ ਹਨ। ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਮਾਪਿਆਂ ਤੋਂ ਲੈ ਕੇ ਅਧਿਆਪਕਾਂ ਤੱਕ ਬੱਸ ਇਹੀ ਰੱਟ ਲਗਾਈ ਜਾਂਦੀ ਹੈ ਕਿ ਨੰਬਰ ਚੰਗੇ ਲੈਣੇ ਹਨ ਤੇ ਇੱਥੇ ਹੀ ਬੱਚੇ ਦੀ ਹੋਰ ਕੁੱਝ ਨਵਾਂ -ਪੁਰਾਣਾ ਜਾਣਨ ਦੀ ਜਗਿਆਸਾ ਵੀ ਮੁੱਕ ਜਾਂਦੀ ਹੈ ਤੇ ਲਿਹਾਜ਼ਾ ਪਾਠਕ੍ਰਮ ਤੋ ਇਲਾਵਾ ਹੋਰ ਕੁੱਝ ਪੜ੍ਹਨ ਦੀ ਰੁੱਚੀ ਵੀ ਸਿਫਰ ਹੋ ਜਾਂਦੀ ਹੈ। ਇੱਥੇ ਕਸੂਰਵਾਰ ਨਿਰਾ ਅਧਿਆਪਕਾਂ ਤੇ ਮਾਪਿਆਂ ਨੂੰ ਕਹਿਣਾ ਬਿੱਲਕੁੱਲ ਵੀ ਨਿਆਂ ਸੰਗਤ ਨਹੀ ਹੋਵੇਗਾ ਕਿਉਂ ਜੋ ਇਹ ਸਰਕਾਰਾਂ ਦੀ ਵੱਡੀ ਜਿਮੇਵਾਰੀ ਬਣਦੀ ਹੈ ਕਿ ਉਹ ਗੰਭੀਰਤਾ ਨਾਲ ਅਜਿਹੀਆਂ ਸਿੱਖਿਆ ਨੀਤੀਆਂ ਘੜਨ, ਜਿਸ ਨਾਲ ਬੱਚਿਆਂ ਵਿਚ ਸਹਿਤਕ ਕਿਤਾਬਾਂ,ਪਰਚੇ, ਪੜ੍ਹਨ ਦੀ ਰੁੱਚੀ ਪੈਦਾ ਕੀਤੀ ਜਾ ਸਕੇ। ਭਾਂਵੇ ਕਿ ਸਰਕਾਰ ਵਲੋਂ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਤਹਿਤ ਹਾਈ ਤੇ ਸੈਕੰਡਰੀ ਸਰਕਾਰੀ ਸਕੂਲਾਂ ਵਿਚ ਲਾਇਬ੍ਰੇਰੀਆਂ ਦੇ ਕਮਰੇ ਉਸਾਰ ਕੇ ਕਾਫੀ ਮਾਤਰਾ ਵਿਚ ਸਾਹਿਤਕ ਕਿਤਾਬਾਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਪ੍ਰੰਤੂ ਜਦੋਂ ਤੱਕ ਸਕੂਲਾਂ ਵਿਚਲੇ ਬੱਚੇ ਇਨ੍ਹਾਂ ਉਸਾਰੇ ਗਏ ਕਮਰਿਆਂ ਵਿਚ ਜਾ ਕੇ ਕਿਤਾਬਾਂ ਜਾਂ ਰਸਾਲੇ ਨਹੀ ਪੜ੍ਹਦੇ ਤੱਕ ਤੱਕ ਇਹ ਉਸਾਰੇ ਕਮਰੇ ਸਿਰਫ ਕਮਰੇ ਹੀ ਰਹਿਣਗੇ, ਲਾਇਬ੍ਰੇਰੀ ਨਹੀ ਬਣ ਸਕਦੇ।ਸਰਕਾਰ ਵਲੋਂ ਸਕੂਲ ਵਿਚ ਲਾਇਬ੍ਰੇਰੀ ਉਸਾਰ ਦੇਣਾ ਪਰ ਇਸ ਦੀ ਵਰਤੋਂ ਲਈ ਨਾ ਕੋਈ ਸਮਾਂ ਨਿਸਚਿਤ ਕਰਨਾ ਅਤੇ ਨਾ ਹੀ ਸਕੂਲ ਸਮਾਂ ਸਾਰਣੀ ਵਿਚ ਕੋਈ ਪੀਰੀਅਡ ਦੇਣਾ, ਚਿੱਟਾ ਹਾਥੀ ਬੰਨਣ ਦੇ ਬਰਾਬਰ ਹੈ।ਹੈਰਾਨੀਜਨਕ ਹੈ ਇਹ ਵੀ ਹੈ ਕਿ ਲਾਇਬ੍ਰੇਰੀ ਦੀ ਵਰਤੋਂ , ਕਿਤਾਬਾਂ ਜਾਰੀ ਕਰਨ ਤੇ ਜਮ੍ਹਾ ਕਰਨ ਲਈ ਵਿਭਾਗ ਵਲੋਂ ਸਕੂਲਾਂ ਨੂੰ ਹਦਾਇਤ ਕੀਤੀ ਜਾਂਦੀ ਹੈ।ਉਪਰੋਂ ਵਿਭਾਗ ਵਲੋਂ ਹਰੇਕ ਵਿਸ਼ੇ ਦਾ ਸਿਲੇਬਸ ਮਹੀਨਾਵਾਰ ਜਾਰੀ ਕੀਤਾ ਜਾਂਦਾ ਹੈ ਜਿਸ ਨਾਲ ਅਧਿਆਪਕ ਕੋਲ ਮਸਾਂ ਸਿਲੇਬਸ ਸਹੀ ਢੰਗ ਨਾਲ ਪੂਰਾ ਕਰਵਾਉਣ ਦਾ ਵਕਤ ਹੀ ਬੱਚਦਾ ਹੈ।ਅਜਿਹੇ ਵਿਚ ਲਾਇਬ੍ਰੇਰੀ ਦੀ ਵਰਤੋਂ ਦੇ ਰਿਕਾਰਡ ਦੀ ਖਾਨਾਪੂਰਤੀ ਹੋਣੀ ਨਿਸਚਿੱਤ ਹੀ ਹੈ ਜਿਸ ਲਈ ਸਰਕਾਰ ਸਿੱਧੇ ਤੌਰ ‘ਤੇ ਜਿਮੇਵਾਰ ਹੈ ।ਪ੍ਰੰਤੂ ਮਾਪਿਆਂ ਤੇ ਅਧਿਆਪਕਾਂ ਦੋਹਾਂ ਧਿਰਾਂ ਦੀ ਨੈਤਿਕ ਜਿਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ ।ਇਹ ਉਦੋਂ ਤੱਕ ਸੰਭਵ ਨਹੀ ਹੋਵੇਗਾ ਜਦੋਂ ਤੱਕ ਮਾਪੇ ਤੇ ਅਧਿਆਪਕ ਖੁਦ ਦੀ ਰੁੱਚੀ ਦੇ ਕਦਮ ਵੱਖ ਵੱਖ ਲੇਖਕਾਂ,ਕਵੀਆਂ ਦੀਆਂ ਕਿਰਤਾਂ ਵੱਲ ਨਹੀਂ ਵਧਾਉਂਦੇ। ਮਾਪੇ ਅਤੇ ਅਧਿਆਪਕ ਚੰਗੀਆਂ ਪੁਸਤਕਾਂ ਪੜ੍ਹ ਕੇ ਰਾਹੇ ਵਗਾਹੇ ਬੱਚਿਆਂ ਸਾਮ੍ਹਣੇ ਉਨ੍ਹਾਂ ਕਿਤਾਬਾਂ ਦੀ ਤਾਰੀਫ ਕਰਨ ਤਾਂ ਜੋ ਬੱਚਿਆਂ ਵਿਚ ਇਨ੍ਹਾਂ ਪ੍ਰਤੀ ਲਗਾਵ ਪੈਦਾ ਹੋਵੇ।ਘਰਾਂ ਵਿਚ ਵੱਖ ਵੱਖ ਕਮਰਿਆਂ ਵਿਚ ਮਹਿੰਗੀਆਂ-ਮਹਿੰਗੀਆਂ ਐਲ.ਸੀ.ਡੀ. ਲਗਾਉਣ ਦੀ ਵਜਾ੍ਹਏ,ਘਰਾਂ ਵਿਚ ਲਾਇਬ੍ਰੇਰੀ ਸ਼ੈਲਫਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੁਸਤਕਾਂ ਪਈਆਂ ਦੇਖ ਬੱਚੇ ਦਾ ਮਨ ਕਦੀ ਨਾ ਕਦੀ ਪੜ੍ਹਨ ਨੂੰ ਕਰੇ। ਜਿਹੜੇ ਮਾਪੇ ਜਾਂ ਅਧਿਆਪਕ ਕਿਤਾਬਾਂ ਦੀ ਚੋਣ ਕਰਨ ਜਾਂ ਬਜ਼ਾਰੋਂ ਖ੍ਰੀਦਣ ਵਿਚ ਕਤਰਾੁਂਦੇ ਹਨ ਉਨ੍ਹਾਂ ਨੂੰ ਪੀਪਲਜ਼ ਫੋਰਮ ਬਰਗਾੜੀ ਵਰਗੀਆਂ ਸਮਾਜ ਸੇਵੀ ਸਾਹਿਤਕ ਸੰਸਥਾਵਾਂ ਦੀ ਮਦਦ ਲੈਣੀ ਚਾਹੀਦਾ ਹੈ ਜੋ ਕਿ ਮਿਆਰੀ ਕਿਤਾਬਾਂ ਦੇ ਸੈੱਟ ਮਹੀਨਾਵਰ ਜਾਂ ਡਿਮਾਂਡ ਅਨੁਸਾਰ ਡਾਕ ਰਾਹੀਂ ਭੇਜ ਘਰ ਪਹੁੰਚਾ ਦਿੰਦੇ ਹਨ।ਅਜਿਹੀਆਂ ਸੰਸਥਾਵਾਂ ਨੂੰ ਵੀ ਸਰਕਾਰ ਵਲੋਂ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ।
ਸਰਕਾਰ,ਮਾਪੇ ਤੇ ਅਧਿਆਪਕਾਂ ਤੋਂ ਇਲਾਵਾ ਵੀ ਇੱਕ ਵੱਡੀ ਧਿਰ ਹੈ ਜੋ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ ,ਉਹ ਹੈ ਮੀਡੀਆ ਜਿਸ ਵਿਚ ਟੀਵੀ ਚੈਨਲ,ਨੈੱਟ ਅਤੇ ਆਨਲਾਈਨ ਸਾਧਨ ਮਜ਼ੂਦ ਹਨ ਜਿਨ੍ਹਾ ਨੇ ਬੱਚਿਆਂ ਦਾ ਲਗਭਗ ਸਾਰਾ ਸਮਾਂ ਸਾਂਭ ਲਿਆ ਹੈ ।ਅਖਬਾਰਾਂ, ਦੂਰਦਰਸ਼ਨ ਦੇ ਡੀ.ਡੀ. ਪੰਜਾਬੀ ਤੇ ਨੈਸ਼ਨਲ ਚੈੱਨਲ ਛੱਡ ਕੇ ਅਤੇ ਬਾਕੀ ਚੈੱਨਲਾਂ ਦੇ ਕੁੱਝ ਕੋ ਪ੍ਰੋਗਰਾਮ ਛੱਡ ਕੇ ਬਾਕੀ ਸਾਰੇ ਪ੍ਰੋਗਰਾਮ ਬੱਚਿਆਂ ਨੂੰ ਗਲਤ ਕੰਮ ਵੱਲ ਉਕਸਾ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਮਨ ਦੇ ਵਲਵਲੇ ਗਲਤ ਪਾਸੇ ਹੀ ਉਲਝੇ ਰਹਿੰਦੇ ਹਨ।ਬਾਕੀ ਰਹਿੰਦੀ ਕਸਰ ਇੰਟਨੈੱਟ ਪੂਰੀ ਕਰ ਰਿਹਾ ਹੈ ਜਿਸ ‘ਤੇ ਨਾ ਕੋਈ ਰੋਕ ਟੋਕ ਤੇ ਨਾ ਕੋਈ ਪਾਬੰਦੀ ਹੈ।ਸਰਕਾਰ ਨੇ ਨੈੱਟ ਵਾਲੇ ਪਾਸੇ ਅਜੇ ਤੱਕ ਕੋਈ ਪਲੇਠਾ ਕਦਮ ਵੀ ਨਹੀਂ ਪੁੱਟਿਆ। ਪ੍ਰਾਈਵੇਟ ਟੀ.ਵੀ. ਚੈੱਨਲਾਂ ਦੇ ਮਾਲਕਾਂ ,ਫਿਲਮਾਂ ਨਾਟਕਾਂ ਦੇ ਡਾਇਰੈਕਟਰ, ਪ੍ਰੋਡਿਊਸਰਾਂ ਨੂੰ ਬੱਚਿਆਂ ਦੇ ਹਿੱਤ ਲਈ ਅਜਿਹੇ ਪ੍ਰੋਗਰਾਮ ਤਿਆਰ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਬੱਚਿਆਂ ਦੀ ਰੁੱਚੀ ਕਿਤਾਬਾਂ ਵੱਲ ਵਧੇ।ਸਰਕਾਰ ਨੂੰ ਸੈਂਸਰ ਬੋਰਡਾਂ ਰਾਹੀਂ ਸਖਤੀ ਵਰਤ ਕੇ ਗਲਤ ਪ੍ਰੋਗਰਾਮ ਬੈਨ ਕਰਨੇ ਚਾਹੀਦੇ ਹਨ। ਪ੍ਰਿੰਟ ਮੀਡੀਆ ਵਿਚ ਅਖਬਾਰਾਂ,ਰਸਾਲਿਆਂ ਦਾ ਰੋਲ, ਸਾਹਿਤ ਨਾਲ ਜੋੜਨ ਵਿਚ ਸ਼ੁਰੂ ਤੋਂ ਹੀ ਪ੍ਰਸ਼ੰਸਾ ਖੱਟਦਾ ਰਿਹਾ ਹੈ। ਇਨ੍ਹਾਂ ਰਾਹੀਂ ਕਾਫੀ ਵਧੀਆ ਲੇਖ,ਕਹਾਣੀਆਂ,ਕਵਿਤਾਵਾਂ ਅਸਾਨੀ ਨਾਲ ਪਾਠਕਾਂ ਤੱਕ ਪਹੁੰਚਦੀਆਂ ਹਨ ਪਰੰਤੂ ਅਖਬਾਰਾਂ ਦੇ ਇਨ੍ਹਾਂ ਵਿੱਸ਼ਿਆਂ ਦੇ ਪਾਠਕਾਂ ਵਿਚ ਸਾਡੇ ਬੱਚਿਆਂ ਦੀ ਗਿਣਤੀ ਨਾਹ ਦੇ ਬਰਾਬਰ ਹੀ ਹੈ।ਇੱਥੇ ਮਾਪਿਆਂ ਨੂੰ ਖੁਦ ਵੀ ਤੇ ਆਪਣੇ ਬੱਚਿਆਂ ਨੂੰ ਅਖਬਾਰਾਂ ਦੇ ਖਾਸਕਰ ਐਡੀਟੋਰਿਅਲ ਪੇਜ ਤੇ ਲੇਖ,ਕਹਾਣੀਆਂ,ਕਵਿਤਾਵਾਂ ਨਾਲ ਜੋੜਨਾ ਚਾਹੀਦਾ ਹੈ। ਇਸ ਨਾਲ ਜਿੱਥੇ ਗਿਆਨ ਵਿਚ ਵਾਧਾ ਹੋਵੇਗਾ ਉੱਥੇ ਹੀ ਪੜ੍ਹਨ ਦੀ ਰੁੱਚੀ ਸੁੱਧਰੇਗੀ।ਅਖਬਾਰਾਂ ਨੂੰ ਵੀ ਇਸ ਖੇਤਰ ਵਿਚ ਹੋਰ ਹਮਲਾ ਮਾਰਨ ਦੀ ਲੋੜ ਹੈ। ਅਖਬਾਰਾਂ ਨੂੰ ਉਨ੍ਹਾਂ ਵਿਚ ਛਪਦੇ ਲੇਖਾਂ ,ਕਵਿਤਾਵਾਂ, ਕਹਾਣੀਆਂ ਆਦਿ ਵਿਚੋਂ ਬੱਚੇ ਪਾਠਕਾਂ ਦੇ ਕੁਇਜ਼ ਮੁਕਾਬਲੇ ਕਰਵਾ ਕੇ ਉਨ੍ਹਾਂ ਨੂੰ ਇਸ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।

ਸਾਡੇ ਪ੍ਰਾਂਤ ਪੰਜਾਬ ਦੇ ਵਿਦੇਸ਼ ਰਹਿੰਦੇ ਐਨ.ਆਰ.ਆਈ. ਭਰਾਵਾਂ ਦਾ ਪੰਜਾਬ ਪ੍ਰਤੀ ਮੋਹ ਤੇ ਫਿਕਰ ਹਮੇਸ਼ਾਂ ਤੋਂ ਹੀਂ ਡੂੰਘਾ ਰਿਹਾ ਹੈ ਅਤੇ ਜਿਸ ਤਹਿਤ ਬਾਹਰ ਵੱਸਦੇ ਪੰਜਾਬੀ ਇੱਥੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕਣ ਲਈ ਸਮੇਂ ਸਮੇਂ ਸਿਰ ਪੰਜਾਬ ਆ ਕੇ ਸੱਭਿਆਚਾਰਕ ਖੇਡ ਮੇਲੇ ਕਰਵਾਉਂਦੇ ਰਹਿੰਦੇ ਹਨ। ਹੁਣ ਇਨ੍ਹਾਂ ਐਨ.ਆਰ.ਆਈ. ਭਰਵਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਵਿਚ ਖੇਡ ਮੇਲਿਆਂ ਦੇ ਨਾਲ ਨਾਲ ਪੁਸਤਕ ਮੇਲੇ ਵੀ ਕਰਵਾਉਣ ਅਤੇ ਖੇਡਾਂ ਵਾਂਗ ਪੁਸਤਕਾਂ ਸਬੰਧੀ ਮੁਕਾਬਲੇ ਕਰਵਾ ਕੇ ਇਨਾਮ ਦੇਣ।

ਸਾਰੀਆਂ ਧਿਰਾਂ ਦੀਆਂ ਕਮੀਆਂ ਕਾਰਨ ਹੀ ਨਵੀਂ ਪੀੜ੍ਹੀ ਦੇ ਬੱਚਿਆਂ ਅਤੇ ਸਾਹਿਤਕ ਕਿਤਾਬਾਂ ਵਿਚ ਬਹੁਤ ਦੂਰੀ ਬਣੀ ਹੋਈ ਹੈ ਜਿਸ ਨੂੰ ਘਟਾਉਣਾ ਕਿਸੇ ਇੱਕ ਧਿਰ ਦੇ ਵੱਸ ‘ਚ ਨਹੀ ਰਿਹਾ।ਸਰਕਾਰ ਤੇ ਸਿੱਖਿਆ ਵਿਭਾਗ ਨੂੰ ਜਿੱਥੇ ਇਸ ਮਸਲੇ ਸਬੰਧੀ ਉਸਾਰੂ ਨੀਤੀਆਂ ਘੜ ਕੇ ਠੋਸ ਕਦਮ ਚੁੱਕਣ ਦੀ ਸਖਤ ਲੋੜ ਹੈ ਉੱਥੇ ਹੀ ਮਾਪੇ , ਅਧਿਆਪਕ , ਟੈਲੀਵਿਜ਼ਨ ਮੀਡੀਆ , ਪ੍ਰਿੰਟ ਮੀਡੀਆ, ਸਮਾਜ ਸੇਵੀ ਸੰਸਥਾਵਾਂ ਅਤੇ ਦੇਸ਼ ਵਿਦੇਸ਼ ਰਹਿੰਦੇ ਐਨ.ਆਰ.ਆਈ. ਭਰਾਵਾਂ ਨੂੰ ਇੱਕਜੁੱਟ ਹੋ ਕੇ ਬੱਚਿਆਂ ਵਿਚ ਪੁਸਤਕਾਂ ਪੜ੍ਹਨ ਦੀ ਰੁੱਚੀ ਪੈਦਾ ਕਰਨ ਦਾ ਤਗੜਾ ਹਮਲਾ ਮਾਰਨ ਦੀ ਜਰੂਰਤ ਹੈ।

ਬਰਿੰਦਰ ਸਿੰਘ ਹਰਗੋਬਿੰਦਪੁਰੀ
ਪਿੰਡ ਚੱਕ ਚਾਓ, ਡਾਕ ਮਾੜੀ ਟਾਂਡਾ, ਤਹਿ ਬਟਾਲਾ,
ਜਿਲ੍ਹਾ ਗੁਰਦਾਸਪੁਰ, ਪੰਜਾਬ-143515
8427629424,
barinder.kamil@gmail.com

Share Button

1 thought on “ਸਾਹਿਤਕ ਕਿਤਾਬਾਂ ਪੜ੍ਹਨ ਦੀ ਬੱਚਿਆਂ ਵਿਚ ਰੁੱਚੀ ਘੱਟ ਕਿਉਂ???

Leave a Reply

Your email address will not be published. Required fields are marked *