ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਸਾਰੇ ਮੁਲਾਜ਼ਮ ਮਾੜੇ ਨਹੀਂ ਹੁੰਦੇ

ਸਾਰੇ ਮੁਲਾਜ਼ਮ ਮਾੜੇ ਨਹੀਂ ਹੁੰਦੇ

– ਨੇਤਰ ਸਿੰਘ ਮੁੱਤੋ

ਅੱਜ ਦੇ ਇਸ ਲੇਖ ਵਿੱਚ ਪੁਲਿਸ ਪ੍ਰਤੀ ਜੋ ਮੇਰੇ ਪ੍ਰਭਾਵ ਹਨ, ਮੈਂ ਉਹ ਪਾਠਕਾਂ ਨਾਲ ਸਾਂਝੇ ਕਰਨ ਲੱਗਿਆ ਹਾਂ। ਪੰਜਾਬੀ ਦੀ ਇੱਕ ਕਹਾਵਤ ਹੈ ‘ਬਦ-ਨਾਲੋਂ ਬਦਨਾਮ ਬੁਰਾ’ ਇਸ ਵਿੱਚ ਕੋਈ ਸ਼ੱਕ ਨਹੀਂ ਅੱਸੀਵੇ ਦੌਰ ਵਿੱਚ ਪੁਲਿਸ ਨੇ ਉਹ ਘਿਨਾਉਣੇ ਕਾਲੇ ਕਾਰਨਾਮੇ ਕੀਤੇ। ਜਿੰਨਾਂ ਨੇ ਉਹ ਜ਼ਾਲਮਾਨਾਂ ਤਸ਼ੱਦਦ ਆਪਣੇ ਹੱਡੀ ਹੰਢਾਏ ਸਨ, ਉਹ ਉਹਨਾਂ ਦੀਆਂ ਕਈ ਪੀੜੀਆਂ ਨੂੰ ਨਹੀਂ ਭੁੱਲਣੇ। ਪਰ ਏਸ ਪਿਛੇ ਵੀ ਬਦ ਸੋਚ ਕੰਮ ਕਰਦੀ ਸੀ। ਜੋ ਬਦਨਾਮ ਘੱਟ ਹੋਈ, ਪਰ ਏਸ ਦਾ ਇਲਜ਼ਾਮ ਉਹਨਾਂ ਨੂੰ ਵੀ ਭੁਗਤਨਾ ਪਿਆ ਸੀ। ਉਸ ਸਮੇਂ ਬਦ ਸੋਚ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਸੀ। ਸਿਆਸਤ ਦਾ ਜਿਆਦਾ ਦਬਾਅ ਹੋਣ ਕਰਕੇ ਜਾਂ ਤਰੱਕੀਆਂ ਤੇ ਰੁਪੈ ਬਨਾਉਣ ਦੀ ਲਾਲਸਾ ਨੇ ਪੁਲਿਸ ਵਾਲਿਆਂ ਦੀ ਬੁੱਧੀ ਮਲੀਨ ਕਰ ਦਿੱਤੀ ਸੀ ਤਾਂ ਉਸ ਸਮੇਂ ਚੰਗੀ ਤੇ ਮਨੁੱਖਤਾ ਪ੍ਰਤੀ ਹਮਦਰਦੀ ਵਾਲੀ ਸੋਚ ਵੀ ਮਰੀ ਨਹੀਂ ਸੀ ਜਿਸ ਨੂੰ ਲਿਖਣਾ ਮੇਰੇ ਲਈ ਜ਼ਰੂਰੀ ਹੋ ਗਿਆ।
ਤਕਰੀਬਨ ਪਚਾਸੀ ਛਿਆਸੀ ਦੇ ਵਿੱਚ ਮੈਂ ਤੇ ਮੇਰਾ ਸਾਲਾ ਸਕੂਟਰ ‘ਤੇ ਜਾ ਰਹੇ ਸੀ। ਸਰਹੰਦ ਨਹਿਰ ਤੇ ਨੀਲੋਂ ਦੇ ਪੁਲ ਤੇ ਪੁਲਿਸ ਦਾ ਨਾਕਾ ਲਾਇਆ ਹੋਇਆ ਸੀ। ਪੁਲਿਸ ਵਾਲੇ ਨੇ ਸਾਨੂੰ ਹੱਥ ਦੇ ਕੇ ਰੋਕ ਲਿਆ। ਅਸੀਂ ਡਰ ਗਏ, ਸਾਡੇ ਕੋਲ ਨਾ ਲਾਇਸੰਸ ਸੀ, ਨਾ ਸਕੂਟਰ ਦੇ ਕਾਗਜ਼ ਸਾਡੇ ਨਾਂ ਸਨ। ਠਾਣੇਦਾਰ ਬੋਲਿਆ, ਕਾਗਜ਼ ਵਿਖਾਉ, ਅਸੀਂ ਕਾਗਜ਼ ਵਿਖਾ ਦਿੱਤੇ। ਉਹ ਕਹਿੰਦਾ ਸਕੂਟਰ ਕਿਸ ਦਾ ਹੈ। ਮੇਰਾ ਸਾਲਾ ਬੋਲਿਆ, ਜੀ ਮੇਰੇ ਵੱਡੇ ਭਰਾ ਦੇ ਨਾਂ ਹੈ। ”ਲਾਇਸੰਸ ਹੈ।” ਜੀ ਲਾਇਸੰਸ ਅਸੀਂ ਨਹੀਂ ਬਣਾਏ। ਮੇਰੇ ਖਾਲਸਤਾਨੀ ਪੱਗ ਬੰਨੀ ਹੋਈ ਸੀ। ਹਾਂ ਬਈ ਤੂੰ ਕੀ ਕਰਦੈ। ਜੀ, ਮੈਂ ਸਰਕਾਰੀ ਮੁਲਾਜ਼ਮ ਹਾਂ। ਮੈਂ ਆਪਣਾ ਸ਼ਨਾਖਤੀ ਕਾਰਡ ਵਿਖਾ ਦਿੱਤਾ। ਉਸਨੇ ਸਾਡੇ ਚਿਹਰੇ ਪੜ ਕੇ ਪੁੱਛਿਆ, ਕਿੱਥੇ ਜਾ ਰਹੇ ਹੋ। ਜੀ ਪਿੰਡ ਭੋਲਾਪੁਰ ਨੂੰ, ਚੰਗਾ ਫੇਰ ਉਸ ਪਿੰਡ ਦੇ ਸਰਪੰਚ ਜਾਂ ਉੱਘੇ ਵਿਅਕਤੀ ਦਾ ਨਾਂ ਲਵੋ। ਪਰ ਮੇਰਾ ਸਾਲਾ ਡਰਦਾ ਨਾਂ ਹੀ ਭੁੱਲ ਗਿਆ ਸੀ। ਸ਼ਾਇਦ ਠਾਣੇਦਾਰ ਨੇ ਇਹ ਸੋਚਿਆ ਹੋਵੇਗਾ ਕਿ ਪੁਲਿਸ ਦੀ ਦਹਿਸ਼ਤ ਨਾਲ ਆਮ ਸੱਚਾ ਬੰਦਾ ਵੀ ਕਿੰਨਾ ਡਰ ਜਾਂਦਾ ਹੈ। ਉਸ ਨੂੰ ਆਪਣੇ ਪਿੰਡ ਦੇ ਹੀ ਬੰਦੇ ਦਾ ਨਾਂ ਯਾਦ ਨਹੀਂ ਆਉਂਦਾ। ਇਹ ਤਾਂ ਬੜੀ ਨਿਮੋਸ਼ੀ ਵਾਲੀ ਗੱਲ ਹੈ। ਫੇਰ ਠਾਣੇਦਾਰ ਨੇ ਥੋੜਾ ਮੁਸਕਰਾਉਂਦੇ ਨੇ ਕਿਹਾ। ਮੈਂ ਸਾਹਨੇਵਾਲ ਠਾਣੇਦਾਰ ਲੱਗਿਆ ਰਿਹਾ, ਤੁਹਾਡੇ ਪਿੰਡ ਦੇ ਚੰਨਾ ਫੈਕਟਰੀ ਵਾਲੇ ਨੂੰ ਜਾਣਦੇ ਹੋ? ਤਾਂ ਥੋੜਾ ਜਿਹਾ ਡਰ ਵਿੱਚ ਨਿਕਲ ਕੇ ਮੇਰਾ ਸਾਲਾ ਕਹਿਣ ਲੱਗਾ, ਹਾਂ ਜੀ ਹਾਂ। ਦਰਸ਼ਨ ਸਿੰਘ ਸਾਡਾ ਚਾਚਾ ਲੱਗਦਾ ਹੈ। ਉਹਨਾਂ ਦੀ ਫੈਕਟਰੀ ਵਿੱਚ ਮੈਂ ਪਹਿਲਾਂ ਕੰਮ ਕਰਦਾ ਸੀ। ਦਰਸ਼ਨ ਸਿੰਘ ਨੂੰ ਮੈਂ ਵੀ ਜਾਣਦਾ ਸੀ। ਜਦ ਮੈਂ ਸਹੁਰੇ ਜਾਂਦਾ, ਕਦੇ ਕਦਾਈ ਉਹ ਮੈਨੂੰ ਵੀ ਮਿਲਦਾ ਸੀ। ਠਾਣੇਦਾਰ ਕਹਿੰਦਾ ਜਾਉੁ, ਐਨਾ ਡਰੀਦਾ ਨਹੀਂ।
ਅੱਤਵਾਦ ਦੇ ਸਮੇਂ ਹੀ ਮੇਰਾ ਵੱਡਾ ਭਰਾ ਬਹੁਤ ਬੀਮਾਰ ਹੋ ਗਿਆ। ਮੈਂ ਉਸ ਨੂੰ ਸਕੂਟਰ ਤੇ ਬਿਠਾ ਲਿਆ ਤੇ ਮਗਰ ਛੋਟੇ ਭਰਾ ਨੂੰ ਬਿਠਾ ਲਿਆ ਸੀ। ਅਸੀਂ ਠੰਡ ਤੋਂ ਬਚਣ ਲਈ ਲੋਈ ਦੀਆਂ ਬੁੱਕਲਾਂ ਮਾਰ ਲਈਆਂ ਸਨ। ਮੈਂ ਮੂੰਹ ਤੇ ਕੱਪੜਾ ਵੀ ਬੰਨ ਲਿਆ ਸੀ। ਸਮਾਂ ਰਾਤ ਦੇ ਕੋਈ ਗਿਆਰਾਂ ਸਾਢੇ ਗਿਆਰਾਂ ਵਜੇ ਦਾ ਹੋਵੇਗਾ। ਜਦ ਅਸੀਂ ਸਮਰਾਲੇ ਸ਼ਹਿਰ ਵਿੱਚ ਦਾਖਲ ਹੋਣ ਲੱਗੇ ਤਾਂ ਰਾਤ ਨੂੰ ਗਸਤ ਕਰ ਰਹੀ ਸੀ.ਆਰ.ਪੀ., ਪੰਜਾਬ ਪੁਲਿਸ ਵਾਲਿਆਂ ਨੇ ਇਕ ਦਮ ਆਪਣੀ ਗੱਡੀ ਰੋਕ ਲਈ ਤੇ ਛਾਂਲਾਂ ਮਾਰ ਕੇ ਸਾਡੇ ਦੁਆਲੇ ਹੋ ਗਏ। ਸਾਨੂੰ ਘੇਰਾ ਪਾ ਲਿਆ ਸੀ। ਇਕ ਗੱਡੀ ਵਿੱਚੋ ਛਾਲ ਮਾਰਦਾ ਕਹਿਣ ਲੱਗਿਆ ”ਉਹੀ ਨੇ” ਮੈਂ ਹੱਸ ਪਿਆ। ਮੇਰੇ ਹੱਥ ਫੜਦਾ ਸਿਪਾਹੀ ਕਹਿੰਦਾ, ਤੂੰ ਹੱਸਦਾ ਕਿਉਂ ਹੈ? ਮੈਂ ਕਿਹਾ ਤੇਰੀ ਆਹ ਉਹੀ ਵਾਲੀ ਗੱਲ ਤੋਂ, ਮੈਂ ਕਿਹਾ, ”ਹੱਥ ਛੱਡ ਅਸੀਂ ਉਹ ਨਹੀਂ।” ਸਿਪਾਹੀ ਕਹਿੰਦਾ ਕਿੱਥੇ ਚੱਲੇ ਹੋ। ਮੈਂ ਕਿਹਾ ਮੇਰਾ ਏਹ ਭਰਾ ਬੀਮਾਰ ਹੈ। ਬੈਂਕ ਵਿੱਚ ਨੌਕਰੀ ਕਰਦਾ ਹੈ। ਮੈਂ ਵੀ ਮੁਲਾਜ਼ਮ ਹਾਂ। ਅਸੀਂ ਡਾ. ਬਲੱਗਣ ਕੋਲ ਚੱਲੇ ਹਾਂ ਡਾ. ਬਲੱਗਣ ਵਿਧਾਨ ਸਭਾ ਦੀਆਂ ਚੋਣਾ ਲੜਨ ਕਰਕੇ ਸ਼ਹਿਰ ਦਾ ਮਸ਼ਹੂਰ ਬੰਦਾ ਸੀ। ਠਾਣੇਦਾਰ ਭਰਾ ਦੀ ਬਾਹ ਨੂੰ ਫੜਕੇ ਦੇਖਦੇ ਹੋਏ ਕਹਿਣ ਲੱਗਾ। ”ਜਾਓ ਏਨੂੰ ਛੇਤੀ ਲੈ ਜਾਓ,” ਮੈਂ ਕਿਹਾ ਜੀ, ਅਸੀਂ ਘੰਟੇ ਡੇਢ ਘੰਟੇ ਤੱਕ ਮੁੜ ਕੇ ਆਉਣਾ ਹੈ। ਜੇ ਤੁਸੀਂ ਸੂਏ ਦੇ ਪੁਲ ਤੇ ਨਾਕਾ ਲਾ ਕੇ ਖੜੇ, ਤਾਂ ਸਾਨੂੰ ਪਛਾਣ ਲਿਓ ਹੋਰ ਨਾ ਕਿਤੇ …..। ਠਾਣੇਦਾਰ ਪਰੇ ਨੂੰ ਮੂੰਹ ਕਰਦਾ ਮੁਸਕਰਾਉਂਦਾ ਗੱਡੀ ਵਿੱਚ ਬੈਠ ਗਿਆ।
ਉਹਨਾਂ ਸਮਿਆਂ ਵਿੱਚ ਮੈਂ ਆਪਣੇ ਪਿੰਡ ਤੋਂ ਦੋਰਾਹੇ ਤੱਕ ਸਕੂਟਰ ਤੇ ਜਾਂਦਾ ਸੀ। ਉਥੋਂ ਬੱਸ ਫੜ ਕੇ ਲੁਧਿਆਣੇ ਡਿਊਟੀ ਤੇ ਜਾਂਦਾ ਸਾਂ। ਮੈਂ ਬੱਸ ਵਿੱਚ ਆਉਂਦਾ ਸਕੂਟਰ ਦੇ ਕਾਗਜ਼ ਭੁੱਲ ਗਿਆ। ਜੋ ਮੈਂ ਆਪਣੇ ਨਾਂ ਕਰਵਾਉਣੇ ਸੀ। ਇਕ ਤਾਂ ਮੈਂ ਪਹਿਲਾਂ ਹੀ ਬੇਚੈਨ ਸੀ, ਦੂਜਾ ਫੋਕਲ ਪੁਆਇੰਟ ਤੇ ਪੁਲਿਸ ਦਾ ਨਾਕਾ ਲਾਇਆ ਹੋਇਆ ਸੀ। ਮੈਂ ਸੋਚਿਆ ਲੈ ਅੱਜ ਫਸ ਗਿਆ। ਸੂਰਜ ਵੀ ਛਿੱਪਣ ਵਾਲਾ ਸੀ। ਪੁਲਿਸ ਵਾਲੇ ਨੇ ਹੱਥ ਦੇ ਕੇ ਰੋਕਿਆ ਤੇ ਕਾਗਜ਼ ਵਿਖਾਉਣ ਲਈ ਕਿਹਾ। ਮੈਂ ਨਾਟਕ ਜਿਹਾ ਕਰਕੇ, ਡਿੱਗੀ ਨੂੰ ਚਾਬੀ ਲਾਉਂਦੇ ਨੇ ਠਾਣੇਦਾਰ ਨੂੰ ਕਿਹਾ, ਜੀ ਮੈਂ ਸਰਕਾਰੀ ਮੁਲਾਜਮ ਹਾਂ। ਅੱਗੋਂ ਠਾਣੇਦਾਰ ਕਹਿਣ ਲੱਗਾ, ਸਰਦਾਰ ਜੀ ਪਹਿਲਾ ਹੀ ਕਹਿ ਦੇਣਾ ਸੀ। ਜਾਓ, ਮੈਨੂੰ ਥੋੜੀ ਜਿਹੀ ਰਾਹਤ ਮਿਲੀ। ਮੈਂ ਜਲਦੀ ਹੀ ਸਮੇਂ ਨਾਲ ਸਕੂਟਰ ਦੇ ਕਾਗਜ਼ ਆਪਣੇ ਨਾਂ ਕਰਵਾ ਲਏ।
ਸਾਡੇ ਪਿੰਡ ਸੀਵਰੇਜ ਪਿਆ ਸੀ। ਰਸਤਾ ਪੱਕਾ ਕਰਨ ਲਈ ਸਰਪੰਚ ਬਹੁਤ ਮਾੜੀਆਂ ਪੁਰਾਣੀਆਂ ਇੱਟਾਂ ਲਗਵਾ ਰਿਹਾ ਸੀ। ਮੈਂ ਧੱਕੇ ਨਾਲ ਕੰਮ ਬੰਦ ਕਰਵਾ ਦਿੱਤਾ ਤੇ ਸਰਪੰਚ ਨੂੰ ਘੂਰ ਵੀ ਦਿੱਤਾ ਸੀ। ਸਰਪੰਚ ਨੇ ਪੰਚਾਇਤੀ ਕੰਮ ਵਿੱਚ ਵਿਘਨ ਪਾਉਣ ਸਬੰਧੀ ਸਾਡੇ ਤੇ ਰਿਪੋਰਟ ਲਿਖਵਾ ਦਿੱਤੀ। ਸਵੇਰੇ ਤੜਕੇ ਹੀ ਪੁਲਿਸ ਨੇ ਸਾਡਾ ਦਰਵਾਜ਼ਾ ਖੜਕਾ ਦਿੱਤਾ। ਮੈਂ ਦਰਵਾਜ਼ਾ ਖੋਲਿਆ ਤਾਂ ਹੋਲਦਾਰ ਨੇ ਮੇਰੇ ਤੇ ਮੇਰੇ ਭਰਾਵਾਂ ਦਾ ਨਾਂ ਲਿਆ। ਮੈਂ ਕਿਹਾ ਹਾਂ ਅਸੀਂ ਹੀ ਹਾਂ। ਉਹ ਕਹਿੰਦਾ ਚਲੋ ਚੌਂਕੀ ਠਾਣੇਦਾਰ ਨੇ ਬੁਲਾਇਆ ਹੈ। ਅਸੀਂ ਤਿੰਨੇ ਭਰਾ ਉਹਨਾਂ ਨਾਲ ਚੌਂਕੀ ਚਲੇ ਗਏ। ਜੋ ਸਾਡੇ ਪਿੰਡੋਂ ਦੋ ਤਿੰਨ ਕੁ ਕਿਲੋਮੀਟਰ ਤੇ ਪਿੰਡ ਘੁਲਾਲ ਸੀ। ਹੌਲਦਾਰ ਨੇ ਜਾਂਦੇ ਸਾਰ ਠਾਣੇਦਾਰ ਨੂੰ ਕਿਹਾ ਲਉ ਜੀ ਇਹ ਸਰਪੰਚ ਦੀ ਸ਼ਿਕਾਇਤ ਵਾਲੇ ਬੰਦੇ ਆ ਗਏ। ਠਾਣੇਦਾਰ ਪੱਗ ਦੀ ਪੂਣੀ ਕਰਵਾ ਰਿਹਾ ਸੀ। ਯਾਰ ਤੁਸੀਂ ਤਾਂ ਕਮਾਲ ਕਰ ਦਿੱਤੀ, ਜੋ ਮੇਰੇ ਪਹਿਲੇ ਹੀ ਹੁਕਮ ਨਾਲ ਆ ਗਏ। ਨਹੀਂ ਤਾਂ ਕਈ ਬੰਦੇ ਡਰਦੇ ਘਰੋਂ ਭੱਜ ਜਾਂਦੇ ਹਨ। ਪੁਲਿਸ ਨੂੰ ਬਹੁਤ ਹੈਰਾਸਮੈਂਟ ਹੁੰਦੀ ਹੈ। ਮੈਂ ਕਿਹਾ, ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਜੋ ਸਰਪੰਚ ਕਰ ਰਿਹਾ ਸੀ। ਮੈਂ ਵਿਸਥਾਰ ਨਾਲ ਦੱਸ ਦਿੱਤਾ। ਠਾਣੇਦਾਰ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ, ਠੰਡ ਬੜੀ ਹੈ, ਏਹਨਾਂ ਨੂੰ ਬਿਸਤਰਿਆਂ ਵਿੱਚ ਬਿਠਾ ਕੇ ਰਜਾਈਆਂ ਦੇਵੋ, ਨਾਲੇ ਚਾਹ ਪਿਲਾਓ, ਚਾਹ ਗਿਲਾਸਾਂ ਵਿੱਚ ਨਹੀਂ ਮੇਰੇ ਵਾਲੇ ਚਾਇਨਾ ਦੇ ਕੱਪਾਂ ਵਿੱਚ ਦਿਓ, ਮੈਂ ਲੁਧਿਆਣਾ ਤਰੀਕ ਤੇ ਚੱਲਿਆ, ਸ਼ਾਮ ਨੂੰ ਆਵਾਂਗਾ। ਅਸੀਂ ਪੁਲਿਸ ਵਾਲਿਆਂ ਨਾਲ ਗੱਲਾਂ ਕਰਦੇ ਰਹੇ, ਤੇ ਕਈ ਵਾਰੀ ਆਪਸ ਵਿੱਚ ਹਾਸਾ ਮਖੌਲ ਵੀ ਹੋ ਜਾਂਦਾ ਸੀ। ਸ਼ਾਮ ਨੂੰ ਠਾਣੇਦਾਰ ਆ ਗਿਆ, ਕਿਸੇ ਪਿੰਡੋਂ ਫੜਕੇ ਲਿਆਦੇ ਮੁਲਜਮਾਂ ਨੂੰ ਠਾਣੇਦਾਰ ਸਮੇਤ ਪੁਲਿਸ ਨੇ ਬਹੁਤ ਕੁੱਟਿਆ। ਮੇਰਾ ਵੱਡਾ ਭਰਾ ਭੱਜ ਕੇ ਕੰਧ ਟੱਪਣ ਲੱਗਿਆ। ਮੈਂ ਬਾਹੋਂ ਫੜ ਕੇ ਘੂਰਿਆ ਭੱਜੀਦਾ ਨਹੀਂ ਹੁੰਦਾ। ਮੈਂ ਸੋਚਿਆ ਹੁਣ ਸਾਡੀ ਵਾਰੀ ਆਵੇਗੀ। ਜਦ ਠਾਣੇਦਾਰ ਉਹਨਾਂ ਨੂੰ ਕੁੱਟ ਕੇ ਹੱਟਿਆ, ਸਾਨੂੰ ਸੰਬੋਧਨ ਹੁੰਦਾ ਕਹਿਣ ਲੱਗਿਆ ਹਾਂ, ਮੈਂ ਕਿਸੇ ਨੂੰ ਘੱਟ ਹੀ ਕੁੱਟਦਾ, ਪਰ ਏਹਨਾਂ ਨੇ ਸਾਨੂੰ ਪੂਰਾ ਹਫ਼ਤਾ ਵਕਤ ਪਾਈ ਰੱਖਿਆ ਤਾਂ ਹੀ ਕੁੱਟੇ ਨੇ। ਫੇਰ ਮੈਨੂੰ ਪੁਛਿਆ ਸਰਪੰਚ ਨਹੀਂ ਆਇਆ। ਮੈਂ ਕਿਹਾ ਜੀ ਪਿੰਡੋਂ ਬੰਦੇ ਆਏ ਸੀ, ਕਹਿੰਦੇ ਸਰਪੰਚ ਕਹਿੰਦਾ ਮੈਂ ਤਿੰਨ ਚਾਰ ਦਿਨ ਕਿਧਰੇ ਰਿਸ਼ਤੇਦਾਰੀ ਵਿੱਚ ਚਲੇ ਜਾਣਾ। ਆਪੇ ਮੇਰੀਆਂ ਮਿੰਨਤਾ ਕਰਨਗੇ। ਠਾਣੇਦਾਰ ਸਰਪੰਚ ਨੂੰ ਮੋਟੀ ਸਾਰੀ ਗਾਲ ਕੱਢਦਾ ਬੋਲਿਆ ”ਜਾਉ ਯਾਰ ਤੁਸੀਂ” ਜਦ ਮੇਰੇ ਕੋਲ ਆਉ ਮੈਂ ਪੁਛਾਗਾ ਉਹਨੂੰ ਕਿ ਕਿਵੇਂ ਸੱਚੇ ਤੇ ਬੇਕਸੂਰ ਬੰਦਿਆਂ ਤੇ ਰਿਪੋਰਟ ਦੇਈ ਦੀ ਹੈ। ਅਸੀਂ ਧੰਨਵਾਦ ਕੀਤਾ ਤੇ ਤੁਰ ਪਏ। ਉਹ ਫੇਰ ਕਹਿਣ ਲੱਗਿਆ ਮੇਰੀ ਬੇਨਤੀ ਹੈ ਕਿ ਪਿੰਡ ਜਾ ਕੇ ਬਿਲਕੁਲ ਨਹੀਂ ਬੋਲਣਾ, ਹੋਰ ਨਾ ਸਰਪੰਚ ਨੂੰ ਜਾ ਕੇ ਕਹਿਣ ਲੱਗ ਜਾਵੋ ਕਿ ਲੈ ਅਸੀਂ ਆ ਗਏ ਸਾਡਾ ਕੀ ਵਿਗਾੜ ਲਿਆ, ਲਾ ਲਿਆ ਜ਼ੋਰ ਸਰਪੰਚ ਦੀ ਐਮ.ਐਲ.ਏ ਨਾਲ ਵੀ ਬਣਦੀ ਹੈ। ਮੈਂ ਕਿਹਾ ਜੀ ਅਸੀਂ ਸਰੀਫ਼ ਤੇ ਖਾਨਦਾਨੀ ਬੰਦੇ ਹਾਂ, ਤੁਹਾਨੂੰ ਇਹੋ ਜਿਹਾ ਮੌਕਾ ਨਹੀਂ ਦੇਵਾਂਗੇ।
ਮੇਰਾ ਇਹ ਲੇਖ ਲਿਖਣ ਦਾ ਇਹੋ ਮਕਸਦ ਹੈ ਕਿ ਇਸ ਲੇਖ ਨੂੰ ਪੜ ਕੇ ਹੋਰ ਮੁਲਾਜ਼ਮ ਵੀ ਜਨਤਾ ਨਾਲ ਚੰਗਾ ਵਿਵਹਾਰ ਕਰਨ ਲੱਗ ਜਾਣ ਤੇ ਚੰਗੇ ਕੰਮ ਕਰਕੇ, ਆਪਣੇ ਉੱਤੇ ਲੱਗੇ ਬਦਨਾਮੀ ਦੇ ਦਾਗ ਧੋ ਲੈਣਗੇ।

ਨਿਊ ਮਾਡਲ ਟਾਊਨ, ਸਮਰਾਲਾ, ਜ਼ਿਲਾ ਲੁਧਿਆਣਾ।
ਮੋ: 94636-56728

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: