ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਡੇ ਲਈ ਪ੍ਰੇਰਨਾ ਸਰੋਤ

ss1

ਸਾਰਾਗੜ੍ਹੀ ਦੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਸਾਡੇ ਲਈ ਪ੍ਰੇਰਨਾ ਸਰੋਤ

ਪੰਜਾਬ ਸਰਕਾਰ ਵੱਲੋਂ ਵਾਰ ਹੀਰੋਜ਼ ਮੈਮੋਰੀਅਲ ਵਿਖੇ ਸਾਰਾਗੜ੍ਹੀ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਯਾਦਗਾਰ ਬਣਾਈ ਗਈ

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਆਯੋਜਨ

  • ਫ਼ਿਰੋਜ਼ਪੁਰ  12 ਸਤੰਬਰ 2016: ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਵਿਖੇ ਸਾਲਾਨਾ ਯਾਦਗਾਰੀ ਸਮਾਗਮ ਅਤੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਕਮਲ ਸ਼ਰਮਾ, ਡਿਪਟੀ ਕਮਿਸ਼ਨਰ ਫਿਰੋਜਪੁਰ ਇੰਜੀ: ਡੀ.ਪੀ.ਐਸ ਖਰਬੰਦਾ, ਬ੍ਰਿਗੇਡੀਅਰ( ਰਿਟਾ:) ਜੇ.ਐਸ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸ਼ਰਧਾਂਜਲੀ ਸਮਾਰੋਹ ਵਿਚ  ਸਾਰਾਗੜ੍ਹੀ ਦੇ ਸ਼ਹੀਦਾਂ ਦੇ ਵਾਰਸਾਂ, ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ, ਸਾਬਕਾ ਫ਼ੌਜੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

   ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਉਨ੍ਹਾਂ ਦੀ ਅਦੁੱਤੀ ਕੁਰਬਾਨੀ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਮਲ ਸ਼ਰਮਾ ਨੇ  ਕਿਹਾ ਕਿ ਸਿੱਖ ਰਜਮੈਂਟ ਦੇ  21 ਸੂਰਬੀਰਾਂ ਨੇ ਜਿਸ ਬਹਾਦਰੀ ਨਾਲ 10 ਹਜ਼ਾਰ ਧਾੜਵੀਆਂ ਦਾ ਮੁਕਾਬਲਾ ਕੀਤਾ ਇਸ ਦੀ ਮਿਸਾਲ ਪੂਰੀ ਦੁਨੀਆ ਵਿਚ ਨਹੀਂ ਮਿਲਦੀ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਇਤਿਹਾਸ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਹੈ ਤੇ ਸਾਰਾਗੜ੍ਹੀ ਦੀ ਲੜਾਈ ਵੀ ਸਿੱਖ ਰੈਂਜੀਮੈਂਟ ਦੇ  ਫ਼ੌਜੀਆਂ ਦੀ ਸ਼ਹਾਦਤ ਤੇ ਬਹਾਦਰੀ ਦੀ ਅਦੁੱਤੀ ਮਿਸਾਲ ਹੈ। ਜਿਨ੍ਹਾਂ ਨੂੰ ਇਸ ਬਹਾਦਰੀ ਬਦਲੇ ਸਰਵੋਤਮ ਜੰਗੀ ਇਨਾਮ ਇੰਡੀਅਨ ਆਰਡਰ ਆਫ਼ ਮੈਰਿਟ ਦਿੱਤਾ ਗਿਆ ਸੀ । ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਦੇਸ਼ ਭਗਤਾਂ ਤੇ ਸ਼ਹੀਦਾਂ ਵੱਲੋਂ ਦਰਸਾਏ ਰਸਤੇ ਤੇ ਚੱਲ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖੀਏ।

   ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ. ਐਸ ਖਰਬੰਦਾ ਨੇ ਇਸ ਮੌਕੇ ਕਿਹਾ ਕਿ ਹਰੇਕ ਫ਼ੌਜੀ  ਵਿਚ ਦੇਸ਼ ਪ੍ਰਤੀ ਕੁਰਬਾਨ ਹੋਣ ਦਾ ਦ੍ਰਿੜ੍ਹ ਜਜ਼ਬਾ ਹੁੰਦਾ ਹੈ ਜਿਸ ਦਾ ਮੁਜ਼ਾਹਰਾ ਜੰਗ ਦੇ ਦੌਰਾਨ ਫ਼ੌਜੀ ਅਫ਼ਸਰਾਂ ਤੇ ਜਵਾਨਾਂ ਵੱਲੋਂ ਕੀਤਾ ਜਾਂਦਾ ਹੈ। ਉਨ੍ਹਾਂ ਪੰਜਾਬ  ਸਰਕਾਰ ਨੇ  ਪਰਮਵੀਰ ਚੱਕਰ ਵਿਜੇਤਾ ਨੂੰ ਦਿੱਤੀ ਜਾਣ ਵਾਲੀ ਗਰਾਂਟ 30 ਲੱਖ ਤੋਂ ਵਧਾ ਕੇ 2 ਕਰੋੜ, ਮਹਾਵੀਰ ਚੱਕਰ ਵਿਜੇਤਾ ਦੀ ਗਰਾਂਟ 20 ਲੱਖ ਰੁਪਏ ਤੋਂ ਵਧਾ ਕੇ 1 ਕਰੋੜ, ਵੀਰ ਚੱਕਰ ਸਨਮਾਨਿਤ ਫ਼ੌਜੀਆਂ ਨੂੰ 15 ਲੱਖ ਤੋਂ ਵਧਾ ਕੇ 50 ਲੱਖ ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸੇ ਤਰ੍ਹਾਂ ਵੀਰ ਨਾਰੀਆਂ ਨੂੰ ਦਿੱਤਾ ਜਾਣ ਵਾਲਾ ਪ੍ਰਤੀ ਮਹੀਨਾ ਆਵਾਜਾਈ ਭੱਤਾ 150 ਰੁਪਏ ਤੋਂ ਵਧਾ ਕੇ 500 ਰੁਪਏ ਮਹੀਨਾ ਕੀਤਾ ਗਿਆ ਹੈ।

   ਉਨ੍ਹਾਂ ਇਹ ਵੀ ਦੱਸਿਆ ਕਿ ਸੁਰੱਖਿਆ ਸੈਨਾਵਾਂ ਵਿਚ ਪੰਜਾਬ ਦੇ ਨੌਜਵਾਨਾਂ ਦੀ ਭਰਤੀ ਦੇ ਵਧਾਵੇ ਲਈ ਸਰਕਾਰ ਵੱਲੋਂ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਸੀ ਪਾਈਟ ਕੇਂਦਰਾਂ ਦੀ ਸਥਾਪਨਾ ਵੀ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚੋਂ ਭਾਰਤੀ ਫ਼ੌਜ ਦੇ ਤਿੰਨਾਂ ਵਿੰਗਾਂ ਵਿਚ ਵੱਧ ਤੋਂ ਵੱਧ ਅਫ਼ਸਰਾਂ ਦੀ ਭਰਤੀ ਯਕੀਨੀ ਬਣਾਉਣ ਲਈ ਨੌਜਵਾਨ ਲੜਕਿਆਂ ਨੂੰ ਟਰੇਨਿੰਗ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਅਕੈਡਮੀ ਅਤੇ ਲੜਕੀਆਂ ਲਈ ਮਾਈ ਭਾਗੋ ਆਰਮਡ ਇੰਸਟੀਚਿਊਟ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿ ਪੰਜਾਬ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ  ਸਮਾਜਿਕ ਅਲਾਮਤਾਂ ਦੇ ਖ਼ਾਤਮੇ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆ  ਨੂੰ ਕਿੱਤਾਮੁਖੀ ਸਿਖਲਾਈ ਦਿਵਾ ਕੇ ਉਨ੍ਹਾਂ ਨੂੰ ਸਵੈ ਰੁਜ਼ਗਾਰ ਦੇ ਕਾਬਲ ਬਣਾਉਣ।

   ਬ੍ਰਿਗੇਡੀਅਰ ਜੇ.ਐਸ.ਅਰੋੜਾ ਡਾਇਰੈਕਟਰ ਡਿਫੈਂਸ ਵੈੱਲਫੇਅਰ ਸਰਵਿਸ ਪੰਜਾਬ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਰ ਹੀਰੋਜ਼ ਮੈਮੋਰੀਅਲ ਵਿਖੇ ਸਾਰਾਗੜ੍ਹੀ ਦੇ ਇਤਿਹਾਸ ਨੂੰ  ਰੂਪਮਾਨ ਕਰਦੀ ਯਾਦਗਾਰ ਬਣਾਈ ਗਈ ਜੋ ਆਉਣ ਵਾਲੀਆ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਵੇਗੀ। ਇਸ ਮੌਕੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਵਾਰਸਾਂ, ਜੰਗੀ ਫ਼ੌਜੀਆਂ, ਉਨ੍ਹਾਂ ਦੇ ਪਰਿਵਾਰਾਂ ਤੇ ਆਸ਼ਰਿਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ ਵੱਖ ਵਿਭਾਗਾਂ  ਵੱਲੋਂ ਜ਼ਿਲ੍ਹੇ ਦੇ  ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ । ਅਰਦਾਸ ਉਪਰੰਤ ਗੁਰੂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ।  ਇਸ ਮੌਕੇ ਸੰਦੀਪ ਸਿੰਘ ਗੜਾ ਐਸ.ਡੀ.ਐਮ,  ਲੈ. ਕਰਨਲ ਜੀ.ਐਸ.ਗਿੱਲ (ਰਿਟਾ:) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ,  ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ, ਦਵਿੰਦਰ ਬਜਾਜ ਜਿਲ੍ਹਾ ਪ੍ਰਧਾਨ ਭਾਜਪਾ, ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਰਜਿੰਦਰ ਕਟਾਰੀਆਂ, ਬੀਰਪ੍ਰਤਾਪ ਸਿੰਘ ਗਿੱਲ, ਭਾਈ ਬਿਲੰਬਰ ਸਿੰਘ, ਕਿੱਕਰ ਸਿੰਘ ਕੁਤਬੇਵਾਲਾ ਸਮੇਤ ਉੱਚ ਸਿਵਲ, ਪੁਲੀਸ ਤੇ ਫ਼ੌਜ ਦੇ ਅਧਿਕਾਰੀ ਵੀ ਹਾਜ਼ਰ ਸਨ।

Share Button