Fri. Apr 26th, 2019

ਸਾਰਾਗੜ੍ਹੀ ਦੀ ਯੰਗ : ਬੇਮਿਸਾਲ ਬਹਾਦਰੀ ਦਾ ਕਿੱਸਾ

ਸਾਰਾਗੜ੍ਹੀ ਦੀ ਯੰਗ : ਬੇਮਿਸਾਲ ਬਹਾਦਰੀ ਦਾ ਕਿੱਸਾ

ਸਾਰਾਗੜ੍ਹੀ ਦਾ ਬਹਾਦਰੀ ਦਾ ਕਿੱਸਾ ਦੁਨੀਆਂ ਦੀਆਂ ਉਨ੍ਹਾਂ ਅੱਠ ਕਹਾਣੀਆਂ ਵਿੱਚੋਂ ਇੱਕ ਹੈ, ਜਿਹੜੀਆਂ UNESCO (United Nations Educational, Scientific and Cultural Organization) ਵੱਲੋਂ ਸਮੂਹਿਕ ਬਹਾਦਰੀ ਲਈ ਛਾਪੀਆਂ ਗਈਆਂ ਹਨ। ਇਹ ਘਟਨਾ ਦੁਨੀਆਂ ਦੀਆਂ ਆਪਣੀ ਕਿਸਮ ਦੀਆਂ ਸਭ ਤੋਂ ਪ੍ਰਮੁੱਖ ਪੰਜ ਘਟਨਾਵਾਂ ਵਿੱਚੋਂ ਇੱਕ ਹੈ, ਜਿਨ੍ਹਾਂ ਵਿੱਚ 480 ਬੀ.ਸੀ. ਦੀ Thermoplyae ਯੰਗ ਹੈ, ਜਿਸ ਵਿੱਚ Xerxes ਦੀ ਤਾਕਤਵਰ ਪਰਸੀਅਨ ਫੌਜ ਦੇ ਨਾਲ ਛੋਟੀ ਜਿਹੀ ਯੂਨਾਨੀ ਫੌਜੀ ਟੁਕੜੀ ਵੱਲੋਂ ਬਹਾਦਰੀ ਨਾਲ ਕੀਤਾ ਗਿਆ ਮੁਕਾਬਲਾ ਸ਼ਾਮਿਲ ਹੈ। ਸਾਰਾਗੜ੍ਹੀ ਦਾ ਕਿੱਸਾ 36 ਸਿੱਖ ਰੈਜਮੈਂਟ (ਜੋ ਕਿ ਇਸ ਵੇਲੇ 4 ਸਿੱਖ ਰੈਜਮੈਂਟ ਦੇ ਨਾਂ ਹੇਠ ਗਠਿਤ ਹੈ) ਦੇ ਉਨ੍ਹਾਂ 21 ਫੌਜੀ ਜਵਾਨਾਂ ਦੀ ਅਜ਼ੀਮ ਬਹਾਦਰੀ ਦੀ ਕਹਾਣੀ ਹੈ, ਜਿਨ੍ਹਾਂ ਨੇ ਆਪਣੀ ਡਿਉਟੀ ਦੀ ਪਾਲਣਾ ਕਰਦਿਆਂ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਦਿੱਤੀ ਸੀ।
ਸਿੱਖ ਕੌਮ ਦੁਨੀਆਂ ਦੀਆਂ ਪ੍ਰਮੁੱਖ ਕੌਮਾਂ ਵਿੱਚੋਂ ਉਮਰ ਅਤੇ ਆਕਾਰ ਵਿੱਚ ਸਭ ਤੋਂ ਛੋਟੀ ਕੌਮ ਹੈ, ਪਰ ਬਹਾਦਰੀ ਦੇ ਕਾਰਨਾਮਿਆਂ ਵਿੱਚ ਹੋਰ ਸਾਰੀਆਂ ਕੌਮਾਂ ਇਸਦੇ ਸਾਹਮਣੇ ਛੋਟੀਆਂ ਪੈ ਜਾਂਦੀਆਂ ਹਨ। ਇਸੇ ਕਰਕੇ ਸਿੱਖ ਦੁਨੀਆਂ ਦੇ ਜਹੜੇ ਵੀ ਕੋਨੇ ਵਿੱਚ ਰਹਿੰਦੇ ਹਨ ਉਥੇ ਸ਼ਾਨ ਤੇ ਮੜ੍ਹਕ ਨਾਲ ਸਿਰ ਉੱਚਾ ਕਰਕੇ ਵਿਚਰਦੇ ਹਨ। ਸ਼ਾਇਦ ਇਸੇ ਕਰਕੇ ਇਨ੍ਹਾਂ ਨੂੰ ਦੇਸ ਵਿਦੇਸ ਵਿੱਚ ਈਰਖਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਅਮਰੀਕਾ ਅਤੇ ਅਸਟ੍ਰੇਲੀਆ ਵਿੱਚ ਸਿੱਖ ਵਿਰੋਧੀ ਵਾਪਰਦੀਆਂ ਘਟਨਾਵਾਂ ਸ਼ੋਸ਼ਿਲ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਆਪਣੇ ਦੇਸ ਭਾਰਤ ਵਿੱਚ ਵੀ ਸਿੱਖਾਂ ਨੂੰ ਅਜਿਹੀਆਂ ਘਟਨਾਵਾਂ ਝੱਲਣੀਆਂ ਪੈਂਦੀਆਂ ਹਨ, ਜਿਸਦੀ ਮਿਸਾਲ ਸੰਨ 1984 ਦਾ ਸਿੱਖ-ਕਤਲੇਆਮ ਹੈ।
ਸਿੱਖਾਂ ਵੱਲੋਂ ਲੜੀਆਂ ਗਈਆਂ ਹੋਰ ਕਈ ਯੰਗਾਂ ਵਾਂਗ ਹੀ ਸਾਰਾਗੜ੍ਹੀ ਦੀ ਯੰਗ ਵੀ ਅਦੁੱਤੀ ਬਹਾਦਰੀ ਦਾ ਪ੍ਰਮਾਣ ਹੈ। ਇਸ ਯੰਗ ਵਿੱਚ ਮੁੱਠੀ ਭਰ, ਭਾਵ 21 ਸਿੱਖ ਫੌਜੀ ਜਵਾਨਾਂ ਨੇ ਉਨ੍ਹਾਂ 10-12 ਹਜ਼ਾਰ ਕਬਾਇਲੀ ਮੁਸਲਮਾਨਾਂ ਦਾ ਮੁਕਾਬਲਾ ਕੀਤਾ ਸੀ ਜਿਨ੍ਹਾਂ ਨੇ ਸਾਰਾਗੜ੍ਹੀ ਦੀ ਚੌਕੀ ਨੂੰ ਤਬਾਹ ਕਰਨ ਲਈ ਹਮਲਾ ਕੀਤਾ ਸੀ। ਸਾਰਾਗੜ੍ਹੀ ਦੀ ਚੌਕੀ ਹਿੰਦੂਕੁਸ਼ ਤੇ ਸੁਲੇਮਾਨ ਦੀਆਂ ਪਹਾੜੀਆਂ ਉਤੇ ਉਤਰ-ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਫੌਜੀਆਂ ਦੀ ਕਬਾਇਲੀ ਲਸ਼ਕਰਾਂ ਤੋਂ ਸੁਰੱਖਿਆ ਕਰਨ ਲਈ ਬ੍ਰਤਾਨਵੀ ਹਕੂਮਤ ਵੱਲੋਂ ਉਸਾਰੇ ਗਏ ਦੋ ਕਿਲ੍ਹਿਆਂ ਲਾਕਹਟ ਅਤੇ ਗੁਲਿਸਤਾਨ ਵਿਚਕਾਰ ਸੰਦੇਸ਼ ਪ੍ਰਕ੍ਰਿਆ ਨੂੰ ਚਾਲਿਤ ਰੱਖਣ ਲਈ ਕਾਇਮ ਕੀਤੀ ਗਈ ਸੀ। ਇਸ ਖਿੱਤੇ ਵਿੱਚ ਤਾਇਨਾਤ ਫੌਜੀਆਂ ਨਾਲ ਕਬਾਇਲੀਆਂ ਦੇ ਛੋਟੇ ਮੋਟੇ ਗਰੁੱਪਾਂ ਨਾਲ ਮੁੱਠਭੇੜਾਂ ਹੋਣੀਆਂ ਆਮ ਗੱਲ ਸੀ। ਕਈ ਵਾਰ ਗੰਭੀਰ ਮੁੱਠਭੇੜਾਂ ਵੀ ਹੁੰਦੀਆਂ ਸਨ। ਇਸ ਕਰਕੇ ਬ੍ਰਤਾਨਵੀ ਹਕੂਮਤ ਇਸ ਖਿੱਤੇ ਉਤੇ ਨਿਯੰਤ੍ਰਣ ਰੱਖਣ ਵਿੱਚ ਬਹੁਤੀ ਕਾਮਯਾਬ ਨਹੀਂ ਹੋਈ ਸੀ। ਇਸ ਲਈ ਸੰਦੇਸ਼ ਵਾਹਕਾਂ ਦੀ ਸੁਰੱਖਿਆ ਲਈ ਸਾਰਾਗੜ੍ਹੀ ਨਾਮੀ ਛੋਟੇ ਕਿਲ੍ਹੇ ਦੀ ਕਾਫੀ ਮਜ਼ਬੂਤ ਉਸਾਰੀ ਕੀਤੀ ਗਈ ਸੀ।
ਸੰਨ 1897 ਵਿੱਚ ਅਫਗਾਨੀਆਂ ਵੱਲੋਂ ਉਤਰ-ਪੱਛਮੀ ਸੂਬੇ ਦੇ ਕਬਾਲੀਆਂ ਦੇ ਗੁੱਸੇ ਨੂੰ ਅੰਗ੍ਰੇਜ਼ਾਂ ਵਿਰੁੱਧ ਵਰਤਣ ਲਈ ਇੱਕ ਆਮ ਬਗਾਵਤ ਸ਼ੁਰੂ ਕੀਤੀ ਗਈ। ਇਸ ਬਗਾਵਤ ਵਿੱਚ ਮੁਸਲਿਮ ਧਾਰਮਿਕ ਆਗੂਆਂ ਵੱਲੋਂ ਮੁੱਖ ਭੂਮਿਕਾ ਅਦਾ ਕੀਤੀ ਗਈ ਸੀ। ਲਾਕਹਟ ਅਤੇ ਗੁਲਿਸਤਾਨ ਦੇ ਕਿਲ੍ਹਿਆਂ ਦੀ ਰਖਵਾਲੀ 36 ਸਿੱਖ ਰੈਜਮੈਂਟ ਦੇ ਹਵਾਲੇ ਸੀ। ਓਰਾਕਜਈ ਅਤੇ ਅਫ਼ਰੀਦੀ ਲਸ਼ਕਰਾਂ ਨੇ ਗੁਲਿਸਤਾਨ ਕਿਲ੍ਹੇ ਉਤੇ 3 ਅਤੇ 9 ਸਤੰਬਰ, 1897 ਨੂੰ ਦੋ ਹਮਲੇ ਕੀਤੇ। ਉਨ੍ਹਾਂ ਦੇ ਦੋਹਾਂ ਹੀ ਹਮਲਿਆਂ ਨੂੰ ਨਾਕਾਮ ਬਣਾ ਦਿੱਤਾ ਗਿਆ। ਸਥਿਤੀ ਨੂੰ ਵੇਖਦੇ ਹੋਇਆਂ ਸਾਰਾਗੜ੍ਹੀ ਵਿਖੇ ਤਾਇਨਾਤ ਸੰਦੇਸ਼ ਵਾਹਕਾਂ ਦੀ ਸੁਰੱਖਿਆਂ ਲਈ ਲਾਕਹਟ ਕਿਲ੍ਹੇ ਤੋਂ ਇੱਕ ਫੌਜੀ ਦਸਤਾ ਭੇਜਿਆ ਗਿਆ। ਇਸ ਦਸਤੇ ਵਿੱਚ ਇੱਕ ਹੌਲਦਾਰ, ਇੱਕ ਨਾਇਕ, ਇੱਕ ਲਾਂਸ ਨਾਇਕ ਅਤੇ ਅਠਾਰਾਂ ਸਿਪਾਹੀ ਸ਼ਾਮਿਲ ਸਨ। ਬੰਗਾਲ ਇਨਫੈਂਟਰੀ ਦੀ 36 ਸਿੱਖ ਰੈਜਮੈਂਟ ਦੇ ਇਨ੍ਹਾਂ ਬਹਾਦਰ ਸਿੱਖ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਯਾਦਗਾਰ ਦੀ ਉਸਾਰੀ ਕਰਵਾਈ ਗਈ ਹੈ ਜਿਸ ਉਤੇ ਇਨ੍ਹਾਂ ਦੇ ਨਾਮ ਉਕਰੇ ਗਏ ਹਨ, ਜੋ ਇਸ ਪ੍ਰਕਾਰ ਹਨ:

ਰੈ.ਨੰਬਰ               ਰੈਂਕ                      ਨਾਮ

165                ਹੌਲਦਾਰ                ਈਸ਼ਰ ਸਿੰਘ

332                ਨਾਇਕ                  ਲਾਲ ਸਿੰਘ

546              ਲਾਂਸ ਨਾਇਕ             ਚੰਦਾ ਸਿੰਘ

163                 ਸਿਪਾਹੀ              ਰਾਮ ਸਿੰਘ

182                ਸਿਪਾਹੀ             ਸਾਹਿਬ ਸਿੰਘ

287                ਸਿਪਾਹੀ                ਰਾਮ ਸਿੰਘ

359                ਸਿਪਾਹੀ                ਹੀਰਾ ਸਿੰਘ

492               ਸਿਪਾਹੀ                ਉਤਰ ਸਿੰਘ

687               ਸਿਪਾਹੀ                ਦਇਆ ਸਿੰਘ

760              ਸਿਪਾਹੀ                 ਜੀਵਨ ਸਿੰਘ

791              ਸਿਪਾਹੀ                    ਭੋਲਾ ਸਿੰਘ

814              ਸਿਪਾਹੀ                 ਗੁਰਮੁਖ ਸਿੰਘ

834              ਸਿਪਾਹੀ                 ਨਰਾਇਣ ਸਿੰਘ

 871             ਸਿਪਾਹੀ               ਜੀਵਨ ਸਿੰਘ

1221            ਸਿਪਾਹੀ                  ਨੰਦ ਸਿੰਘ

1257           ਸਿਪਾਹੀ                ਭਗਵਾਨ ਸਿੰਘ

1265           ਸਿਪਾਹੀ                ਭਗਵਾਨ ਸਿੰਘ

1321           ਸਿਪਾਹੀ                ਸੁੰਦਰ ਸਿੰਘ

1556          ਸਿਪਾਹੀ                  ਬੂਟਾ ਸਿੰਘ

1651           ਸਿਪਾਹੀ                ਜੀਵਨ ਸਿੰਘ

1733          ਸਿਪਾਹੀ                ਗੁਰਮੁਖ ਸਿੰਘ

ਫਿਰ 12 ਸਤੰਬਰ, 1897 ਨੂੰ ਕਬਾਇਲੀ ਲਸ਼ਕਰਾਂ ਨੇ ਤੀਸਰਾ ਹਮਲਾ ਲਾਕਹਟ ਕਿਲ੍ਹੇ ਅਤੇ ਸਾਰਾਗੜ੍ਹੀ ਚੌਕੀ ਉਤੇ ਕੀਤਾ। ਉਨ੍ਹਾਂ ਦਾ ਮਕਸਦ ਸੀ ਕਿ ਲਾਕਹਟ ਕਿਲ੍ਹੇ ਤੋਂ ਸਾਰਾਗੜ੍ਹੀ ਚੌਕੀ ਵਾਸਤੇ ਕੋਈ ਸੈਨਿਕ ਮਦਦ ਨਾ ਪਹੁੰਚ ਸਕੇ ਅਤੇ ਚੌਕੀ ਨੂੰ ਤਬਾਹ ਕਰ ਦਿੱਤਾ ਜਾਵੇ ਤਾਂ ਜੋ ਲਾਕਹਟ ਅਤੇ ਗੁਲਿਸਤਾਨ ਕਿਲ੍ਹਿਆਂ ਵਿਚਕਾਰ ਸੰਦੇਸ਼ ਸੰਚਾਰ ਦੀ ਪ੍ਰਣਾਲੀ ਖ਼ਤਮ ਹੋ ਜਾਵੇ। ਫਿਰ ਵਾਰੀ ਵਾਰੀ ਕਿਲ੍ਹਿਆਂ ਉਤੇ ਹਮਲੇ ਕੀਤੇ ਜਾਣੇ ਸੌਖੇ ਹੋ ਜਾਣਗੇ। ਇਸ ਹਮਲੇ ਸਮੇਂ 36 ਸਿੱਖ ਰੈਜਮੈਂਟ ਦਾ ਕਮਾਂਡਿੰਗ ਅਫਸਰ ਲੈਫ. ਕਰਨਲ ਹੌਘਨ ਲਾਕਹਟ ਕਿਲ੍ਹੇ ਵਿੱਚ ਮੌਜੂਦ ਸੀ। ਉਹ ਹੈਲੀਗ੍ਰਾਫੀ ਸੰਚਾਰ ਮਾਧਿਅਮ ਰਾਹੀਂ ਸਾਰਾਗੜ੍ਹੀ ਚੌਕੀ ਨਾਲ ਜੁੜਿਆ ਹੋਇਆ ਸੀ। ਚੌਕੀ ਦੇ ਰਾਖਿਆਂ ਨੇ ਆਪਣੇ ਕਮਾਂਡਰ ਹੌਲਦਾਰ ਈਸ਼ਰ ਸਿਘ ਦੀ ਦ੍ਰਿੜ ਅਤੇ ਹੌਸਲਾ ਭਰਪੂਰ ਅਗਵਾਈ ਹੇਠ ਆਪਣੀ ਕੌਮ ਅਤੇ ਰੈਜਮੈਂਟ ਦੀਆਂ ਸਰਵੁਤਮ ਰਵਾਇਤਾਂ ਅਨੁਸਾਰ ਚੌਕੀ ਦੀ ਰਾਖੀ ਕਰਨ ਦਾ ਰਸਤਾ ਚੁਣਿਆ।ਉਨ੍ਹਾਂ ਨੂੰ ਪਤਾ ਸੀ ਕਿ ਪੱਥਰ ਅਤੇ ਗਾਰੇ ਦੀ ਚਿਣਾਈ ਨਾਲ ਉਸਾਰੀਆਂ ਚੌਕੀ ਦੀਆਂ ਦੀਵਾਰਾਂ ਅਤੇ ਲੱਕੜੀ ਦਾ ਦਰਵਾਜ਼ਾ ਹਜ਼ਾਰਾਂ ਦੀ ਗਿਣਤੀ ਵਾਲੇ ਕਬਾਇਲੀ ਹਮਲਾਵਰਾਂ ਮੂਹਰੇ ਬਹੁਤੇ ਸੁਰੱਖਿਅਤ ਨਹੀਂ ਹਨ। ਫਿਰ ਵੀ ਉਨ੍ਹਾਂ ਨੇ ਚੌਕੀ ਨੂੰ ਦੁਸ਼ਮਣ ਦੇ ਹਵਾਲੇ ਕਰਕੇ ਆਪ ਕਿਸੇ ਸੁਰੱਖਿਅਤ ਜਗ੍ਹਾ ਵੱਲ ਜਾਣ ਨੂੰ ਤਰਜੀਹ ਨਾ ਦਿੱਤੀ। ਉਨ੍ਹਾਂ ਨੇ ਆਖਿਰੀ ਦਮ ਤੱਕ ਦੁਸ਼ਮਣ ਨਾਲ ਲੜਨ ਦਾ ਰਸਤਾ ਅਪਨਾਇਆ।
ਚੌਕੀ ਨੂੰ ਘੇਰਾ ਪਾ ਕੇ ਬੈਠੇ 10 12 ਹਜ਼ਾਰ ਕਬਾਲੀਆਂ ਨੇ ਤੜਕਸਾਰ ਚੌਕੀ ਨੂੰ ਢਾਹੁਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਸਿੱਖ ਰੈਜਮੈਂਟ ਦੇ ਉਨ੍ਹਾਂ ਬਹਾਦਰ ਸੈਨਿਕਾਂ ਵੱਲੋਂ ਬਾਗੀਆਂ ਦੀਆਂ ਨਾਪਾਕ ਕੋਸ਼ਿਸ਼ਾਂ ਦੇ ਮੂੰਹ ਤੋੜ ਜਵਾਬ ਦਿੱਤੇ ਗਏ। ਬਾਗੀਆਂ ਦੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਉਨ੍ਹਾਂ ਦੇ ਆਗੂਅ ਨੇ ਸੈਨਿਕਾਂ ਨੂੰ ਲਾਲਚ ਦੇਣੇ ਸ਼ੁਰੂ ਕੀਤੇ ਅਤੇ ਕਿਹਾ ਕਿ ਉਹ ਆਤਮ ਸਮਰਪਨ ਕਰਕੇ ਆਪਣੀਆਂ ਜ਼ਾਨਾਂ ਬਚਾ ਸਕਦੇ ਹਨ। ਪਰ ਹੌਲਦਾਰ ਈਸ਼ਰ ਸਿੰਘ ਅਤੇ ਉਸਦੇ ਸਾਥੀਆਂ ਨੇ ਦੁਸ਼ਮਣ ਦੀਆਂ ਲੁਭਾਉਣੀਆਂ ਚਾਲਾਂ ਨੂੰ ਅਣਗੌਲਿਆਂ ਕਰਦਿਆਂ ਉਨ੍ਹਾਂ ਨਾਲ ਮੁਕਾਬਲਾ ਕਰਨਾ ਜਾਰੀ ਰੱਖਿਆ। ਲਾਕਹਟ ਕਿਲ੍ਹੇ ਤੋਂ ਸਾਰਾਗੜ੍ਹੀ ਦੇ ਸੈਨਿਕਾਂ ਦੀ ਮਦਦ ਲਈ ਸੈਨਿਕ ਦਸਤਾ ਭੇਜਣ ਦੀਆਂ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬਾਗੀਆਂ ਨੇ ਕਾਮਯਾਬ ਨਾ ਹੋਣ ਦਿੱਤੀਆਂ।
ਸਾਰਾਗੜ੍ਹੀ ਵਿਖੇ ਬਾਗੀਆਂ ਨੇ ਚੌਕੀ ਦੇ ਮੁੱਖ ਦਰਵਾਜ਼ੇ ਤੱਕ ਪਹੁੰਚਣ ਦੇ ਦੋ ਭਰਪੂਰ ਯਤਨ ਕੀਤੇ ਪਰ ਚੌਕੀ ਦੇ ਰਾਖੇ ਸੇਨਿਕਾਂ ਨੇ ਨਾਕਾਮ ਕਰ ਦਿੱਤੇ। ਇਨ੍ਹਾਂ ਕੋਸ਼ਿਸ਼ਾਂ ਵਿੱਚ ਦੁਸ਼ਮਣ ਦਾ ਭਾਰੀ ਜ਼ਾਨੀ ਨੁਕਸਾਨ ਹੋਇਆ। ਦੋਹਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਸੀ। ਸੈਨਿਕਾਂ ਕੋਲ ਅਸਲੇ ਦੀ ਘਾਟ ਹੋਈ ਜਾ ਰਹੀ ਸੀ। ਸਿਪਾਹੀ ਗੁਰਮੁਖ ਸਿੰਘ ਮੁੱਖ ਦਫ਼ਤਰ ਨੂੰ ਹਾਲਾਤ ਦੀ ਮਿੰਟ ਮਿੰਟ ਦੀ ਖ਼ਬਰ ਭੇਜ ਰਿਹਾ ਸੀ। ਬਾਗੀਆਂ ਨੇ ਜਦੋਂ ਚੌਕੀ ਉਤੇ ਕੀਤੇ ਜਾ ਰਹੇ ਹਮਲੇ ਨਾਕਾਮ ਹੁੰਦੇ ਵੇਖੇ ਤਾਂ ਉਨ੍ਹਾਂ ਨੇ ਆਸ ਪਾਸ ਦੀਆਂ ਝਾੜੀਆਂ ਨੂੰ ਅੱਗ ਲਾ ਦਿੱਤੀ। ਧੂੰਏਂ ਦੀ ਆੜ ਵਿੱਚ ਕੁਝ ਬਾਗੀ ਚੌਕੀ ਦੀ ਪਿਛਲੀ ਦੀਵਾਰ ਦੇ ਕੋਲ ਪਹੁੰਚ ਗਏ, ਜਿੱਥੋਂ ਕਿ ਉਹ ਸੈਨਿਕਾਂ ਦੇ ਨਜ਼ਰੀਂ ਨਹੀਂ ਪੈਂਦੇ ਸਨ। ਉਨ੍ਹਾਂ ਨੇ ਚੌਕੀ ਦੀ ਦੀਵਾਰ ਵਿੱਚ ਮਘੋਰਾ ਕਰ ਦਿੱਤਾ। ਲਾਕਹਟ ਕਿਲ੍ਹੇ ਵਿੱਚੋਂ ਦੁਸ਼ਮਣ ਦੀ ਇਸ ਕੋਸ਼ਿਸ਼ ਨੂੰ ਨੋਟ ਕੀਤਾ ਗਿਆ ਅਤੇ ਚੌਕੀ ਦੇ ਰਾਖੇ ਸੈਨਿਕਾਂ ਨੂੰ ਇਸ ਬਾਰੇ ਅਗਾਹ ਕੀਤਾ ਗਿਆ। ਕੁਝ ਸੈਨਿਕ ਤੁਰੰਤ ਉਸ ਮਘੋਰੇ ਵੱਲ ਭੇਜੇ ਗਏ। ਬਾਗੀ ਵੀ ਚੌਕੀ ਦੇ ਮੁੱਖ ਦਰਵਾਜ਼ੇ ਅਤੇ ਉਸ ਮਘੋਰੇ ਵੱਲ ਵਧ ਆਏ। ਫਿਰ ਹੱਥੋ-ਹੱਥੀ ਦੀ ਲੜਾਈ ਸ਼ੁਰੂ ਹੋ ਗਈ। ਇੱਕ ਸਿਪਾਹੀ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸਦੇ ਬਦਨ ਵਿੱਚੋਂ ਖੂਬ ਖੂੰਨ ਵਹਿ ਰਿਹਾ ਸੀ, ਨੇ ਗਾਰਡ ਰੂਮ ਦੀ ਜਿੰਮੇਂਵਾਰੀ ਸੰਭਾਲ ਲਈ। ਜਦ ਦੁਸ਼ਮਣ ਦੇ ਕੁਝ ਬੰਦੇ ਉਸ ਵੱਲ ਵਧ ਰਹੇ ਸਨ ਤਾਂ ਉਸਨੇ ਉਥੋਂ ਹੀ ਗੋਲੀ ਚਲਾ ਕੇ ਚਾਰ ਬਾਗੀ ਢੇਰ ਕਰ ਦਿੱਤੇ। ਲਾਕਹਟ ਕਿਲ੍ਹੇ ਵਿੱਚੋਂ ਕਮਾਂਡਿੰਗ ਅਫਸਰ ਹੌਘਨ ਅਤੇ ਦੂਸਰੇ ਅਧਿਕਾਰੀ ਸਾਰਾਗੜ੍ਹੀ ਵਿੱਚ ਮੁੱਠੀ ਭਰ ਸੈਨਿਕਾਂ ਵੱਲੋਂ ਕੀਤੇ ਜਾ ਰਹੇ ਬੇਮਿਸਾਲ ਬਹਾਦਰੀ ਦੇ ਕਾਰਨਾਮਿਆਂ ਨੂੰ ਨੋਟ ਕਰ ਰਹੇ ਸਨ। ਹੱਥੋ-ਹੱਥੀ ਦੀ ਇਹ ਲੜਾਈ ਹੈਲੀਗ੍ਰਾਫੀ ਸੰਚਾਰ ਪ੍ਰਣਾਲੀ ਉਤੇ ਬੈਠੇ ਹੋਏ ਸਿਪਾਹੀ ਗੁਰਮੁਖ ਸਿੰਘ ਤੱਕ ਪਹੁੰਚ ਗਈ। ਉਸਨੇ ਮੁਖ ਦਫ਼ਤਰ ਤੋਂ ਸੰਚਾਰ ਮਾਧਿਅਮ ਨੂੰ ਬੰਦ ਕਰਨ ਦੀ ਅਗਿਆ ਲੈ ਕੇ ਆਪਣੀ ਬੰਦੂਕ ਉਠਾਈ, ਉਸ ਉਤੇ ਬਾਇਨਟ ਲਗਾਈ ਅਤੇ ਬਾਗੀਆਂ ਉਤੇ ਇੰਝ ਝਪਟ ਪਿਆ ਜਿਵੇਂ ਸ਼ੇਰ ਆਪਣੇ ਸ਼ਿਕਾਰ ਉਤੇ ਝਪਟਦਾ ਹੈ। ਉਹ ਦੁਸ਼ਮਣ ਦੇ 20 ਬੰਦਿਆਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਵੀਰ ਗੱਦੀ ਨੂੰ ਪ੍ਰਾਪਤ ਹੋ ਗਿਆ।
ਬਾਗੀਆਂ ਨੇ ਹੁਣ ਚੌਕੀ ਨੂੰ ਅੱਗ ਲਗਾ ਦਿੱਤੀ। ਚੌਕੀ ਦੇ ਰਾਖੇ ਸਾਰੇ ਸੈਨਿਕ ਵੀਰ ਗੱਦੀ ਨੂੰ ਪ੍ਰਾਪਤ ਹੋ ਗਏ ਸਨ। ਅਗਲੇ ਦਿਨ ਰਾਹਤ ਦਸਤਾ ਵੀ ਚੌਕੀ ‘ਤੇ ਪਹੁੰਚ ਗਿਆ। ਉਸ ਦਸਤੇ ਨੇ ਚੌਕੀ ਦੇ ਸ਼ਹੀਦ ਸੈਨਿਕਾਂ ਦੀ ਵੀਰਤਾ ਭਰੀ ਲੜਾਈ ਦੇ ਸਾਰੇ ਨਿਸ਼ਾਨ ਵੇਖੇ। ਇਸ ਲੜਾਈ ਵਿੱਚ 180 ਬਾਗੀ ਮਾਰੇ ਗਏ ਅਤੇ ਅਣਗਿਣਤ ਜ਼ਖਮੀ ਹੋ ਗਏ ਸਨ। ਬ੍ਰਤਾਨਵੀ ਸੰਸਦ ਵਿੱਚ ਕੁਝ ਮੈਂਬਰਾਂ ਵੱਲੋ ਜਦੋਂਂ ਇਨ੍ਹਾਂ ਸ਼ਹੀਦ ਸੈਨਿਕਾਂ ਦੀ ਬਹਾਦਰੀ ਦੀ ਦਾਸਤਾਨ ਸੁਣਾਈ ਗਈ ਤਾਂ ਸਾਰੇ ਸੰਸਦ ਮੈਂਬਰਾਂ ਨੇ ਖੜੇ ਹੋ ਕੇ ਇਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਮਹਾਰਾਣੀ ਵਿਕਟੋਰੀਆ ਨੂੰ ਵੀ ਬੇਮਿਸਾਲ ਬਹਾਦਰੀ ਦੀ ਇਹ ਕਹਾਣੀ ਸੁਣਾਈ ਗਈ।ਸਮੁੱਚੇ ਵਿਸ਼ਵ ਵੱਲੋਂ ਇਨ੍ਹਾਂ ਸੈਨਿਕਾਂ ਦੀ ਬਹਾਦਰੀ ਦੀ ਸਰਾਹਨਾ ਕੀਤੀ ਗਈ। ਇਨ੍ਹਾਂ ਸਾਰੇ 21 ਸੈਨਿਕਾਂ ਨੂੰ ਮਰਨ ਉਪਰੰਤ Indian Order of Merit Class III ਦਾ ਸਨਮਾਨ ਦਿੱਤਾ ਗਿਆ। ਇਹ ਸਨਮਾਨ ਭਾਰਤੀ ਫੌਜ ਦੇ ਮੌਜੂਦਾ ਸਨਮਾਨ ਵੀਰ ਚੱਕਰ ਦੇ ਬਰਾਬਰ ਦਾ ਹੈ। ਇਸ ਯੰਗ ਦੇ ਹਰੇਕ ਬਹਾਦਰ ਸ਼ਹੀਦ ਸੈਨਿਕ ਦੇ ਆਸ਼ਰਤਾਂ ਨੂੰ 50 50 ਏਕੜ ਜ਼ਮੀਨ ਅਤੇ 500 ਰੁਪਏ ਦੀ ਰਾਸ਼ੀ ਦਿੱਤੀ ਗਈ। ਇਸਤੋਂ ਪਹਿਲਾਂ ਜਾਂ ਬਾਅਦ ਵਿੱਚ ਸੈਨਿਕਾਂ ਦੇ ਕਿਸੇ ਵੀ ਗਰੁੱੱਪ ਨੇ ਇੱਕੋ ਕਾਰਵਾਈ ਵਿੱਚ ਬਹਾਦਰੀ ਦਾ ਅਜਿਹਾ ਸਨਮਾਨ ਹਾਸਿਲ ਨਹੀਂ ਕੀਤਾ। ਦਰਅਸਲ ਭਾਰਤੀ ਫੌਜ ਦੇ ਬਹਾਦਰੀ ਦੇ ਇਤਿਹਾਸਕ ਕਾਰਨਾਮਿਆਂ ਵਿੱਚ 36 ਸਿੱਖ ਰੈਜਮੈਂਟ ਦਾ ਇਹ ਇੱਕ ਅਜ਼ੀਮ ਕਾਰਨਾਮਾ ਹੈ।

ਸੰਤੋਖ ਸਿੰਘ ਸੰਧੂ
ਮੋ: +64 220 710 935

Share Button

Leave a Reply

Your email address will not be published. Required fields are marked *

%d bloggers like this: