ਸਾਫ-ਸੁਥਰੀ ਲੇਖਣੀ ਦਾ ਮਾਲਕ– ਗੁਰਦੀਪ ਸਿੰਘ ਸ਼ਹਿਣਾ

ss1

ਸਾਫ-ਸੁਥਰੀ ਲੇਖਣੀ ਦਾ ਮਾਲਕ– ਗੁਰਦੀਪ ਸਿੰਘ ਸ਼ਹਿਣਾ

 gurdeep-s-shehna         ਪੰਜਾਬੀ ਲੇਖਕਾਂ ਵਿਚ ਗੁਰਦੀਪ ਸਿੰਘ ਸ਼ਹਿਣਾ ਇਕ ਐਸਾ ਖੂਬਸੂਰਤ ਨਾਂਓਂ ਹੈ ਜੋ ਆਪਣੀ ਸਾਫ-ਸੁਥਰੀ ਲੇਖਣੀ ਨਾਲ ਹੌਲੀ-ਹੌਲੀ ਅੱਗੇ ਵੱਲ ਨੂੰ ਪਲਾਂਘਾਂ ਪੁੱਟਦਾ ਕਲਮੀ-ਖੇਤਰ ਵਿੱਚ ਆਪਣੀ ਪਛਾਣ ਗੂਹੜੀ ਕਰਦਾ ਜਾ ਰਿਹਾ ਹੈ, ਦਿਨ-ਪਰ-ਦਿਨ।  ਉਹ ਆਪਣੀ ਲੇਖਣੀ ਨਾਲ ਧੀਆਂ ਦੇ ਦਰਦ, ਦੱਬੇ-ਕੁਚਲੇ ਲੋਕਾਂ ਦੀ ਆਵਾਜ ਅਤੇ ਭ੍ਰਿ੍ਸ਼ਟਾਚਾਰ ਵਰਗੇ ਸਮਾਜ ਨੂੰ ਨਵੀਂ ਸੇਧ ਦੇਣ ਵਾਲੇ ਮੁੱਦਿਆ ਨੂੰ ਉਜਾਗਰ ਕਰਨ ਵਿਚ ਸਰਗਰਮੀ ਨਾਲ ਜੁਟਿਆ ਚਲਿਆ ਆ ਰਿਹਾ ਹੈ ।

        ਮਲਕੀਤ ਸਿੰਘ (ਪਿਤਾ) ਅਤੇ ਰਜਿੰਦਰ ਕੌਰ (ਮਾਤਾ) ਦੇ ਘਰ 1982 ਨੂੰ ਚਾਨਣ ਕਰਨ ਵਾਲੇ ਗੁਰਦੀਪ ਨੇ ਦੱਸਿਆ ਕਿ  ਉਹ ਕਿੱਤੇ ਵਜੋਂ ਮੋਟਰ-ਮਕੈਨਿਕ ਹੈ| ਸ਼ਹਿਣਾ ਵਿਖੇ ਹੀ ਉਸ ਦੀ ਵਰਕਸ਼ਾਮ ਹੈ । ਜਦੋਂ ਉਹ ਨਾਲ ਦੇ ਸ਼ਹਿਰ ਕੰਮ ਸਿੱਖਣ ਲਈ ਵਰਕਸ਼ਾਪ ਜਾਇਆ ਕਰਦਾ ਸੀ ਤਾਂ ਰਸਤੇ ਵਿੱਚ ਸਾਇਕਲ ਤੇ ਜਾਂਦੇ-ਆਉਂਦੇ ਸਮੇਂ ਉਸ ਦੇ ਜਿਹਨ ਵਿਚ ਤਰਾਂ-ਤਰਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ, ਜੋ  ਉਸਦੀ ਕਲਮ ਦਾ ਵਿਸ਼ਾ ਬਣਨ ਲੱਗੇ। ਉਹ ਉਨ੍ਹਾਂ ਨੂੰ ਲਿਖਦਾ ਅਤੇ ਗੁਣ-ਗਣਾਉਂਦਾ ਰਹਿੰਦਾ।  ਬਸ , ਇਹੀ ਉਸਦੀ ਕਲਮ ਦੀ ਸ਼ੁਰੂਆਤ ਸੀ। ਇਸਤੋਂ ਇਲਾਵਾ ਉਸਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ। ਕਿਤਾਬਾਂ ਪੜ੍ਹਨ ਦੇ ਇਸ ਸ਼ੌਂਕ ਨੇ ਉਸ ਦੇ ਕਲਮੀ ਸ਼ੌਂਕ ਨੂੰ ਨਿਖਾਰਣ ਵਿੱਚ ਹੋਰ ਵੀ ਖੂਬ ਮਦਦ ਕੀਤੀ।

       ਫਿਰ, ਚੱਲਦੇ-ਚੱਲਦੇ ਇਕ ਵਾਰ ਪ੍ਰਸਿੱਧ ਢਾਡੀ ਸਵ: ਗੁਰਬਖਸ਼ ਸਿੰਘ ਅਲਬੇਲਾ ਜੀ ਉਨ੍ਹਾਂ ਦੀ ਵਰਕਸ਼ਾਪ ਵਿੱਚ ਗੱਡੀ ਠੀਕ ਕਰਵਾਉਣ ਆਏ। ਬਸ ਕੁਝ ਸਮਾਂ ਉਸ ਨੂੰ ਉਹਨਾਂ ਨਾਲ ਗੱਲ ਬਾਤ ਕਰਨ ਦਾ ਮੋਕਾ ਮਿਲਿਆ।  ਅਲਬੇਲਾ ਜੀ ਨੇ ਉਸ ਦੀਆਂ ਰਚਨਾਵਾਂ ਨੂੰ ਸੁਣਿਆ : ਉਸ ਦੀ ਹੌਸਲਾ-ਅਫਜਾਈ ਕੀਤੀ ਅਤੇ ਹੋਰ ਵੀ ਚੰਗਾ ਲਿਖਣ ਲਈ ਉਸਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਬਾਬਾ ਹਰਬੰਸ ਸਿੰਘ ਜੀ ਤੋਂ ਵੀ ਉਸ ਨੂੰ ਬਹੁਤ ਪ੍ਰੇਰਣਾ ਮਿਲੀ। ਬਾਬਾ ਜੀ ਨੇ ਜਿੱਥੇ ਉਸ ਦੇ ਕਈ ਗੀਤਾਂ ਨੂੰ ਆਪਣੇ ਧਾਰਮਿਕ ਪ੍ਰਚਾਰ ਵਿੱਚ ਸ਼ਾਮਿਲ ਕੀਤਾ, ਉਥੇ ਉਸ ਨੂੰ ਖੁਦ ਨੂੰ ਵੀ ਲੋਕਾਂ ਸਾਹਮਣੇ ਲਿਆਉਣ ਲਈ ਕਾਫੀ ਸਹਿਯੋਗ ਦਿੱਤਾ।

       ਗੁਰਦੀਪ ਨੇ ਦੱਸਿਆ ਕਿ ਉਸ ਦੀਆਂ ਰਚਨਾਵਾਂ ਅੱਡ-ਅੱਡ ਪੇਪਰਾਂ ਵਿਚ 2013-14 ਦੌਰਾਨ ਹੀ ਛਪਣੀਆਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ਵਿਚੋਂ ‘ਰੋਜਾਨਾ ਸਪੋਕਸਮੈਨ’ ਅਖਬਾਰ ਖਾਸ ਵਰਣਨ ਯੋਗ ਹੈ।  ਹੁਣ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਸਾਂਝੇ ਕਾਵਿ-ਸੰਗ੍ਰਹਿ ‘ਕਲਮਾਂ ਦਾ ਸਫਰ’ (ਛਪਾਈ ਅਧੀਨ) ਵਿੱਚ ਵੀ ਉਸਦੀਆਂ ਰਚਨਾਵਾਂ ਨੂੰ ਜਗਾ ਮਿਲੀ ਹੈ| ਰਿਕਰਡਿੰਗ ਖੇਤਰ ਵਿਚ ਗਾਇਕਾ ਨੂਰਦੀਪ ਨੇ ਉਸਦਾ ਗੀਤ ਆਪਣੀ ਆਵਾਜ ਵਿਚ ਰਿਕਾਰਡ ਕਰਵਾਇਆ ਹੈ।

      ਇਕ ਸਵਾਲ ਦਾ ਜੁਵਾਬ ਦਿੰਦਿਆਂ ਗੁਰਦੀਪ ਨੇ ਕਿਹਾ, ‘ਅਸ਼ਲੀਲਤਾ ਅਤੇ ਭ੍ਰਿ੍ਹਸ਼ਟਾਚਾਰ ਇੱਕ ਅਜਿਹੀਆਂ ਲਾ-ਇਲਾਜ ਬਿਮਾਰੀਆਂ ਆਪਣੇ ਸਮਾਜ ਨੂੰ ਆ ਚਿੰਬੜੀਆਂ ਹਨ, ਜੋ ਦਿਨੋਂ ਦਿਨ ਸਮਾਜ ਨੂੰ ਨਿਘਾਰ ਵੱਲ ਲਿਜਾ ਰਹੀਆਂ ਹਨ। ਪਰ ਚੰਗੇ ਸਾਹਿਤਕਾਰਾਂ ਦੀਆਂ ਰਚਨਾਵਾਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਦਿਵਾ ਸਕਦੀਆਂ ਹਨ। ਇਸ ਲਈ ਸਾਹਿਤਕਾਰ ਭਰਾਵਾਂ ਨੂੰ ਵੀ ਆਪਣੇ ਬਣਦੇ ਫਰਜਾਂ ਨੂੰ ਪਛਾਣਨ ਦੀ ਜਰੂਰਤ ਹੈ। ਸਸਤੀ ਸ਼ੁਹਰਤ ਹਾਸਲ ਕਰਨ ਬਦਲੇ ਪੈਸੇ ਦੀ ਅੰਨੀ ਦੌੜ ਤੋਂ ਸੰਕੋਚ ਕਰਦਿਆਂ ਸਬਰ^ਸੰਤੋਖ ਅਤੇ ਸੰਜਮ ਵਾਲੀ ਜ਼ਿੰਦਗੀ ਜਿਊਣੀ ਚਾਹੀਦੀ ਹੈ।’

       ਸ਼ਾਲ੍ਹਾ ! ਸੰਦੀਪ ਕੌਰ ਦਾ ਸਿਰਤਾਜ, ਤਿੰਨ ਨੰਨੀਆਂ-ਮੁੰਨੀਆਂ ਲਾਡਲੀਆਂ ਦੇ ਪਿਤਾ, ਪੰਜਾਬੀ ਮਾਂ-ਬੋਲੀ ਦੇ ਪੁਜਾਰੀ ਗੁਰਦੀਪ ਸਿੰਘ ਸ਼ਹਿਣਾ ਦੀ ਕਲਮ ਨੂੰ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਦਾ ਮਾਲਕ ਹੋਰ ਵੀ ਬੱਲ ਬਖਸ਼ੇ ! ਆਮੀਨ !

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

ਸੰਪਰਕ: ਗੁਰਦੀਪ ਸਿੰਘ ਸ਼ਹਿਣਾ, ਪਿੰਡ-ਸ਼ਹਿਣਾ, (ਬਰਨਾਲਾ)  (98722-30253)

Share Button

Leave a Reply

Your email address will not be published. Required fields are marked *