ਸਾਨੂੰ ਦੇ ਕੇ ਚੋਰ ਭੁਲਾਈਆਂ ਬਚਪਨ ਤੁਰ ਗਿਆ..

ss1

ਸਾਨੂੰ ਦੇ ਕੇ ਚੋਰ ਭੁਲਾਈਆਂ ਬਚਪਨ ਤੁਰ ਗਿਆ..

ਕਈ ਵਾਰ ਟੀ ਵੀ ਉਤੇ ਅਜਿਹੇ ਗਾਣੇ ਦੇਖਣ-ਸੁਣਨ ਨੂੰ ਮਿਲਦੇ ਨੇ ਕਿ ਦਿਲ ਵਾਰ-ਵਾਰ ਉਹੀ ਸੁਣਨ ਨੂੰ ਕਰਦੈ। ਜਦੋਂ ਮੈਂ ‘ਸਾਨੂੰ ਦੇ ਕੇ ਚੋਰ ਭੁਲਾਈਆਂ ਬਚਪਨ ਤੁਰ ਗਿਆ’ ਗੀਤ ਸੁਣਿਆ ਤਾਂ ਮੈਨੂੰ ਵੀ ਆਪਣੇ ਬਚਪਨ ਦੇ ਉਹ ਦਿਨ ਯਾਦ ਆ ਗਏ। ਪਰ ਅੱਜ ਦੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਅੱਜ ਭਾਵੇਂ ਕੰਪਿਊਟਰ ਦੇ ਯੁੱਗ ਨੇ ਸਭ ਕੁਝ ਬਦਲ ਕੇ ਰੱਖ ਦਿੱਤੈ, ਪਰ ਅਸੀਂ ਬਚਪਨ ਦੀਆਂ ਖੇਡਾਂ, ਕੀਤੀ ਮੌਜ-ਮਸਤੀ ਆਪਣੇ ਚੇਤਿਆਂ ਵਿੱਚ ਸਮੋਈ ਬੈਠੇ ਹਾਂ।
ਬਚਪਨ ਦੇਖਣ ਨੂੰ ਤਾਂ ਭਾਵੇਂ ਛੋਟਾ ਜਿਹਾ ਲੱਗਦਾ, ਪਰ ਇਸ ਨੂੰ ਜ਼ਿੰਦਗੀ ਦਾ ਸੁਨਹਿਰੀ ਸਮਾਂ ਮੰਨਿਆ ਜਾਂਦਾ ਹੈ। ਬਚਪਨ ਦੀ ਨਾਦਾਨੀ, ਬੇਪ੍ਰਵਾਹੀ, ਕੀਤੀ ਮੌਜ-ਮਸਤੀ ਤਾਂ ਸਾਰੀ ਜ਼ਿੰਦਗੀ ਹੀ ਨਹੀਂ ਭੁਲਾਈ ਜਾ ਸਕਦੀ। ਉਦੋਂ ਸਾਰੇ ਯਾਰ-ਬੇਲੀ ਇਕੱਠੇ ਹੋ ਕੇ ਲੁਕਣ-ਮੀਟੀ, ਗੁੱਲੀ-ਡੰਡਾ, ਬਾਂਦਰ ਕੀਲਾ, ਬਾਂਟੇ, ਪਿੱਠੂ ਕਾਰੇ ਵਰਗੀਆਂ ਖੇਡਾਂ ਖੇਡਦੇ ਸੀ। ਜੋ ਆਨੰਦ ਉਦੋਂ ਸਾਇਕਲ-ਸਕੂਟਰ ਦੇ ਟਾਇਰ ਹੱਥਾਂ ਨਾਲ ਚਲਾ ਕੇ ਇਕ-ਦੂਜੇ ਨਾਲ ਰੇਸਾਂ ਲਾ ਕੇ ਆਉਂਦਾ ਸੀ, ਸ਼ਾਇਦ ਉਹ ਆਨੰਦ ਅੱਜ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ ਹੋਣੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਬਚਪਨ ਦੀ ਇਕ ਖੇਡ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ, ਦੂਜੀ ਤਿਆਰ’ ਤਾਂ ਜ਼ਿੰਦਗੀ ਦੀ ਇਕ ਅਸਲ ਸੱਚਾਈ ਹੈ। ਧੁੱਪ-ਛਾਂ ਦੀ ਪ੍ਰਵਾਹ ਨਾ ਕਰਨੀ, ਸਕੂਲੋਂ ਆਉਂਦਿਆਂ ਹੀ ਬਸਤਾ ਘਰ ਸੁੱਟਣਾ ਤੇ ਘਰਦਿਆਂ ਨੂੰ ਝਕਾਨੀ ਦੇ ਕੇ ਘਰੋਂ ਫੁਰਰ ਹੋ ਜਾਣਾ। ਗਲੀ ਦੇ ਸਾਰੇ ਮੁੰਡੇ-ਕੁੜੀਆਂ ਨੇ ਇਕੱਠਿਆਂ ਖੇਡਣਾ, ਪਰ ਅੱਜ ਤਾਂ ਮਾਹੌਲ ਪੂਰੀ ਤਰਾਂ ਬਦਲ ਚੁੱਕਿਐ, ਅੱਜ ਤਾਂ ਕੁੜੀਆਂ ਨੂੰ ਘਰੋਂ ਬਾਹਰ ਤੱਕ ਨਿਕਲਣ ਨਹੀਂ ਦਿੱਤਾ ਜਾਂਦਾ। ਛੁੱਟੀ ਵਾਲੇ ਦਿਨ ਤਾਂ ਘਰੋਂ ਸਵੇਰੇ ਹੀ ਨਿਕਲ ਜਾਣਾ ਤਾਂ ਜਦੋਂ ਫਿਰ ਡਰਦਿਆਂ-ਡਰਦਿਆਂ ਦੇਰ ਨਾਲ ਘਰ ਵੜਨਾ ਤਾਂ ਘਰੋਂ ‘ਸੇਵਾ’ ਹੋਣੀ। ਕਈ ਵਾਰ ਤਾਂ ਘਰਦਿਆਂ ਬਾਹਰੋਂ ਲੱਭ ਕੇ ਲਿਆਉਣਾ। ਜਦੋਂ ਸਕੂਲੋਂ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਤਾਂ ਨਾਨਕੇ ਪਿੰਡ ਰਹਿਣ ਜਾਣਾ ਤੇ ਨਾਲੇ ਕਹਿਣਾ ‘ਨਾਨਕੇ ਪਿੰਡ ਜਾਵਾਂਗੇ, ਲੱਡੂ ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ’, ਅੱਜ ਵੀ ਉਹ ਦਿਨ ਯਾਦ ਆਉਂਦੇ। ਅੱਜ ਤਾਂ ਬੱਚਿਆਂ ਨੂੰ ਛੁੱਟੀਆਂ ਦਾ ਚਾਅ ਘੱਟ ਤੇ ਕੰਮ ਦਾ ਫਿਕਰ ਜ਼ਿਆਦਾ ਹੁੰਦੈ।
ਮੈਨੂੰ ਯਾਦ ਏ ਜਦੋਂ ਅਸੀਂ ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਪੜਦੇ ਸੀ ਤੇ ਸਕੂਲ ਦੇ ਅਧਿਆਪਕ ਵੀ ਪਿੰਡ ਦੇ ਹੀ ਹੁੰਦੇ ਸਨ। ਜਦੋਂ ਕਿਤੇ ਖੇਡਦਿਆਂ-ਖੇਡਦਿਆਂ ਉਨਾਂ ਨੂੰ ਦੇਖ ਲੈਣਾ ਤਾਂ ਉਨਾਂ ਨੂੰ ਦੇਖ ਲੁਕ ਜਾਣਾ। ਇਕ ਵਾਰ ਸਕੂਲ ਟੀਚਰ ਨੇ ਬੰਟੇ ਖੇਡਦਿਆਂ ਦੇਖ ਲਿਆ ਤੇ ਦੂਜੇ ਦਿਨ ਸਵੇਰੇ ਕਲਾਸ ਵਿੱਚ ਪੁੱਛਣ ਲੱਗੇ ਕਿ ਬੰਟੇ ਕੀਹਨੂੰ-ਕੀਹਨੂੰ ਖੇਡਣੇ ਆਉਂਦੇ। ਅਸੀਂ ਚਾਰ-ਪੰਜ ਮਿੱਤਰ ਚਾਈਂ-ਚਾਈਂ ਉਠ ਖੜੇ ਹੋਏ। ਤਾਂ ਮੈਡਮ ਨੇ ਕਿਹਾ ਫਿਰ ਦੇਖਦੇ ਕੀਹਦੇ ਕੋਲ ਬੰਟੇ ਜ਼ਿਆਦਾ’ਆ। ਅਸਾਂ ਸਾਰਿਆਂ ਨੇ ਬੰਟੇ ਬੋਤਲਾਂ ਵਿੱਚ ਪਾ-ਪਾ ਰੱਖੇ ਹੋਏ ਸੀ। ਸਾਰੇ ਦੋ-ਦੋ, ਤਿੰਨ-ਤਿੰਨ ਬੋਤਲਾਂ ਲੈ ਆਏ। ਅਸੀਂ ਤਾਂ ਚਾਅ-ਚਾਅ ਮੈਡਮ ਨੂੰ ਦਿਖਾਏ ਕਿ ਮੇਰੇ ਕੋਲ ਜ਼ਿਆਦਾ, ਮੇਰੇ ਕੋਲ ਜ਼ਿਆਦਾ। ਮੈਡਮ ਨੇ ਫਿਰ ਕਲਾਸ ਵਿੱਚ ਖੜੇ ਕਰ ਲਿਆ ਕਿ ਇਹ ਹੁੰਦੀ ਏ ਘਰ ਜਾ ਕੇ ਪੜਾਈ। ਉਤੋਂ ਪੇਪਰਾਂ ਦੇ ਦਿਨ ਹੋਣ ਕਰਕੇ ਫਿਰ ‘ਸੇਵਾ’। ਸ਼ਾਇਦ ਸਕੂਲ ਅਧਿਆਪਕਾਂ ਤੋਂ ਖਾਧੀ ਕੁੱਟ ਨੇ ਹੀ ਅੱਜ ਏਸ ਮੁਕਾਮ ‘ਤੇ ਪਹੁੰਚਾ ਦਿੱਤੈ।
ਜਦੋਂ ਹੁਣ ਇਹ ਗੱਲਾਂ ਕਦੇ-ਕਦੇ ਉਹੀ ਯਾਰ-ਬੇਲੀ ਇਕੱਠੇ ਹੁੰਦੇ ਤਾਂ ਕਰਦੇ ਤਾਂ ਲੱਗਦਾ ਝੂਠ ਹੀ ਬੋਲ ਰਹੇ’ਆ ਤੇ ਨਾਲੇ ਗੱਲਾਂ ਕਰਦਿਆਂ-ਕਰਦਿਆਂ ਹਾਸਾ ਵੀ ਆਉਂਦਾ। ਅੱਜ ਦੀ ਜ਼ਿੰਦਗੀ ਤਾਂ ਸਿਰਫ ਰੁਝੇਵਿਆਂ ਭਰੀ ਹੈ, ਪਰ ਬਚਪਨ ਵਿੱਚ ਕੀਤੀਆਂ ਉਹ ਸ਼ਰਾਰਤਾਂ ਤੇ ਖੇਡੀਆਂ ਖੇਡਾਂ ਸਾਰੀ ਜ਼ਿੰਦਗੀ ਸਾਡੇ ਚੇਤਿਆਂ ਵਿੱਚ ਵਸੀਆਂ ਰਹਿਣਗੀਆਂ। ਬਚਪਨ ਦੇ ਉਹ ਦਿਨ, ਕੀਤੀ ਮੌਜ-ਮਸਤੀ, ਬੇਪ੍ਰਵਾਹੀ ਜਦੋਂ ਅੱਜ ਵੀ ਯਾਦ ਆਉਂਦੀ ਤਾਂ ਮੁੜ ਬੱਚੇ ਬਣਨ ਨੂੰ ਦਿਲ ਲੋਚਦਾ ਹੈ।

ਹਨੀ ਸੋਢੀ
98156-19248

Share Button

Leave a Reply

Your email address will not be published. Required fields are marked *