ਸਾਦਿਕ ਵਿਖੇ ਦਿਨ ਦਿਹਾੜੇ ਡੇਡ ਤੋਲੇ ਸੋਨੇ ਦਾ ਕੜਾ ਲਾ ਕੇ ਚੋਰ ਹੋਏ ਰਫ਼ੂ ਚੱਕਰ

ss1

ਸਾਦਿਕ ਵਿਖੇ ਦਿਨ ਦਿਹਾੜੇ ਡੇਡ ਤੋਲੇ ਸੋਨੇ ਦਾ ਕੜਾ ਲਾ ਕੇ ਚੋਰ ਹੋਏ ਰਫ਼ੂ ਚੱਕਰ

ਸਾਦਿਕ, 3 ਮਈ (ਗੁਲਜ਼ਾਰ ਮਦੀਨਾ)-ਕੀ ਹੋ ਗਿਆ ਹੈ ਇਸ ਰੰਗਲੇ ਪੰਜਾਬ ਨੂੰ ਕਿਉਂ ਇਨਸਾਨ ਹੀ ਇਨਸਾਨ ਦਾ ਵੈਰੀ ਬਣ ਗਿਆ ਹੈ ਕਿਉਂ ਨਹੀਂ ਚੋਰੀ ਅਤੇ ਡਕੈਤੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਲੈ ਰਹੀਆਂ ਆਖ਼ਰ ਇਨਾਂ ਗੱਲਾਂ ਦਾ ਕੌਣ ਜ਼ਿੰਮੇਵਾਰ ਹੈ, ਜੇ ਜ਼ਿੰਮੇਵਾਰ ਹੈ ਤਾਂ ਇਸ ਜ਼ਿੰਮੇਵਾਰੀ ਨੂੰ ਆਪਣੀ ਇਮਾਨਦਾਰੀ ਦੀ ਡਿਊਟੀ ਸਮਝਕੇ ਕਿਉਂ ਨਹੀਂ ਨਿਭਾ ਰਿਹਾ ਹੈ। ਹਰ ਰੋਜ਼ ਵੱਡੀ ਤੋਂ ਵੱਡੀ ਘਟਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਰੁਕਣ ਦੀ ਬਜਾਇ ਵਧਦੀਆਂ ਹੀ ਜਾ ਰਹੀਆਂ ਹਨ ਕਿਉਂਕਿ ਇਹ ਲੋਕ ਬੇਖ਼ੌਫ਼ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਹੀ ਲੜੀ ਤਹਿਤ ਅੱਜ ਸਾਦਿਕ ਵਿਖੇ ਵੀ ਸੋਨੇ ਦੇ ਡੇਢ ਤੋਲ਼ੇ ਦੇ ਕਰੀਬ ਕੜੇ ਨੂੰ ਰਾਜ ਰਾਣੀ ਵਾਸੀ ਸ੍ਰੀ ਮੁਕਤਸਰ ਸਾਹਿਬ ਰੋਡ ਤੋਂ ਚੋਰਾਂ ਵੱਲੋਂ ਬਹੁਤ ਹੀ ਹੁਸ਼ਿਆਰੀ ਨਾਲ ਲਾਹ ਕੇ ਰਫ਼ੂ ਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀੜਤ ਦੇ ਪੁੱਤਰ ਪਰਮਿੰਦਰ ਕੁਮਾਰ (ਪੱਪਾ ਮਨਿਆਰੀ ਵਾਲਾ) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੀ ਰਿਹਾਇਸ਼ ਦੇ ਬਿਲਕੁਲ ਨਾਲ ਕੱਪੜੇ ਦੀ ਦੁਕਾਨ ਹੈ ਅਤੇ ਮੇਰੇ ਮਾਤਾ ਜੀ ਉਸ ਦੁਕਾਨ ’ਤੇ ਬੈਠੇ ਸਨ ਅਤੇ ਦੁਕਾਨ ਅੱਗੇ ਗੱਡੀ ਆਣਕੇ ਰੁਕੀ ਜਿੰਨਾਂ ਵਿੱਚ ਤਿੰਨ ਔਰਤਾਂ ਅਤੇ ਇਕ ਵਿਅਕਤੀ ਮੌਜੂਦ ਸੀ ਉਨਾਂ ਵਿੱਚੋਂ ਇਕ ਔਰਤ ਨੇ ਮਾਤਾ ਜੀ ਨੂੰ ਆਕੇ ਕਿਹਾ ਕਿ ਗੱਡੀ ਵਿੱਚ ਤੁਹਾਡੇ ਜਾਣਕਾਰ ਬੈਠੇ ਨੇ ਜੋ ਤੁਹਾਨੂੰ ਮਿਲਣ ਵਾਸਤੇ ਬੁਲਾ ਰਹੇ ਨੇ ਜਿਉਂ ਹੀ ਮਾਤਾ ਜੀ ਗੱਡੀ ਕੋਲ ਪਹੁੰਚੇ ਤਾਂ ਉਨਾਂ ਵਿੱਚੋਂ ਇਕ ਔਰਤ ਨੇ ਝਪਟ ਮਾਰ ਕੇ ਬਾਂਹ ਵਿੱਚ ਪਾਇਆਂ ਡੇਢ ਤੋਲ਼ੇ ਸੋਨੇ ਦਾ ਕੜਾ ਉਤਾਰ ਕੇ ਦੌੜ ਗਏ। ਦੱਸਣਯੋਗ ਹੈ ਕਿ ਇਹ ਚੋਰ ਗਿਰੋਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਾਦਿਕ ਦੇ ਆਸ-ਪਾਸ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਾਦਿਕ ਤੋਂ ਪੁਲਿਸ ਮੁਲਾਜ਼ਮ ਪਹੁੰਚੇ ਅਤੇ ਘਟਨਾ ਬਾਰੇ ਪੂਰਨ ਜਾਣਕਾਰੀ ਲੈਣ ਉਪਰੰਤ ਪੀੜਤ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਜਲਦ ਤੋਂ ਜਲਦ ਚੋਰਾਂ ਦੀ ਭਾਲ ਕਰਕੇ ਪੀੜਿਤ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇਗਾ।

Share Button

Leave a Reply

Your email address will not be published. Required fields are marked *