ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀ ਕਉਂ ਪਰਦੇਸੀ ਹੋਏ

ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀ ਕਉਂ ਪਰਦੇਸੀ ਹੋਏ

ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੈ ਕਿ ਪੰਜਾਬੀ ਵੱਡੀ ਗਿਣਤੀ ਵਿੱਚ ਪੰਜਾਬੋ ਬਾਹਰ ਪੜਾਈ ਅਤੇ ਰੋਜੀ ਰੋਟੀ ਲਈ ਜਾ ਰਹੇ ਨੇ ਤੇ ਪੰਜਾਬੀ ਨੌਜਵਾਨਾਂ ਦੇ ਪਰਦੇਸੀ ਹੋਣ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਜਿਥੇ ਆਮ ਹੀ ਵਿੱਚ ਲੋਕਾਂ ਵੱਲੋਂ ਪੰਜਾਬੀ ਨੌਜਵਾਨਾਂ ਲਈ ਵਿਹਲੇ, ਨਸ਼ੇੜੀ ਅਤੇ ਫੁਕਰੇ ਵਰਗੇ ਸ਼ਬਦ ਵਰਤੇ ਜਾਂਦੇ ਹਨ, ਉਥੇ ਇਹੀ ਪੰਜਾਬੀ ਨੌਜਵਾਨ ਅੱਜ ਪੂਰੀ ਦੁਨੀਆਂ ਵਿੱਚ ਆਪਣੀਆਂ ਸੇਵਾਵਾਂ ਅਤੇ ਦਰਿਆ ਦਿਲੀ ਦੀਆਂ ਮਿਸਾਲਾਂ ਕਾਇਮ ਕਰ ਰਹੇ ਹਨ। ਫੇਰ ਭਾਂਵੇ ਉਹ ਦੇਸ਼-ਵਿਦੇਸ਼ ਵਿੱਚ ਲੋਕ ਡਾਊਨ ਦੌਰਾਨ ਲੋੜਵੰਦਾਂ ਲਈਲਈ ਲੰਗਰ ਲਗਾ ਰਹੇ ਨੇ, ਭਾਂਵੇ ਤੀਜਾ ਵਿਸ਼ਵ ਯੁੱਧ ਬਣ ਚੁੱਕੀ ਕੋਰੋਨਾ ਮਹਾਮਾਰੀ ਦੌਰਾਨ ਸੈਨੀਟਾਈਜ਼ਰ, ਮਾਸਕ ਤੇ ਡਾਕਟਰੀ ਯੰਤਰ ਵੰਡ ਰਹੇ ਨੇ।

ਜਿਥੇ ਅੱਜ ਸਾਰੀ ਦੁਨੀਆਂ ਦੇ ਮੌਤ ਦੇ ਡਰ ਕਾਰਨ ਸਾਹ ਸੁੱਕੇ ਪਏ ਹਨ, ਉਥੇ ਕੁਝ ਕੋਰੋਨਾ ਪੀੜਤ ਪੰਜਾਬੀਆਂ ਵੱਲੋਂ ਹਸਪਤਾਲਾਂ ਵਿੱਚ ਭੰਗੜੇ ਪਾਉਣ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ, ਭਾਵ ਕਿ ਪੰਜਾਬੀ ਅਜੇ ਵੀ ਚੜ੍ਹਦੀਕਲਾ ਵਿੱਚ ਹਨ।

ਪਰ ਅਫਸੋਸ, ਪੰਜਾਬੀਆਂ ਦੀਆਂ ਇਹਨਾਂ ਖੂਬੀਆਂ ਨੂੰ ਪੰਜਾਬ ਦੇ ਸਾਸ਼ਕ ਹੀ ਅੱਖੋਂ ਪਰੋਖੇ ਕਰ ਕੇ ਦੇਸ਼ ਦੁਨੀਆਂ ਵਿੱਚ ਪੰਜਾਬੀਆਂ ਦੀ ਕੋਈ ਹੋਰ ਹੀ ਛਵੀ ਦਿਖਾਉਣ ਦੀ ਕੋਸ਼ਿਸ਼ ਵਿੱਚ ਨੇ ।

ਜਿਥੇ ਕੋਰੋਨਾ ਕਾਰਨ ਅਨੇਕਾਂ ਹੀ ਸਹੂਲਤਾਂ ਤੋਂ ਵਾਂਝੇ ਘਰਾਂ ਵਿੱਚ ਬੰਦ ਬੈਠੇ ਲੋਕ, ਸਰਕਾਰਾਂ ਤੋਂ ਆਪਣੀਆਂ ਵੋਟਾਂ ਬਦਲੇ , ਇਸ ਸੰਕਟ ਦੀ ਘੜੀ ਵਿੱਚ ਮਦਦ ਦੀ ਉਮੀਦ ਰੱਖੀ ਬੈਠੇ ਹਨ, ਵਿਦਿਆਰਥੀ ਨਵੇਂ ਸੈਸ਼ਨ ਲਈ ਕਿਤਾਬਾਂ ਦੀ ਹੋਮ ਡਿਲੀਵਰੀ ਦੀ ਆਸ ਰੱਖੀ ਬੈਠੇ ਹਨ, ਦਿਹਾੜੀਆਂ ਆਸਰੇ ਗੁਜ਼ਾਰਾ ਕਰ ਰਹੇ ਲੋੜਵੰਦ ਪਰਿਵਾਰ ਰਾਸ਼ਨ ਉਡੀਕ ਰਹੇ ਨੇ,ਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਮਹਾਂਮਾਰੀ ਦਾ ਯੁੱਧ ਲੜ ਰਹੇ ਡਾਕਟਰ ਪੀਪੀ ਈ ਸੂਟਾਂ ਅਤੇ ਹੋਰ ਡਾਕਟਰੀ ਯੰਤਰਾਂ ਦੀ ਮੰਗ ਕਰ ਰਹੇ ਜਨ, ਉਥੇ ਹੀ ਗੁਰੂ ਸਾਹਿਬਾਨਾਂ ਦੀ ਪਵਿੱਤਰ ਬਾਣੀ ਨੂੰ ਹੱਥ ਵਿੱਚ ਫੜ ਕੇ ਤਖਤ ਸਾਹਿਬ ਵੱਲ ਮੁੰਹ ਕਰ ਕੇ, ਪੰਜਾਬ ਵਿੱਚੋਂ ਨਸ਼ਾ ਮੁਕਾਉਣ ਦੀ ਗੱਲ ਕਰਨ ਵਾਲਾ ਸਾਸ਼ਕ ਹੀ ਪੰਜਾਬ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦਾ ਸ਼ਰਮਨਾਕ ਬਿਆਨ ਦੇ ਰਿਹਾ ਹੈ।

ਇਸ ਗੱਲ ਤੋਂ ਕੋਈ ਵੀ ਪੰਜਾਬੀ ਜਾਂ ਹਿੰਦੋਸਤਾਨੀ ਅਣਜਾਣ ਨਹੀਂ ਹੋਵੇਗਾ ਕਿ ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਮਗਰੋਂ ਪੰਜਾਬੀ ਨੌਜਵਾਨਾਂ ਨੇ ਦੇਸ਼ ਹਿੱਤ ਲਈ ਸਭ ਤੋਂ ਮੁਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ ਅਤੇ ਅੱਜ ਵੀ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਬਾਰਡਰਾਂ ‘ਤੇ ਹੋਰਨਾਂ ਰੈਜੀਮੈਂਟਾਂ ਨਾਲੋਂ ਪੰਜਾਬੀਆਂ ਦੀ ਗਿਣਤੀ ਜਿਆਦਾ ਹੀ ਹੋਵੇਗੀ।

ਸਰਕਾਰਾਂ ਅਤੇ ਸਿੰਗਰਾਂ ਵੱਲੋਂ ਨਸ਼ੇੜੀ, ਫੁਕਰੇ ਅਤੇ ਵਿਹਲੇ ਕਹਿ ਕੇ ਬਦਨਾਮ ਕੀਤੇ ਜਾਣ ਵਾਲੇ ਨੌਜਵਾਨਾਂ ਦੀ ਹਕੀਕਤ ਵੱਲ ਦੇਖੀਏ ਤਾਂ ਪੰਜਾਬ ‘ਚ ਆਏ ਹੜਾਂ ਦੇ ਸੰਕਟ ਸਮੇਂ ਸਰਕਾਰਾਂ ਤੋਂ ਉਮੀਦ ਕੀਤੇ ਬਿਨਾਂ ਨੌਜਵਾਨਾਂ ਨੇ ਖੁਦ ਦੇ ਬਲ ਬੁਤੇ ‘ਤੇ ਹੀ ਹੜ ਪੀੜਤਾਂ ਦੀ ਸੇਵਾ ਕੀਤੀ।ਗੈਂਗਸਟਰ ਕਹੇ ਜਾਣ ਵਾਲੇ ਇਹਨਾਂ ਨੌਜਵਾਨਾਂ ਨੇ ਇਨਸਾਨੀਅਤ ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਇਨਸਾਨਾਂ ਦੀ ਸੇਵਾ ਦੇ ਨਾਲ ਨਾਲ ਡੰਗਰ ਬੱਛਿਆਂ ਲਈ ਵੀ ਪੱਠਿਆਂ ਦੀਆਂ ਟਰਾਲੀਆਂ ਭਰ ਭਰ ਕੇ ਲੰਗਰ ਲਗਾਏ।

ਤੇ ਜੇ ਗੱਲ ਕਰੀਏ ਕੋਰੋਨਾ ਮਹਾਂਮਾਰੀ ਦੇ ਸੰਕਟ ਦੀ ਤਾਂ ਅਚਾਨਕ ਹੀ ਹੋਈ ਦੇਸ਼ ਬੰਦੀ ਦੇ ਕਠੋਰ ਸਮੇਂ ਵਿੱਚ ਵੀ ਪੰਜਾਬੀ ਨੌਜਵਾਨ ਬਹੁਤ ਹੀ ਸੂਝਵਾਨ ਤੇ ਮਦਦਗਾਰੀ ਫਰੀਸ਼ਤੇ ਬਣ ਕੇ ਉਭਰ ਰਹੇ ਹਨ।

ਜਿਥੇ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ਦੇ ‘ਚੋਂ ਮਜਦੂਰ ਵਾਪਸ ਭੁੱਖਣ ਭਾਣੇ ਪਰਤ ਰਹੇ ਨੇ ਉਤਥੇ ਹੀ ਪੰਜਾਬ ਵਿੱਚ ਸਕੂਨ ਨਾਲ ਬੈਠੇ ਇਹ ਕਹਿ ਰਹੇ ਨੇ ਕਿ ਸਰਕਾਰ ਕੁਝ ਦੇਵੇ ਜਾਂ ਨਾ ਦੇਵੇ, ਸਰਦਾਰ ਭੁੱਖਾ ਨਹੀਂ ਸੋਣ ਦੇਵੇਗਾ। ਤੇ ਓਹ ਦਿਨ ਵੀ ਦੂਰ ਨਹੀਂ ਜਦੋ ਇਹ ਔਖਾ ਵਖਤ ਵੀ ਪੰਜਾਬੀਆਂ ਦੀ ਇਨਸਾਨੀਅਤ ਮੂਹਰੇ ਗੋਡੇ ਟੇਕ ਦੇਵੇਗਾ।

ਪੰਜਾਬ ਦੀ ਜਵਾਨੀ ਉਸ ਮਜਬੂਤ ਪੱਥਰ ਦੀ ਤਰ੍ਹਾਂ ਹੈ, ਜਿਸਨੂ ਤਰਾਸ਼ਣ ‘ਤੇ ਪੱਥਰ ਹੀਰਾ ਬਣ ਜਾਂਦਾ ਹੈ।ਭਾਂਵੇ ਪੰਜਾਬ ਦੀ ਨੌਜਵਾਨੀ ਨੂੰ 84,ਖਾੜਕੂਵਾਦ ਜਾਂ ਨਸ਼ੇ ਦੇ ਵਗ੍ਹਦੇ ਹੜ ਨੇ ਤੋੜਣ ਦੀ ਕੋਸ਼ਿਸ਼ ਕੀਤੀ ਪਰੰਤੂ ਇਹੀ ਨੌਜਵਾਨਾਂ ਨੂੰ ਜਦੋਂ ਕੈਨੇਡਾ, ਅਮਰੀਕਾ ਅਸਟ੍ਰੇਲੀਆ ਅਤੇ ਹੋਰ ਮੁਲਕਾਂ ਨੇ ਤਰਾਸ਼ਿਆਂ ਤਾਂ ਇਹ ਹੀਰੇ ਵਾਂਗੂ ਚਮਕੇ ਅਤੇ ਪੰਜਾਬ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ।

ਪਰ ਅਫਸੋਸ ਇਹਨਾਂ ਅਣਮੁੱਲੀਆਂ ਖੂਬੀਆਂ ਵਾਲੇ ਪੰਜਾਬੀ ਨੌਜਵਾਨਾਂ ਨੂੰ ਜਦੋਂ ਪੜ੍ਹੇ ਲਿਖੇ ਹੋਣ ਕਾਰਨ ਵੀ ਸਰਕਾਰ ਨੌਕਰੀਆਂ ਨਾ ਦੇਵੇ, ਸਿਖਿਆ ਪ੍ਰਣਾਲੀ ਦੇ ਕੋਈ ਸੁਚੱਜੇ ਢੰਗ ਨਾ ਹੋਣ, ਨੌਜਵਾਨਾਂ ਦੇ ਟੈਲੇਂਟ ਦੀ ਸਰਕਾਰ ਕੋਈ ਕਦਰ ਨਾ ਕਰੇ, ਚੰਗੀ ਖੇਤੀਬਾੜੀ ਲਈ ਸਰਕਾਰ ਵੱਲੋਂ ਕੋਈ ਸਹਿਯੋਗ ਨਾ ਮਿਲੇ, ਡਾਕਟਰੀ ਪੜਾਈ ਕਰ ਕੇ ਨੌਕਰੀਆਂ ਲਈ ਟੈਂਕੀਆਂ ‘ਤੇ ਚੜ ਰਹੀਆਂ ਨਰਸਾਂ ਦੀ ਕੋਈ ਸੁਣਵਾਈ ਨਾ ਹੋਵੇ, ਸਰਕਾਰੀ ਸਕੂਲਾਂ ਵਿੱਚ 4 ਵਿਸ਼ਿਆਂ ‘ਤੇ ਇਕ ਅਧਿਆਪਕ ਹੋਣ ਦੇ ਬਾਵਜੂਦ ਅਧਿਆਪਕ ਚੌਰਾਹਿਆਂ ‘ਤੇ ਪ੍ਰਦਰਸ਼ਨ ਕਰ ਰਹੇ ਹੋਣ, ਸਾਰੀ ਜ਼ਿੰਦਗੀ ਆਮ ਇਨਸਾਨ ਸਵੇਰ ਦੇ (ਕੋਲਗੇਟ) ਤੋਂ ਲੈ ਕੇ ਰਾਤ ਦੀ ਰੋਟੀ ਤੱਕ, ਸਿਰ ਦੇ ਤੇਲ ਤੋਂ ਲੈ ਕੇ ਜੁਰਾਬਾਂ ਜੁੱਤੀਆਂ ਤੱਕ ਹਰ ਚੀਜ ‘ਤੇ ਟੈਕਸ ਦੇਵੇ, ਤੇ ਲੋੜ ਪੈਣ ‘ਤੇ ਸਰਕਾਰ ਮਦਦ ਦੀ ਬਜਾਏ ਡੰਡੇ ਮਾਰੇ, ਖਜਾਨਾ ਖਾਲੀ ਹੋਣ ਦੇ ਬਹਾਨੇ ਬਣਾਵੇ, ਤਾਂ ਉਦੋਂ  ਪੰਜਾਬ ਨੂੰ ਕੈਨੈਡਾ ਲਈ ਬੰਦੇ ਸਪਲਾਈ ਕਰਨ ਵਾਲੀ ਮਸ਼ੀਨ ਦਸੱਣ ਵਾਲੇ ਕਮੇਡੀਅਨ ਕਿਕੂ ਸ਼ਰਧਾ ਨੂੰ ਇਹੀ ਕਹਿਨ ਨੂੰ ਜੀਅ ਕਰਦਾ….ਕਿ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀ ਕਿਉਂ ਪਰਦੇਸੀ ਹੋਏ।

ਅਮਨਪ੍ਰੀਤ ਕੌਰ
ਪਿੰਡ: ਬੂਟਾ ਸਿੰਘ ਵਾਲਾ
ਵਿਦਿਆਰਥੀ
ਪਟੇਲ ਮੈਮੋਰੀਅਲ ਨੈਸ਼ਨਲ ਕਾਲਜ
ਰਾਜਪੁਰਾ
6280964847

Leave a Reply

Your email address will not be published. Required fields are marked *

%d bloggers like this: