Tue. Apr 7th, 2020

ਸਾਡੀ ਰੂਹ ਦੀ ਖੁਰਾਕ ਨੇ……ਲੋਕ-ਗੀਤ

ਸਾਡੀ ਰੂਹ ਦੀ ਖੁਰਾਕ ਨੇ……ਲੋਕ-ਗੀਤ

ਅੱਜ ਭਾਵੇਂ ਪੱਛਮੀ ਸੰਗੀਤ ਸਾਡੇ ਪੰਜਾਬੀ ਸੱਭਿਆਚਾਰ ਤੇ ਭਾਰੂ ਹੋ ਰਿਹਾ ਹੈ ਪਰ ਸਾਡੇ ਪੁਰਾਤਨ ਸੰਗੀਤ ਦੀ ਥਾਂ ਨਹੀਂ ਲੈ ਸਕਦਾ। ਪੌਪ ਦੇ ਨਾਂ ਨਾਲ ਚੱਲਿਆ ਸੰਗੀਤ ਵੀ ਚਿਰ ਸਥਾਈ ਨਹੀਂ ਹੋ ਸਕਿਆ। ਤਕਰੀਬਨ ਦੋ ਦਹਾਕੇ ਪਹਿਲਾਂ ਵੀ ਇਕ ਹਨੇਰੀ ਆਈ ਸੀ ਡਿਸ਼ਕੋ। ਫਿਰ ਧੂਮਿਲ ਹੋ ਗਈ। ਇਸੇ ਤਰਾਂ ਕਿਸੇ ਗਾਇਕ ਦੇ ਕਹਿਣ ਵਾਂਗ “ਕਿ ਆਏ ਮਹਿਮਾਨ ਦਾ ਅਸੀਂ ਪੰਜਾਬੀ ਰੱਬ ਜਿੰਨਾ ਇੱਜਤ ਸਤਿਕਾਰ ਕਰਦੇ ਹਾਂ, ਪਲਕਾਂ ਤੇ ਬਿਠਾਉਂਦੇ ਹਾਂ ਪਰ ਕਦੀ ਵੀ ਘਰ ਦਾ ਮਾਲਿਕ ਨਹੀਂ ਬਣਾਉਂਦੇ”। ਮਹਿਮਾਨ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਇਹੀ ਹਾਲ ਪੌਪ ਗਾਇਕੀ ਦਾ ਹੋਇਆ ਹੈ।ਪੌਪ ਗਾਇਕੀ ਭਾਵੇ ਕਿੰਨੀ ਵੀ ਭਾਰੂ ਹੋਵੇ ਪਰ ਉਹ ਗੀਤ ਜੋ ਸਾਡੇ ਪੁਰਾਤਨ ਸਾਜ ਢੱਡ, ਸਾਰੰਗੀ, ਤੂੰਬਾ, ਅਲਗੋਜੇ, ਚਿਮਟਾ ਤੇ ਢੋਲਕ ਆਦਿ ਨਾਲ ਗਾਏ ਗਏ ਹਨ, ਉਹ ਗੀਤ ਸਦਾ ਅਮਰ ਹਨ ਤੇ ਸਾਡੇ ਪੰਜਾਬੀ ਸੱਭਿਆਚਾਰ ਦਾ ਇਕ ਅੱਟੁਟ ਹਿੱਸਾ ਹਨ। ਲੋਕ-ਗੀਤ ਦੀ ਉਮਰ ਹਮੇਸ਼ਾ ਹੀ ਵੱਧਦੀ ਜਾਂਦੀ ਹੈ ਕਦੇ ਘਟਦੀ ਨਹੀਂ। ਨਵੀਂ ਪੀੜ੍ਹੀ ਉਸ ਨੂੰ ਨਵੇਂ ਢੰਗ ਨਾਲ ਭਾਵੇਂ ਗਾ ਦੇਵੇ, ਗੀਤ ਉਹੋ ਹੀ ਰਹੇਗਾ, ਫਿਲਮਾਂਕਣ ਭਾਵੇਂ ਜਿੱਦਾ ਮਰਜੀ ਕਰ ਲਵੋ।

ਲੋਕ-ਗੀਤ ਤੋਂ ਭਾਵ ਲੋਕਾਂ ਦਾ ਗੀਤ। ਉਹ ਗੀਤ ਜੋ ਹਰ ਇਨਸਾਨ ਦੀ ਜੁਬਾਨ ਤੇ ਆਪ ਮੁਹਾਰੇ ਚੜਨ ਦੇ ਕਾਬਿਲ ਹੋਵੇ।ਕਿਸੇ ਗੀਤਕਾਰ ਦੇ ਕੀ ਹਣ ਵਾਂਗ ‘ਲੋਕ-ਗੀਤ ਉਹ ਹੁੰਦਾ ਹੈ, ਜਿਸ ਵਿੱਚ ਰਚਨਹਾਰੇ ਦਾ ਨਾਂ ਨਾ ਰਹਿ ਜਾਵੇ ਤੇ ਗੀਤ ਹੀ ਲੋਕਾਂ ਦੇ ਯਾਦ ਹੋਵੇ। ਲੋਕ-ਗੀਤਾਂ ਵਿੱਚ ਲੋਕਾਂ ਦੀਆਂ ਸੱਧਰਾਂ ਤੇ ਆਸਾਂ ਪ੍ਰਗਟਾਈਆਂ ਹੁੰਦੀਆਂ ਹਨ। ਇਹ ਗੀਤ ਪੀੜ੍ਹੀ ਦਰ ਪੀੜ੍ਹੀ ਚਲਦੇ ਹਨ। ਨਸਲਾਂ ਇਹਨਾਂ ਨੂੰ ਸੰਵਾਰਦੀਆਂ, ਮਾਂਜਦੀਆਂ ਤੇ ਲਿਸ਼ਕਾਉਦੀਆਂ ਰਹੀਆਂ ਹਨ। ਲੋਕ-ਗੀਤ ਲੋਕਾਂ ਦੀ ਰੂਹ ਖੁਰਾਕ ਹੁੰਦੇ ਹਨ।ਬੱਚੇ ਦੇ ਜਨਮ, ਜਨਮ ਤੋਂ ਬਚਪਨ, ਬਚਪਨ ਤੋਂ ਜਵਾਨੀ, ਅਤੇ ਜਵਾਨੀ ਤੋਂ ਬੁਢਾਪੇ ਦੇ ਹਰ ਰੰਗ ਨੂੰ ਲੋਕ ਗੀਤਾਂ ਵਿੱਚ ਚਿਤਰਿਆ ਹੁੰਦਾ ਹੈ।ਅੱਜ ਦੇ ਯੁੱਗ ‘ਚ ਭਾਵੇਂ ਹਰ ਇਨਸਾਨ ਥੋੜ੍ਹੀ-ਬਹੁਤ ਤਰੱਕੀ ਕਰਕੇ ਪਿੰਡ ਤੋਂ ਸ਼ਹਿਰ ਵੱਲ ਨੂੰ ਭੱਜਦਾ ਹੈ ਪਰ ਉਸ ਦਾ ਪਿਛੋਕੜ ਹਮੇਸ਼ਾ ਹੀ ਉਹੀ ਰਹਿੰਦਾ ਹੈ। ਅਸੀਂ ਪੰਜਾਬੀ ਭਾਵੇਂ ਕਿੰਨਾ ਵੀ ਪਾਊਡਰ ਜਾਂ ਮੇ-ਕੱਪ ਕਰ ਲਈਏ ਪਰ ਅਸੀਂ ਕਦੀਂ ਵੀ ਅੰਗਰੇਜਾਂ ਵਰਗੇ ਨਹੀਂ ਬਣ ਸਕਦੇ। ਹਾਂ, ਰੀਸ ਜਰੂਰ ਕਰ ਸਕਦੇ ਹਾਂ। ਦੂਸਰੇ ਸੱਭਿਆਚਾਰ ਨੂੰ ਅਪਣਾਉਣਾ ਜਾਂ ਬੋਲੀ ਅਪਣਾਉਣਾ ਉਨੀ ਹੀ ਵਧੀਆ ਗੱਲ ਹੈ ਜਿੰਨੀ ਮਾੜੀ ਆਪਣੇ ਸੱਭਿਆਚਾਰ ਜਾਂ ਬੋਲੀ ਤੋਂ ਬੇ-ਮੁੱਖ ਹੋਣਾ। ਲੋਕ-ਗੀਤਾਂ ਰਾਹੀਂ ਹੀ ਪੰਜਾਬ ਦਾ ਮਾਹੌਲ, ਪੁਰਾਣੇ ਰੀਤੀ-ਰਿਵਾਜ, ਰਹਿਣੀ-ਬਹਿਣੀ, ਖਾਣ-ਹੰਢਾਣ, ਪੁਰਾਣੀ ਸੱਭਿਅਤਾ ਅਜੋਕੀ ਪੀੜ੍ਹੀ ਦੇ ਸਨਮੁੱਖ ਹੁੰਦੀ ਹੈ ਇਹਨਾਂ ਗੀਤਾਂ ਵਿੱਚ ਪੰਜਾਬੀਆਂ ਦੇ ਦਿਲਾਂ ਦੇ ਵਲਵਲੇ, ਰੀਝਾਂ, ਤਮੰਨਾਵਾਂ ਹੁੰਦੀਆਂ ਹਨ। ਮਾਂਵਾਂ-ਧੀਆਂ ਦਾ ਪਿਆਰ, ਭੈਣ-ਭਰਾ ਦਾ ਪਿਆਰ, ਨਣਦ-ਭਰਜਾਈ ਦਾ ਪਿਆਰ, ਦਿਉਰ-ਭਰਜਾਈ ਦੀ ਨੋਕ-ਝੋਕ, ਗੱਭਰੂਆਂ ਤੇ ਮੁਟਿਆਰਾਂ ਦੀਆਂ ਪ੍ਰੀਤਾਂ, ਰੀਝਾਂ ਤੇ ਸੱਧਰਾਂ ‘ਚ ਸਮੋਏ ਇਹ ਗੀਤ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਦਾ ਗਹਿਣਾ ਰਹਿਣਗੇ।

ਪੰਜਾਬੀਆਂ ਦਾ ਪ੍ਰਮਾਤਮਾ ਤੇ ਵੀ ਅਟੁੱਟ ਵਿਸਵਾਸ਼ ਹੈ। ਹਰ ਪੰਜਾਬੀ ਅੰਦਰ ਦਿਆਲੂਤਾ ਵੀ ਕੁੱਟ-ਕੁੱਟ ਕੇ ਭਰੀ ਹੋਈ ਹੈ ਜਿਸ ਕਰਕੇ ਇਹ ਦਾਨ ਕਰਨ ਨੂੰ ਵੀ ਪਹਿਲ ਦਿੰਦੇ ਨੇ। ਹਰ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਰ ਪੰਜਾਬੀ ਇਹੀ ਲੋਚਦਾ ਹੈ-:

ਪਹਿਲਾਂ ਆਗਿਆ ਗੁਰਾਂ ਲੈ ਲੀਏ,
ਜਿਹੜਾ ਕੰਮ ਕੀਤਾ ਲੋੜੀਏ।

ਭੈਣ-ਭਰਾ ਦਾ ਪਿਆਰ ਵੀ ਇੱਕ ਅਹਿਮ ਤੇ ਪਵਿੱਤਰ ਰਿਸ਼ਤਾ ਹੈ। ਹਰ ਭੈਣ ਲੋਚਦੀ ਹੈ ਕਿ ਉਸ ਦੇ ਭਰਾ ਹੋਵੇ, ਉਹ ਉਸ ਨਾਲ ਦੁੱਖ-ਸੁੱਖ ਸਾਂਝਾਂ ਕਰੇ ਜਿਹਨਾਂ ਭੈਣਾਂ ਦੇ ਰਿਸ਼ਤੇ ਦੀ ਸਾਡੇ ਸਮਾਜ ‘ਚ ਇੱਕ ਵੱਖਰੀ ਅਹਿਮੀਅਤ ਹੈ। ਭੈਣਾਂ ਕਹਿੰਦੀਆਂ ਹਨ-:

ਸਹੁੰ ਖਾਣ ਨੂੰ ਬੜਾ ਚਿੱਤ ਕਰਦਾ, ਇੱਕ ਵੀਰ ਦੇਈਂ ਵੇ ਰੱਬਾ।
ਜਾਂ
ਵੀਰ ਘਰ ਪੁੱਤ ਜੰਮਿਆ, ਚੰਨ ਚੜਿਆ ਬਾਪ ਦੇ ਵਿਹੜੇ

ਭੈਣ-ਭਰਾ ਦੇ ਰਿਸ਼ਤੇ ਵਾਂਗ ਹੀ ਨਿੱਘਾ ਰਿਸ਼ਤਾ ਮਾਂਵਾਂ-ਧੀਆਂ ਦਾ ਹੈ। ਕਹਿੰਦੇ ਨੇ ਇੱਕ ਮਾਂ ਹੀ ਧੀ ਦੀ ਸੱਚੀ ਦੋਸਤ ਹੈ। ਮਾਂ ਹੀ ਧੀ ਦੀ ਮਾਰਗ-ਦਰਸ਼ਕ ਹੈ। ਮਾਂਵਾਂ-ਧੀਆਂ ਦੇ ਰਿਸ਼ਤੇ ਤੋਂ ਇਲਾਵਾ ਉਹ ਚੰਗੀਆਂ ਸਖੀਆਂ ਵੀ ਹਨ। ਮਾਂ-ਧੀ ਇਕ ਦੁਸਰੀ ਦਾ ਸੁੱਖ-ਦੁੱਖ ਭਲੀ ਭਾਂਤ ਜਾਣਦੀਆਂ ਹਨ-:

ਰਿਸ਼ਤਿਆਂ ਦੀ ਜੱਗ ਤੇ ਕੋਈ ਵੀ ਤੋੜ ਨਾਂ
ਮਾਂਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਾਂ

ਪੰਜਾਬ ਦੇ ਵਧੇਰੇ ਲੋਕ ਪਿੰਡਾਂ ਵਿੱਚ ਰਹਿੰਦੇ ਹਨ, ਅਜੌਕੇ ਦੌਰ ‘ਚ ਭਾਵੇਂ ਹੋਰ ਵੀ ਕਿਤੇ ਹਨ ਪਰ ਪਹਿਲੋਂ ਮੁੱਖ ਕਿੱਤਾ ਖੇਤੀ ਹੀ ਸੀ। ਹੁਣ ਤਾਂ ਭਾਵੇਂ ਲੈ ਕੇ ਜਾਣ ਦਾ ਰਿਵਾਜ ਬਿਲਕੁਲ ਖ਼ਤਮ ਵਾਂਗ ਹੀ ਹੈ ਪ੍ਰੰਤੂੰ ਲੋਕ ਗੀਤਾਂ ‘ਚ ਸਾਨੂੰ ਉਹ ਝਾਕੀਆਂ ਜਰੂਰ ਮਿਲਦੀਆਂ ਹਨ-:

ਲੈ ਕੇ ਡੋਰੀਆਂ ਗੰਢੇ ਦੀ ਛਿੱਲ ਵਰਗਾ
ਭੱਤਾ ਲੈ ਕੇ ਖੇਤ ਨੂੰ ਚੱਲੀ।
********
ਉਥੇ ਲੈ ਚੱਲ ਚਰਖ਼ਾ ਮੇਰਾ
ਜਿੱਥੇ ਤੇਰਾ ਹਲ ਵਗਦਾ।
*********
ਦੁੱਧ ਰਿੜਕੇ ਝਾਜਰਾਂ ਵਾਲੀ
ਕੈਂਠੇ ਵਾਲਾ ਧਾਰ ਕੱਢਦਾ।

‘ਚਰਖਾ’ ਵੀ ਸਾਡੇ ਪੁਰਾਤਨ ਸੱਭਿਆਚਾਰ ਦਾ ਇੱਕ ਹਿੱਸਾ ਹੈ। ਅੱਜ ਤਾਂ ਸਥਿਤੀ ਭਾਵੇਂ ਇਹ ਹੈ ਕਿ ਚਰਖਾ, ਨੁਮਾਇਸਾਂ, ਸੱਭਿਆਚਾਰਿਕ ਮੇਲਿਆਂ ਜਾਂ ਹੋਰ ਏਦਾਂ ਦੇ ਫੰਕਸ਼ਨਾਂ ਤੇ ਹੀ ਵੇਖਣ ਨੂੰ ਮਿਲਦਾ ਹੈ ਪਰ ਪੁਰਾਤਣ ਵੇਲਿਆ ‘ਚ ਚਰਖੇ ਹੀਲੇ-ਵਸੀਲੇ ਹੀ ਮੁਟਿਆਰਾਂ ਤ੍ਰਿਝਣਾਂ ਚ ਬੈਠ ਕੇ ਸੁੱਖ-ਦੁੱਖ ਫੋਲਦੀਆਂ, ਆਪਣੀ ਰੀਝਾਂ ਇੱਕ ਦੂਜੀ ਨੂੰ ਦੱਸਦੀਆਂ ਤੇ ਚਰਖਾ ਕੱਤਦੀਆਂ ਅਤੇ ਆਪਣੇ ਦਾਜ ਵਾਸਤੇ ਸੂਤ ਕੱਤਦੀਆਂ ਹੁਣ ਦੇ ਸਮੇਂ ਚ ਤਾਂ ਭਾਵੇਂ ਸੱਤਰ ਪ੍ਰਤੀਸਤ ਮੁਟਿਆਰਾਂ ਨੂੰ ਚਰਖਾ ਕੱਤਣਾਂ ਨਹੀਂ ਆਉਂਦਾ । ਸਾਨੂੰ ਲੋੜ ਹੈ ਹੰਭਲਾ ਮਾਰਨ ਦੀ, ਆਪਣਾ ਸੱਭਿਆਚਾਰ ਬਚਾਉਣ ਦੀ। ਚਰਖੇ ਦੀ ਮਹੱਤਤਾ ਦਰਸਾੳਂਦੇ ਕੋਈ ਗੀਤ ਆਏ ਜਿਵੇਂ-:

ਜੋਗੀ ਉਤਰ ਪਹਾੜੋਂ ਆਏ, ਚਰਖੇ ਦੀ ਘੂਕ ਸੁਣਕੇ
*****************
ਚਰਖੇ ਦੇ ਹਰ-ਹਰ ਗੇੜੇ, ਮਾਹੀ ਮੈਂ ਤੈਨੂੰ ਯਾਦ ਕਰਾਂ….

ਸਮੇਂ-ਸਮੇਂ ਨਾਲ ਹਰ ਚੀਜ ਬਦਲਦੀ ਹੈ। ਹਰ ਰੀਝ ,ਹਰ ਤਮੰਨਾ ਕੋਈ ਨਾ ਕੋਈ ਨਵਾਂ ਰੰਗ ਫੜਦੀ ਹੈ,ਨਿਮਨਲਿਖਤ ਗੀਤਾਂ ਤੋਂ ਮੁਟਿਆਰਾਂ ਦੀ ਬਦਲੀ ਪਸੰਦ ਵਾਰੇ ਪਤਾ ਲਗਦਾ ਹੈ-:

‘ਉਸ ਮੁੰਡੇ ਨਾਲ ਵਿਆਹ ਕਰਵਾਉਣਾ,ਜਿਹੜਾ ਕੱਢੇ ਡੰਡ-ਬੈਠਕਾਂ’
*********
ਗੱਭਰੂ ਸ਼ੌਕੀਨ ਹੋਵੇ,ਮੇਰੇ ਤੇ ਯਕੀਨ ਹੋਵੇ
ਬੀ.ਏ ਵਿੱਚੋਂ ਪਾਸ ਹੋਵੇ,ਨੌਕਰੀ ਦੀ ਆਸ ਹੋਵੇ
ਹੋਵੇ ਗੋਰੇ ਰੰਗ ਦਾ
ਇਹੋ ਦਿਲ ਮੰਗਦਾ ਨੀ ਇਹੋ ਦਿਲ ਮੰਗਦਾ…

ਸਾਡੇ ਸਮਾਜ ਵਿੱਚ ਨਣਦ-ਭਰਜਾਈ ਦਾ ਰਿਸ਼ਤਾ ਵੀ ਵਿਸ਼ੇਸ ਸਥਾਨ ਰੱਖਦਾ ਹੈ।ਆਪਣੇ ਵੀਰ ਦੇ ਵਿਆਹ ਦੇ ਮੌਕੇ ‘ਤੇ ਭੈਣ ਆਸ ਰੱਖਦੀ ਹੈ ਕਿ ਉਸ ਲਈ ਸੌਗਾਤ ਆਏਗੀ,ਚੰਨ ਵਰਗੀ ਭਰਜਾਈ ਆਏਗੀ।ਭੈਣ ਲੱਖਾਂ ਸ਼ਗਨ ਮੰਨਾਉਂਦੀ ਹੈ,ਘੋੜੀਆਂ ਗਾਉਂਦੀ ਹੈ ਪਰ ਜੇਕਰ ਕਿਧਰੇ ਭਰਜਾਈ ਸੌਗਾਤ ਨਾ ਲਿਆਵੇ ਤਾਂ ਨਣਦ ਰੁੱਸ ਬਹਿੰਦੀ ਹੈ।ਲੋਕ-ਗੀਤਾਂ ‘ਚ ਅਜਿਹੇ ਦ੍ਰਿਸ਼ ਨੂੰ ਇਸ ਤਰਾਂ ਉਲੀਕਿਆ ਗਿਆ ਹੈ-:

‘ਜੇ ਮੈਂ ਜਾਣਦੀ ਨਣਦ ਰੁੱਸ ਜਾਣਾ,ਝੱਗਾ ਚੁੁੰਨੀ ਲਿਆ ਛੱਡਦੀ’

ਸਿਆਣਿਆਂ ਦਾ ਅਖਾਣ ਹੈ ਕਿ ਜਿਥੇ ਫੁੱਲ ਹੋਵੇ ਉਥੇ ਕੰਢੇ ਵੀ ਹੁੰਦੇ ਨੇ ਅਤੇ ਜਿਥੇ ਪਿਆਰ ਹੋਵੇ ਉਥੇ ਗੁੱਸਾ ਵੀ ਹੁੰਦਾ ਹੈ।ਕਈ ਵਾਰ ਨਣਦ-ਭਰਜਾਈ ਦੀ ਤਕਰਾਰ ਹੋ ਜਾਂਦੀ ਹੈ ਤਾਂ ਨਣਦ ਦੇ ਵਤੀਰੇ ਤੋਂ ਤੰਗ ਆ ਕੇ ਭਰਜਾਈ ਇਥੋਂ ਤੱਕ ਕਹਿ ਦਿੰਦੀ ਹੈ-:

‘ਸਹੁਰੇ ਜਾ ਨਣਦੇ,ਭਾਵੇਂ ਲੈ ਜਾ ਕੰਨਾਂ ਦੇ ਵਾਲੇ’

ਤੇ ਜਦੋਂ ਨਣਦ-ਭਰਜਾਈ ਇੱਕ ਦੂਜੀ ਦੇ ਰੰਗ ਚ ਰੰਗੀਆਂ ਹੋਣ ਤਾਂ ਉਹ ਸਕੀਆਂ ਭੈਣਾਂ ਨਾਲੋ ਘੱਟ ਨਹੀਂ ਹੁੰਦੀਆਂ।ਪਿਆਰ ਨਾਲ ਨਣਦ ਕਹਿੰਦੀ ਹੈ:-

“ ਮੇਰੇ ਨੱਚਦੀ ਦੇ ਖੁੱਲ ਗਏ ਵਾਲ,ਭਾਬੀ ਮੇਰੀ ਗੁੱਤ ਕਰਦੇ”

ਸਾਡੇ ਸਮਾਜ ਵਿੱਚ ਨੂੰਹ-ਸੱਸ ਦਾ ਰਿਸ਼ਤਾ ਆਮ ਤੌਰ ਤੇ ਵਧੇਰੇ ਸੁਖਾਂਵਾ ਨਹੀਂ ਹੁੰਦਾ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਧੀ ਜਦੋਂ ਬਚਪਨੇ ‘ਚ ਹੁੰਦੀ ਹੈ ਤਾਂ ਮਾਂ ਉਸ ਨੂੰ ‘ਸੱਸ’ ਸ਼ਬਦ ਵਿੱਚ ਹੀ ਘਟੀਆਪਨ ਦਿਖਾ ਦਿੰਦੀ ਹੈ। ਧੀ ਦੇ ਮਨ ‘ਚ ਸੱਸ ਪ੍ਰਤੀ ਸਾਡੇ ਸਮਾਜ ‘ਚ ਪਹਿਲਾਂ ਹੀ ਨਫ਼ਰਤ ਭਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜੇਕਰ ਨੂੰਹ-ਸੱਸ ਦੀ ਅਣਬਣ ਹੋ ਗਈ ਹੋਵੇ ਤਾਂ ਉਹ ਨੂੰਹ ਤੋਂ ਔਖੇ ਤੋਂ ਔਖੇ ਕੰਮ ਕਰਵਾ ਕੇ ਉਸ ਨੂੰ ਤੰਗ ਕਰਨ ਦੀ ਕੋਸ਼ਿਸ ਕਰਦੀ ਹੈ ਇਸ ਬਾਰੇ ਲੋਕ-ਗੀਤ ਕਹਿੰਦਾ ਹੈ:-

‘ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰਾ, ਸੱਸ ਨਾਲ ਪ੍ਰੀਤ ਰੱਖਦੀ’

ਨੌਜਵਾਨ ਹੱਡ ਭੰਨਵੀਂ ਮਿਹਨਤ ਕਰਦੇ ਹਨ ਪਰ ਫਿਰ ਵੀ ਇਸ ਮਹਿੰਗਾਈ ਦੇ ਯੁੱਗ ਵਿੱਚ ਗੁਜ਼ਾਰਾ ਮੁਸ਼ਕਿਲ ਹੀ ਚੱਲਦਾ ਹੈ। ਨਵ-ਵਿਆਹੀ ਮੁਟਿਆਰ ਦੀਆਂ ਕਈ ਹਸ਼ਰਤਾਂ ਮਨ ਵਿੱਚ ਰਹਿ ਜਾਂਦੀਆਂ ਹਨ। ਨੌਜਵਾਨ ਤਾਂ ਭਾਵਂ ਪੂਰੀ ਵਾਹ ਲਾ ਰਿਹਾ, ਪਰ ਫਿਰ ਵੀ ਇਨਸਾਨ, ਹਰ ਕੋਈ ਮੰਗ ਪੂਰੀ ਨਹੀਂ ਕਰ ਸਕਦਾ। ਅੱਧੂਰੀਆਂ ਸੱਧਰਾਂ ਰਹਿਣ ਤੇ ਉਹ ਕਹਿੰਦਾ ਹੈ:-

‘ਅਸੀਂ ਮਰ ਗਏ ਕਮਾਈਆਂ ਕਰਦੇ
ਬਿੱਲੋ ਨੀ ਤੇਰੇ ਬੰਦ ਨਾਂ ਬਣੇ’
************
‘ਤੇਰਾ ਮਾਮਲਾ ਪੂਰਾ ਨਾਂ ਹੋਇਆ
ਕੱਤੇ ਦੀ ਕਪਾਹ ਵੇਚ ਕੇ’

ਤੇ ਕਈ ਵਾਰ ਸਰਕਾਰੀ ਨੌਕਰੀ ਵਾਲੇ ਵੀ ਰੀਝਾਂ ਪੂਰੀਆਂ ਕਰਨ ਵਿੱਚ ਅਸੱਮਰਥ ਰਹਿੰਦੇ ਹਨ। ਜਦੋਂ ਕੋਈ ਪਟਵਾਰੀ ਆਪਣੇ ਕੰਮਾਂ ਕਾਰਾਂ ਵਿੱਚੋਂ ਵਿਹਲ ਨਾ ਕੱਢਦਾ ਹੋਇਆ, ਘਰ ਦੇ ਜਰੂਰੀ ਕੰਮ ਭੁੱਲ ਜਾਦਾਂ ਹੈ ਜਾਂ ਘਰ ਬੱਚਿਆਂ ਵਾਸਤੇ ਕੁਝ ਖਾਣ-ਪੀਣ ਲਈ ਨਾ ਲਿਆਵੇ ਤਾਂ ਘਰਵਾਲੀ ਮਿਹਣਾ ਮਾਰਦੀ ਹੈ:-

‘ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇ ਅੰਬ ਨੂੰ’

ਜਵਾਨੀ, ਇਨਸਾਨੀ ਜਿੰਦਗੀ ਦਾ ਉਹ ਖੁਬਸੂਰਤ ਪੜਾਅ ਹੈ ਜਦੋਂ ਹਰ ਕਿਸੇ ਗੱਭਰੂ-ਮੁਟਿਆਰ ‘ਤੇ ਇੱਕ ਵੱਖਰੀ ਕਿਸਮ ਦਾ ਸਰੂਰ ਹੁੰਦਾ ਹੈ।ਹਰ ਚਿੰਤਾ ਤੋਂ ਮੁਕਤ,ਦੁਨੀਆ ਦੀਆਂ ਰੀਤਾਂ ਤੋਂ ਬੇ-ਖ਼ਬਰ, ਹਮੇਸ਼ਾ ਹੀ ਦਿਲ ‘ਚ ਕੋਈ ਅਰਮਾਨ,ਕੋਈ ਰੀਝ ਹਰ ਗੱਭਰੂ-ਮੁਟਿਆਰ ਲੁਕੋਈ ਫਿਰਦੇ ਹਨ ।ਹਰ ਜਵਾਨ ਦਿਲ ਚੋਂ ਪਿਆਰ ਦੀਆਂ ਤਰੰਗਾਂ ਉਗੜਦੀਆਂ ਹਨ ਇਸ ਉਮਰੇ ਜਿੰਨਾ ਬਚਿਆ ਜਾਵੇ,ਉਨਾ ਹੀ ਚੰਗਾ ਹੈ। ਭਰ ਜਵਾਨੀ ਵਿੱਚ ਕਈ ਮੁਟਿਆਰਾਂ ਨੂੰ ਪ੍ਰਮਾਤਮਾਂ ਨੇ ਹੁਸ਼ਨ ਤੇ ਸੁੱਹਪਣ ਦੀ ਢੇਰ ਸਾਰੀ ਦਾਤ ਬਖ਼ਸ਼ੀ ਹੁੰਦੀ ਹੈ। ਇਸ ਹੁਸਨ ਦੀ ਤਾਰੀਫ਼ ਕੋਈ ਇੰਝ ਵੀ ਕਰਦਾ ਹੈ-:

‘ਚੁੰਨੀ ਲੈ ਕੇ ਸੂਹੇ ਰੰਗ ਦੀ, ਗੋਹਾ ਕੂੜਾ ਨਾਂ ਕਰੀਂ ਮੁਟਿਆਰੇ
ਨੀਂ ਪਾਣੀਆਂ ਨੂੰ ਅੱਗ ਲੱਗ ਜੂ, ਤੂੰ ਫੂਕ ਦੇਂੲਗੀ ਲੋਕਾਂ ਦੇ ਗੁਹਾਰੇ’

ਹੁਸਨ ਤੇ ਸੁਹੱਪਣ ਤਾਂ ਪ੍ਰਮਾਤਮਾਂ ਦੀ ਦੇਣ ਹੈ ਪਰ ਨਾਲ ਹੀ ਪੰਜਾਬਣ ਮੁਟਿਆਰ ਨੂੰ ਇੱਕ ਪੰਜਾਬਣ ਮੁਟਿਆਰ ਬਣ ਕੇ ਹੀ ਰਹਿਣਾ ਚਾਹੀਦਾ ਹੈ। ਅਜੋਕੇ ਦੌਰ ‘ਚ ਭਾਵੇਂ ਸਾਡੇ ਤੇ ਪੱਛਮੀ ਸੱਭਿਅਤਾ ਦਾ ਕਾਫੀ ਅਸਰ ਹੋਇਆ ਹੈ ਪਰ ਫਿਰ ਵੀ ਹਜ਼ਾਰਾਂ ਵਿੱਚ ਪੰਜਾਬਣ ਮੁਟਿਆਰ ਦੀ ਸ਼ਾਨ ਵੱਖਰੀ ਹੈ। ਪੰਜਾਬਣ ਦੀ ਤੋਰ ਦੀ ਸਿਫਤ ਕਲਮਕਾਰ ਇੰਝ ਵੀ ਕਰਦੈ-:

‘ਸਿੱਖ ਲੈ ਕਲੈਹਿਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ’

ਅਜੋਕੇ ਦੌਰ ਵਿੱਚ ਸਾਨੂੰ ਲੋੜ ਹੈ ਤਾਂ ਆਪਣੇ ਪੁਰਾਤਨ ਸੱਭਿਆਚਾਰ ਨੂੰ ਸੰਭਾਲਣ ਦੀ। ਪੱਛਮੀਂ ਸੱਭਿਅਤਾ ਨੂੰ ਅਪਣਾਉਣਾ ਕੋਈ ਬੁਰਾ ਕੰਮ ਨਹੀਂ, ਬੁਰਾ ਹੈ ਤਾਂ ਆਪਣਾ ਪਿਛੋਕੜ ਭੁੱਲਣਾ। ਸਾਨੂੰ ਆਪਣੇ ਬੱਚਿਆਂ ਨੂੰ ਵੀ ਸੱਭਿਆਚਾਰ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਸੋ ਇਸ ਪ੍ਰਕਾਰ ਜਾਗੋ! ਪੰਜਾਬੀ ਵੀਰੋ ਤੇ ਭੈਣੋਂ ਆਪਣੇ ਅਮੀਰ ਸੱਭਿਆਚਾਰ ਦੇ ਡਿਗਦੇ ਮਿਆਰ ਨੂੰ ਬਚਾਈਏ ਤੇ ਪੱਛਮੀਂ ਸੱਭਿਆਚਾਰ ਤੋਂ ਕਿਨਾਰਾ ਕਰੀਏ। ਇਥੇ ਤਾਂ ਫਿਰ ਮਾਨ ਸਾਹਬ ਦਾ ਗੀਤ ਯਾਦ ਆਉਂਦਾ-:

‘ਪੰਜਾਬੀਏ ਜ਼ੁਬਾਨੇ ਨੀਂ ਰਕਾਨੇ ਮੇਰੇ ਦੇਸ਼ ਦੀਏ, ਦੱਸ ਕੀਹਨੇ ਤੇਰਾ ਲਾਹ ਲਿਆ ਸਿੰਗਾਰ
ਮੀਡੀਆਂ ਖਿਲਾਰੀ ਫਿਰੇਂ ਬੁੱਲੇ ਦੀਏ ਕਾਫ਼ੀਏ ਤੂੰ , ਵੇਖ ਸਾਥੋਂ ਹੁੰਦਾ ਨੀ ਸਹਾਰ
ਪੰਜਾਬੀਏ ਜ਼ੁਬਾਨੇਂ ਨੀ………………

ਬੱਬੀ ਜਾਤੀਮਾਜਰਾ
ਤਹਿ: ਧੂਰੀ
ਜਿਲ੍ਹਾ ਸੰਗਰੂਰ (ਪੰਜਾਬ)
90568-22270

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: