Mon. Sep 23rd, 2019

ਸਾਡਾ ਭਵਿੱਖ ਕਿੱਥੇ ਐ..?

ਸਾਡਾ ਭਵਿੱਖ ਕਿੱਥੇ ਐ..?

ਸਾਡਾ ਪੰਜਾਬ ਸੂਬਾ ਸਾਡੇ ਲਈ ਹੁਣ ਰੋਜ਼ਗਾਰ ਦੀ ਥਾਂ ਸ਼ਰਾਪ ਬਣਦਾ ਜਾ ਰਿਹਾ ਹੈ, ਜਦੋਂ ਕਿ ਬਿਹਾਰ ਦੇ ਲੋਕਾਂ ਲਈ ਰੁਜ਼ਗਾਰ ਦੇਣ ਵਾਲਾ ਖੁਸ਼ਕਿਸਮਤ ਸੂਬਾ ਸਾਬਤ ਹੋ ਗਿਆ ਹੈ। ਕਿਉਂਕਿ ਸਾਡੇ ਸੂਬੇ ਵਿੱਚ ਬਿਹਾਰ ਤੋਂ ਅਨਪੜ ਲੋਕਾਂ ਨੂੰ ਰੋਜ਼ਗਾਰ ਕਿਸੇ ਵਰਦਾਨ ਨਾਲੋਂ ਘੱਟ ਨਹੀਂ। ਸਾਡੇ ਇੱਥੇ ਰਹਿਣ ਵਾਲੇ 20 ਪ੍ਰਤੀਸ਼ਤ ਲੋਕ ਰੁਜ਼ਗਾਰ ਦੀ ਭਾਲ ਵਿੱਚ ਸੁਭਾ ਤੋਂ ਸ਼ਾਮ ਤੱਕ ਗੰਦਗੀ ਦੇ ਢੇਰਾਂ, ਕੱਚਰਿਆਂ ਚੋਂ ਆਪਣੇ ਭਵਿੱਖ ਦੀ ਭਾਲ ਕਰਦੇ ਹਨ। ਸਾਡੇ ਸੂਬੇ ਵਿੱਚ ਮੰਦਰਾਂ ਤੇ ਬਹੁਤ ਪੈਸਾ ਖਰਚਿਆ ਜਾਂਦਾ ਹੈ, ਗੁਰੂ ਘਰਾਂ ਨੂੰ ਬਹੁਤ ਚਮਕਾਇਆ ਜਾਂਦਾ ਹੈ, ਇਸ ਲਈ ਵੱਡੇ ਵੱਡੇ ਦਾਨੀ ਦਾਨ ਕਰਦੇ ਹਨ ਅਤੇ ਵੱਡੇ ਵੱਡੇ ਲੀਡਰਾਂ ਦੀਆਂ ਰੈਲੀਆਂ ਮੌਕੇ ਅਨ ਦੀ ਬੇਕਦਰੀ ਕੀਤੀ ਜਾਂਦੀ ਹੈ। ਗੰਦਗੀ ਦੇ ਢੇਰਾਂ ਵਿੱਚ ਸੁੱਟਿਆ ਜਾਂਦਾ ਹੈ। ਜੇਕਰ ਸਾਡੇ ਗਰੀਬਾਂ ਦੇ ਬੱਚੇ ਉਹਨਾਂ ਢੇਰਾਂ ਵਿੱਚੋਂ ਆਪਣੀ ਭੁੱਖ ਨੂੰ ਮਿਟਾਉਣ ਲਈ ਉਥੇ ਜੂਠੇ ਭੋਜਨ ਦੀ ਭਾਲ ਕਰਕੇ ਆਪਣਾ ਪੇਟ ਭਰਦੇ ਹਨ। ਪਰ ਜਦੋਂ ਕੋਈ ਗਰੀਬ ਇਹਨਾਂ ਰੈਲੀਆਂ ਜਾਂ ਵਿਆਹਾਂ ਸ਼ਾਦੀਆਂ ਮੈਰਿਜ ਪੈਲਸਾਂ ਅੱਗੇ ਭੁੱਖੇ ਪੇਟ ਨੂੰ ਭਰਨ ਲਈ ਮੰਗ ਕਰਦਾ ਹੈ ਤਾਂ ਉਸਨੂੰ ਭੋਜਨ ਦੇਣ ਦੀ ਬਜਾਏ ਦੁਰਕਾਰਿਆ ਜਾਂਦਾ ਹੈ ਤੇ ਉਹੀ ਬਚਿਆ ਹੋਇਆ ਭੋਜਨ ਸੜਕਾਂ, ਖਾਲੀ ਥਾਵਾਂ ਤੇ ਸੁੱਟਿਆ ਜਾਂਦਾ ਹੈ। ਸਾਡੇ ਸੂਬੇ ਵਿੱਚ ਹੁਣ ਸਿੱਖਿਆ ਦੀ ਕੋਈ ਘਾਟ ਨਹੀਂ ਭਾਵੇਂ ਉਹ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਵਿੱਚ ਹੋਵੇ, ਸਾਡੇ ਸੂਬੇ ਵਿੱਚ ਡਿਗਰੀ ਡਿਪਲੋਮਾ ਵਾਲੇ ਲੜਕੇ ਲੜਕਿਆਂ ਦੀ ਘਾਟ ਨਹੀਂ ਅਤੇ ਰੁਜ਼ਗਾਰ ਦੀ ਭਾਲ ਵਿੱਚ ਉਹ ਵਿਚਾਰੇ ਓਵਰ ਏਜ ਹੋ ਜਾਂਦੇ ਹਨ।

ਫੇਰ ਉਹ ਨਾ ਘਰ ਦੇ ਨਾ ਘਾਟ ਦੇ ਰਹਿ ਜਾਂਦੇ ਹਨ। ਫੇਰ ਇਹਨਾਂ ਲਈ ਇੱਕੋ ਇੱਕ ਸਹਾਰਾ ਬਾਹਰਲਾ ਦੇਸ਼ ਆਸਟ੍ਰੇਲੀਆ ਵਗੈਰਾ ਲਈ ਆਈਲੈਟਸ ਦੀ ਤਿਆਰੀ ਕਰਕੇ ਜਮੀਨ ਦਾ ਕਿੱਲਾ ਵੇਚਕੇ ਬਾਹਰ ਚਲੇ ਜਾਣ ਦਾ ਹੀ ਇੱਕ ਰਸਤਾ ਹੁੰਦਾ ਹੈ ਕਿਉਂਕਿ ਮਾਪੇ ਆਪਣੇ ਬੱਚੇ ਦੇ ਭਵਿੱਖ ਲਈ ਹਰ ਜੋਖਮ ਉਠਾਉਣ ਲਈ ਤਿਆਰ ਹਨ ਤੇ ਬੱਚਿਆਂ ਨੂੰ ਰਿਸਕ ਲੈਕੇ ਬਾਹਰ ਭੇਜ ਦਿੰਦੇ ਹਨ ਜਿੱਥੇ ਉਹ ਮਿਹਨਤ ਕਰਕੇ ਕਾਮਯਾਬ ਹੋ ਰਹੇ ਹਨ ਅਤੇ ਕੁੱਝ ਕੁ ਡਿਕਡੋਲੇ ਖਾਕੇ ਵਾਪਸ ਵੀ ਆ ਜਾਂਦੇ ਹਨ। ਸਾਡੇ ਸੂਬੇ ਦੇ ਕਿਸਾਨ ਮੱਧ ਵਰਗੀ ਪਰਿਵਾਰ, ਪੜੇ ਲਿਖੇ ਨੌਜਵਾਨ ਲੜਕੇ ਲੜਕੀਆਂ ਆਪਣਾ ਭਵਿੱਖ ਬਨਾਉਣ ਲਈ ਆਪਣੇ ਮਾਪਿਆਂ ਨੂੰ ਕਰਜੇ ਦੀ ਦਲਦਲ ਵਿੱਚੋਂ ਕੱਢਣ ਲਈ ਬਾਹਰ ਜਾਣ ਲਈ ਮਜਬੂਰ ਹਨ ਜਦੋਂ ਕਿ ਸਾਡੀਆਂ ਸਰਕਾਰਾਂ ਸਾਡੇ ਨੇਤਾ ਚਿੰਤਤ ਨਹੀਂ ਪਰ ਇਹ ਰੁਝਾਨ ਜੇ ਵੱਧਦਾ ਗਿਆ ਅਤੇ ਇੱਥੇ ਰੁਜ਼ਗਾਰ ਦੇ ਢੁਕਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਸਾਡਾ ਸੂਬਾ ਕੰਗਾਲ ਹੋ ਜਾਵੇਗਾ, ਬੇਰੁਜਗਾਰੀ ਹੋਰ ਵੱਧ ਜਾਵੇਗੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਵੱਧ ਜਾਣਗੀਆਂ, ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਹੋਰ ਫਸੇਗਾ, ਕਿਉਂਕਿ ਇੱਕ ਨੌਜਵਾਨ ਲੜਕਾ ਲੜਕੀ ਆਪਣੇ ਮਾਪਿਆਂ ਦੀਆਂ ਤੰਗੀਆਂ ਤੋਸੀਆਂ ਵੇਖ ਕੇ ਪੜਾਈ ਕਰਕੇ ਡਿਗਰੀਆਂ ਹਾਸਲ ਕਰਦਾ ਹੈ। ਪਰ ਇਹ ਡਿਗਰੀਆਂ ਉਦੋਂ ਨਾਕਾਮ ਹੋ ਜਾਂਦੀਆਂ ਹਨ ਜਦੋਂ ਸਾਡੇ ਬੱਚੇ ਆਪਣੇ ਭਵਿੱਖ ਨੂੰ ਹਨੇਰੇ ਵਿੱਚ ਦੇਖਦੇ ਹਨ ਅਤੇ ਮਾਪਿਆਂ ਦੀ ਦਸ਼ਾ ਤੇ ਦਿਸ਼ਾ ਦੇਖਦੇ ਹਨ ਤਾਂ ਉਦੋਂ ਉਹ ਇਹਨਾਂ ਸਭ ਕੁੱਝ ਚੀਜਾਂ ਨੂੰ ਭੁਲਾਉਣ ਲਈ ਸਾਡੇ ਸੂਬੇ ਵਿੱਚ ਮਹਿੰਗੇ ਤੇ ਜਾਨ ਲੇਵਾ ਨਸ਼ਿਆਂ ਦਾ ਸਹਾਰਾ ਲੈਣ ਲਗਦੇ ਹਨ। ਜੇਕਰ ਸਾਡੀਆਂ ਸਰਕਾਰਾਂ ਕੇਂਦਰ ਵਿੱਚ ਹੋਣ ਭਾਵੇਂ ਪੰਜਾਬ ਦੀਆਂ, ਤੇ ਸਾਰੇ ਮਹਿਕਮਿਆਂ ਵਿੱਚ ਲੱਖਾਂ ਪੋਸਟਾਂ ਖਾਲੀ ਹਨ ,ਉਹਨਾਂ ਨੂੰ ਭਰਿਆ ਨਹੀਂ ਜਾਂਦਾ ਜਿਸ ਕਰਕੇ ਬੇਰੁਜ਼ਗਾਰੀ ਵਿੱਚ ਵਾਧਾ ਹੁੰਦਾ ਹੈ।

ਜੋ ਮੁਲਾਜ਼ਮ ਜਿਵੇਂ ਕਿ ਪੁਲਿਸ ਵਾਲੇ ਹਨ ਇਹਨਾਂ ਦੀ ਡਿਊਟੀ ਤੇ ਕੋਈ ਵਿਰਾਮ ਨਹੀਂ, ਕੋਈ ਟਾਈਮ ਨਹੀਂ ਜਿਹਨਾਂ ਤੋਂ 12-12 ਘੰਟੇ ਡਿਊਟੀ ਲਈ ਜਾਂਦੀ ਹੈ ਤੇ ਕਿਸੇ ਨੇਤਾ ਦੇ ਆਉਣ ਦੀ ਉਡੀਕ ਵਿੱਚ ਭੁੱਖ ਤਿਆਹੇ ਖੜੇ ਮੋੜਾਂ ਤੇ ਦਿਖਾਈ ਦਿੰਦੇ ਹਨ, ਇਹ ਤਾਂ ਹੀ ਹੋ ਰਿਹਾ ਹੈ ਕਿ ਮੁਲਾਜਮਾਂ ਦੀ ਘਾਟ ਹੈ, ਇਹ ਸਭ ਕੁੱਝ ਜੋ ਹੋ ਰਿਹੈ ਇਸ ਨੂੰ ਦੇਖਕੇ ਬੱਚਿਆਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ ਇਸ ਲਈ ਉਹ ਅੱਜ ਲੀਡਰਾਂ ਵੋਟਾਂ ਮੰਗਣ ਵਾਲਿਆਂ ਤੋਂ ਇਹੀ ਸਵਾਲ ਕਰਦੇ ਹਨ ਕਿ ਸਾਡਾ ਭਵਿੱਖ ਕਿੱਥੇ ਹੈ? ਜਿਸ ਨੂੰ ਅਸੀਂ ਤੁਹਾਡਾ ਭਵਿੱਖ ਬਨਾਉਣ ਲਈ ਦਾਅ ਤੇ ਲਾ ਦਿੱਤਾ, ਤੁਸੀਂ ਸਾਨੂੰ ਆਪਣੇ ਵਾਅਦਿਆਂ ਮੁਤਾਬਕ ਰੁਜ਼ਗਾਰ ਦਿਓ ਤੇ ਸਾਡੇ ਲੋਕਾਂ ਕੋਲ ਇਹਨਾ ਦੇ ਕੀਤੇ ਹੋਏ ਝੂਠੇ ਵਾਅਦਿਆਂ ਨੂੰ ਪੰਜ ਸਾਲ ਉਡੀਕਦੇ ਲੰਘ ਜਾਂਦੇ ਹਨ। ਜਦੋਂ ਉਹ ਵਾਅਦੇ ਬੇਵਫਾ ਹੋ ਜਾਂਦੇ ਹਨ ਤਾਂ ਇਹਨਾਂ ਨੌਜਵਾਨਾਂ ਵੱਲੋਂ ਇਹਨਾਂ ਲੀਡਰਾਂ ਨੂੰ ਸਵਾਲ ਕੀਤੇ ਜਾਂਦੇ ਹਨ ਜਿਹਨਾਂ ਦੇ ਇਹਨਾਂ ਕੋਲ ਜਵਾਬ ਨਹੀਂ ਇਸ ਲਈ ਸਾਨੂੰ ਆਪਣੇ ਭਵਿੱਖ ਦਾ ਫਿਕਰ ਕਰਨਾ ਚਾਹੀਦਾ ਹੈ ਤੇ ਸਾਨੂੰ ਸਵਾਲ ਕਰਨੇ ਚਾਹੀਦੇ ਹਨ ਨਹੀਂ ਤਾਂ ਪੰਜ ਸਾਲ ”ਤੂੰ ਕੌਣ ਤੇ ਮੈਂ ਕੌਣ”?

ਐਚ.ਐਸ. ਵੈਦ
94632-59121

Leave a Reply

Your email address will not be published. Required fields are marked *

%d bloggers like this: