ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Aug 4th, 2020

ਸਾਡਾ ਪੰਜਾਬੀ ਵਿਰਸਾ: ਅਲੋਪ ਹੋ ਰਹੀ ਛੰਦ ਸੁਣਾਉਣ ਦੀ ਰਸਮ

ਸਾਡਾ ਪੰਜਾਬੀ ਵਿਰਸਾ: ਅਲੋਪ ਹੋ ਰਹੀ ਛੰਦ ਸੁਣਾਉਣ ਦੀ ਰਸਮ

ਪੰਜਾਬੀ ਸੱਭਿਆਚਾਰ ਵਿੱਚ ਵੱਖ ਵੱਖ ਤਰਾਂ ਦੇ ਲੋਕ ਗੀਤ ਪ੍ਰਚੱਲਿਤ ਹਨ ਜੋ ਲੋਕ ਮਨਾ ਦੀ ਤਰਜਮਾਨੀ ਕਰਦੇ ਹਨ । ਫਿਰ ਜਦੋ ਵਿਆਹ ਨਾਲ ਸੰਬੰਧਿਤ ਗੀਤਾਂ ਦੀ ਗੱਲ ਚਲਦੀ ਹੈ ਤਾਂ ਇਹਨਾਂ ਲੋਕ ਗੀਤਾਂ ਦੀ ਇੱਕ ਵਿਧਾ ਛੰਦ ਦਾ ਵੀ ਜਿਕਰ ਆਉਂਦਾ ਹੈ । ਛੰਦ ਕਿਉਂਕਿ ਪੰਜਾਬੀ ਲੋਕ ਕਾਵਿ ਦਾ ਬੜਾ ਹਰਮਨਪਿਆਰਾ ਰੂਪ ਹੈ । ਛੰਦ ਵਿਆਂਦੜ ਮੁੰਡੇ ਵੱਲੋ ਸੁਣਾਏ ਜਾਂਦੇ ਹਨ । ਛੰਦ ਸੁਨਣ ਵਾਲੀਆਂ ਆਮ ਤੌਰ ਤੇ ਵਿਆਂਦੜ ਕੁੜੀ ਦੀਆਂ ਭੈਣਾਂ ਅਤੇ ਉਸਦੀਆਂ ਸਖੀਆਂ ਸਹੇਲੀਆਂ ਭਾਵ ਮੁੰਡੇ ਦੀਆਂ ਸਾਲੀਆਂ ਹੁੰਦੀਆਂ ਹਨ ।

ਜਿੱਥੋਂ ਤਕ ਛੰਦ ਦੀ ਬਣਤਰ ਦਾ ਸਵਾਲ ਹੈ, ਬੜਾ ਸਿੱਧਾ ਜਿਹਾ ਲੋਕ ਕਾਵਿ ਰੂਪ ਹੈ । ਇਹ ਦੋ ਤੁਕੀ ਰਚਨਾ ਹੈ। ਪਹਿਲੀ ਤੁਕ ਦਾ ਆਰੰਭ ‘ਛੰਦ ਪਰਾਗੇ ਆਈਏ ਜਾਈਏ’ ਨਾਲ ਹੁੰਦਾ ਹੈ ਅਤੇ ਅੰਤ ਦੂਜੀ ਤੁਕ ਦੇ ਤੁਕਾਂਤ ਨੂੰ ਮਿਲਾਉਣ ਲਈ ਤੁਕਾਂਤ ਘੜਨ ਨਾਲ ਹੁੰਦਾ ਹੈ। ਜ਼ਰੂਰੀ ਨਹੀਂ ਕਿ ਪਹਿਲੀ ਤੁਕ ਦਾ ਕੋਈ ਸਿੱਧ ਸਬੰਧ ਦੂਜੀ ਤੁਕ ਨਾਲ ਹੋਵੇ। ਪਹਿਲੀ ਤੁਕ ਸਿਰਫ਼ ਤੁਕਾਂਤ ਮੇਲ ਲਈ ਹੀ ਹੁੰਦੀ ਹੈ। ਦੂਜੀ ਤੁਕ ਵਿੱਚ ਹੀ ਅਸਲ ਗੱਲ ਕਹੀ ਜਾਂਦੀ ਹੈ।

ਇਹ ਰਸਮ ਲਾਵਾਂ-ਫੇਰਿਆਂ ਤੋਂ ਬਾਅਦ ਹੁੰਦੀ ਸੀ। ਲਾਵਾਂ ਫੇਰਿਆਂ ਤੋਂ ਬਾਅਦ ਵਿਆਂਦ੍ਹੜ ਮੁੰਡੇ ਨੂੰ ਸਰਬਾਲੇ ਸਮੇਤ ਕੁੜੀ ਵਾਲਿਆਂ ਦੇ ਘਰ ਅੰਦਰ ਲਿਜਾਇਆ ਜਾਂਦਾ ਸੀ । ਇੱਥੇ ਮੁੰਡੇ ਦੀ ਸੱਸ ਨੇ ਕੁਝ ਸ਼ਗਨ ਕਰਨੇ ਹੁੰਦੇ ਸਨ। ਇਨ੍ਹਾਂ ਸ਼ਗਨਾਂ ਤੋਂ ਪਹਿਲਾਂ ਲਾੜੇ ਦੀਆਂ ਸਾਲੀਆਂ ਵੱਲੋਂ ਹਾਸੇ-ਠੱਠੇ ਦਾ ਮਾਹੌਲ ਸਿਰਜਿਆ ਜਾਂਦਾ । ਲਾੜੇ ਦੇ ਨਾਲ ਆਏ ਇੱਕ ਦੋ ਮੁੰਡੇ ਅਤੇ ਸਰਬਾਲ੍ਹਾ ਉਸ ਨੂੰ ਸਾਲੀਆਂ ਦੀਆਂ ਖਰਮਸਤੀਆਂ ਤੋਂ ਬਚਾਉਣ ਦਾ ਯਤਨ ਕਰਦੇ ਤੇ ਉਸ ਨੂੰ ਗਾਹੇ-ਬਗਾਹੇ ਸੁਚੇਤ ਵੀ ਕਰਦੇ ਰਹਿੰਦੇ । ਚੁਸਤ ਤੇ ਬੁੱਧੀਮਾਨ ਲਾੜੇ ਇਸ ਮੌਕੇ ਲਈ ਪਹਿਲਾਂ ਹੀ ਤਿਆਰੀ ਕਰਕੇ ਆਉਂਦੇ । ਵਿਆਹ ਤੋਂ ਪਹਿਲਾਂ ਮੁੰਡੇ ਆਪਣੇ ਹਾਣੀਆਂ ਜਾਂ ਵਡੇਰਿਆਂ ਪਾਸੋਂ ਛੰਦਾਂ ਦੇ ਕੁਝ ਟੋਟਕੇ ਯਾਦ ਵੀ ਕਰ ਰੱਖਦੇ ਤਾਂ ਜੋ ਉਨ੍ਹਾਂ ਨੂੰ ਸਾਲੀਆਂ ਸਾਹਮਣੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ।

ਆਖਿਰ ਛੰਦ ਸੁਨਣ ਪਿਛੇ ਕੀ ਭਾਵਨਾ ਕੰਮ ਕਰਦੀ ਹੈ? ਛੰਦ ਕਿਉਂ ਸੁਣੇ ਜਾਂਦੇ ਹਨ? ਇਸਦਾ ਕੀ ਉਦੇਸ਼ ਹੈ ?ਅਜਿਹੇ ਕਈ ਸਵਾਲ ਹਨ ਜੋ ਸਾਡੇ ਮਨ ਵਿਚ ਆਉਂਦੇ ਹਨ । ਪੁਰਾਣੇ ਸਮਿਆਂ ਵਿੱਚ ਲੜਕੀ ਲਈ ਵਾਰ ਟੋਲਣ ਦਾ ਕੰਮ ਵਿਚੋਲੇ ਵੱਲੋ ਕੀਤਾ ਜਾਂਦਾ ਸੀ । ਰਿਸ਼ਤੇ ਦੀ ਦੱਸ ਪੈਣ ‘ਤੇ ਪਹਿਲਾਂ ਖ਼ਾਨਦਾਨ ਤੇ ਕੰਮਕਾਰਾਂ ਬਾਰੇ ਪੜਤਾਲ ਕੀਤੀ ਜਾਂਦੀ I ਫਿਰ ਵਿਚੋਲਾ ਜਾਂ ਨਾਈ ਉਸ ਦੀ ਝੋਲੀ ਵਿੱਚ ਇੱਕ ਚਾਂਦੀ ਦਾ ਰੁਪਈਆ ਅਤੇ ਸ਼ੱਕਰ ਪਾ ਕੇ ਮੂੰਹ ਮਿੱਠਾ ਕਰਾ ਦਿੰਦਾ ਸੀ ਅਤੇ ਨਾਤਾ ਪੱਕਾ ਹੋ ਜਾਂਦਾ ਸੀ I ਰਿਸ਼ਤਾ ਹੋਣ ਸਮੇਂ ਮੁੰਡਾ-ਕੁੜੀ ਇੱਕ ਦੂਜੇ ਨੂੰ ਨਹੀਂ ਸੀ ਵੇਖਦੇ। ਜਿਹੋ ਜਿਹਾ ਮਾਪੇ ਲੱਭ ਦਿੰਦੇ ਸੀ, ਉਹੀ ਪ੍ਰਵਾਨ ਹੁੰਦਾ ਸੀ। ਫੋਟੋਗ੍ਰਾਫੀ ਦਾ ਦੌਰ ਵੀ ਨਹੀਂ ਸੀ। ਜੇ ਮੁੰਡਾ ਵਿਆਹ ਤੋਂ ਪਹਿਲਾਂ ਕਿਸੇ ਬਹਾਨੇ ਸਹੁਰੀ ਪਿੰਡ ਗੇੜਾ ਮਾਰਨ ਜਾਂਦਾ ਤਾਂ ਪਤਾ ਲੱਗਣ ‘ਤੇ ਪਰਿਵਾਰ ਦੇ ਬਜ਼ੁਰਗ ਇਤਰਾਜ਼ ਕਰਦੇ । ਵਿਆਹ ਵਾਲੇ ਦਿਨ ਤੱਕ ਕੁੜੀ ਨੇ ਅਤੇ ਉਸਦੇ ਜਿਆਦਾਤਰ ਪਰਿਵਾਰ ਵਾਲਿਆਂ ਨੇ ਮੁੰਡੇ ਦਾ ਮੂੰਹ ਤਕ ਨਹੀਂ ਦੇਖਿਆ ਹੁੰਦਾ ਸੀ ।

ਵਿਆਹ ਵਾਲੇ ਦਿਨ ਮੁੰਡੇ ਨੂੰ ਦੇਖਣ ਤੋਂ ਇਲਾਵਾ ਉਸਦੀਆਂ ਆਦਤਾਂ , ਬੋਲ ਚਾਲ , ਸੁਭਾਅ ਦੀ ਪਰਖ ਕੀਤੀ ਜਾਂਦੀ ਸੀ। ਇਹੀ ਪਰਖ ਕਰਨ ਲਈ ਛੰਦ ਸੁਨਣ ਦੀ ਰਸਮ ਘੜੀ ਗਈ I ਇਹ ਰਸਮ ਬਹੁਤ ਹੀ ਹਾਸੇ ਠੱਠੇ ਅਤੇ ਮਨੋਰੰਜਨ ਵਾਲੀ ਹੁੰਦੀ ਹੈ I ਸਾਧਾਰਨ ਤੁਕਬੰਦੀ ਦੇ ਮਾਧਿਅਮ ਨਾਲ ਵਿਆਂਦੜ ਮੁੰਡੇ ਦੇ ਗੁਣਾਂ, ਆਦਤਾਂ , ਬੋਲ ਚਾਲ ਦਾ ਗਿਆਨ ਕੀਤਾ ਜਾਂਦਾ ਹੈ । ਛੰਦ ਦੀ ਰਚਨਾ ਬਹੁਤ ਤੁਰਤ ਫੁਰਤ ਕਰਨੀ ਹੁੰਦੀ ਹੈ I ਪ੍ਰਸ਼ਨ ਉੱਤਰ ਦੇ ਮਾਧਿਅਮ ਨਾਲ ਸੰਵਾਦ ਰਚਾਏ ਜਾਂਦੇ ਹਨ ।

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀ

ਹੋਰ ਛੰਦ ਮੈਂ ਤਾਂ ਸੁਣਾਵਾਂ, ਜੇ ਹੱਥ ਜੋੜੇ ਸਾਲੀ ।

ਵਿਆਂਦ੍ਹੜ ਮੁੰਡੇ ਦਾ ਆਪਣੀਆਂ ਸਾਲੀਆਂ ਨਾਲ ਗੱਲਬਾਤ ਕਰਨ ਦਾ ਇਹ ਪਹਿਲਾ ਮੌਕਾ ਹੁੰਦਾ ਸੀ। ਇਹ ਉਸਦੀ ਦਿਮਾਗ਼ੀ ਸੂਝ ਬੂਝ ਭਾਵ ਬੁੱਧੀ ਪ੍ਰੀਖਣ ਦੀ ਘੜੀ ਹੁੰਦੀ ਸੀ। ਕੁੜੀਆਂ ਮੁਟਿਆਰਾਂ ਵਿਆਂਦੜ ਮੁੰਡੇ ਦੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਲਾੜੇ ਦਾ ਸੁਭਾਅ , ਉਸਦੀ ਬੋਲ ਚਾਲ , ਦਿਮਾਗੀ ਸੂਝ ਬੂਝ ਅਤੇ ਹਾਜਰ ਜਵਾਬੀ ਦਾ ਅੰਦਾਜਾ ਲਾਉਣ ਲਈ ਉਸਨੂੰ ਚਾਰੇ ਪਾਸੇ ਤੋਂ ਘੇਰ ਲੈਂਦੀਆਂ , ਵੱਖ ਵੱਖ ਤਰ੍ਹਾਂ ਦੇ ਮਖੌਲ ਕਰਦੀਆਂ ।

ਮੁੰਡਾ ਰਟੇ ਰਟਾਏ ਛੰਦਾਂ ਵਿੱਚੋਂ ਇੱਕ ਅੱਧਾ ਛੰਦ ਕਹਿ ਦਿੰਦਾ ਜਿਸ ਰਾਹੀਂ ਉਹ ਆਪਣੇ ਸੱਸ ਸਹੁਰੇ ਦੀ ਪ੍ਰਸ਼ੰਸਾ ਕਰਦਾ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕੇਸਰ।
ਸੱਸ ਤਾਂ ਮੇਰੀ ਪਾਰਬਤੀ, ਸਹੁਰਾ ਮੇਰਾ ਪਰਮੇਸਰ।

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਘਿਓ।
ਸੱਸ ਹੋਈ ਮੇਰੀ ਮਾਂ ਅੱਜ ਤੋਂ, ਸਹੁਰਾ ਮੇਰਾ ਪਿਓ।

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀਆਂ।
ਸੋਨੇ ਦਾ ਮੈਂ ਮਹਿਲ ਚਣਾਵਾਂ, ਵਿੱਚ ਬਿਠਾਵਾਂ ਸਾਲੀਆਂ।

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੁਰਮਾ।
ਕੁੜੀ ਤੁਹਾਡੀ ਇੰਞ ਰਖੇਸਾਂ, ਜਿਉਂ ਅੱਖਾਂ `ਚ ਸੁਰਮਾ।

ਇਸ ਰਸਮ ਦੇ ਮੌਕੇ ਹੀ ਵਿਆਂਦੜ ਮੁੰਡੇ ਨੂੰ ਆਪਣੇ ਸਹੁਰੇ ਪਰਿਵਾਰ ਦੇ ਨਿੱਕੇ ਵੱਡੇ ਮੈਂਬਰਾ ਦੇ ਰੂਬਰੂ ਹੋਣ ਦਾ , ਓਹਨਾ ਨੂੰ ਜਾਨਣ ਦਾ ਮੌਕਾ ਮਿਲਦਾ । ਇਸ ਤਰ੍ਹਾਂ ਸਾਲੀਆਂ ਨਾਲ ਛੰਦਾਂ ਦੇ ਮਾਧਿਆਮ ਨਾਲ ਪਿਆਰ ਭਾਰੀ ਨੋਕ ਝੋਕ ਨਾਲ ਹੌਲੀ ਹੌਲੀ ਉਸਦੀ ਸੰਗ, ਝਿਜਕ ਦੂਰ ਹੋ ਜਾਂਦੀ ਤੇ ਉਹ ਥੋੜ੍ਹਾ ਹੋਰ ਜੇਰਾ ਦਿਖਾ ਦਿੰਦਾ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਸੋਟੀਆਂ।
ਉਪਰੋਂ ਤਾਂ ਤੁਸੀਂ ਮਿੱਠੀਆਂ, ਦਿਲ ਦੇ ਵਿੱਚ ਖੋਟੀਆਂ।

ਇਨ੍ਹਾਂ ਛੰਦਾਂ ਵਿੱਚ ਵਧੇਰੇ ਕਰਕੇ ਤੁਕਬੰਦੀ ਹੁੰਦੀ ਹੈ। ਕਈ ਹਾਜ਼ਰ ਜਵਾਬ ਤੇ ਚੁਸਤ ਲਾੜੇ ਤੁਰੰਤ ਹੀ ਕੋਈ ਛੰਦ ਜੋੜ ਲੈਂਦੇ ਹਨ। ਉਹ ਆਪਣੀਆਂ ਸਾਲੀਆਂ ਦਾ ਦਿਲ ਜਿੱਤਣ ਲਈ, ਉਨ੍ਹਾਂ ਦੀ ਭੈਣ ਨੂੰ ਆਪਣੀ ਮੁੰਦਰੀ ਦਾ ਹੀਰਾ ਬਣਾ ਕੇ ਰੱਖਣ ਦੀ ਗੱਲ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੀਰਾ

ਭੈਣ ਥੋਡੀ ਨੂੰ ਇਉਂ ਰੱਖੂੰਗਾ, ਜਿਊਂ ਮੁੰਦਰੀ ਵਿੱਚ ਹੀਰਾ

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤੀਰ।
ਮੈਂ ਸਾਂ ਰਾਂਝਾ ਜੱਟ ਅੱਗੇ ਹੀ, ਮਿਲ ਗਈ ਮੈਨੂੰ ਹੀਰ।

ਸਾਲੀਆਂ ਨੂੰ ਹੱਸਦੀਆਂ ਵੇਖ ਉਹ ਜੇਤੂ ਦੇ ਰੂਪ ਵਿੱਚ ਅਗਲਾ ਛੰਦ ਬੋਲਦਾ ਹੈ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ।
ਇੱਕ ਨੂੰ ਤਾਂ ਅਸੀਂ ਲੈ ਹਾਂ ਚੱਲੇ, ਇੱਕ ਸਾਕ ਹੋਰ ਲੈਣਾ।

ਉਹ ਆਪਣੇ ਬਾਪੂ ਵੱਲੋਂ ਦਿੱਤੀ ਨਸੀਹਤ ਦਾ ਪ੍ਰਗਟਾਵਾ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ, ਛੰਦੇ ਪਰਾਗੇ ਡੋਲਣਾ

ਬਾਪੂ ਜੀ ਨੇ ਆਖਿਆ ਸੀਗਾ, ਬਹੁਤਾ ਨਹੀਂ ਬੋਲਣਾ

ਇਸ ਉਪਰੰਤ ਉਹ ਆਪਣੇ ਵੱਲੋਂ ਸੁਣਾਏ ਛੰਦਾਂ ਬਦਲੇ ਆਪਣੀਆਂ ਸਾਲੀਆਂ ਪਾਸੋਂ ਭਲਾਮਾਣਸ ਲਾੜਾ ਬਣ ਕੇ ਖਿਮਾ ਯਾਚਨਾ ਵੀ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ, ਛੰਦੇ ਪਰਾਗੇ ਦਾਤ

ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ, ਭੁਲ ਚੁੱਕ ਕਰਨੀ ਮੁਆਫ਼ ।

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਗਹਿਣਾ।
ਛੇਤੀ ਛੇਤੀ ਤੋਰੋ ਸਾਨੂੰ, ਹੋਰ ਨਹੀਂ ਹੁਣ ਬਹਿਣਾ।

ਪਹਿਲੇ ਸਮਿਆਂ ਵਿੱਚ ਕੁੜੀਆਂ ਦੀ ਘਾਟ ਕਾਰਨ ਸਾਕ ਮੁਸ਼ਕਿਲ ਨਾਲ ਹੀ ਹੁੰਦਾ ਸੀ। ਸ਼ਰੀਕ ਵੀ ਭਾਨੀਆਂ ਮਾਰ ਦਿੰਦੇ ਸਨ। ਜਿੱਥੇ ਵਿਚੋਲਾ ਤਕੜਾ ਖਿਡਾਰੀ ਹੁੰਦਾ ਸੀ, ਉੱਥੇ ਸ਼ਰੀਕਾਂ ਦੀਆਂ ਭਾਨੀਆਂ ਵੀ ਕੰਮ ਨਹੀਂ ਸਨ ਕਰਦੀਆਂ। ਇਸ ਸਬੰਧੀ ਵੀ ਇੱਕ ਛੰਦ ਹੈ:

ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਰ।
ਸ਼ਰੀਕ ਭਾਨੀਆਂ ਮਾਰਦੇ, ਸੰਜੋਗ ਜ਼ੋਰਾਵਰ।

ਕੁਝ ਸਮੇਂ ਦੇ ਹਾਸੇ ਠੱਠੇ ਤੋਂ ਬਾਅਦ ਸਾਲੀਆਂ ਉਸ ਤੋਂ ਕਲੀਚੜੀਆਂ ( ਛੱਲੇ) ਮੰਗਦੀਆਂ, ਜਿਹੜੀਆਂ ਕਿ ਉਹ ਇਸ ਮੌਕੇ ਲਈ ਨਾਲ ਲਿਆਇਆ ਹੁੰਦਾ। ਵਿਆਂਦ੍ਹੜ ਮੁੰਡਾ ਆਪਣੀਆਂ ਸਕੀਆਂ ਸਾਲੀਆਂ ਲਈ ਚਾਂਦੀ ਦੀਆਂ ਅਤੇ ਸ਼ਰੀਕੇ ਤੇ ਰਿਸ਼ਤੇਦਾਰੀ ਵਿੱਚੋਂ ਲੱਗਦੀਆਂ ਸਾਲੀਆਂ ਨੂੰ ਗਿਲਟ ਦੀਆਂ ਕਲੀਚੜੀਆਂ ਦਿੰਦਾ। ਇਸ ਦੇ ਨਾਲ ਹੀ ਉਹ ਆਪਣੀ ਸਾਲੀ ਨੂੰ ਨਾਲ ਲਿਆਂਦੇ ਪਤਾਸੇ ਵੀ ਦਿੰਦਾ। ਇਸ ਮੌਕੇ ਸੰਗਾਊ ਸੁਭਾਅ ਵਾਲੇ ਲਾੜੇ ਤਾਂ ਕਲੀਚੜੀਆਂ ਆਪਣੀ ਛੋਟੀ ਸਾਲੀ ਨੂੰ ਫੜਾ ਦਿੰਦੇ ਪਰ ਕਈ ਸ਼ਰਾਰਤੀ ਸੁਭਾਅ ਦੇ ਲਾੜੇ ਇਹ ਸ਼ਰਤ ਰੱਖਦੇ ਕਿ ਸਾਲੀਆਂ ਦੀਆਂ ਉਂਗਲਾਂ ’ਚ ਉਹ ਆਪ ਕਲੀਚੜੀਆਂ ਪਾਉਣਗੇ।

ਇਸ ਤਰ੍ਹਾਂ ਕੁਝ ਸਮੇਂ ਦੇ ਹਾਸੇ ਠੱਠੇ ਤੋਂ ਬਾਅਦ ਵਿਆਂਦ੍ਹੜ ਮੁੰਡੇ ਦੀ ਸੱਸ ਹੱਥ ਵਿੱਚ ਲੱਡੂਆਂ ਦੀ ਥਾਲੀ ਲੈ ਕੇ ਆ ਜਾਂਦੀ ਅਤੇ ਸ਼ਗਨ ਕਰਦੀ ।

ਜਿੰਦਗੀ ਰੁਝੇਵਿਆਂ ਭਰਪੂਰ ਹੋਣ ਕਰਨ ਜੀਵਨ ਤੇਜੀ ਵਾਲਾ ਹੋ ਗਿਆ ਹੈ ਜਿਸ ਕਾਰਣ ਕਈ ਦਿਨਾਂ ਤੱਕ ਚੱਲਣ ਵਾਲਾ ਵਿਆਹ ਕਾਰਜ ਕੁੱਝ ਘੰਟਿਆਂ ਤੱਕ ਸਿਮਟ ਕੇ ਰਹਿ ਗਿਆ ਹੈ । ਵਿਆਹ ਸਮੇਂ ਹੋਣ ਵਾਲੀਆਂ ਰਸਮਾਂ ਨੂੰ ਪੈਲੇਸ ਕਲਚਰ ਨੇ ਨਿਗਲ ਲਿਆ ਹੈ । ‘ਝੱਟ ਮੰਗਣੀ ਅਤੇ ਪੱਟ ਵਿਆਹ’ ਦਾ ਰੁਝਾਨ ਵੱਧ ਰਿਹਾ ਹੈ । ਅੱਜ ਦੇ ਵਿਆਹਾਂ ਦੇ ਵਿੱਚ ਵਿਖਾਵਾ ਪ੍ਰਧਾਨ ਹੋ ਰਿਹਾ ਹੈ । ਵਿਆਹ ਵਾਲੇ ਘਰ ਦੇ ਲੋਕਾਂ ਦਾ ਬਹੁਤਾ ਧਿਆਨ ਆਏ ਗਏ ਨੂੰ ਸੰਭਾਲਣ ਵਿੱਚ ਲੰਘ ਜਾਂਦਾ ਹੈ । ਜਿਸ ਵਿੱਚ ਨਿੱਕੀਆਂ ਨਿੱਕੀਆਂ ਅਜਿਹੀਆਂ ਕਈ ਖੁਸ਼ੀਆਂ ਅਤੇ ਚਾਵਾਂ ਤੋਂ ਮਨੁੱਖ ਵਾਂਝਾ ਰਹਿ ਜਾਂਦਾ ਹੈ । ਅੱਜ ਕੱਲ ਦੀ ਬਹੁਤੀ ਨੌਜਵਾਨ ਪੀੜੀ ਤਾਂ ਛੰਦ ਬਾਰੇ ਜਾਣਦੀ ਵੀ ਨਹੀਂ I

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9988898227
Email: mehrashankar777@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: