ਸਾਕਾ ਨੀਲਾ ਤਾਰਾ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਜਾਂਦੇ ਜਥੇਦਾਰ ਦਾਦੂਵਾਲ ਤਲਵੰਡੀ ਸਾਬੋ ਤੋਂ ਲਏ ਹਿਰਾਸਤ ਵਿੱਚ

ਸਾਕਾ ਨੀਲਾ ਤਾਰਾ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਜਾਂਦੇ ਜਥੇਦਾਰ ਦਾਦੂਵਾਲ ਤਲਵੰਡੀ ਸਾਬੋ ਤੋਂ ਲਏ ਹਿਰਾਸਤ ਵਿੱਚ
ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਲਿਜਾ ਕੇ ਛੱਡਿਆ ਪ੍ਰੰਤੂ ਗੁਰਦੁਆਰਾ ਸ਼ਾਮ ਤੱਕ ਰੱਖਿਆ ਪੁਲਿਸ ਨਿਗਰਾਨੀ ਹੇਠ

?
?
?
?

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)-ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਸੰਗਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮਨਾਏ ਜਾਂਦੇ ਘੱਲੂਘਾਰਾ ਸਮਾਗਮਾਂ ਵਿੱਚ ਇਸ ਵਾਰ ਸਰਬੱਤ ਖਾਲਸਾ ਧਿਰਾਂ ਨੂੰ ਸ਼ਾਮਿਲ ਹੋਣੋਂ ਰੋਕਣ ਲਈ ਸਿੱਖ ਆਗੂਆਂ ਦੀ ਫੜੋ ਫੜ੍ਹੀ ਦੀ ਸ਼ੁਰੂ ਕੀਤੀ ਲੜੀ ਵਿੱਚ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਅੱਜ ਰਾਸਤੇ ਵਿੱਚ ਤਲਵੰਡੀ ਸਾਬੋ ਪੁਲਿਸ ਨੇ ਸਵੇਰੇ ਸੁਵੱਖਤੇ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਆਪਣੇ ਹਰਿਆਣਾ ਵਿਚਲੇ ਹੈੱਡਕੁਆਟਰ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਤੋਂ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਏ ਸਨ।ਭਾਵੇਂ ਗ੍ਰਿਫਤਾਰ ਕਰਕੇ ਛੱਡੇ ਜਾਣ ਵੇਲੇ ਤੱਕ ਪੁਲਿਸ ਨੇ ਬਾਬਾ ਜੀ ਦੀ ਪੱਤਰਕਾਰਾਂ ਅਤੇ ਸਮਰਥਕਾਂ ਨੂੰ ਕੋਈ ਉੱਘ ਸੁੱਘ ਨਹੀਂ ਲੱਗਣ ਦਿੱਤੀ ਗਈ ਪ੍ਰੰਤੂ ਫਿਰ ਵੀ ਸਥਾਨਕ ਮੌੜ ਰੋਡ ਤੇ ਬਣੇ ਯਾਤਰੀ ਨਿਵਾਸ ਦੇ ਆਸ ਪਾਸ ਤਾਇਨਾਤ ਕੀਤੀ ਗਈ ਭਾਰੀ ਪੁਲਿਸ ਫੋਰਸ ਤੋਂ ਲੋਕਾਂ ਨੇ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਬਾਬਾ ਦਾਦੂਵਾਲ ਨੂੰ ਪੁਲਿਸ ਨੇ ਇਸੇ ਥਾਂ ਨਜ਼ਰਬੰਦ ਕਰਕੇ ਰੱਖਿਆ ਹੋ ਸਕਦਾ ਹੈ। ਡੀ ਐਸ ਪੀ ਤਲਵੰਡੀ ਸਾਬੋ ਨਾਲ ਵਾਰ ਵਾਰ ਸੰਪਰਕ ਕਰਨ ਤੇ ਵੀ ਪੂਰਾ ਦਿਨ ਇਸ ਸੰਬੰਧੀ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ।
ਜ਼ਿਕਰਯੋਗ ਹੈ ਕਿ ਭਾਈ ਦਾਦੂਵਾਲ ਪਿਛਲੇ ਕੁਝ ਦਿਨਾਂ ਤੋਂ ਆਪਣੇ ਹਰਿਆਣਾ ਵਿਚਲੇ ਮੁੱਖ ਅਸਥਾਨ ਤੇ ਰੁਕੇ ਹੋਏ ਸਨ ਜਿਸ ਕਰਕੇ ਭਾਵਂੇ ਪੁਲਿਸ ਉਨ੍ਹਾਂ ਨੂੰ ਬੀਤੇ ਦਿਨੀ ਗ੍ਰਿਫਤਾਰ ਨਹੀਂ ਸੀ ਕਰ ਸਕੀ ਪ੍ਰੰਤੂ ਉਨਾਂ੍ਹ ਵੱਲੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾ ਰਹੇ ਘੱਲੂਘਾਰਾ ਸਮਾਗਮਾਂ ਵਿੱਚ ਸ਼ਿਰਕਤ ਕੀਤੇ ਜਾਣ ਦੇ ਮੱਦੇਨਜਰ ਪੰਜਾਬ ਪੁਲਿਸ ਨੇ ਸਬ ਡਵੀਜਨ ਤਲਵੰਡੀ ਸਾਬੋ ਦੀ ਹਰਿਆਣਾ ਨਾਲ ਲੱਗਦੀ ਹੱਦ ਨੂੰ ਪਿਛਲੇ 24 ਘੰਟਿਆਂ ਤੋਂ ਸੀਲ ਕੀਤਾ ਹੋਇਆ ਸੀ ਫਿਰ ਵੀ ਅੱਜ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਇੱਕ ਵਾਰ ਤਾਂ ਪੁਲਿਸ ਨੂੰ ਝਕਾਨੀ ਦੇ ਕੇ ਆਪਣੇ ਕਾਫਲੇ ਸਮੇਤ ਪੰਜਾਬ ਵਿੱਚ ਵੜਨ ਵਿੱਚ ਕਾਮਯਾਬ ਹੋ ਗਏ ਸਨ ਪ੍ਰੰਤੂ ਉਨ੍ਹਾਂ ਦੇ ਪੰਜਾਬ ਵਿੱਚ ਵੜ ਜਾਣ ਦੀ ਖਬਰ ਤੋਂ ਮੱਚੇ ਹੜਕੰਪ ਉਪਰੰਤ ਐੱਸਪੀ (ਆਪਰੇਸ਼ਨ) ਬਠਿੰਡਾ ਗੁਰਮੀਤ ਸਿੰਘ ਤੇ ਡੀਐੱਸਪੀ ਤਲਵੰਡੀ ਸਾਬੋ ਪ੍ਰਲਾਦ ਸਿੰਘ ਅਠਵਾਲ, ਐੱਸਐੱਚਓ ਰਾਮਾਂ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਬਠਿੰਡਾ ਰੋਡ ‘ਤੇ ਅੱਗੇ ਪੁਲਿਸ ਰੋਕਾਂ ਲਾ ਕੇ ਰੋਕ ਲਿਆ ਤੇ ਸਮੁੱਚੇ ਜਥੇ ਸਮੇਤ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਡੀਐੱਸਪੀ ਦਫਤਰ ਤਲਵੰਡੀ ਸਾਬੋ ਲਿਆਂਦਾ ਗਿਆ। ਬਾਅਦ ਦੁਪਹਿਰ ਘੱਲੂਘਾਰਾ ਸਮਾਗਮਾਂ ਦੀ ਸਮਾਪਤੀ ਦੀਆਂ ਖਬਰਾਂ ਮਿਲਣ ਉਪਰੰਤ ਜਥੇਦਾਰ ਦਾਦੂਵਾਲ ਨੂੰ ਸਮੁੱਚੇ ਜਥੇ ਸਮੇਤ ਦਾਦੂਵਾਲ ਦੇ ਪੰਜਾਬ ਵਿਚਲੇ ਹੈੱਡਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ ਕੋਟਸ਼ਮੀਰ ਵਿਖੇ ਲਿਜਾ ਕੇ ਛੱਡ ਦਿੱਤਾ ਗਿਆ ਪ੍ਰੰਤੂ ਫਿਰ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਾਮ ਤੱਕ ਪੁਲਿਸ ਪਾਰਟੀ ਐੱਸਐੱਚਓ ਕੋਟਫੱਤਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਤਾਇਨਾਤ ਕੀਤੀ ਗਈ ਸੀ ਤੇ ਇਸ ਗੱਲ ਦੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਸੀ ਕਿ ਕੋਈ ਗੁਰਦੁਆਰਾ ਸਾਹਿਬ ਤੋਂ ਬਾਹਰ ਨਾ ਜਾ ਸਕੇ।
ਉੱਧਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਘੱਲੂਘਾਰਾ ਸਮਾਗਮਾਂ ਵਿੱਚ ਸ਼ਿਰਕਤ ਕਰਨਾ ਹਰ ਸਿੱਖ ਦਾ ਜਮਹੂਰੀ ਹੱਕ ਹੈ ਪ੍ਰੰਤੂ ਅਖੌਤੀ ਪੰਥਕ ਕਹਾਉਣ ਵਾਲੀ ਬਾਦਲ ਸਰਕਾਰ ਨੇ ਪੰਜਾਬ ਵਿੱਚ ਇਸ ਮੌਕੇ ਅਣਐਲਾਨੀ ਐਮਰਜੈਂਸੀ ਲਗਾ ਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ ਤੇ ਅਜਿਹੀਆਂ ਕਾਰਵਾਈਆਂ ਕੌਮ ਦੇ ਬਰਦਾਸ਼ਤ ਤੋਂ ਬਾਹਰ ਹਨ ਤੇ ਸਮਾਂ ਆਉਣ ਤੇ ਕੌਮ ਇਸਦਾ ਹਿਸਾਬ ਲਵੇਗੀ।

Share Button

Leave a Reply

Your email address will not be published. Required fields are marked *

%d bloggers like this: