Sun. Sep 15th, 2019

ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼: ਸਿੱਖ ਕੌਮ ਦੀ ਬਹਾਦਰੀ ਦੀ ਅਨੂਠੀ ਮਿਸ਼ਾਲ ਸਾਕਾ ਨਨਕਾਣਾ ਸਾਹਿਬ

ਸਾਕਾ ਨਨਕਾਣਾ ਸਾਹਿਬ ‘ਤੇ ਵਿਸ਼ੇਸ਼: ਸਿੱਖ ਕੌਮ ਦੀ ਬਹਾਦਰੀ ਦੀ ਅਨੂਠੀ ਮਿਸ਼ਾਲ ਸਾਕਾ ਨਨਕਾਣਾ ਸਾਹਿਬ

ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦਾ ਸਮਾਂ ਸਿੱਖ ਕੌਮ ਲਈ ਬਹੁਤ ਹੀ ਕਸ਼ਟ ਭਰਿਆ ਰਿਹਾ।ਮੁਗਲ ਹਕੂਮਤ ਵੱਲੋਂ ਸਿੱਖਾਂ ‘ਤੇ ਤਸ਼ੱਦਦ ਕੀਤਾ ਜਾਣ ਲੱਗਿਆ।ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ।ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਇਨਾਮ ਦਿੱਤਾ ਜਾਣ ਲੱਗੇ।ਇਹੋ ਜਿਹੇ ਹਾਲਾਤਾਂ ਵਿੱਚ ਸਿੱਖਾਂ ਨੇ ਜੰਗਲਾਂ ਵਿੱਚ ਜਾ ਡੇਰੇ ਲਗਾਏ ਅਤੇ ਮੌਕਾਂ ਪਾ ਕੇ ਦੁਸ਼ਮਣ ਨਾਲ ਟੱਕਰ ਲੈਂਦੇ ਰਹੇ।ਮੁਗਲ ਸ਼ਾਸਕਾਂ ਵੱਲੋਂ ਸਿੱਖ ਸ਼ਕਤੀ ਦਾ ਸੋਮਾ ਗੁਰਦੁਆਰਾ ਸਾਹਿਬਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ।ਜੰਗਲਾਂ ਵਿੱਚ ਲੁਕੇ ਸਿੰਘ ਯੁੱਧ ਨੀਤੀ ਨਾਲ ਗੁਰਦੁਆਰਾ ਸਾਹਿਬਾਨਾਂ ਦੀ ਪਵਿੱਤਰਤਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਬਕ ਵੀ ਸਿਖਾਉਂਦੇ ਰਹੇ।ਇਹੋ ਜਿਹੇ ਹਾਲਾਤਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦਾ ਜਿੰਮਾ ਮਹੰਤਾਂ ਅਤੇ ਪੁਜਾਰੀਆਂ ਦੇ ਹੱਥਾਂ ਵਿੱਚ ਜਾਣਾ ਸੁਭਾਵਿਕ ਸੀ।ਗੁਰੁਦਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਵਿੱਚ ਪੁਜਾਰੀਆਂ ਅਤੇ ਮਹੰਤਾਂ ਦਾ ਬੋਲਬਾਲਾ ਵਧਣ ਨਾਲ ਸਿੱਖ ਅਤੇ ਖਾਲਸਾਈ ਰਹਿਤ ਮਰਿਯਾਦਾ ਦੀ ਘਾਟ ਰੜਕਣ ਲੱਗੀ।ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਗਿਰਾਵਟ ਆਉਣ ਲੱਗੀ।ਗੁਰੂ ਘਰਾਂ ਵਿੱਚ ਜਾਤੀ ਅਤੇ ਹੋਰ ਬਹੁਤ ਸਾਰੇ ਵਖਰੇਵਿਆਂ ਨੂੰ ਆਧਾਰ ਬਣਾ ਕੇ ਵਿਤਕਰਾ ਕੀਤਾ ਜਾਣ ਲੱਗਿਆ।ਅੰਗਰੇਜਾਂ ਦਾ ਕਾਲ ਵੀ ਗੁਰੁਦਆਰਾ ਸਾਹਿਬਾਨਾਂ ਲਈ ਪ੍ਰਬੰਧਾਂ ਪੱਖੋਂ ਮਾੜਾ ਹੀ ਰਿਹਾ।ਦਰਅਸਲ ਮੁਗਲ ਹਕੂਮਤ ਵਾਂਗ ਹੀ ਅੰਗਰੇਜ ਵੀ ਜਾਣ ਗਏ ਸਨ ਕਿ ਭਾਰਤ ਵਿੱਚ ਉਹਨਾਂ ਨੂੰ ਚੁਣੌਤੀ ਦੇਣ ਵਾਲੇ ਪੰਜਾਬੀ ਹੀ ਹੋ ਸਕਦੇ ਹਨ ਅਤੇ ਪੰਜਾਬੀ ਸਿੱਖਾਂ ਦੀ ਸ਼ਕਤੀ ਅਸਲੀ ਦਾ ਸੋਮਾ ਗੁਰਦੁਆਰਾ ਸਾਹਿਬ ਹਨ।ਅੰਗਰੇਜਾਂ ਨੇ ਵੀ ਗੁਰੁਦਆਰਾ ਸਾਹਿਬਾਨਾਂ ਦਾ ਪ੍ਰਬੰਧ ਪੁਜਾਰੀਆਂ ਅਤੇ ਮਹੰਤਾਂ ਦੇ ਹੱਥਾਂ ਵਿੱਚ ਰੱਖਣ ਦੇ ਨਾਲ-ਨਾਲ ਸਰਕਾਰੀ ਦਖਲ ਅੰਦਾਜ਼ੀ ਵਧਾ ਦਿੱਤੀ।ਸਿੱਖਾਂ ਨੂੰ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਨੂੰ ਰਹਿਤ ਮਰਿਯਾਦਾ ਅਨੁਸਾਰ ਚਲਾਉਣ ਲਈ ਸਿੰਘ ਸਭਾ ਅਤੇ ਗੁਰਦੁਆਰਾ ਸੁਧਾਰ ਵਰਗੀਆਂ ਲਹਿਰਾਂ ਚਲਾਉਣੀਆਂ ਪਈਆਂ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ‘ਤੇ ਸ਼ਸੋਭਿਤ ਸ਼੍ਰੋਮਣੀ ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਮਹੰਤ ਨਰਾਇਣ ਦਾਸ ਕੋਲ ਸੀ।ਗੁਰਦੁਆਰਾ ਨਨਕਾਣਾ ਸਾਹਿਬ ਕੋਲ ਬਹੁਤ ਵੱਡੀ ਜਾਇਦਾਦ ਤਕਰੀਬਨ ਉੱਨੀ ਹਜ਼ਾਰ ਏਕੜ ਜਮੀਨ ਦੀ ਮਲਕੀਅਤ ਸੀ।ਜਾਇਦਾਦ ਦੀ ਆਮਦਨੀ ਨੇ ਮਹੰਤ ਨੂੰ ਐਸ਼ ਪ੍ਰਸ਼ਤ ਬਣਾ ਦਿੱਤਾ ਅਤੇ ਉਸ ਦਾ ਧਿਆਨ ਹਮੇਸ਼ਾ ਅਜਾਸ਼ੀਆਂ ਵੱਲ ਰਹਿੰਦਾ।ਮਹੰਤ ਨੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੁਲਾ ਉੱਥੇ ਲੜਕੀਆਂ ਨਚਾਉਣ ਅਤੇ ਇਤਰਾਜ਼ਯੋਗ ਗੀਤ ਗਵਾਉਣੇ ਸ਼ੁਰੂ ਕਰ ਦਿੱਤੇ।ਇੱਥੋਂ ਤੱਕ ਕਿ ਸ਼ਰਧਾ ਨਾਲ ਆਉਣ ਵਾਲੀਆਂ ਲੜਕੀਆਂ ਨਾਲ ਜਬਰ ਜਿਨਾਹ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਵੀ ਅੰਜ਼ਾਮ ਦਿੱਤਾ ਜਾਣ ਲੱਗਿਆ।ਇਹਨਾਂ ਪੀੜਿਤ ਲੜਕੀਆਂ ਦੀਆਂ ਸ਼ਿਕਾਇਤਾਂ ਨੂੰ ਵੀ ਅਣਗੌਲਿਆਂ ਕਰ ਦਿੱਤਾ ਜਾਂਦਾ।ਮਹੰਤ ਦੀਆਂ ਅਨੈਤਿਕ ਕਾਰਵਾਈਆਂ ਦੀ ਸੂਹ ਸਿੱਖਾਂ ਤੱਕ ਪੁੱਜਣੀ ਸ਼ੁਰੂ ਹੋਈ ਅਤੇ ਉਸ ਸਮੇਂ ਲਾਹੌਰ ਤੋਂ ਛਪਦੇ ਪੰਜਾਬੀ ਅਖਬਾਰ ‘ਅਕਾਲੀ’ ਨੇ ਇਸ ਸਭ ਬਾਰੇ ਛਾਪ ਕੇ ਸਿੱਖਾਂ ਨੂੰ ਜਾਗਰੂਕ ਕੀਤਾ।ਸਿੱਖ ਮਹੰਤ ਦੀਆਂ ਇਹਨਾਂ ਅਨੈਤਿਕ ਕਾਰਵਾਈਆਂ ਨੂੰ ਲਗਾਮ ਦੇਣ ਲਈ ਲਾਮਬੰਦ ਹੋਣ ਲੱਗੇ।ਸਿੱਖਾਂ ਦੀ ਸ਼ਰੋਮਣੀ ਕਮੇਟੀ ਨੇ ਮੀਟਿੰਗ ਕਰਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਦੀਵਾਨ ਸਜ਼ਾ ਕੇ ਮਹੰਤ ਨੂੰ ਅਨੈਤਿਕ ਕਾਰਵਾਈਆਂ ਤੋਂ ਬਾਜ਼ ਆ ਜਾਣ ਦੀ ਚਿਤਾਵਨੀ ਦੇਣ ਦਾ ਪ੍ਰੋਗਰਾਮ ਉਲਕਿਆ।ਸਿੱਖਾਂ ਦੀ ਇਸ ਯੋਜਨਾ ਦੀ ਸੂਹ ਮਿਲਣ ‘ਤੇ ਮਹੰਤ ਨੇ ਆਪਣੀਆਂ ਕਾਰਵਾਈਆਂ ਨੂੰ ਲਗਾਮ ਦੇਣ ਦੀ ਬਜਾਏ ਆਪਣੇ ਸਹਿਯੋਗੀਆਂ ਦੀ ਇਕੱਤਰਤਾ ਕਰਕੇ ਸਿੱਖਾਂ ਨਾਲ ਟੱਕਰ ਲੈਣ ਦੀ ਸਕੀਮ ਬਣਾ ਲਈ।ਮਹੰਤ ਨੇ ਭਾੜੇ ਦੇ ਟੱਟੂਆਂ ਨਾਲ ਦੀਵਾਨ ਮੌਕੇ ਸਿੱਖਾਂ ਨੂੰ ਮਾਰਨ ਦੀ ਯੋਜਨਾ ਉਲਕੀਣੀ ਸ਼ੁਰੂ ਕਰ ਦਿੱਤੀ।ਮਹੰਤ ਦੀ ਇਸ ਕਾਰਵਾਈ ਵਿੱਚ ਹੋਰਨਾਂ ਗੁਰਦੁਆਰਾ ਸਾਹਿਬਾਨਾਂ ‘ਤੇ ਕਾਬਜ਼ ਮਹੰਤਾਂ ਨੇ ਵੀ ਉਸ ਦਾ ਸਹਿਯੋਗ ਕੀਤਾ।ਪਰ ਇਸ ਸਮੇਂ ਪਟਿਆਲਾ ਦੇ ਮਹਾਰਾਜੇ ਨੇ ਮਹੰਤ ਦੀ ਸਹਾਇਤਾ ਤੋਂ ਇਨਕਾਰ ਕਰਦਿਆਂ ਉਸਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਸੌਂਪ ਦੇਣ ਦੀ ਨਸੀਹਤ ਦਿੱਤੀ।ਸਿੱਖਾਂ ਨੇ ਮਹੰਤ ਨੂੰ ਕਈ ਵਾਰ ਮਿਲਣ ਲਈ ਸੱਦਿਆ ਪਰ ਉਹ ਹਰ ਵਾਰੀ ਟਾਲਾ ਵੱਟ ਜਾਂਦਾ।ਅਖੀਰ ਸਿੱਖਾਂ ਨੇ ਖੁਦ ਮਹੰਤ ਨੂੰ ਮਿਲ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਕੌਮ ਦੇ ਹਵਾਲੇ ਕਰਨ ਲਈ ਕਹਿਣ ਦਾ ਫੈਸਲਾ ਕੀਤਾ।ਗੁਰਦੁਆਰਾ ਸਾਹਿਬ ਵਿਖੇ ਜਾਣ ਤੋਂ ਪਹਿਲਾਂ ਸਿੱਖਾਂ ਨੂੰ ਮਹੰਤ ਦੀ ਗੁੰਡਿਆਂ ਹੱਥੋਂ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦਾ ਪਤਾ ਲੱਗ ਗਿਆ ਅਤੇ ਸਿੱਖਾਂ ਨੇ ਸ਼ਹੀਦੀ ਜੱਥਿਆਂ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਵੱਲ ਕੂਚ ਕਰਨ ਦੀ ਯੋਜਨਾ ਬਣਾਈ।
ਸਿੱਖਾਂ ਨੇ ਵੱਡੇ ਜਥੇ ਦੇ ਰੂਪ ਵਿੱਚ ਦਰਸ਼ਨੀ ਡਿਊਢੀ ਰਾਹੀਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਮੁੱਖ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।ਕੁੱਝ ਸਿੰਘਾਂ ਨੇ ਬਾਰਾਂਦਰੀ ਅਤੇ ਪ੍ਰਕਾਸ਼ ਅਸਥਾਨ ਕੋਲ ਮੋਰਚੇ ਮੱਲ• ਲਏ।ਭਾਈ ਲਛਮਣ ਸਿੰਘ ਧਾਰੋਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬੈਠ ਗਏ।ਮਹੰਤ ਨਰਾਇਣ ਦਾਸ ਨੂੰ ਖਬਰ ਮਿਲੀ ਤਾਂ ਉਹ ਖੁਦ ਸਥਿਤੀ ਦਾ ਜਾਇਜਾ ਲੈਣ ਆਇਆ ਅਤੇ ਇਕੱਤਰ ਗੁੰਡਿਆਂ ਤੋਂ ਹਥਿਆਰਾਂ ਨਾਲ ਸਿੱਖਾਂ ‘ਤੇ ਹਮਲਾ ਕਰਵਾ ਦਿੱਤਾ।ਚਾਰੇ ਪਾਸੇ ਹਫੜਾ ਦਫੜੀ ਮੱਚ ਗਈ ਅਤੇ ਲਹੂ ਲੁਹਾਣ ਹੋ ਗਿਆ।ਗੁੰਡਿਆਂ ਨੇ ਜਖਮੀ ਹੋਏ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਦੇ ਦਰੱਖਤ ਨਾਲ ਬੰਨ ਕੇ ਜਿੰਦਾ ਜਲਾ ਦਿੱਤਾ।ਗੁਰਦੁਆਰਾ ਸਾਹਿਬ ਵਿੱਚ ਸਿੱਖਾਂ ਅਤੇ ਮਹੰਤ ਦੇ ਗੁੰਡਿਆਂ ਵਿਚਕਾਰ ਟੱਕਰ ਦੀ ਖਬਰ ਸੁਣ ਹੋਰ ਸਿੱਖ ਪਹੁੰਚਣੇ ਸ਼ੁਰੂ ਹੋ ਗਏ।ਅਗਲੇ ਦਿਨ ਭਾਈ ਕਰਤਾਰ ਸਿੰਘ ਝੱਬਰ ਤਕਰੀਬਨ ਬਾਈ ਸੌ ਸਿੰਘਾਂ ਦੇ ਸਮੇਤ ਨਨਕਾਣਾ ਸਾਹਿਬ ਪੁੱਜ ਗਏ।ਘਬਰਾਏ ਹੋਏ ਲਾਹੌਰ ਦੇ ਕਮਿਸ਼ਨਰ ਨੇ ੨੦ ਫਰਵਰੀ ੧੯੨੧ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀਆਂ ਚਾਬੀਆਂ ਸਿੱਖਾਂ ਦੇ ਹਵਾਲੇ ਕਰ ਦਿੱਤੀਆਂ।ਮਹੰਤ ਅਤੇ ਉਸ ਦੇ ਗੁੰਡਿਆਂ ਨੂੰ ਗ੍ਰਿਫਤਾਰ ਕਰਕੇ ਜੇਲ• ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ ਮਹੰਤ ਨਰਾਇਣ ਦਾਸ ਅਤੇ ਉਸ ਦੇ ਕਈ ਗੁੰਡਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।ਇਤਿਹਾਸਕ ਹਵਾਲਿਆਂ ਅਨੁਸਾਰ ਇਸ ਸਾਕੇ ਦੌਰਾਨ ੮੬ ਸਿੱਖ ਸ਼ਹੀਦ ਹੋਏ।ਸਿੱਖ ਰੋਜ਼ਾਨਾ ਅਰਦਾਸ ਦੌਰਾਨ ਨਨਕਾਣਾ ਸਾਹਿਬ(ਪਾਕਿਸਤਾਨ)ਦੇ ਇਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦੀ ਹੈ।ਨਾਨਕਸ਼ਾਹੀ ਕੈਲੰਡਰ ਅਨੁਸਾਰ ਇਸ ਵਰੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ੨੨ ਫਰਵਰੀ ਨੂੰ ਯਾਦ ਕੀਤਾ ਜਾ ਰਿਹਾ ਹੈ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ-੯੮੭੮੬-੦੫੯੬੫
ਗਲੀ ਨੰਬਰ ੧,ਸ਼ਕਤੀ ਨਗਰ,ਬਰਨਾਲਾ।

Leave a Reply

Your email address will not be published. Required fields are marked *

%d bloggers like this: