ਸਾਈਬਰ ਕੈਫੇ ਦੀ ਵਰਤੋਂ ਵੇਲੇ ਪਛਾਣ ਪੱਤਰ ਲੈਣਾ ਲਾਜ਼ਮੀ : ਜ਼ਿਲਾ ਮੈਜਿਸਟ੍ਰੇਟ

ss1

ਸਾਈਬਰ ਕੈਫੇ ਦੀ ਵਰਤੋਂ ਵੇਲੇ ਪਛਾਣ ਪੱਤਰ ਲੈਣਾ ਲਾਜ਼ਮੀ : ਜ਼ਿਲਾ ਮੈਜਿਸਟ੍ਰੇਟ
ਖੂਹ ਬੋਰ ਆਦਿ ਲਗਾਉਣ ਲਈ 15 ਦਿਨ ਪਹਿਲਾਂ ਸੰਬੰਧਤ ਵਿਭਾਗ ਜਾਂ ਅਧਿਕਾਰੀਆਂ ਤੋਂ ਲਿਖ਼ਤੀ ਪ੍ਰਵਾਨਗੀ ਲੈਣੀ ਲਾਜ਼ਮੀ
*ਧਾਰਾ 144 ਤਹਿਤ ਮਨਾਹੀ ਹੁਕਮ ਜਾਰੀ

ਬਰਨਾਲਾ, 30 ਜੂਨ (ਡਾ:ਓਮੀਤਾ):ਜ਼ਿਲਾ ਮੈਜਿਸਟਰੇਟ ਬਰਨਾਲਾ ਸ. ਭੁਪਿੰਦਰ ਸਿੰਘ ਰਾਏ ਨੇ ਜ਼ਿਲੇ ਦੇ ਸਾਈਬਰ ਕੈਫੇ, ਐਸ. ਟੀ. ਡੀ. ਅਤੇ ਪੀ. ਸੀ. ਓ. ਮਾਲਕਾਂ ਲਈ ਇੱਕ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨਾਂ ਪਹਿਚਾਣ ਪੱਤਰ ਦੇ ਸਾਈਬਰ ਕੈਫੇ, ਐਸ. ਟੀ. ਡੀ. ਅਤੇ ਪੀ. ਸੀ. ਓ. ਆਦਿ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨਾਂ ਹਦਾਇਤ ਕੀਤੀ ਕਿ ਸਾਇਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਵਿਸ਼ੇਸ਼ ਰਜਿਸਟਰ ਲਗਾਇਆ ਜਾਵੇ ਅਤੇ ਹਰੇਕ ਆਉਣ ਵਾਲੇ ਵਿਅਕਤੀ ਲਈ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਨਾਮ, ਪਤਾ, ਟੈਲੀਫੋਨ ਨੰਬਰ ਸਮੇਤ ਮੰਤਵ ਰਜਿਸਟਰ ਵਿੱਚ ਆਪਣੇ ਹੱਥ ਨਾਲ ਇੰਦਰਾਜ ਕਰੇਗਾ ਅਤੇ ਹਸਤਾਖਰ ਕਰਨੇ ਵੀ ਲਾਜ਼ਮੀ ਹੋਣਗੇ। ਕੈਫੇ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਕੈਫੇ ਮਾਲਕ ਵੱਲੋਂ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇਗੀ।
ਫੌਜਦਾਰੀ ਜਾਬਤਾ 1973 ਦੀ ਧਾਰਾ 144 ਤਹਿਤ ਜਾਰੀ ਇਨਾਂ ਹੁਕਮਾਂ ਮੁਤਾਬਿਕ ਐਕਟਿਵਟੀ ਸਰਵਰ ਦਾ ਮੁੱਖ ਸਰਵਰ ਵਿੱਚ ਰਿਕਾਰਡ ਘੱਟੋ-ਘੱਟ ਛੇ ਮਹੀਨੇ ਲਈ ਰੱਖਿਆ ਜਾਵੇਗਾ। ਕੈਫੇ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਦੇ ਸੱਕ ਹੋਣ ਤੇ ਕੈਫੇ ਮਾਲਕ ਤੁਰੰਤ ਪੁਲਿਸ ਨੂੰ ਸੂਚਿਤ ਕਰੇਗਾ। ਕਿਸੇ ਵੀ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ।
ਇਸੇ ਤਰਾਂ ਇਕ ਹੋਰ ਹੁਕਮ ਤਹਿਤ ਉਨਾਂ ਕਿਹਾ ਕਿ ਜ਼ਮੀਨ ਮਾਲਕਾਂ ਨੂੰ ਖੂਹ ਬੋਰ ਆਦਿ ਲਗਾਉਣ ਲਈ 15 ਦਿਨ ਪਹਿਲਾਂ ਸੰਬੰਧਤ ਵਿਭਾਗ ਜਾਂ ਅਧਿਕਾਰੀਆਂ ਤੋਂ ਲਿਖ਼ਤੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਖੂਹ ਬੋਰ ਆਦਿ ਲਗਾਉਣ ਵਾਲੀਆਂ ਏਜੰਸੀਆਂ ਜ਼ਿਲਾ ਮੈਜਿਸਟ੍ਰੇਟ ਤੋਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਬਣਾਉਣਗੀਆਂ। ਬੋਰ ਲਗਾਉਣ ਵਾਲੇ ਮਾਲਕ ਵੱਲੋਂ ਏਜੰਸ਼ੀ ਦਾ ਪਤਾ ਅਤੇ ਆਪਣਾ ਪਤਾ ਸਇਨ ਬੋਰਡ ਤੇ ਲਿਖਣਾ, ਬੋਰ ਵਾਲੀ ਥਾਂ ਤੇ ਕੰਡਿਆਲੀ ਤਾਰ ਜਾਂ ਕੋਈ ਬੈਰੀਕੇਟ ਲਗਾਉਣਾ ਜਰੂਰੀ ਹੋਵੇਗਾ। ਜੇਕਰ ਪੰਪ ਦੀ ਮੁਰੰਮਤ ਕਰਨੀ ਹੈ ਤਾਂ ਖੂਹ ਜਾਂ ਬੋਰ ਖੁੱਲਾ ਨਹੀ ਛੱਡਿਆ ਜਾਵੇਗਾ। ਖੂਹ/ਬੋਰ ਦੀ ਉਸਾਰੀ ਤੋਂ ਬਾਅਦ ਉਸ ਦੇ ਤਲੇ ਤੇ ਜ਼ਮੀਨ ਦੇ ਪੱਧਰ ਤੋਂ ਉੱਤੇ ਥੱਲੇ ਸੀਮੇਂਟ ਅਤੇ ਕੰਕਰੀਟ ਦਾ ਨਿਸ਼ਚਿਤ ਪਲੇਟ ਫਾਰਮ ਬਣਾਇਆ ਜਾਵੇ। ਬੋਰ ਤੋਂ ਬਾਅਦ ਟੋਆ ਮਿੱਟੀ ਨਾਲ ਚੰਗੀ ਤਰ੍ਰਾਂ ਭਰਿਆ ਜਾਵੇਗਾ। ਬੋਰ ਦੀ ਖੁਦਾਈ ਦਾ ਕੰਮ ਮੁਕੰਮਲ ਹੋਣ ਤੇ ਜ਼ਮੀਨ ਦੀ ਸਥਿਤੀ ਪਹਿਲਾ ਵਾਲੀ ਬਹਾਲ ਹੋਣੀ ਜ਼ਰੂਰੀ ਹੋਵੇਗੀ। ਉਹਨਾਂ ਕਿਹਾ ਡੀ.ਡੀ.ਪੀ.ਓ ਬਰਨਾਲਾ ਸਾਰੇ ਜ਼ਿਲੇ ਦੇ ਬੋਰ/ਖੂਹ ਦੀ ਸੂਚਨਾ ਸਰਪੰਚਾਂ ਕੋਲੋ ਇਕੱਤਰ ਕਰਕੇ ਆਪਣੇ ਦਫ਼ਤਰ ਵਿੱਚ ਤਿਆਰ ਰੱਖਣਗੇ। ਇਹ ਹੁਕਮ ਮਿਤੀ 25 ਅਗਸਤ 2016 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *