Fri. Oct 18th, 2019

ਸਹਾਇਕ ਫ਼ੂਡ ਕਮਿਸ਼ਨਰ ਦੀ ਅਗਵਾਈ ਹੇਠ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ,ਅੱਠ ਸੈਂਪਲ ਭਰੇ

ਸਹਾਇਕ ਫ਼ੂਡ ਕਮਿਸ਼ਨਰ ਦੀ ਅਗਵਾਈ ਹੇਠ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ,ਅੱਠ ਸੈਂਪਲ ਭਰੇ
ਹਲਵਾਈਆਂ ਦੇ ਕਾਰਖ਼ਾਨਿਆਂ ਦੀ ਵੀ ਕੀਤੀ ਜਾਂਚ

6banur-2ਬਨੂੜ, 6 ਦਸੰਬਰ (ਰਣਜੀਤ ਸਿੰਘ ਰਾਣਾ): ਜ਼ਿਲ੍ਹਾ ਮੁਹਾਲੀ ਦੇ ਸਹਾਇਕ ਫ਼ੂਡ ਕਮਿਸ਼ਨਰ ਸ੍ਰੀ ਮਨੋਜ ਖ਼ੋਸਲਾ ਦੀ ਅਗਵਾਈ ਹੇਠ ਫ਼ੂਡ ਐਂਡ ਡਰੱਗ ਐਡਮਿਨਸਟਰੇਸ਼ਨ ਦੀ ਟੀਮ ਨੇ ਅੱਜ ਸਾਰਾ ਦਿਨ ਬਨੂੜ ਖੇਤਰ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ। ਟੀਮ ਨੇ ਹਲਵਾਈਆਂ ਦੀਆਂ ਦੁਕਾਨਾਂ ਤੋਂ ਇਲਾਵਾ ਉਨ੍ਹਾਂ ਦੇ ਮਠਿਆਈਆਂ ਤਿਆਰ ਕਰਨ ਵਾਲੇ ਕਾਰਖ਼ਾਨਿਆਂ ਦੀ ਵੀ ਚੈਕਿੰਗ ਕੀਤੀ। ਟੀਮ ਵੱਲੋਂ ਇਸ ਖੇਤਰ ਵਿੱਚੋਂ ਅੱਠ ਸੈਂਪਲ ਭਰੇ ਗਏ ਤੇ ਉਨ੍ਹਾਂ ਨੂੰ ਜਾਂਚ ਲਈ ਚੰਡੀਗੜ੍ਹ ਭੇਜਣ ਤੇ ਜਾਂਚ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖ਼ੀ ਗਈ।
ਸ੍ਰੀ ਖੋਸਲਾ ਦੀ ਅਗਵਾਈ ਹੇਠ ਫ਼ੂਡ ਸਪਲਾਈ ਅਫ਼ਸਰ ਸ੍ਰੀਮਤੀ ਨਵਨੀਤ ਬੱਗਾ ਤੇ ਅਮਨਦੀਪ ਕੌਰ ਦੀ ਅਗਵਾਈ ਹੇਠਲੀ ਟੀਮ ਨੇ ਬਨੂੜ ਸ਼ਹਿਰ ਵਿੱਚੋਂ ਤਿੰਨ ਸੈਂਪਲ ਭਰੇ। ਇਨ੍ਹਾਂ ਵਿੱਚੋਂ ਇੱਕ ਸੈਂਪਲ ਬਿਸਕੁੱਟਾਂ ਦਾ, ਇੱਕ ਸੈਂਪਲ ਬੱਚਿਆਂ ਦੇ ਪਾਣ ਵਾਲੇ ਮਰਿੰਡੇ ਦਾ ਤੇ ਇੱਕ ਸੈਂਪਲ ਰਸਗੁੱਲਿਆਂ ਦਾ ਸ਼ਾਮਿਲ ਹੈ। ਇਸੇ ਤਰਾਂ ਟੀਮ ਵੱਲੋਂ ਬਨੂੜ ਤੋਂ ਲਾਂਡਰਾਂ ਨੂੰ ਜਾਣ ਵਾਲੀ ਸੜਕ ਉੱਤੇ ਪਿੰਡ ਦੈੜੀ ਤੇ ਸਨੇਟਾ ਦੇ ਵਿਚਾਲੇ ਚੱਲ ਰਹੀਆਂ ਘੁਲਾੜੀਆਂ ਤੋਂ ਗੁੜ ਦੇ ਸੈਂਪਲ ਵੀ ਭਰੇ ਗਏ।
ਸ੍ਰੀ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿੰਡ ਸਨੇਟਾ ਤੋਂ ਵੀ ਚਾਰ ਸੈਂਪਲ ਹਾਸਿਲ ਕੀਤੇ। ਜਿਨ੍ਹਾਂ ਵਿੱਚ ਇੱਕ ਹਲਵਾਈ ਦੀ ਦੁਕਾਨ ਤੋਂ ਬਰਫ਼ੀ, ਇੱਕ ਦੁਕਾਨ ਤੋਂ ਦਹੀਂ, ਇੱਕ ਦੁਕਾਨ ਤੋਂ ਚਮਚਮ ਤੇ ਇੱਕ ਕਰਿਆਨੇ ਦੀ ਦੁਕਾਨ ਤੋਂ ਐਸਐਫ਼ ਲੋਸ਼ਨ ਤੰਬਾਕੂ ਦੇ ਸੈਂਪਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਹਲਵਾਈਆਂ ਦੀਆਂ ਮਠਿਆਈਆਂ ਤਿਆਰ ਕਰਨ ਵਾਲੇ ਕਾਰਖਾਨਿਆਂ ਦੀ ਵੀ ਪੜਤਾਲ ਕੀਤੀ ਗਈ ਤੇ ਉਨ੍ਹਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਤੁਰੰਤ ਨੋਟਿਸ ਜਾਰੀ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਸ੍ਰੀ ਖੋਸਲਾ ਨੇ ਦੱਸਿਆ ਕਿ ਇਸ ਮੌਕੇ ਟੀਮ ਵੱਲੋਂ ਸਬੰਧਿਤ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਸਬੰਧੀ ਲਾਈਸੈਂਸ ਬਣਾਉਣ ਤੇ ਨਿਯਮਾਂ ਦੀ ਪਾਲਣਾ ਸਬੰਧੀ ਵੀ ਜਾਣਕਾਰੀ ਦਿੱਤੀ ਗਈ।

ਜਾਂਚ ਟੀਮ ਦੀ ਖ਼ਬਰ ਸੁਣਦਿਆਂ ਹੀ ਬਹੁਤੀਆਂ ਦੁਕਾਨਾਂ ਦੇ ਡਿੱਗੇ ਸ਼ਟਰ

ਬਨੂੜ ਖੇਤਰ ਦੀਆਂ ਹਲਵਾਈਆਂ ਤੇ ਖਾਣ-ਪੀਣ ਦੇ ਸਾਮਾਨ ਦੀ ਵਿਕਰੀ ਕਰਨ ਵਾਲੀਆਂ ਜ਼ਿਆਦਾਤਰ ਦੁਕਾਨਾਂ ਛਾਪਾਮਾਰੀ ਟੀਮ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਬੰਦ ਹੋ ਗਈਆਂ। ਸਨੇਟਾ ਪਿੰਡ ਵਿੱਚ ਵੀ ਅਜਿਹਾ ਕੁੱਝ ਵੇਖਣ ਨੂੰ ਮਿਲਿਆ। ਹਲਵਾਈ ਤੇ ਦੂਜੇ ਦੁਕਾਨਦਾਰ ਟੀਮ ਦੀ ਆਮਦ ਤੇ ਕਾਰਵਾਈ ਬਾਰੇ ਇੱਕ ਦੂਜੇ ਤੋਂ ਭਿਣਕ ਲੈਂਦੇ ਰਹੇ ਤੇ ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਟੀਮ ਦੀ ਵਾਪਸੀ ਮਗਰੋਂ ਹੀ ਖੁਲੇ।

Leave a Reply

Your email address will not be published. Required fields are marked *

%d bloggers like this: