ਸਵਿਟਜ਼ਰਲੈਂਡ ਕਾਲੇ ਧਨ ‘ਤੇ ਭਾਰਤ ਦੀ ਮਦਦ ਕਰਨ ਲਈ ਤਿਆਰ, ਸਮਝੋਤੇ ‘ਤੇ ਹੋਏ ਦਸਤਖਤ

ss1

ਸਵਿਟਜ਼ਰਲੈਂਡ ਕਾਲੇ ਧਨ ‘ਤੇ ਭਾਰਤ ਦੀ ਮਦਦ ਕਰਨ ਲਈ ਤਿਆਰ, ਸਮਝੋਤੇ ‘ਤੇ ਹੋਏ ਦਸਤਖਤ

ਕਾਲੇ ਧਨ ‘ਤੇ ਸਵਿਟਜ਼ਰਲੈਂਡ ਭਾਰਤ ਦੀ ਮਦਦ ਕਰਨ ਲਈ ਤਿਆਰ ਹੋ ਗਿਆ ਹੈ। ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਓਥਰਡ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਤੋਂ ਬਾਅਦ ਹੋਰ ਸਮਝੋਤਿਆਂ ‘ਤੇ ਵੀ ਦਸਤਖਤ ਹੋਏ ਹਨ। ਸਵਿਟਜ਼ਰਲੈਂਡ ਤੇ ਭਾਰਤ ਦੇ ਵਿਚਕਾਰ ਸੂਚਨਾਵਾਂ ਦੇ ਆਟੋਮੈਟਿਕ ਐਕਸਚੇਂਜ ‘ਤੇ ਸਮਝੋਤਾ ਹੋਇਆ ਹੈ। ਇਸ ਸਮਝੋਤੇ ਦੇ ਤਹਿਤ 2019 ਤੋਂ ਪਹਿਲਾਂ ਕਾਲੇ ਧਨ, ਵਿਦੇਸ਼ ‘ਚ ਜਮ੍ਹਾ ਪੈਸਾ ਤੇ ਸਵਿਟਜ਼ਰਲੈਂਡ ‘ਚ ਪ੍ਰਾਪਰਟੀ ਦੀ ਖਰੀਦਦਾਰੀ ਨਾਲ ਸਬੰਧਿਤ ਸੂਚਨਾਵਾਂ ਦੀ ਅਦਲਾ-ਬਦਲੀ ਸ਼ੁਰੂ ਹੋ ਜਾਵੇਗੀ। ਰੇਲ ਹਾਦਸਿਆਂ ਤੋਂ ਉਭਰਣ ਲਈ ਵੀ ਭਾਰਤ ਸਵਿਟਜ਼ਰਲੈਂਡ ਤੋਂ ਮਦਦ ਲੈਣ ਜਾ ਰਿਹਾ ਹੈ।
ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਲਿਓਥਰਡ ਬੁੱਧਵਾਰ ਤੋਂ ਤਿੰਨ ਦਿਨਾਂ ਦੇ ਦੌਰੇ ‘ਤੇ ਭਾਰਤ ‘ਚ ਹਨ। ਡੋਰਿਸ ਦੀ ਇਸ ਯਾਤਰਾ ਦੌਰਾਨ ਭਾਰਤ ਤੇ ਸਵਿਟਜ਼ਰਲੈਂਡ ਦੇ ਵਿਚਕਾਰ ਵਪਾਰ ਤੇ ਨਿਵੇਸ਼ ਸਬੰਧਾਂ ‘ਚ ਮਜ਼ਬੂਤੀ ਲਿਆਉਣ ਸਮੇਤ ਦੋ ਪੱਖੀ ਸਬੰਧਾਂ ‘ਤੇ ਚਰਚਾ ਹੋ ਰਹੀ ਹੈ। ਸਵਿਸ ਰਾਸ਼ਟਰਪਤੀ ਦੇ ਨਾਲ ਸੀਨੀਅਰ ਸਰਕਾਰੀ ਅਧਿਕਾਰੀਆਂ ਤੇ ਸਵਿਟਜ਼ਰਲੈਂਡ ਦੀਆਂ ਵੱਡੀਆਂ ਕੰਪਨੀਆਂ ਦਾ ਕਾਰੋਬਾਰੀ ਪ੍ਰਤੀਨਿਧੀਮੰਡਲ ਵੀ ਭਾਰਤ ਆਇਆ ਹੈ।
ਮੋਦੀ ਤੇ ਡੋਰਿਸ ਦੇ ਵਿਚਕਾਰ ਗੱਲਬਾਤ ਦੌਰਾਨ ਭਾਰਤੀਆਂ ਵਲੋਂ ਸਵਿਸ ਬੈਂਕ ‘ਚ ਜਮ੍ਹਾ ਕੀਤੇ ਗਏ ਕਾਲੇ ਧਨ ਦਾ ਮੁੱਦਾ ਉੱਠਿਆ ਹੈ। ਸਵਿਟਜ਼ਰਲੈਂਡ ਦੀ ਰਾਸ਼ਟਰਪਤੀ ਡੋਰਿਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਤੇ ਸਵਿਟਜ਼ਰਲੈਂਡ ਦੇ ਵਿਚਕਾਰ ਸੂਚਨਾਵਾਂ ਦੇ ਆਟੋਮੈਟਿਕ ਐਕਸਚੇਂਜ ਨਾਲ ਜੁੜਿਆ ਬਿੱਲ ਉਨ੍ਹਾਂ ਦੀ ਸੰਸਦ ‘ਚ ਇਸ ਸਾਲ ਦੇ ਅਖੀਰ ਤੱਕ ਪਾਸ ਹੋ ਜਾਵੇਗਾ। ਅਜਿਹੇ ‘ਚ 2019 ਤੱਕ ਸੂਚਨਾਵਾਂ ਦੀ ਅਦਲਾ-ਬਦਲੀ ਹੋ ਸਕੇਗੀ।
ਇਸੇ ਦੌਰਾਨ ਭਾਰਤ ਤੇ ਸਵਿਟਜ਼ਰਲੈਂਡ ਦੇ ਵਿਚਕਾਰ ਦੋ ਸਮਝੋਤਿਆਂ ‘ਤੇ ਦਸਤਖਤ ਹੋਏ ਹਨ, ਇਨ੍ਹਾਂ ‘ਚੋਂ ਇਕ ਰੇਲਵੇ ‘ਚ ਤਕਨੀਕੀ ਸਹਿਯੋਗ ਨਾਲ ਜੁੜਿਆ ਹੈ। ਵਰਤਮਾਨ ‘ਚ ਹੋਏ ਰੇਲ ਹਾਦਸਿਆਂ ਦੇ ਕਾਰਨ ਇਹ ਸਮਝੋਤੇ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਸਵਿਟਜ਼ਰਲੈਂਡ ਦੀ ਰੇਲ ਤਕਨੀਕ ਨੂੰ ਦੁਨੀਆ ਦੀ ਬਿਹਤਰੀਨ ਮੰਨਿਆ ਜਾਂਦਾ ਹੈ।
ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ‘ਚ ਡੋਰਿਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਆਪਣੇ ਸਵਾਗਤ ਤੋਂ ਬਾਅਦ ਸਵਿਸ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੇ ਗਏ ਸੁਧਾਰਾਂ ਤੋਂ ਬੇਹੱਦ ਖੁਸ਼ ਹਾਂ ਤੇ ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਸਵਿਜ਼ਰਲੈਂਡ 70 ਸਾਲਾਂ ਦੇ ਦੋਸਤ ਹਨ। ਇਸ ਦੌਰੇ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਦੋਵਾਂ ਦੇਸ਼ਾਂ ਦੇ ਸਬੰਧਾਂ ਬਾਰੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ, ”ਭਾਰਤ ਤੇ ਸਵਿਟਜ਼ਰਲੈਂਡ ਦੇ ਵਿਚਕਾਰ ਮਜ਼ਬੂਤ ਆਰਥਿਕ ਸਬੰਧ ਹਨ। ਸਵਿਟਜ਼ਰਲੈਂਡ ਭਾਰਤ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਤੇ ਭਾਰਤ ਦੇ ਲਈ 11ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ।” ਉਥੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਜੂਨ ‘ਚ ਸਵਿਟਜ਼ਰਲੈਂਡ ਦੀ ਯਾਤਰਾ ਕੀਤੀ ਸੀ। ਇਸ ਦੌਰਾਨ ਸਵਿਟਜ਼ਰਲੈਂਡ ਨੇ ਪਰਮਾਣੂ ਸਪਲਾਈ ਸਮੂਹ ‘ਚ ਭਾਰਤ ਦੀ ਮੈਂਬਰਤਾ ਦਾ ਵੀ ਸਮਰਥਨ ਕੀਤਾ ਸੀ।

Share Button

Leave a Reply

Your email address will not be published. Required fields are marked *