ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ

ss1

ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ

ਲੋਕਤੰਤਰ ਦੇ ਚਾਰ ਥੰਮਾਂ ਵਿੱਚੋਂ ਮੀਡੀਏ ਦੀ ਅਹਿਮ ਜਗਾ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਮੀਡੀਆ ਆਮ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦਾ ਹੈ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਕੂਮਤ ਤੱਕ ਪਹੁੰਚਾਉਂਦਾ ਹੈ ਤਾਂ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਪਰ, ਪਿਛਲੇ ਕੁਝ ਵਰਿਆਂ ਤੋਂ ਮੀਡੀਏ ਦੀ ਭਰੋਸੇਯੋਗਤਾ ਉੱਪਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਇਸ ਸਵਾਲੀਆ ਨਿਸ਼ਾਨ ਦੇ ਬਹੁਤ ਸਾਰੇ ਕਾਰਨ ਉੱਭਰ ਕੇ ਸਾਹਮਣੇ ਆ ਰਹੇ ਹਨ ਇਸ ਲੇਖ ਵਿਚ ਇਹਨਾਂ ਕਾਰਨਾਂ ਦੀ ਸੰਖੇਪ ਰੂਪ ਵਿਚ ਵਿਚਾਰ- ਚਰਚਾ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਕਾਰਨਾਂ ਦੀ ਪੜਚੋਲ ਕੀਤੀ ਜਾ ਸਕੇ
ਮੀਡੀਆ ਤੋਂ ਭਾਵ ਕੇਵਲ ਇਲੈਕਟਰੋਨਿੰਗ ਮੀਡੀਆ ਜਾਂ ਟੀ. ਵੀ. ਚੈਨਲ ਹੀ ਨਹੀਂ ਹਨ ਬਲਕਿ ਪ੍ਰਿੰਟ ਮੀਡੀਆ, ਸੋਸ਼ਲ- ਮੀਡੀਆ, ਇਸ਼ਤਿਹਾਰ ਮੀਡੀਆ, ਡਿਜੀਟਲ ਮੀਡੀਆ, ਪ੍ਰਕਾਸ਼ਿਤ ਮੀਡੀਆ (ਪੁਸਤਕ ਮੀਡੀਆ), ਮਾਸ- ਮੀਡੀਆ, ਰਿਕਾਡਿੰਗ ਮੀਡੀਆ ਅਤੇ ਪ੍ਰਸਾਰਨ ਮੀਡੀਆ ਸ਼ਾਮਲ ਹਨ ਇਹਨਾਂ ਸਾਰੇ ਰੂਪਾਂ ਵਿਚ ਕਿਤੇ ਨਾ ਕਿਤੇ ਖਾਮੀਆਂ ਦੇਖੀਆਂ ਗਈਆਂ ਹਨ ਜਿਸ ਕਰਕੇ ਆਮ ਲੋਕਾਂ ਦਾ ਇਹਨਾਂ ਉੱਪਰ ਹੁਣ ਉਹ ਭਰੋਸਾ ਨਹੀਂ ਰਿਹਾ ਜੋ ਪਿਛਲੇ ਸਾਲਾਂ ਵਿਚ ਦੇਖਣ ਨੂੰ ਮਿਲਦਾ ਸੀ ਉਹ ਭਰੋਸਾ ਹੁਣ ਖੰਡਿਤ ਹੋ ਚੁਕਿਆ ਹੈ।
ਮੀਡੀਆ ਹਾਊਸ ਤੇ ਅਸਲ ਮਾਲਕ :-
ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਇਲੈਕਟਰੋਨਿੰਗ ਮੀਡੀਆ ਭਾਵ ਟੀ. ਵੀ. ਚੈਨਲਾਂ ਨੇ ਤਾਂ ਹੱਦੋਂ ਵੱਧ ਕੇ ਆਪਣੇ ਮਿਆਰ ਨੂੰ ਹੇਠਾਂ ਸੁੱਟ ਲਿਆ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਸਾਰੇ ਟੀ. ਵੀ. ਚੈਨਲ ਰਾਜਨੀਤਕ ਪਾਰਟੀਆਂ ਦੇ ਲੋਕਾਂ ਦੇ ਨਿੱਜੀ ਚੈਨਲ ਹਨ ਇਸ ਕਰਕੇ ਉਹ ਟੀ. ਵੀ. ਚੈਨਲ ਆਪਣੇ ਮਾਲਕ ਦੀ ਰਾਜਨੀਤਕ ਪਾਰਟੀ ਦੇ ਵਿਰੁੱਧ ਕੋਈ ਖ਼ਬਰ ਨਸ਼ਰ ਨਹੀਂ ਕਰਦਾ ਉਂਝ, ਆਮ ਲੋਕਾਂ ਨੂੰ ਇਹਨਾਂ ਲੁਕੇ ਕਾਰਨਾਂ ਦਾ ਗਿਆਨ ਨਹੀਂ ਹੁੰਦਾ ਪਰ, ਹੁਣ ਸੋਸ਼ਲ- ਮੀਡੀਆ ਦੇ ਸਰਗਰਮੀ ਕਰਕੇ ਇਹ ਭੇਦ ਉਜਾਗਰ ਹੋਣੇ ਸ਼ੁਰੂ ਹੋ ਗਏ ਹਨ, ਜਿਸ ਦੇ ਸਿੱਟੇ ਵੱਜੋਂ ਲੋਕਾਂ ਦਾ ਭਰੋਸਾ ਲਗਭਗ ਟੁੱਟ ਗਿਆ ਹੈ ਰਾਜਨੀਤਕ ਲੋਕਾਂ ਨੇ ਆਪਣੀ ਮਸ਼ਹੂਰੀ ਲਈ ਟੀ. ਵੀ. ਚੈਨਲ ਚਲਾ ਲਏ ਹਨ ਤਾਂ ਕਿ ਆਮ ਲੋਕਾਂ ਦੇ ਮਨਾਂ ਉੱਪਰ ਪ੍ਰਭਾਵ ਬਣਾਇਆ ਜਾ ਸਕੇ ਇਸ ਕਰਕੇ ਉਹਨਾਂ ਦਾ ਆਪਣਾ ਟੀ. ਵੀ. ਆਪਣੇ ਮਾਲਕ ਦੇ ਖਿਲਾਫ਼ ਕਦੇ ਕੋਈ ਖ਼ਬਰ ਨਸ਼ਰ ਨਹੀਂ ਕਰਦਾ।
ਮੀਡੀਆ ਅਤੇ ਇਸ਼ਤਿਹਾਰਾਂ ਦਾ ਬੰਦੋਬਸਤ :-
ਮੀਡੀਆ ਨੂੰ ਆਪਣੀ ਸੰਸਥਾ ਚਲਾਉਣ ਲਈ ਇਸ਼ਤਿਹਾਰਾਂ ਦੀ ਸਖ਼ਤ ਲੋੜ ਹੁੰਦੀ ਹੈ ਕਿਉਂਕਿ ਮੀਡੀਆ ਵਿਚ ਕੰਮ ਕਰਕੇ ਲੋਕਾਂ ਨੂੰ ਤਨਖ਼ਾਹ ਦੇਣੀ ਹੁੰਦੀ ਹੈ ਟੀ. ਵੀ. ਅਤੇ ਅਖ਼ਬਾਰ ਚਲਾਉਣ ਲਈ ਪੈਸਾ ਖ਼ਰਚ ਕਰਨਾ ਪੈਂਦਾ ਹੈ ਆਮ ਲੋਕਾਂ ਤੱਕ ਪਹੁੰਚ ਕਰਨ ਲਈ ਕਈ ਤਰਾਂ ਦੇ ਇਸ਼ਤਿਹਾਰ ਦੇਣੇ ਪੈਂਦੇ ਹਨ ਤਾਂ ਕਿਤੇ ਆਮ ਲੋਕਾਂ ਤੱਕ ਪਹੁੰਚ ਹੁੰਦੀ ਹੈ ਇਹਨਾਂ ਸਾਰੇ ਖ਼ਰਚਿਆਂ ਨੂੰ ਕਰਨ ਲਈ ਮੀਡੀਆ ਹਾਊਸ ਨੂੰ ਪੈਸੇ ਦੀ ਲੋੜ ਹੁੰਦੀ ਹੈ ਅਤੇ ਇਹ ਪੈਸਾ ਰਾਜਨੀਤਕ ਪਾਰਟੀਆਂ, ਸਰਕਾਰਾਂ ਅਤੇ ਵੱਡੇ ਕਾਰੋਬਾਰੀਆਂ ਕੋਲੋਂ ਮਿਲਦਾ ਹੈ ਇਸ ਲਈ ਮੀਡੀਆ ਹਾਊਸ ਆਪਣੇ ਅੰਨਦਾਤਿਆਂ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਦੇ ਹਨ ਭਾਵ ਜਿਸ ਸੰਸਥਾ ਨੇ ਮੀਡੀਆ ਹਾਊਸ ਨੂੰ ਮੋਟੀ ਰਕਮ ਇਸ਼ਤਿਹਾਰ ਵੱਜੋਂ ਦਿੱਤੀ ਹੁੰਦੀ ਹੈ ਉਸਨੂੰ ਬਦਨਾਮ ਕਰਨ ਵਾਲੀ ਕੋਈ ਖ਼ਬਰ ਚਲਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ ਇਸ ਕਰਕੇ ਵੀ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਮੀਡੀਆ ਦੀ ਭਰੋਸੇਯੋਗਤਾ ਖ਼ਤਮ ਹੋ ਰਹੀ ਹੈ।
ਮੀਡੀਆ ਕਰਮਚਾਰੀਆਂ ਦੀ ਸ਼ਾਮੂਲੀਅਤ :-
ਮੀਡੀਆ ਹਾਊਸ ਵਿਚ ਕੰਮ ਕਰਕੇ ਬਹੁਤ ਸਾਰੇ ਕਰਮਚਾਰੀ ਕਈ ਵਾਰ ਕਿਸੇ ਖ਼ਾਸ ਪਾਰਟੀ, ਸਰਕਾਰ ਜਾਂ ਕਾਰੋਬਾਰ ਵਿਚ ਸ਼ਾਮਲ ਹੁੰਦੇ ਹਨ ਇਸ ਕਰਕੇ ਵੀ ਉਹ ਆਪਣੇ ਕਾਰੋਬਾਰ ਜਾਂ ਸਰਕਾਰ ਦੇ ਵਿਰੁੱਧ ਬੋਲਣ ਤੋਂ ਗੁਰੇਜ਼ ਕਰਦੇ ਹਨ ਪਿਛਲੇ ਕੁਝ ਸਮੇਂ ਵਿਚ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਪੱਤਰਕਾਰਾਂ ਨੇ ਆਪਣੀ ਪੱਤਰਕਾਰੀ ਨੂੰ ਅਲਵਿਦਾ ਆਖ ਕੇ ਰਾਜਨੀਤਕ ਪਾਰਟੀਆਂ ਨੂੰ ਅਪਣਾ ਲਿਆ ਹੈ ਉਹ ਰਾਜਨੇਤਾ ਬਣ ਗਏ ਹਨ ਫੇਰ ਜਦੋਂ ਉਹ ਪੱਤਰਕਾਰ ਵੱਜੋਂ ਆਪਣਾ ਕੰਮ ਕਰ ਰਹੇ ਸਨ ਤਾਂ ਉਹਨਾਂ ਤੋਂ ਨਿਰਪੱਖ ਪੱਤਰਕਾਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਸੀ? ਅਜਿਹੇ ਮੀਡੀਆ ਕਰਮੀਆਂ ਨੇ ਤਾਂ ਆਪਣੇ ਕਾਰੋਬਾਰ ਜਾਂ ਸਰਕਾਰ ਨੂੰ ਮੁਨਾਫ਼ਾ ਪਹੁੰਚਾਉਣ ਲਈ ਆਪਣੀ ਪੱਤਰਕਾਰੀ ਦੇ ਕਿਤੇ ਦੀ ਵਰਤੋਂ ਕੀਤੀ ਹੋਣੀ ਹੈ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਮੀਡੀਆ ਹਾਊਸ ਕਈ ਵਾਰ ਵੱਡੇ ਨੇਤਾਵਾਂ ਨਾਲ ਸੰਬੰਧ ਬਣਾਉਣ ਲਈ ਵੀ ਉਹਨਾਂ ਦੀਆਂ ਤਾਰੀਫ਼ਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਪ੍ਰਸਾਰਿਤ ਕਰਦੇ ਹਨ ਤਾਂ ਕਿ ਝੂਠੀਆਂ ਤਾਰੀਫ਼ਾਂ ਦੀ ਇਵਜ ਵੱਜੋਂ ਵੱਡੇ ਰਾਜ ਨੇਤਾਵਾਂ ਨਾਲ ਨੇੜਤਾ ਹਾਸਿਲ ਕੀਤੀ ਜਾ ਸਕੇ ਅਤੇ ਮੁਨਾਫ਼ਾ ਕਮਾਇਆ ਜਾ ਸਕੇ।
ਸਰਕਾਰੀ ਦਬਾਓ :-
ਮੀਡੀਆ ਨੂੰ ਪੱਖਪਾਤੀ ਰਵੱਈਆ ਅਪਣਾਉਣ ਲਈ ਕਈ ਵਾਰ ਸਰਕਾਰਾਂ ਦਾ ਦਬਾਓ ਵੀ ਕੰਮ ਕਰਦਾ ਹੈ ਅਸਲ ਵਿਚ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹਨਾਂ ਦੀਆਂ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਜਾਵੇ ਇਸ ਲਈ ਹਕੂਮਤਾਂ ਅਕਸਰ ਹੀ ਮੀਡੀਆ ਕਰਮੀਆਂ ਨੂੰ ਦਬਾਉਂਦੀਆਂ ਰਹਿੰਦੀਆਂ ਹਨ ਜਿਸ ਨਾਲ ਅਜਿਹੀ ਕੋਈ ਖ਼ਬਰ ਆਮ ਲੋਕਾਂ ਤੱਕ ਨਾ ਪਹੁੰਚੇ ਜਿਸ ਨਾਲ ਉਹਨਾਂ ਦੀ ਦਿੱਖ ਨੂੰ ਕੋਈ ਨੁਕਸਾਨ ਪਹੁੰਚੇ ਇਸ ਦਬਾਓ ਦੇ ਨਤੀਜੇ ਵੱਜੋਂ ਸਰਕਾਰਾਂ ਦੀਆਂ ਗਲਤ ਕਾਰਗੁਜ਼ਾਰੀਆਂ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਬਚੀਆਂ ਰਹਿੰਦੀਆਂ ਹਨ ਪਰ, ਮੀਡੀਆ ਦੀ ਭਰੋਸੇਯੋਗਤਾ ਦਾਅ ਤੇ ਲੱਗ ਜਾਂਦੀ ਹੈ ਪਿਛਲੇ ਕੁਝ ਵਰਿਆਂ ਵਿਚ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮੀਡੀਆ ਘਰਾਂ ਉੱਪਰ ਹਮਲੇ ਕੀਤੇ ਗਏ ਹਨ ਤਾਂ ਕਿ ਉਹਨਾਂ ਨੂੰ ਡਰਾਇਆ ਜਾ ਸਕੇ ਮੀਡੀਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਮਾਰਿਆ ਗਿਆ ਹੈ ਤਾਂ ਕਿ ਉਹ ਸਰਕਾਰ ਦੇ ਵਿਰੁੱਧ ਬੋਲਣ ਤੋਂ ਡਰ ਜਾਣ ਸਰਕਾਰੀ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਨਾ ਕਰਨ ਇਸ ਕਰਕੇ ਵੀ ਕਈ ਵਾਰ ਖ਼ਬਰਾਂ ਨੂੰ ਰੋਕ ਲਿਆ ਜਾਂਦਾ ਹੈ।
ਖ਼ਬਰ ਪ੍ਰਾਪਤੀ ਦੇ ਵਿਭਿੰਨ ਸਾਧਨ :-
ਮੀਡੀਆ ਦੀ ਭਰੋਸੇਯੋਗਤਾ ਨੂੰ ਖ਼ਤਰਾ ਇਸ ਲਈ ਵੀ ਪੈਦਾ ਹੋ ਗਿਆ ਹੈ ਕਿਉਂਕਿ ਅੱਜ ਦੇ ਦੌਰ ਵਿਚ ਲੋਕਾਂ ਕੋਲ ਖ਼ਬਰ ਪ੍ਰਾਪਤ ਕਰਨ ਦੇ ਬਹੁਤ ਸਾਰੇ ਸਾਧਨ ਮੌਜੂਦ ਹਨ ਟੀ. ਵੀ. ਚੈਨਲਾਂ ਤੇ ਪ੍ਰਸਾਰਿਤ ਖ਼ਬਰ ਨੂੰ ਹੀ ਅੰਤਿਮ ਸੱਚ ਨਹੀਂ ਮੰਨਿਆ ਜਾਂਦਾ ਬਲਕਿ ਹੋਰ ਬਹੁਤ ਸਾਰੇ ਸਾਧਨਾਂ ਰਾਹੀਂ ਉਸ ਖ਼ਬਰ ਦੀ ਸੱਚਾਈ ਨੂੰ ਦੇਖਿਆ ਜਾਂਦਾ ਹੈ, ਸਮਝਿਆ ਜਾਂਦਾ ਹੈ ਅਤੇ ਫਿਰ ਮੰਨਿਆ ਜਾਂਦਾ ਹੈ ਕੁਝ ਵਰੇ ਪਹਿਲਾਂ ਤੱਕ ਟੀ. ਵੀ. ਉੱਪਰ ਚੱਲੀ ਖ਼ਬਰ ਜਾਂ ਅਖ਼ਬਾਰ ਵਿਚ ਛੱਪੀ ਖ਼ਬਰ ਨੂੰ ਹੀ ਅੰਤਿਮ ਸੱਚ ਸਵੀਕਾਰ ਕਰ ਲਿਆ ਜਾਂਦਾ ਸੀ ਪਰ, ਹੁਣ ਜ਼ਮਾਨਾ ਬਦਲ ਗਿਆ ਹੈ ਆਮ ਲੋਕ ਇੱਕੋ ਹੀ ਖ਼ਬਰ ਨੂੰ ਬਹੁਤ ਸਾਰੇ ਸਾਧਨਾਂ ਦੁਆਰਾ ਪਰਖ਼ਦੇ ਹਨ, ਸਮਝਦੇ ਹਨ ਅਤੇ ਫਿਰ ਮੰਨਦੇ ਹਨ ਕਈ ਵਾਰ ਵੱਖ- ਵੱਖ ਟੀ. ਵੀ. ਚੈਨਲਾਂ ਉੱਪਰ ਇੱਕੋ ਹੀ ਖ਼ਬਰ ਨੂੰ ਵਿਭਿੰਨ ਪੱਖਾਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੁੰਦਾ ਹੈ ਇੱਕ ਟੀ. ਵੀ. ਚੈਨਲ ਉਸ ਫੈਸਲਾ ਦੀ ਸ਼ਲਾਘਾ ਕਰ ਰਿਹਾ ਹੁੰਦਾ ਹੈ ਅਤੇ ਦੂਜਾ ਨੁਕਤਾਚੀਨੀ ਇਸ ਕਰਕੇ ਵੀ ਮੀਡੀਏ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਾ ਹੈ।
ਅੰਤ ਵਿਚ :-
ਇਸ ਤਰਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਮੀਡੀਆ ਦੀ ਭਰੋਸੇਯੋਗਤਾ ਨੂੰ ਖੋਰਾ ਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਖ਼ੁਦ ਮੀਡੀਆ ਹੀ ਹੈ ਇਸ ਦੇ ਕਾਰਨਾਂ ਦੀ ਪੜਚੋਲ ਉੱਪਰ ਕੀਤੀ ਜਾ ਚੁਕੀ ਹੈ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਮੀਡੀਏ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਨਿਰਪੱਖਤਾ ਨਾਲ ਆਪਣੀ ਮਹਤੱਵਪੂਰਨ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਵਿਚ ਮੀਡੀਏ ਦੀ ਭਰੋਸੇਯੋਗਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ਨਿਸ਼ਾਨ ਸਿੰਘ ਰਾਠੌਰ (ਡਾ.)
# 1054/1, ਵਾ. ਨੰ. 15- ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ
ਮੋਬਾ. 75892- 33437

Share Button

Leave a Reply

Your email address will not be published. Required fields are marked *