ਸਰੋਂ ਦੀ ਵਿਕਰੀ ਨੂੰ ਲੈ ਕੇ ਕਿਸਾਨ ਪਰੇਸ਼ਾਨ

ss1

ਸਰੋਂ ਦੀ ਵਿਕਰੀ ਨੂੰ ਲੈ ਕੇ ਕਿਸਾਨ ਪਰੇਸ਼ਾਨ
ਅਨਾਜ ਮੰਡੀ ਕਾਲਾਂਵਾਲੀ ਵਿਖੇ ਸਰਕਾਰ ਵੱਲੋਂ ਹਜੇ ਤੱਕ ਨਹੀਂ ਖਰੀਦੀ ਗਈ ਸਰੋਂ ਦੀ ਇੱਕ ਵੀ ਢੇਰੀ

ਕਾਲਾਂਵਾਲੀ 28 ਮਾਰਚ (ਗੁਰਮੀਤ ਸਿੰਘ ਖਾਲਸਾ)- ਮੰਡੀਆਂ ਵਿੱਚ ਸਰੋਂ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਵਾਰ ਸਰੋਂ ਦੀ ਫਸਲ ਦੇ ਝਾੜ ਨੂੰ ਦੇਖਿਆ ਜਾਵੇ ਤਾਂ ਕਿਸਾਨ ਖੁਸ਼ ਦਿਖਾਈ ਦਿੰਦੇ ਹਨ ਲੇਕਿਨ ਸਰੋਂ ਨੂੰ ਬੇਚਣ ਲਈ ਕਿਸਾਨ ਬਹੁਤ ਪਰੇਸ਼ਾਨ ਹੋ ਰਹੇ ਹਨ। ਸਰਕਾਰ ਵੱਲੋਂ ਸਰੋਂ ਦੀ ਖਰੀਦ ਦਾ ਮੁੱਲ 4000 ਰੁਪਏ ਪ੍ਰਤੀ ਕਿਵੰਟਲ ਨਿਰਧਾਰਿਤ ਕੀਤਾ ਗਿਆ ਹੈ ਲੇਕਿਨ ਹਰਿਆਣਾ ਦੀ ਮੰਡੀ ਕਾਲਾਂਵਾਲੀ ਵਿਖੇ ਸਰਕਾਰ ਵੱਲੋਂ ਹਜੇ ਤੱਕ ਇੱਕ ਵੀ ਸਰੋਂ ਦੀ ਢੇਰੀ ਨਹੀਂ ਖਰੀਦੀ ਗਈ ਹੈ। ਜਿਕਰਯੋਗ ਹੈ ਕਿ ਪੂਰੇ ਸਿਰਸਾ ਜਿਲਾ ਵਿੱਚ ਹੀ ਖਰੀਦ ਕੇਂਦਰਾਂ ਤੇ ਸਰੋਂ ਦੀ ਸਰਕਾਰੀ ਖਰੀਦ ਦੀ ਹਾਲਤ ਤਰਸਯੋਗ ਹੈ। ਇਸ ਬਾਰੇ ਕਾਲਾਂਵਾਲੀ ਮਾਰਕੀਟ ਕਮੇਟੀ ਅਧਿਕਾਰੀਆਂ ਨਾਲ ਪੱਤਰਕਾਰਾਂ ਵੱਲੋਂ ਗੱਲ-ਬਾਤ ਕੀਤੀ ਗਈ ਤਾਂ ਉਹਨਾ ਕਿਹਾ ਕਿ ਹਜੇ ਤੱਕ ਮੰਡੀ ਵਿੱਚ ਸਰੋਂ ਦੀ ਸਰਕਾਰੀ ਖਰੀਦ ਨਹੀਂ ਹੋਈ ਉਹਨਾ ਇਸ ਦਾ ਕਾਰਨ ਦੱਸਿਆ ਕਿ ਸਰਕਾਰ ਵੱਲੋਂ ਕੁਝ ਮਾਪ ਦੰਡ ਨਿਰਧਾਰਿਤ ਕੀਤੇ ਗਏ ਹਨ ਜਿਵੇਂ ਕਿ ਸਰੋਂ ਵਿੱਚ ਗਿੱਲ ਦੀ ਮਾਤਰਾ 8 ਫੀਸਦੀ ਹੋਣੀ ਚਾਹੀਦੀ ਹੈ ਆਦਿ। ਉਹਨਾਂ ਕਿਹਾ ਕਿ ਮੰਡੀ ਵਿੱਚ ਆ ਰਹੀ ਸਰੋ ਵਿੱਚ ਗਿੱਲ ਦੀ ਮਾਤਰਾ ਲਗਭਗ 14 ਤੋਂ 18 ਫੀਸਦੀ ਤੱਕ ਆ ਰਹੀ ਹੈ ਜਿਸ ਕਾਰਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਸਰੋਂ ਨਹੀਂ ਖਰੀਦੀ ਜਾ ਰਹੀ। ਇਸ ਵਾਰੇ ਸਰਕਾਰੀ ਖਰੀਦ ਏਜੰਸੀ ਹੈਫੜ ਦੇ ਅਧਿਕਾਰੀਆਂ ਨਾਲ ਗੱਲ-ਬਾਤ ਕਰਨ ਤੇ ਉਹਨਾ ਕਿਹਾ ਕਿ ਉਹਨਾਂ ਵੱਲੋਂ ਸਰੋਂ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੱਮਲ ਹਨ ਲੇਕਿਨ ਕਿਸਾਨ ਉਹਨਾ ਕੋਲ ਸਰੋਂ ਲੈ ਕੇ ਪਹੁੰਚ ਹੀ ਨਹੀ ਰਹੇ ਹਨ। ਉਹਨਾ ਕਿਹਾ ਕਿ ਕੁਝ ਕਿਸਾਨ ਸਰੋਂ ਦੀ ਗਿੱਲ ਚੈੱਕ ਕਰਵਾਉਣ ਲਈ ਆਏ ਸਨ ਉਹ ਸਰੋਂ ਗਿੱਲੀ ਹੋਣ ਕਾਰਨ ਖਰੀਦੀ ਨਹੀਂ ਗਈ। ਉਹਨਾਂ ਕਿਹਾ ਕਿ ਕਾਲਾਂਵਾਲੀ ਖਰੀਦ ਕੇਂਦਰ ਦੇ ਅਧੀਨ ਕਾਲਾਂਵਾਲੀ ਤਹਿਸੀਲ ਵਿੱਚ ਪੈਂਦੇ 66 ਪਿੰਡਾਂ ਦੀ ਸਰੋਂ ਦੀ ਫਸਲ ਹੀ ਖਰੀਦੀ ਜਾਵੇਗੀ ਅਤੇ ਸਰੋਂ ਦੀ ਫਸਲ ਦੇ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਮੰਡੀ ਵਿੱਚ ਦੁਕਾਨਾ ਤੇ ਜਾ ਕੇ ਸਰੋਂ ਨਹੀਂ ਖਰੀਦੀ ਜਾਵੇਗੀ । ਜੇਕਰ ਕਿਸਾਨ ਸਿੱਧਾ ਸੋਸਾਇਟੀ ਦੀ ਸਰਕਾਰੀ ਦੁਕਾਨ ਤੇ ਸਰੋਂ ਲੈ ਕੇ ਆਵੇਗਾ ਤਾਂ ਉਸ ਦੀ ਹੀ ਸਰੋਂ ਖਰੀਦੀ ਜਾਵੇਗੀ। ਉਹਨਾਂ ਜਾਣਕਾਰੀ ਦਿੱਤੀ ਕਿ ਸਰਕਾਰੀ ਨਿਯਮਾਂ ਅਨੁਸਾਰ ਇੱਕ ਦਿਨ ਵਿੱਚ ਇੱਕ ਕਿਸਾਨ ਸਿਰਫ 25 ਕਿਵੰਟਲ ਸਰੋਂ ਹੀ ਬੇਚ ਸਕੇਗਾ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਸਰੋਂ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਮੰਡੀ ਵਿੱਚ ਵਪਾਰੀਆਂ ਨੂੰ ਵਪਾਰੀਆਂ ਦੇ ਮਰਜੀ ਦੇ ਭਾਅ ਤੇ ਸਰੋਂ ਬੇਚੀ ਜਾ ਰਹੀ ਹੈ। ਜਿਸ ਸਰੋੋਂ ਦਾ ਸਰਕਾਰੀ ਮੁੱਲ 4000 ਹੈ ਉਹ ਵਪਾਰੀਆਂ ਵੱਲੋਂ ਨਿਰਧਾਰਿਤ ਮੁੱਲ ਤੋਂ 400-500 ਰੁਪਏ ਤੱਕ ਘੱਟ ਰੇਟ ਤੇ ਖਰੀਦੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *