ਸਰੀ ਪੁਲਿਸ ਵੱਲੋਂ ਨਾਈਟ ਕਲੱਬ ਤੇ ਛਾਪਾ- 22 ਬੰਦਿਆਂ ਨੂੰ 6,000 ਡਾਲਰ ਜੁਰਮਾਨਾ

ਸਰੀ ਪੁਲਿਸ ਵੱਲੋਂ ਨਾਈਟ ਕਲੱਬ ਤੇ ਛਾਪਾ- 22 ਬੰਦਿਆਂ ਨੂੰ 6,000 ਡਾਲਰ ਜੁਰਮਾਨਾ
ਸਰੀ, 10 ਫਰਵਰੀ 2021-ਸਰੀ ਆਰਸੀਐਮਪੀ ਨੇ ਸਰੀ ਵਿਚ ਕਿੰਗ ਜੌਰਜ ਬੁਲੇਵਾਰਡ ਅਤੇ 105 ਏ ਐਵੀਨਿਊ ਤੇ ਸਥਿਤ ਇਕ ਨਾਈਟ ਕਲੱਬ ਵੱਲੋਂ ਕੋਵਿਡ-19 ਪਾਬੰਦੀਆਂ ਦੀ ਪਾਲਣਾ ਨਾ ਕਰਨ ਵਿਰੁੱਧ ਕਰਾਵਾਈ ਕਰਦਿਆਂ ਇਸ ਵਿਚ ਮੌਕੇ ਤੇ ਮੌਜੂਦ ਲੋਕਾਂ ਨੂੰ ਲੱਗਭੱਗ 6,000 ਡਾਲਰ ਦੇ ਜੁਰਮਾਨੇ ਕੀਤੇ ਹਨ।
ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਰੀ ਪੁਲਿਸ ਅਤੇ ਕੋਵਿਡ ਕੰਪਲਾਇਸ ਟੀਮ ਵੱਲੋਂ ਰਾਤ ਇਕ ਵਜੇ ਇਸ ਕਲੱਬ ਤੇ ਛਾਪਾ ਮਾਰਿਆ ਗਿਆ ਤਾਂ ਉਸ ਸਮੇਂ ਕੱਲਬ ਵਿਚ 22 ਬੰਦੇ ਮੌਜੂਦ ਸਨ। ਪੁਲਿਸ ਨੇ ਇਨ੍ਹਾਂ ਨੂੰ ਮਾਸਕ ਨਾ ਪਹਿਨਣ, ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਅਤੇ ਗਲਤ ਵਿਹਾਰ ਕਰਨ ਦੇ ਦੋਸ਼ ਤਹਿਤ ਹਰ ਇਕ ਨੂੰ 230 ਡਾਲਰ ਅਦਾ ਕਰਨ ਦੀਆਂ 26 ਟਿਕਟਾਂ ਜਾਰੀ ਕੀਤੀਆਂ ਹਨ। ਬੇਸ਼ੱਕ ਇਸ ਈਵੈਂਟ ਦੇ ਪ੍ਰਬੰਧਕ ਨੂੰ 2,300 ਡਾਲਰ ਜੁਰਮਾਨਾ ਨਹੀਂ ਕੀਤਾ ਗਿਆ ਪਰ ਉਸ ਨੂੰ ਕੋਰਟ ਵਿਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।
ਪਤਾ ਲੱਗਿਆ ਹੈ ਕਿ ਇਸ ਕਲੱਬ ਨੂੰ ਪਹਿਲਾਂ ਵੀ ਅਜਿਹੀ ਉਲੰਘਣਾ ਕਰਨ ਦੇ ਦੋਸ਼ ਤਹਿਤ ਤਿੰਨ ਵਾਰ ਜੁਰਮਾਨਾ ਕੀਤਾ ਜਾ ਚੁੱਕਿਆ ਹੈ।