ਸਰੀ ਪੁਲਿਸ ਵਿਚ ਬੱਲ ਬੜੈਚ ਸਮੇਤ ਪੰਜ ਨਵੇਂ ਅਫਸਰਾਂ ਦੀ ਨਿਯੁਕਤੀ

ਸਰੀ ਪੁਲਿਸ ਵਿਚ ਬੱਲ ਬੜੈਚ ਸਮੇਤ ਪੰਜ ਨਵੇਂ ਅਫਸਰਾਂ ਦੀ ਨਿਯੁਕਤੀ
ਸਰੀ, 3 ਅਪ੍ਰੈਲ 2021- ਸਰੀ ਪੁਲਿਸ ਸੇਵਾ (ਐਸਪੀਐਸ) ਵੱਲੋਂ ਆਪਣੀ ਲੀਡਰਸ਼ਿਪ ਟੀਮ ਵਿੱਚ ਪੰਜ ਨਵੇਂ ਅਫਸਰ ਨਿਯੁਕਤ ਕੀਤੇ ਗਏ ਹਨ। ਇਹ ਪ੍ਰਗਟਾਵਾ ਕਰਦਿਆਂ ਐਸਪੀਐਸ ਦੇ ਮੁਖੀ ਨੌਰਮ ਲਿਪਿਨਸਕੀ ਨੇ ਕਿਹਾ ਕਿ ਇਹ ਅਫਸਰ ਸਰੀ ਪੁਲਿਸ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਅਹਿਮ ਵਾਧਾ ਹਨ ਅਤੇ ਇਨ੍ਹਾਂ ਅਫਸਰਾਂ ਨੂੰ ਮਿਉਂਸਪਲ ਅਤੇ ਆਰਸੀਐਮਪੀ ਦੋਵਾਂ ਸੰਸਥਾਵਾਂ ਦੇ ਕਾਰਜ,ਤਫ਼ਤੀਸ਼ ਅਤੇ ਕਮਿਊਨਿਟੀ ਪੁਲਿਸਿੰਗ ਦਾ ਵਿਸ਼ਾਲ ਤਜ਼ਰਬਾ ਹੈ।
ਨਵੇਂ ਨਿਯੁਕਤ ਕੀਤੇ ਗਏ ਅਫਸਰਾਂ ਵਿਚ ਇਕ ਪੰਜਾਬੀ ਪੁਲਿਸ ਅਫਸਰ ਬੱਲ ਬੜੈਚ ਦਾ ਨਾਂ ਵੀ ਸ਼ਾਮਲ ਹੈ। ਬੱਲ ਬੜੈਚ ਪਿਛਲੇ 25 ਸਾਲਾਂ ਤੋਂ ਪੁਲਿਸ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਨ ਅਤੇ ਉਹ ਲੋਅਰ ਮੇਨਲੈਂਡ ਡਿਸਟ੍ਰਿਕਟ ਆਰ.ਸੀ.ਐਮ.ਪੀ ਵਿਚ ਸੁਪਰਡੈਂਟ ਸੀਨੀਅਰ ਇਨਵੈਸਟੀਗੇਟਿਵ ਸਰਵਿਸਿਜ਼ ਅਫਸਰ ਦੇ ਅਹੁਦੇ ਤੇ ਵੀ ਕਾਰਜਸ਼ੀਲ ਰਹੇ ਹਨ।
ਨਿਯੁਕਤ ਕੀਤੇ ਗਏ ਬਾਕੀ ਚਾਰ ਪੁਲਿਸ ਅਫਸਰਾਂ ਵਿਚ ਕਲਿਫ ਚੈਸਟੇਲਾਇਨ, ਜੈੱਫ ਹੈਰਿਸ, ਜੈੱਫ ਮੈਟਕਾਲਫ਼ ਅਤੇ ਡਾਨ ਰਿਚਰਡਸ ਸ਼ਾਮਲ ਹਨ।