ਸਰੀ ‘ਚ ਕਾਰ ਚਾਲਕ ਦੀ ਲੁੱਟ ਖੋਹ – ਪੁਲਿਸ ਨੇ ਇਕ ਘੰਟੇ ਬਾਅਦ ਲੁਟੇਰਿਆਂ ਨੂੰ ਦਬੋਚਿਆ

ਸਰੀ ‘ਚ ਕਾਰ ਚਾਲਕ ਦੀ ਲੁੱਟ ਖੋਹ – ਪੁਲਿਸ ਨੇ ਇਕ ਘੰਟੇ ਬਾਅਦ ਲੁਟੇਰਿਆਂ ਨੂੰ ਦਬੋਚਿਆ
ਹਰਦਮ ਮਾਨ
ਸਰੀ, 25 ਮਾਰਚ 2021- ਸਰੀ ਆਰਸੀਐਮਪੀ ਅਤੇ ਬਰਨਬੀ ਆਰਸੀਐਮਪੀ ਗੈਂਗ ਇਨਫੋਰਸਮੈਂਟ ਟੀਮਾਂ ਦੇ ਆਪਸੀ ਤਾਲਮੇਲ ਸਦਕਾ ਸਰੀ ਦੇ ਨਿਊਟਨ ਏਰੀਆ ਵਿੱਚ ਹੋਈ ਇਕ ਕਥਿਤ ਹਥਿਆਰਬੰਦ ਲੁੱਟ ਕਰਨ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਇਕ ਘੰਟੇ ਬਾਅਦ ਹੀ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ।
ਸਰੀ ਆਰਸੀਐਮਪੀ ਦੀ ਮੀਡੀਆ ਰਿਲੇਸ਼ਨ ਅਫਸਰ ਕਾਰਪੋਰੇਲ ਜੋਨੀ ਸਿੱਧੂ ਨੇ ਇਕ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਸ਼ਾਮ 8 ਵਜੇ ਪੀੜਤ ਵਿਅਕਤੀ ਜਦ 57 ਐਵੀਨਿਊ ਤੇ 148 ਸਟਰੀਟ ਦੇ ਨੇੜੇ ਆਪਣੀ ਕਾਰ ਵਿਚ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਬੰਦਿਆਂ ਨੇ ਕੋਲੋਂ ਲੰਘ ਰਹੀ ਉਸ ਦੀ ਕਾਰ ਨੂੰ ਰੁਕਣ ਲਈ ਕਿਹਾ। ਉਸ ਨੇ ਕਾਰ ਰੋਕ ਲਈ ਤਾਂ ਉਨ੍ਹਾਂ ਨੇ ਕਥਿਤ ਰੂਪ ਵਿਚ ਹਥਿਆਰ ਕੱਢ ਲਿਆ ਅਤੇ ਹਥਿਆਰ ਦੀ ਨੋਕ ਤੇ ਉਸ ਕੋਲੋਂ ਲੁੱਟ ਖੋਹ ਕਰਕੇ ਫਰਾਰ ਹੋ ਗਏ।
ਸਰੀ ਆਰਸੀਐਮਪੀ ਗੈਂਗ ਇਨਫੋਰਸਮੈਂਟ ਟੀਮ (ਐਸਜੀਈਟੀ) ਨੇ ਇਸ ਘਟਨਾ ਸਬੰਧੀ ਤੁਰੰਤ ਲੋਅਰ ਮੇਨਲੈਂਡ ਦੀਆਂ ਪੁਲਿਸ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ। ਇਕ ਘੰਟੇ ਬਾਅਦ, ਤਕਰੀਬਨ 9 ਵਜੇ, ਲਾਗਲੇ ਸ਼ਹਿਰ ਬਰਨਬੀ ਦੀ ਆਰਸੀਐਮਪੀ ਗੈਂਗ ਇਨਫੋਰਸਮੈਂਟ ਟੀਮ ਨੇ 18 ਐਵੀਨਿਊ ਦੇ 7700 ਬਲਾਕ ਵਿਚ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਸਰੀ ਪੁਲਿਸ ਵੱਲੋਂ ਉਨ੍ਹਾਂ ਉਪਰ ਡਕੈਤੀ ਮਾਰਨ, ਹਮਲਾ ਕਰਨ ਅਤੇ ਅਪਰਾਧ ਸਮੇਂ ਹਥਿਆਰ ਨਾਲ ਡਰਾਉਣ ਦੇ ਦੋਸ਼ ਲਾਏ ਗਏ ਹਨ।
ਸਰੀ ਆਰਸੀਐਮਪੀ ਆਪ੍ਰੇਸ਼ਨ ਅਫਸਰ ਸੁਪਰਡੈਂਟ ਮੈਨਲੀ ਬਰਲੇਘ ਨੇ ਬਰਨਬੀ ਆਰਸੀਐਮਪੀ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਹਿਯੋਗ ਸਦਕਾ ਅਸੀਂ ਘਟਨਾ ਦੇ ਇਕ ਘੰਟੇ ਬਾਅਦ ਹੀ ਸ਼ੱਕੀਆਂ ਨੂੰ ਫੜਣ ਵਿਚ ਸਫਲ ਹੋਏ ਹਾਂ।