ਸਰੀ ਆਰ.ਸੀ.ਐਮ.ਪੀ. ਵੱਲੋਂ ਤਿੰਨ ਕਥਿਤ ਚੋਰਾਂ ਦੀਆਂ ਤਸਵੀਰਾਂ ਜਾਰੀ

ਸਰੀ ਆਰ.ਸੀ.ਐਮ.ਪੀ. ਵੱਲੋਂ ਤਿੰਨ ਕਥਿਤ ਚੋਰਾਂ ਦੀਆਂ ਤਸਵੀਰਾਂ ਜਾਰੀ
ਤਿੰਨੇ ਨੌਜਵਾਨ ਸਾਊਥ ਏਸ਼ੀਅਨ ਭਾਈਚਾਰੇ ਨਾਲ ਸਬੰਧਤ
ਸਰੀ, 13 ਫਰਵਰੀ 2021-ਸਰੀ ਆਰ.ਸੀ.ਐਮ.ਪੀ. ਦੇ ਰੌਬਰੀ ਯੂਨਿਟ ਨੇ ਸਰੀ ਅਤੇ ਕੁਝ ਹੋਰ ਥਾਵਾਂ ਤੇ ਕਥਿਤ ਤੌਰ ਤੇ ਚੋਰੀ ਕਰਨ ਵਾਲੇ ਸਾਊਥ ਏਸ਼ੀਅਨ ਮੂਲ ਦੇ ਤਿੰਨ ਨੌਜਵਾਨਾਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਜਿਹਨਾਂ ਤਿੰਨ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਉਮਰ 20-22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਸਰੀ ਆਰ.ਸੀ.ਐਮ.ਪੀ. ਦੇ ਮੀਡੀਆ ਰਿਲੇਸ਼ਨ ਅਫਸਰ ਕਾਰਪੋਰਲ ਜੋਨੀ ਸਿੱਧੂ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਕਥਿਤ ਚੋਰਾਂ ਨੇ ਸਰੀ ਵਿਚ ਤਿੰਨ ਥਾਵਾਂ ਸਮੇਤ ਲੋਅਰ ਮੇਨਲੈਂਡ ਵਿਚ ਵੱਖ-ਵੱਖ ਥਾਵਾਂ ‘ਤੇ ਪਿਛਲੇ ਕੁਝ ਸਮੇਂ ਦੌਰਾਨ ਹਾਈ-ਐਂਡ ਗੇਮਿੰਗ ਕਨਸੋਲ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਰੀ ਆਰ.ਸੀ.ਐਮ.ਪੀ. ਵੱਲੋਂ ਲੋਅਰ ਮੇਨਲੈਂਡ ਦੀਆਂ ਪੁਲਿਸ ਏਜੈਂਸੀਆਂ ਨਾਲ ਮਿਲ ਕੇ ਇਨ੍ਹਾਂ ਚੋਰਾਂ ਤਲਾਸ਼ ਕੀਤੀ ਜਾ ਰਹੀ ਸੀ ਅਤੇ ਕੁੱਲ 4 ਸ਼ੱਕੀਆਂ ਵਿੱਚੋਂ ਇੱਕ ਦੀ ਪਛਾਣ ਹੋ ਚੁੱਕੀ ਹੈ।