Tue. Aug 20th, 2019

ਸਰਿਤਾ

ਸਰਿਤਾ

ਸਰਿਤਾ ਦੀ ਪੋਸਟਿੰਗ ਸ਼ਹਿਰ ਤੋਂ 60 ਕੁ ਕਿਲੋਮੀਟਰ ਦੂਰ ਹੋ ਗਈ ਸੀ। ਉਹ ਰੋਜਾਨਾ ਰੇਲ ਰਾਹੀਂ ਸਫਰ ਕਰਦੀ ਸੀ। ਰਾਸਤੇ ਵਿਚ ਰੇਲ ਉਸਦੇ ਜੱਦੀ ਪਿੰਡ ਮੁਹੱਬਤਪੁਰ ਵੀ ਰੁਕ ਕੇ ਜਾਂਦੀ ਸੀ। ਮੁਹੱਬਤਪੁਰ ਰੁਕੀ ਰੇਲ ਦੇ ਚੰਦ ਪਲ ਸਰਿਤਾ ਦੇ ਗਲ ਨੂੰ ਨੱਕੋ ਨੱਕ ਭਰ ਦਿੰਦੇ। ਉਹ ਖਿੜਕੀ ਵਿਚੋਂ ਪਿੰਡ ਦੀ ਜੂਹ ਨੂੰ ਤਰਸਦੀਆਂ ਨਜ਼ਰਾਂ ਨਾਲ ਵੇਖਦੀ ਤੇ ਓਦੋਂਂ ਤੱਕ ਵੇਖਦੀ ਰਹਿੰਦੀ ਜਦੋਂ ਤੱਕ ਰੇਲ ਓਥੋਂ ਚੱਲ ਨਾ ਪੈਂਦੀ ਤੇ ਪਿੰਡ ਉਸ ਦੀਆਂ ਨਜ਼ਰਾਂ ਤੋਂ ਦੂਰ ਨਾ ਹੋ ਜਾਂਦਾ। ਇਸ ਤੋਂ ਬਾਅਦ ਉਹ ਲੰਮਾ ਸਾਹ ਲੈਂਦੀ ਤੇ ਸਹਿਜ ਹੋ ਜਾਂਦੀ ਤੇ ਉਸ ਦਾ ਸੋਗ ਰੇਲ ਦੀ ਉੱਚੀ ਹੂਕ ਵਿਚ ਗੁੰਮ ਹੋ ਜਾਂਦਾ। ਉਸ ਦੇ ਪਿੰਡ ਦੇ ਟਿੱਬਿਆਂ ਦਾ ਰੇਤਾ ਉੱਡ ਉੱਡ ਤੇਜ਼ ਰਫਤਾਰ ਚੱਲਦੀ ਰੇਲ ਨਾਲ ਖਹਿੰਦਾ।
84 ਦਾ ਸੰਤਾਪ ਸਰਿਤਾ ਦੇ ਪੂਰੇ ਪਰਿਵਾਰ ਨੇ ਹੰਢਾਇਆ ਸੀ, ਜੋ ਕਿ ਓਦੋਂ ਮਰ ਮੁੱਕ ਗਏ ਸੀ। ਸਿਰਫ ਸਰਿਤਾ ਬਚ ਗਈ ਸੀ। ਪਿੰਡ ਦਾ ਇਕ ਡਾਕੀਆ ਸਰਿਤਾ ਨੂੰ ਆਪਣੇ ਨਾਲ ਸਲਾਮਤਪੁਰੇ ਲੈ ਆਇਆ ਸੀ। ਉਸ ਸਮੇਂ ਉਹ ਮਹਿਜ਼ 10 ਕੁ ਸਾਲ ਦੀ ਸੀ।
ਸਰਿਤਾ ਪਿੰਡ ਕੋਲੋਂ ਰੋਜ਼ ਲੰਘ ਤਾਂ ਜਾਂਦੀ ਪਰ ਪਿੰਡ ਜਾਣ ਦਾ ਕਦੇ ਉਸ ਦਾ ਹੌਂਸਲਾ ਨਹੀਂ ਪਿਆ ਸੀ। ਕੁਝ ਸਮਾਂ ਵੀ ਅਜਿਹਾ ਸੀ ਕਿ ਜਾਬ ਤੋਂ ਘਰ ਤੇ ਘਰ ਤੋਂ ਜਾਬ। ਸਰਿਤਾ ਅਕਸਰ ਆਪਣੇ ਪਿੰਡ ਵਾਲੇ ਘਰ ਬਾਰੇ ਸੋਚਦੀ ਤੇ ਓਸ ਘਰ ਦੀਆਂ ਕਨਸਾ ਤੇ ਪਈਆਂ ਤਸਵੀਰਾਂ ਨੂੰ ਧਿਆਨ ਕਰਕੇ ਮੁਸਕੁਰਾ ਪੈਂਦੀ। ਮਿੱਟੀ ਦੇ ਗੱਲੇ ਵਿਚ ਪਈ ਭਾਨ ਦੀ ਖਨਕ ਉਸ ਅੰਦਰ ਧੁਰਤੜੀ ਪੈਦਾ ਕਰਦੀ। ਉਹ ਬੂਹਾ ਜਿੱਥੇ ਨਿੱਕੀਆਂ ਸਹੇਲੀਆਂ ਸਵੇਰੇ ਹੀ ਆ ਕੇ ਕੂੰਡਾ ਖੜਕਾ ਦਿੰਦੀਆਂ ਸੀ ਤੇ ਪੂਰਾ ਦਿਨ ਕਿਤੇ ਪੀਚੋ ਬੱਕਰੀ ਕਿਤੇ ਡੀਟੇ ਤੇ ਕਿਤੇ ਗੁੱਡੀਆਂ ਪਟੋਲ੍ਹੇ ਖੇਡਦੀਆਂ ਦਾ ਲੰਘ ਜਾਂਦਾ। ਪਿੰਡ ਦਾ ਉਹ ਗਰਾਊਂਡ ਜਿੱਥੇ ਪਿਊ ਦੇ ਗਧਾੜੇ ਚੜ੍ਹ ਕਿੰਨੇ ਹੀ ਮੇਲੇ ਵੇਖੇ, ਘਰ ਦਾ ਉਹ ਹਾਰਾ ਜਿੱਥੇ ਲੁਕੀ ਹੋਈ ਨੂੰ ਮਾਂ ਕੰਨੋ ਫੜ੍ਹ ਕੇ ਬਾਹਰ ਕੱਢ ਲੈਂਦੀ ਸੀ। ਇਹ ਸਭ ਸੋਚਦਿਆਂ ਸਰਿਤਾ ਹਲਕਾ ਹਲਕਾ ਮੁਸਕਾਉੰਦੀ ਪਰ ਉਸਦੀਆਂ ਅੱਖਾਂ ਭਰ ਆਉੰਦੀਆਂ ਤੇ ਫੇਰ ਅੱਖਾਂ ਪੂੰਝ ਕੇ ਉਹ ਸਹਿਜ ਹੋ ਜਾਂਦੀ ਜਿਵੇਂ ਕੁਛ ਹੋਇਆ ਹੀ ਨਾ ਹੋਵੇ।
ਸਮਾਂ ਤਾਂ ਲੰਮੇਰਾ ਬੀਤ ਗਿਆ ਸੀ। ਪਰ ਮਿੱਟੀ ਦੀ ਖਿੱਚ ਤੇ ਗੁਜ਼ਰੇ ਵਕਤ ਦੀ ਚੀਸ ਕਿਤੇ ਨਾ ਕਿਤੇ ਦਿਲ ਦੇ ਕਿਸੇ ਕੋਨੇ ਹੀ ਪਈ ਹੁੰਦੀ ਹੈ। ਕਿਤੋਂ ਮੁੱਲ ਨਹੀਂ ਲੈਣੀ ਪੈਂਦੀ। ਕਹਿੰਦੇ ਨੇ ਜੋ ਸੋਚਦੇ ਰਹੀਏ ਉਹ ਹੋ ਹੀ ਜਾਂਦਾ ਹੈ। ਧਰਤੀ ਗੋਲ ਹੈ। ਕੁਦਰਤ ਸੁਣਦੀ ਵੀ ਹੈ ਤੇ ਦੇਣ ਤੇ ਆਵੇ ਤਾਂ ਦਾਤਾਂ ਵੀ ਝੋਲੀਆਂ ਭਰ ਭਰ ਦਿੰਦੀ ਹੈ।
ਅੱਜ ਅਚਾਨਕ ਰੱਬ ਸਬੱਬੀਂ ਹੀ ਮੁਹੱਬਤਪੁਰੇ ਸਰਿਤਾ ਦੇ ਪਿੰਡ ਆ ਕੇ ਰੇਲ ਕੁਝ ਪ੍ਰਦਰਸ਼ਨਕਾਰੀਆਂ ਨੇ ਰੋਕ ਲਈ ਤੇ ਧਰਨਾ ਲਾ ਲਿਆ। ਰੇਲ ਰੁਕੀ ਰਹੀ। ਸਵਾਰੀਆਂ ਧਰਨਾ ਉੱਠਣ ਦੀ ਉਠੀਕ ਕਰਦੀਆਂ ਕਰਦੀਆਂ ਨਿਢਾਲ ਹੋ ਗਈਆਂ। ਘੰਟਾ ਗੁਜ਼ਰ ਗਿਆ। ਸਰਿਤਾ ਦੀ ਹਾਲਤ ਖੂਹ ਕੋਲ ਖਲੋਤੇ ਪਿਆਸੇ ਜਿਹੀ ਹੋ ਗਈ। ਉਸ ਦੇ ਅੰਦਰ ਦੀ ਸਰਿਤਾ ਨੇ ਉਸਨੂੰ ਆਵਾਜ਼ ਦਿੱਤੀ। “ਕੀ ਸੋਚਦੀ ਏਂ ਸਰਿਤਾ, ਕੁਦਰਤ ਵਾਰ ਵਾਰ ਅਜਿਹਾ ਮੌਕਾ ਨਹੀਂ ਦਿੰਦੀ, ਚੱਲ ਉੱਠ, ਉੱਤਰ ਜਾ ਅੱਜ ਤੇ ਰੱਖ ਲੈ ਪੈਰ ਆਪਣੀ ਜਨਮ ਭੂਮੀ ਤੇ”। ਸਰਿਤਾ ਖਿੜਕੀ ਦੀਆਂ ਗਰਿੱਲਾਂ ਨੂੰ ਹੱਥ ਪਾ ਕੇ ਸਾਹੋ ਸਾਹ ਹੋਈ ਬਾਹਰ ਵੱਲ ਵੇਖ ਰਹੀ ਹੈ, ਉੱਠ ਕੇ ਨੱਸ ਜਾਣ ਦੀ ਕੋਸ਼ਿਸ਼ ਵਿਚ ਬੇਵੱਸ ਹੋਈ ਮੱਥੇ ਤਿਉੜੀਆਂ ਤੇ ਅੱਖਾਂ ‘ਚ ਨੀਰ ਲੈ ਕੇ। ਉਸ ਦੇ ਅੰਦਰੋਂ ਫੇਰ ਆਵਾਜ਼ ਆਉੰਦੀ ਹੈ। “ਸਰਿਤਾ ਕੀ ਸੋਚ ਰਹੀ ਏਂ, ਵੇਖ ਰੱਬ ਨੇ ਬਹਾਨਾ ਬਣਾਇਆ ਏ, ਤੂੰ ਦੱਸ ਕਦੋਂ ਉਚੇਚਿਆਂ ਇੱਥੇ ਆਉਣਾ ਐ। ਆਪਣੇ ਵਿਛੜਿਆਂ ਦੇ ਮੇਲ ਬਹਾਨੇ ਨਾਲ ਹੀ ਹੁੰਦੇ ਨੇ ਅੜੀਏ, ਜਾਹ ਉੱਤਰ ਰੇਲ ਚੋਂ ਤੇ ਕਲਾਵੇ ਵਿਚ ਲੈ ਲੈ ਆਪਣੇ ਪਿੰਡ ਦੀ ਜੂਹ ਨੂੰ”।
ਸਰਿਤਾ ਬੇਕਾਬੂ ਹੋ ਗਈ ਤੇ ਇਕਦਮ ਉੱਠ ਕੇ ਰੇਲ ਤੋਂ ਬਾਹਰ ਵੱਲ ਨੂੰ ਦੌੜੀ। ਬਾਕੀ ਯਾਤਰੀ ਹੈਰਾਨ ਹੋਏ ਵੇਖਦੇ ਰਹਿ ਗਏ।
ਸਰਿਤਾ ਨੇ ਪੈਰ ਪਿੰਡ ਦੀ ਪਹੀ ਵੱਲ ਪਾ ਲਏ ਤੇ ਅੱਗਾਂਹ ਜਾ ਕੇ ਗੋਡਿਆਂ ਭਾਰ ਬੈਠ ਗਈ। ਉਸ ਨੇ ਹੇਠੋਂ ਮੁੱਠੀ ਭਰੀ ਤੇ ਮਿੱਟੀ ਖਾ ਲਈ।।
ਮਿੱਟੀ ਖਾਣ ਉਪਰੰਤ ਸਰਿਤਾ ਦੀ ਰੂਹ ਠਰ ਗਈ ਸੀ। ਉਸਨੇ ਆਪਣੇ ਕਦਮ ਪਿੰਡ ਵੱਲ ਵਧਾਏ। ਪਿੰਡ ਦੀ ਜੂਹ ਚ ਦਾਖਲ ਹੋਈ ਤਾਂ ਸੱਥ ‘ਚ ਬੈਠੇ ਬਜ਼ੁਰਗ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਨੂਂ ਵੇਖਣ ਲੱਗੇ। ਤਾਂਸ਼ ਕੁੱਟਦੇ ਬੰਦੇ ਜਿਉੰ ਬੂੱਤ ਹੋ ਗਏ। ਸਰਿਤਾ ਨੂੰ ਉਨ੍ਹਾਂ ਦੇ ਨਾਮ ਤਾਂ ਚੇਤੇ ਨਹੀਂ ਸਨ, ਹਾਂ ਮੁਹਾਂਦਰੇ ਯਾਦ ਸਨ। ਕਦਮ ਅਗਾਂਹ ਵਧਾਉੰਦੀ ਆਖਰ ਉਹ ਆਪਣੇ ਘਰ ਵਾਲੀ ਬੀਹੀ ਵਿਚ ਦਾਖਲ ਹੋਈ। ਘਰ ਦਾ ਸਾਲਾਂ ਤੋਂ ਬੰਦ ਪਿਆ ਲੱਕੜ ਦਾ ਦਰਵਾਜਾ ਇਕ ਬਾਲੇ ਨਾਲ ਜਕੜਿਆ ਹੋਇਆ ਸੀ। ਕੱਚੀ ਦੇਲ੍ਹੀ ਤੇ ਘਾਹ ਉੱਘਿਆ ਹੋਇਆ ਸੀ। ਸਰਿਤਾ ਨੇ ਹਿੰਮਤ ਕਰਕੇ ਦਰਵਾਜਾ ਖੋਲ੍ਹ ਲਿਆ ਤੇ ਅੰਦਰ ਲੰਘ ਗਈ। ਮਿੱਟੀ ਨਾਲ ਲਥਪਥ ਮੂੰਹ ਲੈ ਕੇ ਜਦ ਉਹ ਕੱਚੇ ਵਿਹੜੇ ਵਿਚ ਦਾਖਲ ਹੋਈ ਤਾਂ ਉਹ ਵੇਲਾ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ ਜਦੋੰ ਉਹ ਨਿੱਕੀ ਹੁੰਦੀ ਇਸੇ ਵਿਹੜੇ ਦੀ ਮਿੱਟੀ ਵਿਚ ਖੇਡਦੀ, ਲਿਬੜਦੀ ਤੇ ਮਾਂ ਦੀਆਂ ਝਿੜਕਾਂ ਖਾਂਦੀ।
ਵਿਹੜੇ ਚ ਲੱਗੇ ਨਲਕੇ ਦਾ ਉਤਰਿਆ ਪਾਣੀ ਸਰਿਤਾ ਨੇ ਗੇੜ ਕੇ ਕੱਢ ਲਿਆ ਤੇ ਬੁੱਕ ਲਾ ਕੇ ਮੂੰਹ ਨੂੰ ਲੱਗੀ ਮਿੱਟੀ ਸਮੇਤ ਘੁੱਟ ਭਰ ਲਿਆ ਤੇ ਇਕ ਲੰਮਾ ਸਾਹ ਲੈ ਕੇ ਨਿਢਾਲ ਹੋ ਗਈ। ਪਿੰਡ ਵਾਸੀਆਂ ਦੇ ਜਮ੍ਹਾਂ ਹੋਏ ਇਕੱਠ ਵਿਚੋਂ ਇਕ ਔਰਤ ਨੇ ਉਸ ਨੂੰ ਟੋਹਿਆ।
ਹਏ ਸਰਿਤਾ… (ਸਰਿਤਾ ਮਰ ਚੁੱਕੀ ਸੀ)
ਉਸ ਔਰਤ ਨੇ ਸਰਿਤਾ ਨੂੰ ਘੁੱਟ ਕੇ ਸੀਨੇ ਲਾ ਲਿਆ ਤੇ ਰੋਂਦੀ ਰੋਂਦੀ ਕਹਿਣ ਲੱਗੀ।
“ਨੀ ਕੁੜੇ, ਕੀ ਤੈਨੂੰ ਇਹੋ ਪਾਣੀ ਉਡੀਕਦਾ ਸੀ”??

ਸੁਖਵਿੰਦਰ ਰਾਜ
99882-22668

Leave a Reply

Your email address will not be published. Required fields are marked *

%d bloggers like this: